ਅਜੋਕੀ ਪੰਜਾਬੀ ਗਾਇਕੀ ਕਮਰਸ਼ੀਅਲ ਸੋਚ ਦੇ ਦਾਇਰੇ ਵਿਚ ਸਿਮਟ ਕੇ ਰਹਿ ਗਈ ਹੈ। ਉਂਗਲਾਂ ਤੇ ਗਿਣੇ ਜਾਣ ਵਾਲੇ ਗਾਇਕ ਹਨ ਜਿਹੜੇ ਆਪਣੀ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਮਾਣਮੱਤੇ ਪਿਛੋਕੜ, ਭਾਸ਼ਾ ਅਤੇ ਉਸਾਰੂ ਸਭਿਆਚਾਰਕ ਕਦਰਾਂ-ਕੀਮਤਾਂ ਨਾਲ ਜੋੜਨ ਦਾ ਸਾਰਥਕ ਉਪਰਾਲਾ ਕਰ ਰਹੇ ਹਨ। ਇਨ੍ਹਾਂ ਗਾਇਕਾਂ ਵਿਚੋਂ ਕਮਲਜੀਤ ਨੀਲੋਂ ਅਜਿਹਾ ਹੀ ਇਕ ਨਾਂ ਹੈ ਜੋ ਸਾਫ਼ ਸੁਥਰੀ ਬਾਲ ਗਾਇਕੀ ਦਾ ਪ੍ਰਚਾਰ ਪ੍ਰਸਾਰ ਕਰਕੇ ਆਪਣੀ ਪਛਾਣ ਬਣਾਈ ਹੈ।
ਚੰਡੀਗੜ੍ਹ-ਲੁਧਿਆਣਾ ਸੜਕ ਤੇ ਸਰਹਿੰਦ ਨਹਿਰ ਦੇ ਲਾਗੇ ਸਮਰਾਲਾ ਤਹਿਸੀਲ ਦੇ ਨਿੱਕੇ ਜਿਹੇ ਪਿੰਡ 'ਨੀਲੋਂ' ਦੇ ਜੰਮਪਲ ਕਮਲਜੀਤ ਨਾਲ ਮੇਰੀ ਵਾਕਫ਼ੀਅਤ ਵਰ੍ਹਿਆਂ ਪੁਰਾਣੀ ਹੈ। ਆਪਣੇ ਗ਼ਜ਼ਲਗੋ ਪਿਤਾ ਸਵਰਗੀ ਸ੍ਰੀ ਕੁਲਵੰਤ ਨੀਲੋਂ ਦੇ ਕਲਮੀ-ਪ੍ਰਭਾਵ, ਆਂਢ-ਗੁਆਂਢ ਦੇ ਬੱਚਿਆਂ ਤੇ ਜਮਾਤੀਆਂ ਦੀਆਂ ਨਕਲਾਂ-ਸਾਂਗਾ ਲਾਹੁੰਦਿਆਂ ਤੇ ਮੋਨੋਐਕਟਿੰਗ ਕਰਦਿਆਂ ਉਹਦੀ ਆਵਾਜ਼ ਦਾ ਹੁਨਰ ਚਮਕਣ ਲੱਗਾ। ਮਿਲਨ ਸਿੰਘ ਵਾਂਗ ਵੰਨ-ਸੁਵੰਨੀਆਂ ਆਵਾਜ਼ਾਂ ਦੀ ਹੂ-ਬ-ਹੂ ਨਕਲ ਕਰਨ ਵਾਲੇ ਕਮਲਜੀਤ ਦੇ ਹੱਥ ਜਦੋਂ ਡੱਫਲੀ ਆ ਗਈ ਤਾਂ ਉਹ ਬੱਚਿਆਂ ਲਈ ਗੀਤ ਲਿਖ ਕੇ ਗਾਉਣ ਲੱਗਾ।
ਕਮਲਜੀਤ ਸਕੂਲੇ ਪੜ੍ਹਦਿਆਂ ਜਦੋਂ ਉਹ ਆਪਣੀ ਆਵਾਜ਼ ਤੇ ਅਦਾਵਾਂ ਨਾਲ 'ਖੇਡ ਮਾਹੌਲ' ਸਿਰਜਣ ਲੱਗਾ ਤਾਂ ਅਧਿਆਪਕਾਂ ਪੇਸ਼ੀਨਗੋਈ ਕਰ ਦਿੱਤੀ ਕਿ ਉਹ ਭਵਿੱਖ ਵਿਚ ਬਾਲ-ਗਾਇਕੀ ਦਾ ਇਕ ਵਧੀਆ ਫ਼ਨਕਾਰ ਬਣੇਗਾ। ਸ਼ਬਦ-ਰਚਨਾ ਅਤੇ ਸੰਗੀਤ ਦੀਆਂ ਧੁਨੀਆਂ ਦਾ ਸੁਮੇਲ ਉਹਦੇ ਲਈ ਵਰਦਾਨ ਸਿੱਧ ਹੋਇਆ। ਅਧਿਆਪਕਾਂ ਦੀ ਭਵਿੱਖਮੁਖੀ ਉਦੋਂ ਸੱਚ ਸਾਬਤ ਹੋਣ ਲੱਗੀ ਜਦੋਂ ਜਲੰਧਰ ਦੂਰਦਰਸ਼ਨ ਦੇ ਪ੍ਰਸਿੱਧ ਪ੍ਰੋਗਰਾਮ 'ਕੱਚ ਦੀਆਂ ਮੁੰਦਰਾਂ' ਵਿਚ ਉਹਨੂੰ 1986 ਵਿਚ ਗਾਉਣ ਲਈ ਸੱਦਾ ਮਿਲਿਆ। ਇਸ ਪ੍ਰੋਗਰਾਮ ਵਿਚ ਉਸਦਾ ਆਪਣਾ ਲਿਖਿਆ ਗੀਤ 'ਸੌਂ ਜਾ ਬੱਬੂਆ ਮਾਣੋ ਬਿੱਲੀ ਆਈ ਐ' ਇੰਨਾ ਹਿੱਟ ਹੋਇਆ ਕਿ ਬੱਚੇ-ਬੱਚੇ ਦੀ ਜ਼ੁਬਾਨ ਤੇ ਚੜ੍ਹਨ ਲੱਗਾ। ਇਸ ਗੀਤ ਵਿਚਲੇ ਨੰਨੀ-ਮੁੰਨੀ ਬਾਲੜੀ ਵਲੋਂ ਆਪਣੇ ਨਿੱਕੇ ਵੀਰੇ ਨੂੰ ਸੁਆਉਣ ਸੰਬੰਧੀ ਤੋਤਲੇ ਬੋਲ ਅਤੇ ਭਾਵਨਾਵਾਂ ਸੁਣ ਕੇ ਸ੍ਰੋਤੇ ਹੈਰਾਨ ਹੋ ਗਏ। ਜਦੋਂ 29 ਜਨਵਰੀ, 1989 ਨੂੰ ਪਹਿਲੀ ਵਾਰੀ ਕਮਲਜੀਤ ਨੀਲੋਂ ਨੇ ਮਾਹਿਲਪੁਰ ਵਿਖੇ ਉਘੇ ਢਾਡੀ ਅਮਰ ਸਿੰਘ ਸ਼ੌਂਕੀ ਦੀ ਯਾਦ ਵਿਚ ਲੱਗਣ ਵਾਲੇ ਸਭਿਆਚਾਰਕ ਮੇਲੇ ਵਿਚ ਗਾਇਆ ਤਾਂ ਉਸ ਦੀ ਬਾਲ ਗਾਇਕੀ ਦੀ ਕੀਰਤੀ ਚੌਪਾਸੀਂ ਫੈਲਣ ਲੱਗ ਪਈ। ਲੁਧਿਆਣੇ ਭਾਰਤ ਨਗਰ ਚੌਂਕ ਵਿਚ ਸਥਿਤ ਟੈਲੀਫੋਨ ਵਿਭਾਗ ਵਿਚ ਰੁਝੇਵੇਂ ਭਰੀ ਕਲੈਰੀਕਲ ਡਿਊਟੀ ਨਿਭਾਉਂਦਿਆਂ ਉਸ ਨੇ ਆਪਣੇ ਸ਼ੌਕ ਨੂੰ ਨਿਰੰਤਰ ਜਾਰੀ ਰੱਖਿਆ ਅਤੇ ਨਾਲੋ-ਨਾਲ ਐਮ.ਏ. ਪੰਜਾਬੀ ਦੀ ਤਾਲੀਮ ਵੀ ਹਾਸਿਲ ਕੀਤੀ।
ਕਮਲਜੀਤ ਨੀਲੋਂ
ਕਮਲਜੀਤ ਨੀਲੋਂ ਹਰ ਉਮਰ ਜੁਟ ਦੇ ਬਾਲਾਂ ਦੀਆਂ ਮਨੋਭਾਵਨਾਵਾਂ ਨੂੰ ਸਮਝਦਾ ਹੈ ਅਰਥਾਤ ਕਿਹੜੀ ਉਮਰ ਦੇ ਬਾਲਾਂ ਵਾਸਤੇ ਕਿਸ ਕਿਸਮ ਦੀ ਭਾਸ਼ਾ, ਨਾਟਕੀ-ਸ਼ੈਲੀ ਅਤੇ ਅੰਦਾਜ਼ ਦੀ ਲੋੜ ਹੈ? ਉਹ ਬਾਲ-ਮਾਨਸਿਕਤਾ ਨੂੰ ਮੁਖ ਰੱਖ ਕੇ ਗੀਤਾਂ ਦੀ ਰਚਨਾ ਕਰਦਾ ਹੈ। ਉਸ ਦੁਆਰਾ ਸਿਰਜੇ ਗਏ ਬਾਲ—'ਗਾਓ ਬੱਚਿਓ', 'ਨਾ ਨੀ ਨਾ ਨੀ ਨਾ', 'ਖੰਭਾਂ ਦੀ ਫ਼ਰਾਕ', 'ਅੰਬਰ ਤਾਰੇ', 'ਖੋਏ ਦੀਆਂ ਪਿੰਨੀਆਂ', 'ਬੁਲਬੁਲੇ', 'ਮਿਆਂਊਂ ਮਿਆਂਊਂ', 'ਬਚਕੇ ਸੜਕ ਤੋਂ', 'ਰਿਸ਼ਤੇ ਨਾਤੇ', 'ਰਿਸ਼ਤਾ ਨੀ ਮਾਂ ਵਰਗਾ', 'ਕਿਉਂ ਸਜਾਇਆ ਖ਼ਾਲਸਾ' ਅਤੇ 'ਪੈਂਤੀ ਗੀਤ' ਆਦਿ ਪੁਸਤਕਾਂ ਵਿਚ ਸ਼ਾਮਲ ਹਨ। ਮੀਡੀਆ ਦੇ ਅਜੋਕੇ ਯੁੱਗ ਵਿਚ ਇਹ ਗੀਤ, 'ਸੌਂ ਜਾ ਬੱਬੂਆ', 'ਹਾਥੀ ਨਾਨਕਿਆਂ ਨੂੰ ਚੱਲਿਆ', 'ਮਤਾਸ਼ਾ ਦੇਖਿਆ', 'ਆਕਾ ਬਾਕਾ ਚਿੜੀ ਚੜਾਕਾ', 'ਬਚਪਨ ਦੇ ਦਿਨ' (ਧੀਆਂ ਮੋਰਨੀਆਂ) ਆਦਿ ਆਡੀਓ-ਕੈਸਿਟਾਂ ਅਤੇ ਸੀ.ਡੀਜ਼. ਵਿਚ ਟੀ.ਸੀਰੀਜ਼ ਅਤੇ ਪਾਇਲ ਵਰਗੀਆਂ ਕੰਪਨੀਆਂ ਵਲੋਂ ਰਿਕਾਰਡ ਕੀਤੇ ਗਏ। ਚਰਨਜੀਤ ਆਹੂਜਾ, ਗੁਲਸ਼ਨ ਕੁਮਾਰ, ਵਰਿੰਦਰ ਬੱਚਨ ਅਤੇ ਅਤੁਲ ਸ਼ਰਮਾ ਜਿਹੇ ਹੰਢੇ ਹੋਏ ਸੰਗੀਤਕਾਰਾਂ ਦੇ ਨਿਰਦੇਸ਼ਨ ਹੇਠ ਇਨ੍ਹਾਂ ਕੈਸਿਟਾਂ ਨੂੰ ਚੰਗਾ ਹੁੰਘਾਰਾ ਮਿਲਿਆ। ਇਨ੍ਹਾਂ ਗੀਤਾਂ ਵਿਚ ਬਾਲਾਂ ਦੀ ਮਾਸੂਮੀਅਤ ਅਤੇ ਕੋਮਲ ਭਾਵਨਾਵਾਂ ਦਾ ਸਹਿਜ-ਸੁਭਾਵਿਕ ਪ੍ਰਗਟਾਵਾ ਹੈ। ਨੀਲੋਂ ਨੇ ਆਪਣੇ ਨਰਸਰੀ-ਗੀਤਾਂ ਵਿਚ ਕਿਧਰੇ ਵੀ ਔਖੀ-ਭਾਰੀ ਜਾਂ ਜਟਿਲ ਸ਼ਬਦਾਵਲੀ ਦਾ ਇਸਤੇਮਾਲ ਨਹੀਂ ਕੀਤਾ। ਉਹਦੇ ਗੀਤਾਂ ਵਿਚ ਬਾਲ-ਰੀਝਾਂ, ਬਾਲ ਸੁਪਨੇ, ਕਿਲਕਾਰੀਆਂ ਮਾਰਦਾ ਬਚਪਨ, ਨਿੱਕੀਆਂ ਨਿੱਕੀਆਂ ਸ਼ਰਾਰਤਾਂ ਅਤੇ ਵਲਵਲੇ ਪ੍ਰੋਏ ਹੁੰਦੇ ਹਨ। ਤੋਤਲੇ ਬੋਲ, ਨਿੱਕੀ ਨਿੱਕੀ ਗੱਲ ਤੇ ਬਾਲਾਂ ਦੇ ਵੱਡਿਆਂ ਨਾਲ ਗਿਲੇ-ਸ਼ਿਕਵੇ ਅਤੇ ਮੰਨਣਾ-ਮਨਾਉਣਾ ਨਾਟਕੀ-ਗੁਣ ਪੈਦਾ ਕਰ ਦਿੰਦੇ ਹਨ। ਕਹਿਣ ਦਾ ਮਤਲਬ ਇਹ ਕਿ ਉਹ ਬੱਚਿਆਂ ਦੀਆਂ ਜ਼ਰੂਰਤਾਂ ਤੇ ਲੋੜਾਂ ਜਾਂ ਮਨੋ-ਬਿਰਤੀਆਂ ਨੂੰ ਕੇਂਦਰ ਵਿਚ ਰੱਖ ਕੇ ਹੀ ਗੀਤ ਸਿਰਜਦਾ ਤੇ ਗਾਉਂਦਾ ਹੈ। ਦੋਧੀ ਛੱਲੀ ਦੇ ਰਸ ਅਤੇ ਲੋਰੀਆਂ ਵਰਗੀ ਮਿਠਾਸ ਅਤੇ ਪਰੀ-ਕਹਾਣੀਆਂ ਵਾਲੀ ਦਿਲਚਸਪੀ ਉਹਦੇ ਵੰਨ-ਸੁਵੰਨੇ ਸੋਲੋ ਅਤੇ ਸਮੂਹਿਕ ਗੀਤਾਂ ਵਿਚੋਂ ਮਿਲ ਜਾਂਦੀ ਹੈ।
ਕਮਲਜੀਤ ਨੀਲੋਂ ਆਪਣੇ ਬਾਲ ਗੀਤਾਂ ਰਾਹੀਂ ਸਮਾਜਕ ਸਰੋਕਾਰਾਂ ਦੀ ਸਹਿਜ ਸੁਭਾਵਿਕ ਜਾਣਕਾਰੀ ਦੇ ਜਾਂਦਾ ਹੈ। ਮਸਲਨ ਮੰਮੀ-ਪਾਪਾ, ਭੈਣ-ਭਰਾ, ਦਾਦੀ-ਨਾਨੀ, ਤਾਏ-ਚਾਚਾ ਵਰਗੇ ਸਮਾਜਕ ਰਿਸ਼ਤੇ, ਮਾਣੋ ਬਿੱਲੀ, ਟੌਮੀ ਕੁੱਤਾ, ਭਾਂਤ ਭਾਂਤ ਦੇ ਫ਼ਲ-ਫੁੱਲ, ਬੂਟੇ, ਚੰਨ, ਸੂਰਜ, ਤਾਰੇ, ਖੇਡ-ਖਿਡੌਣੇ, ਤਮਾਸ਼ੇ, ਸਕੂਲੀ ਵਸਤਾਂ, ਟੈਲੀਫ਼ੋਨ, ਕੰਪਿਊਟਰ, ਟੀ.ਵੀ., ਮੋਬਾਇਲ ਆਦਿ ਵਿਗਿਆਨਕ ਚੀਜ਼ਾਂ ਉਹਦੇ ਬਾਲਗੀਤਾਂ ਵਿਚ ਜੀਉਂਦੇ ਜਾਗਦੇ ਪਾਤਰਾਂ ਵਜੋਂ ਅਛੋਪਲੇ ਜਿਹੇ ਆ ਸ਼ਾਮਲ ਹੁੰਦੇ ਹਨ। ਉਹ ਆਪਣੀਆਂ ਲਿਖਤਾਂ ਨਾਲ ਚਿੱਤਰਕਾਰੀ ਵੀ ਕਰਨ ਵੀ ਲੱਗ ਪਿਆ ਹੈ। ਉਸ ਦੀ ਚਿੱਤਰਕਲਾ ਦਾ ਪ੍ਰਭਾਵ ਉਸਦੀਆਂ ਪੁਸਤਕਾਂ ਵਿਚੋਂ ਵੇਖਿਆ ਜਾ ਸਕਦਾ ਹੈ।
ਕਮਲਜੀਤ ਨੀਲੋਂ ਵੱਡੀ ਗਿਣਤੀ ਵਿਚ ਬਾਲ ਗੀਤ ਰਚ ਚੁੱਕਾ ਹੈ ਜਿਨ੍ਹਾਂ ਵਿੱਚ ਆਡੀਓ-ਕੈਸਿਟਾਂ ਵਾਲੇ ਟਾਈਟਲ-ਗੀਤਾਂ ਤੋਂ ਇਲਾਵਾ 'ਜਨਮਦਿਨ', 'ਰੇਲ ਗੱਡੀ', 'ਨਿੱਕੇ ਨਿੱਕੇ ਬੱਚਿਓ', 'ਜਾਗ ਬੱਬੂਆ', 'ਦਾਦੀ ਮਾਂ ਤੇਰੇ ਦੰਦ ਕੌਣ ਲੈ ਗਿਆ', 'ਮੰਮੀ ਦੀ ਪਟਾਰੀ', 'ਮਾਪੇ' ਅਤੇ 'ਦਾਦੀ ਮਾਂ ਮੈਨੂੰ ਸੁਪਨਾ ਆਇਆ' ਆਦਿ ਸ਼ਾਮਲ ਹਨ। ਭਾਵੇਂ ਨੀਲੋਂ ਨੇ ਵੱਡਿਆਂ ਵਾਸਤੇ ਵੀ ਕੁਝ ਗੀਤ ਲਿਖੇ ਹਨ ਤੇ ਗਾਏ ਹਨ ਪਰੰਤੂ ਨੰਨੀਆਂ-ਮੁੰਨੀਆਂ ਧੀਆਂ ਧਿਆਣੀਆਂ ਪ੍ਰਤੀ ਸਾਡੇ ਸਮਾਜ ਦਾ ਨਾਕਾਰਾਤਮਕ ਦ੍ਰਿਸ਼ਟੀਕੋਣ ਉਸ ਲਈ ਪ੍ਰੇਸ਼ਾਨੀ ਤੇ ਉਦਾਸੀ ਦਾ ਕਾਰਨ ਵੀ ਬਣਦਾ ਹੈ। ਧੀਆਂ ਦੇ ਹਿੱਸੇ ਆਉਂਦੀਆਂ ਲੋਰੀਆਂ ਅਤੇ ਲੋਹੜੀ ਦੀ ਮੰਗ ਕਰਦਾ ਹੈ। ਇਸ ਸੰਬੰਧੀ ਕਮਲਜੀਤ ਨਿੱਜੀ ਘਟਨਾ ਨਾਲ ਜੁੜਿਆ ਅਨੁਭਵ ਸਾਂਝਾ ਕਰਦਾ ਹੈ, ''ਇਕ ਦਿਨ ਘਰ 'ਚ ਭਤੀਜੀਆਂ ਖੇਡ ਰਹੀਆਂ ਸਨ। ਖੁਸ਼ੀ 'ਚ ਰੌਲਾ ਪਾ ਰਹੀਆਂ ਸਨ। ਮੰਜੇ 'ਚ ਪਈ ਦਾਦੀ ਮਾਂ ਦਾ ਸ਼ਾਇਦ ਸਿਰ ਦਰਦ ਕਰ ਰਿਹਾ ਸੀ। ਦਾਦੀ ਮਾਂ ਇਕਦਮ ਗੁੱਸੇ 'ਚ ਕਹਿਣ ਲੱਗੀ, ''ਨੀ ਮਰ ਜਾਵੋ ਤੁਸੀਂ।'' ਕਮਲਜੀਤ ਨੇ ਕਿਹਾ, ''ਦਾਦੀ ਕੁਝ ਇਕ ਦਿਨਾਂ ਤਕ ਇਨ੍ਹਾਂ ਵਿਆਹੀਆਂ ਜਾਣੈ। ਇਹ ਘਰ ਖਾਲੀ ਹੋ ਜਾਣੈ। ਫਿਰ ਤੂੰ ਕਿਹਾ ਕਰਨੈ, ''ਪੁੱਤੋ! ਤੁਸੀਂ ਤਾਂ ਮੈਨੂੰ ਭੁੱਲ ਈ ਗਈਆਂ।'' ਬਾਲੜੀਆਂ ਨਾਲ ਹੁੰਦੇ ਲਿੰਗ-ਵਿਤਕਰੇ ਦੀ ਹਾਲਤ ਨੇ ਹੀ ਉਸ ਕੋਲੋਂ 'ਕਿੱਥੇ ਗਈਆਂ ਮਾਂ ਨੀ ਸਾਡੇ ਹਿੱਸੇ ਦੀਆਂ ਲੋਰੀਆਂ' ਅਤੇ 'ਚਿੜੀਆਂ ਬਾਬਲਾ ਵੇ ਚਿੜੀਆਂ, ਵਿਹੜੇ ਦੇ ਵਿਚੋਂ ਉੱਡ ਜਾਣੀਆਂ' ਆਦਿ ਗੀਤ ਲਿਖਵਾਏ। ਪਿੱਛੇ ਜਿਹੇ ਉਸ ਨੇ ਭਗਤ ਪੂਰਨ ਸਿੰਘ ਅਤੇ ਭਾਈ ਕਨ੍ਹਈਆ ਜੀ ਦੇ ਜੀਵਨ ਤੇ ਉਨ੍ਹਾਂ ਦੇ ਮਹਾਨ ਕਾਰਜਾਂ ਨੂੰ ਦਰਸਾਉਂਦੀਆਂ ਦੋ ਹੋਰ ਸੀ.ਡੀਜ਼. ਵੀ ਤਿਆਰ ਕੀਤੀਆਂ ਹਨ। ਇਸ ਪ੍ਰਕਾਰ ਉਸ ਨੇ ਪੰਜਾਬ ਦੀਆਂ ਰਵਾਇਤੀ ਬਾਤਾਂ ਅਤੇ ਲੋਰੀਆਂ ਨੂੰ ਨਵੇਂ ਅਰਥਾਂ ਵਿੱਚ ਢਾਲ ਕੇ ਸਾਂਭ-ਸੰਭਾਲ ਕੀਤੀ ਹੈ।
ਬੱਚਿਆਂ ਨੂੰ ਮਾਂ ਬੋਲੀ, ਨਰੋਏ ਜੀਵਨ ਮੁੱਲਾਂ ਅਤੇ ਸਭਿਆਚਾਰਕ ਵਿਰਾਸਤ ਨਾਲ ਜੋੜਨ ਦੇ ਮਕਸਦ ਲਈ ਕਮਲਜੀਤ ਨੀਲੋਂ ਮਲੇਸ਼ੀਆ, ਸਿੰਘਾਪੁਰ, ਕੈਨੇਡਾ, ਸਵੀਡਨ, ਡੈਨਮਾਰਕ ਤੇ ਨਾਰਵੇ ਆਦਿ ਮੁਲਕਾਂ ਵਿਖੇ ਤੀਹ ਪੈਂਤੀ ਵਰਕਸ਼ਾਪਾਂ ਲਗਾ ਆਇਆ ਹੈ। ਇਨ੍ਹਾਂ ਵਰਕਸ਼ਾਪਾਂ ਵਿਚ ਗੋਰਿਆਂ ਦੇ ਬੱਚੇ ਵੀ ਸ਼ਾਮਲ ਹੁੰਦੇ ਹਨ। ਪੱਛਮੀ ਸਭਿਆਚਾਰ ਦੀ ਮਾਰ ਤੋਂ ਬਚਾਉਣ ਲਈ ਉਹਦੇ ਬਾਲ ਗਾਇਕੀ ਸੰਬੰਧੀ ਯਤਨਾਂ ਨੂੰ ਕੈਨੇਡਾ ਵਿਚ ਇਕਬਾਲ ਮਾਹਲ ਨੇ ਖਾਸ ਪ੍ਰਮੋਟ ਕੀਤਾ। ਉਸਨੂੰ ਪੰਜਾਬੀ ਸੱਥ, ਲਾਂਬੜਾ, ਪ੍ਰੋ. ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ, ਲੁਧਿਆਣਾ ਅਤੇ ਦੇਸ਼ ਵਿਦੇਸ਼ਾਂ ਦੀਆਂ ਅਨੇਕ ਸੰਸਥਾਵਾਂ ਵਲੋਂ ਸਨਮਾਨਿਆ ਜਾ ਚੁੱਕਾ ਹੈ। ਬੀਤੇ ਦਿਨੀ ਉਸ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰਾਹੀਂ ਭਾਸ਼ਾ ਵਿਭਾਗ, ਪੰਜਾਬ ਵਲੋਂ ਢਾਈ ਲੱਖ ਰੁਪਏ ਦਾ ਨਗਦ ਪੁਰਸਕਾਰ ਅਤੇ ਮੈਡਲ ਪ੍ਰਦਾਨ ਕਰਕੇ 'ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ' ਵਜੋਂ ਨਿਵਾਜਿਆ ਗਿਆ ਹੈ।
ਅੱਜਕੱਲ੍ਹ ਕਮਲਜੀਤ ਆਪਣੇ ਪਿੰਡ ਨੀਲੋਂ ਵਿਖੇ ਮਾਤਾ ਨਛੱਤਰ ਕੌਰ ਜੀ, ਪਤਨੀ ਪਰਮਜੀਤ ਕੌਰ, ਬੇਟੀ ਮਹਿਕਪ੍ਰੀਤ ਤੇ ਬੇਟੇ ਕੰਵਰਕੁਲਜੋਤ ਸਿੰਘ ਨਾਲ ਰਹਿ ਰਿਹਾ ਹੈ। ਉਹਦਾ ਸੁਪਨਾ ਹੈ ਕਿ ਪੰਜਾਬ ਦੀ ਬਾਲ ਗਾਇਕੀ ਦੇਸ਼ ਵਿਦੇਸ਼ ਵਿਚ ਪ੍ਰਫੁੱਲਤ ਹੋਵੇ। ਸ਼ਾਲਾ! ਬੱਚਿਆਂ ਦੇ ਇਸ 'ਮਾਣੋ ਬਿੱਲੀ ਅੰਕਲ' ਦਾ ਸੁਪਨਾ ਸਾਕਾਰ ਹੋਵੇ।
-------------------------------------------------------------