ਗਜ਼ਲ (ਗ਼ਜ਼ਲ )

ਮਲਕੀਅਤ "ਸੁਹਲ"   

Email: malkiatsohal42@yahoo.in
Cell: +91 98728 48610
Address: ਪਿੰਡ- ਨੋਸ਼ਹਿਰਾ ਬਹਾਦੁਰ ਪੁਲ ਤਿਬੜੀ
ਗੁਰਦਾਸਪੁਰ India
ਮਲਕੀਅਤ "ਸੁਹਲ" ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆ ਨੀਂ ਮੋਈਏ ਧੀਏ ਆ ਕੇ  ਤੂੰ ਕੋਈ ਦੇ ਸਹਾਰਾ ਮੈਨੂੰ।

    ਸੋਚਾਂ ਵਿਚ ਹਾਂ ਡੁੱਬਾ ਹੋਇਆ ਲਭਦਾ ਨਹੀਂ ਕਿਨਾਰਾ ਮੈਨੂੰ।



    ਤੂੰ ਸੁਪਨੇਂ ਵਿਚ ਹੀ ਪੁੱਛ ਲੈ ਆ ਕੇ ਆਪਣੇ ਘਰ ਦਾ ਹਾਲ

    ਆਪਣੇ ਵੀਰ ਦੀ ਲੈ ਕੇ ਰੱਖੜੀ,ਆ ਕੇ ਮਿਲ ਦੁਬਾਰਾ ਮੈਨੂੰ।



     ਤੇਰੀ ਹਰ ਇਕ ਰੀਝ ਦੇ ਉਤੇ ਦਿਲ ਡਕੋ- ਡੋਲੇ ਖਾਂਦਾ ਹੈ

    ਹੁਣ ਤੇਰੇ ਮਿੱਠੇ ਬੋਲਾਂ ਵਰਗਾ  ਮਿਲਦਾ ਨਹੀਂ  ਨਜ਼ਾਰਾ ਮੈਨੂੰ।



   ਸੋਨਚਿੱੜੀ ਅਖਵਾ ਕੇ ਤੁਰ ਗਈ  ਮੈਨੂੰ ਮਿੱਟੀ ਕਰ ਗਈ ਏਂ

    ਖਾਣ ਨੂੰ ਪੈਂਦਾ ਘਰ ਆਪਣੇ ਦਾ  ਦੋ-ਮੰਜ਼ਲਾ  ਚੁਬਾਰਾ ਮੈਨੂੰ।



    ਗਜ਼ਲ ਮੇਰੀ ਇਹ ਰਹੀ ਅਧੂਰੀ  ਕਿਹਦੇ ਅੱਗੇ ਵਰਕੇ ਫੋਲਾਂ

    ਮੋਹ ਦੀ ਪੀਂਘ ਸਿੱਖ਼ਰੋਂ ਟੁੱਟੀ ਹੁਣ ਦੇਵੇ ਕੌਣ ਹੁਲਾਰਾ ਮੈਨੂੰ।



   ਆਸਾਂ ਉਤੇ ਫਿਰਿਆ ਪਾਣੀ  ਹੋ ਗਈ ਹੰਝੂਆਂ ਦੀ ਬਰਸਾਤ

     ਉਹ ਲਾਡਾਂ ਭਰਿਆ ਗੁੱਸਾ ਤੇਰਾ ਲਗਦਾ ਬੜਾ ਪਿਆਰਾ ਮੈਨੂੰ।



     ਸੂਟ ਸੋਨਹਿਰੀ ਝਾਂਜਰ ਪਾ ਕੇ  ਪੂਰਨਮਾਸ਼ੀ ਬਣ ਕੇ ਆ ਜਾ

    "ਸੁਹਲ" ਸਧਰਾਂ, ਸੁਪਨੇ ਟੁੱਟੇ  ਦੇ ਜਾ ਪਿਆਰ ਹੁਧਾਰਾ ਮੈਨੂੰ।