ਮੇਰਾ ਪਿੰਡ (ਹਾਇਕੁ)
(ਕਵਿਤਾ)
1.
ਹੱਟੀ 'ਤੇ ਜਾਣਾ
ਅੱਠ ਆਨੇ ਦਾ ਸੌਦਾ
ਰੂੰਗਾ ਲੈ ਖਾਣਾ।
2.
ਅੰਬੋ ਪਕਾਵੇ
ਨਾਲ਼ੇ ਕਰੇ ਗਿਣਤੀ
ਦੋ-ਦੋ ਸਭ ਨੂੰ।
3.
ਭੜੋਲਾ ਖਾਲੀ
ਪੀਹਣਾ ਕਰਨ ਨੂੰ
ਛੱਜ ਭਾਲਦੀ ।
4.
ਹਨ੍ਹੇਰੀ ਠੰਢ
ਰਾਤੀਂ ਦੇਵੇ ਪਹਿਰਾ
ਬਾਪੂ ਦੀ ਖੰਘ ।
5.
ਜੋੜ ਬਦਲ਼
ਕੱਖ-ਪੱਠਾ ਲੱਦਦਾ
ਗੱਡੇ 'ਤੇ ਬਾਪੂ।
6.
ਪੁਰਾਣਾ ਘਰ
ਵਿਹੜੇ 'ਚ ਖੜਕੇ
ਬਾਪੂ ਦਾ ਖੂੰਡਾ।
7.
ਨਿੰਮਾਂ ਦੀ ਛਾਵੇਂ
ਤਿੱਖੜ ਦੁਪਹਿਰੇ
ਲੱਗਾ ਤ੍ਰਿੰਝਣ ।
8.
ਹੱਥ ਪੂਣੀਆਂ
ਢਾਕ ਚੱਕ ਚਰਖਾ
ਚੱਲੀ ਕੱਤਣ।
9.
ਤੱਕਲ਼ੇ ਤੰਦ
ਬੋਈਏ 'ਚ ਪੂਣੀਆਂ
ਤ੍ਰਿੰਝਣੀ -ਛੋਪ।
10.
ਬੈਠ ਤ੍ਰਿੰਝਣ
ਘੂਕਰ ਸੁਰ ਮਿਲਾ
ਕੱਤੇ ਚਰਖਾ।
11.
ਕੁੱਕੜ ਬਾਂਗ
ਚਹਿਕਣ ਚਿੜੀਆਂ
ਸਰਘੀ ਵੇਲ਼ਾ ।
12.
ਕੱਖ ਪੱਠਾ ਪਾ
ਸੁਆਣੀ ਧਾਰਾਂ ਚੋਵੇ
ਚੜ੍ਹਦੀ ਟਿੱਕੀ ।
13.
ਚੜ੍ਹੇ ਵਿਸਾਖ
ਸੁਨਹਿਰੀ ਬੱਲੀਆਂ
ਖੇਤੀਂ ਝੂਮਣ ।
14.
ਚੁੰਮਦੀ ਦਾਤੀ
ਕਣਕ ਸੋਨੇ-ਰੰਗੀ
ਬਿਖਰੇ ਮੋਤੀ।
15.
ਪੱਕੀ ਕਣਕ
ਬੱਦਲ਼ ਗਰਜਣ
ਡਰਦਾ ਮਨ।
16.
ਉਡਾਵੇ ਕਾਮਾ
ਕਣਕ ਦਾ ਬੋਹਲ਼
ਛਜਲ਼ੀ ਫੜ ।
17.
ਪੁਰਾਣਾ ਘਰ
ਬੈਠਕ 'ਚ ਅੰਗੀਠੀ
ਬਾਬੇ ਦੀ ਫੋਟੋ।
18.
ਪੀਂਘ ਚੜ੍ਹਾਵੇ
ਕੰਨੀਂ ਪਾਏ ਲੋਟਣ
ਲੈਣ ਹੁਲਾਰੇ ।
19.
ਚੁੱਲ੍ਹੇ ਪਤੀਲੀ
ਗੁੜ ਦੀ ਚਾਹ ਧਰੀ
ਗੜਬੀ ਭਰੀ।
20.
ਆਥਣ ਵੇਲ਼ਾ
ਅੰਮੜੀ ਦਾ ਵਿਹੜਾ
ਛਿੜਕਾਂ ਪਾਣੀ।