ਖ਼ਬਰਸਾਰ

  •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਪੰਜਾਬੀ ਕਾਵਿ ਸ਼ਾਮ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਧਰਮਪਾਲ ਸਾਹਿਲ 'ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ' ਨਾਲ ਸਨਮਾਨਿਤ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਸਮਾਗਮ / ਪੰਜਾਬੀ ਲੇਖਕ ਮੰਚ, ਵੈਨਕੂਵਰ
  •    ਸਾਹਿਤ ਸਭਾ ਨਵਾਂ ਸ਼ਾਲ੍ਹਾ ਦੀ ਮੀਟਿੰਗ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  •    ਰਾਮ ਸਰੂਪ ਅਣਖੀ ਸਮ੍ਰਿਤੀ ਕਹਾਣੀ ਗੋਸ਼ਟੀ ਡਲਹੌਜ਼ੀ 'ਚ ਸਪੰਨ / ਪੰਜਾਬੀਮਾਂ ਬਿਓਰੋ
  •    'ਦੀਵਾ ਬਲੇ ਸਾਰੀ ਰਾਤ' ਕਾਵਿ ਮਹਿਫ਼ਲ ਦਾ ਹੋਇਆ ਸਫ਼ਲ ਆਯੋਜਨ / ਪੰਜਾਬੀਮਾਂ ਬਿਓਰੋ
  •    ਅਜੀਤ ਸਿੰਘ ਰਾਹੀ ਦਾ ਸਨਮਾਨ / ਲੋਕ-ਲਿਖਾਰੀ ਸਾਹਿਤ ਸਭਾ
  •    ਸਾਹਿਤਕ ਖਬਰਾਂ ਬਾਘਾ ਪੁਰਾਣਾ ਦੀਆਂ / ਸਾਹਿਤ ਸਭਾ ਬਾਘਾ ਪੁਰਾਣਾ
  •    'ਸਾਹਿਤ ਸੰਵਾਦ ਤੇ ਸਰੋਕਾਰ' ਲੋਕ ਅਰਪਣ / ਸਿਰਜਣਧਾਰਾ
  •    ਸਾਹਿਤਕ ਖਬਰਾਂ ਲੁਧਿਆਣਾ ਦੀਆਂ / ਪੰਜਾਬੀਮਾਂ ਬਿਓਰੋ
  • ਮਾਂ-ਪੰਜਾਬੀ ਲਈ ਨਿੱਕੇ ਨਿੱਕੇ ਯਤਨ (ਲੇਖ )

    ਗੁਰਮਿੰਦਰ ਸਿੱਧੂ (ਡਾ.)   

    Email: gurmindersidhu13@gmail.com
    Cell: +1 604 763 1658
    Address:
    ਸਰੀ British Columbia Canada
    ਗੁਰਮਿੰਦਰ ਸਿੱਧੂ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    “ ਕਦੀ ਪੁਛੋਗੇ ਪੌਣਾਂ ਨੂੰ, ਕਦੀ ਪੁੱਛੋਗੇ ਪਾਣੀ ਨੂੰ
           ਕਿ ਅਸੀਂ ਕੌਣ ਹੁੰਦੇ ਹਾਂ? ਕਿ ਸਾਡੀ ਕੌਮ ਕਿਹੜੀ ਹੈ ?”
                       ਜਿਹੜੀ ਕੌਮ ਦਾ ਸੱਭਿਆਚਾਰ ਖੁਰ ਜਾਏ..ਬੋਲੀ ਖੁੱਸ ਜਾਏ..ਇਕ ਦਿਨ ਧਰਤੀ ਤੋਂ ਉਹਦਾ ਨਾਮੋ-ਨਿਸ਼ਾਨ ਮਿਟ ਜਾਂਦਾ ਹੈ, ਇਹ ਇੱਕ ਇਤਿਹਾਸਕ ਸਚਾਈ ਹੈ । ਵਕਤ ਕਿਸੇ ਦਾ ਲਿਹਾਜ਼ ਨਹੀਂ ਕਰਦਾ।ਜੇ ਪੰਜਾਬੀਆਂ ਨੇ ਆਪਣੀ ਹੋਂਦ ਬਚਾਉਣੀ ਹੈ ਤਾਂ ਹੁਣ ਹੀ ਹੈ ਵਕਤ..ਜਾਗਣਾ ਪਏਗਾ ,ਆਪਣੇ ਮਨਾਂ ਦੇ ਸ਼ੀਸ਼ਿਆਂ ਉਤੋਂ ਧੂੜ ਪੂੰਝਣੀ ਪਏਗੀ....ਸਾਫ਼-ਸ਼ਫ਼ਾਫ ਇਰਾਦਿਆਂ ਨਾਲ ਸੱਚ ਦੇ ਰੂਬਰੂ ਹੋਣਾ ਪਏਗਾ...  ਦੁਚਿੱਤੀਆਂ ..ਤੌਖਲਿਆਂ ਨੂੰ ਦੂਰ ਕਰਨ ਲਈ ... ਆਪਣੀ ਆਪਣੀ ਸਮਰੱਥਾ ਅਨੁਸਾਰ ਨਿੱਕੇ ਵੱਡੇ ਯਤਨ ਕਰਨੇ ਪੈਣਗੇ ।
                                 ਸਭ ਤੋਂ ਵੱਡੀ ਦੁਚਿੱਤੀ ਹੈ ਸਿੱਖਿਆ ਦੇ ਖੇਤਰ ਵਿਚ ਮਾਧਿਅਮ ਦੀ...ਸੱਚ ਤਾਂ ਇਹ ਹੈ ਕਿ ਮਨ ਵਿੱਚ ਚਾਅ ਹੋਵੇ,ਉਮੰਗ ਹੋਵੇ ,ਇਰਾਦਾ ਹੋਵੇ ਤਾਂ ਕੋਈ ਮੁਸ਼ਕਿਲ ਨਹੀਂ ਹੁੰਦੀ ਪੰਜਾਬੀ ਪੜ੍ਹਿਆਂ ਨੂੰ ਅੰਗਰੇਜ਼ੀ ਮਾਧਿਅਮ ਰਾਹੀਂ ਉੱਚੀ ਤਕਨੀਕੀ ਵਿੱਦਿਆ ਹਾਸਿਲ ਕਰਨ ਵਿੱਚ..ਇਹ ਸਿਰਫ਼ ਇੱਕ ਤੌਖਲਾ ਹੀ ਹੈ।ਕਮੀ ਮਾਧਿਅਮ ਵਿੱਚ ਨਹੀਂ ਹੁੰਦੀ,ਕਮੀ ਹੁੰਦੀ ਹੈ ਮੁੱਢ ਤੋਂ ਹੀ ਸੁਹਿਰਦਗੀ ਨਾਲ ਪੜ੍ਹਾਉਣ ਤੇ ਪੜ੍ਹਨ ਵਿੱਚ,ਸਮਰਪਿਤ ਹੋਣ ਵਿੱਚ ਅਤੇ ਫਿਰ ਆਪਣੇ ਅੰਦਰਲੀ ਸ਼ਕਤੀ ਨੂੰ ਪਛਾਨਣ,ਜਗਾਉਣ ਤੇ ਵਰਤਣ ਵਿੱਚ..ਇਹ ਕਥਨ ਕਿ, “ ਮੁਢਲੀਆਂ ਜਮਾਤਾਂ ਵਿੱਚ ਅੰਗਰੇਜ਼ੀ ਪੜ੍ਹੇ ਹੀ ਅੱਗੇ ਜਾ ਕੇ ਵਕਤ ਦੇ ਹਾਣ ਦੇ ਹੋ ਸਕਦੇ ਨੇ” , ਗਲਤ ਹੈ,ਬਹਾਨਾ ਹੈ,ਸਾਜਿਸ਼ ਹੈ ।ਵਕਤ ਦੇ ਹਾਣੀ ੳਹੀ ਹੋ ਸਕਦੇ ਨੇ ਜਿਹਨਾਂ ਦੀਆਂ ਜੜ੍ਹਾਂ ਧਰਤੀ ਵਿੱਚ ਡੂੰਘੀਆਂ ਹੋਣ.ਜਿਹੜੇ ਹਰ ਤੂਫ਼ਾਨ ਵਿੱਚ ਅਡੋਲ ਹੋਣ..ਸਿਰਫ ਉਹੀ ਹਰੇ ਭਰੇ ਰਹਿ ਸਕਦੇ ਨੇ, ਮੌਲ ਸਕਦੇ ਨੇ,ਖਿੜ ਸਕਦੇ ਨੇ.ਉਹ ਤਾਂ ਵਕਤ ਤੋਂ ਵੀ ਅੱਗੇ ਜਾ ਸਕਦੇ ਨੇ...ਤੇ ਜੜ੍ਹਾਂ ਮਾਂ ਨਾਲ ਹੀ ਹੁੰਦੀਆਂ ਨੇ..ਮਾਂ-ਬੋਲੀ ਨਾਲ ਹੀ ਹੁੰਦੀਆਂ ਨੇ।ਆਪਣੀ ਮਾਂ-ਬੋਲੀ ਵਿੱਚ ਕੀਤੀ ਪੜ੍ਹਾਈ ਹੀ ਬਾਲ-ਮਨ ਨੂੰ ਵਿਕਸਿਤ ਕਰ ਸਕਦੀ ਹੈ,ਗਿਆਨ-ਇੰਦਰੀਆ ਦੇ ਬੂਹੇ ਸਪੱਟ ਖੋਲ੍ਹ ਸਕਦੀ ਹੈ..ਸਵੈ-ਵਿਸ਼ਵਾਸ਼ ਭਰ ਸਕਦੀ ਹੈ..ਦ੍ਰਿੜ੍ਹਤਾ ਦੇ ਸਕਦੀ ਹੈ ਤੇ ਫਿਰ ਇਹੋ ਜਿਹੇ ਪੱਕੇ-ਪੀਡੇ ਇਨਸਾਨ ਅੱਗੇ ਜਾ ਕੇ ਸਿਰਫ਼ ਅੰਗਰੇਜ਼ੀ ਹੀ ਨਹੀਂ ਹੋਰ ਵੀ ਕਿੰਨੀਆਂ ਜ਼ੁਬਾਨਾਂ ਸਿੱਖ ਸਕਦੇ ਨੇ ..ਉਹਨਾਂ ਸਾਰੀਆਂ ਦੇ ਖਜ਼ਾਨੇ ਫਰੋਲ ਸਕਦੇ ਨੇ ।ਹਾਂ..ਜਿਹਨਾਂ ਦੀ ਮਾਂ ਬੋਲੀ ਅੰਗਰੇਜ਼ੀ ਹੈ, ਉਹਨਾਂ ਲਈ ਸੋਲਾਂ ਆਨੇ ਸੱਚ ਹੈ ਇਹ ਕਥਨ..ਬਾਕੀਆਂ ਨੂੰ ਤਾਂ ਆਪਣੀ ਮਾਂ-ਬੋਲੀ ਦੀ ਉਂਗਲ ਫੜਨੀ ਹੀ ਪੈਣੀ ਹੈ ,ਅੱਜ ਨਹੀਂ ਤਾਂ ਕੱਲ੍ਹ..ਨਹੀਂ ਤਾਂ ਦੁਨੀਆਂ ਭਰ ਦੇ ਸਮੁੰਦਰਾਂ ਦੀ ਭੀੜ ਵਿੱਚ ਉਹ ਥਾਲ ਵਿਚਲੇ ਪਾਣੀ ਵਾਂਗ ਹੋਣਗੇ..ਕਦੀ ਏਧਰ ਡੋਲਣਗੇ ਤੇ ਕਦੀ ੳਧਰ ਡੋਲਣਗੇ ।
                       ਆਪਣੇ ਪਿੰਡ ਸਿਧਵਾਂ ਬੇਟ ਦੇ ਸਰਕਾਰੀ ਹਾਈ ਸਕੂਲ ਵਿੱਚ ਪੜ੍ਹੀ ਸੀ ਮੈਂ ਦਸਵੀਂ ਤੱਕ...ਫਿਰ  ਮੈਨੂੰ  ਸੰਨ 1965  ਵਿੱਚ ਗੌ: ਕਾਲਜ ਫਾਰ ਵਿਮੈਨ  ਲੁਧਿਆਣਾ  ਵਿੱਚ  ਦਾਖਲਾ ਮਿਲ ਗਿਆ.ਪ੍ਰੀ-ਯੂਨੀਵਰਸਿਟੀ (ਮੈਡੀਕਲ) ਵਿੱਚ... ਪੰਜਾਬੀ ਮਾਧਿਅਮ ਤੋਂ ਅਚਾਨਕ ਸਾਰਾ ਕੁਝ ਅੰਗਰੇਜ਼ੀ ਮਾਧਿਅਮ ਵਿੱਚ..ਪੇਂਡੂ ਪਹਿਰਾਵੇ ਤੇ ਤੌਰ ਤਰੀਕੇ ਵਾਲੀ ਕੁੜੀ ਅੱਖ ਪਲਕਾਰੇ ਵਿੱਚ ਪਟਰ ਪਟਰ ਅੰਗਰੇਜ਼ੀ ਬੋਲਦੀਆਂ ਹੈਂਕੜੀਆਂ ਜਿਹੀਆਂ ਸ਼ਹਿਰਨਾਂ ਵਿੱਚ.......ਪਰ ਪਤਾ ਨਹੀਂ ਘਰਦਿਆਂ ਵਲੋਂ ਮੇਰੇ ਵਿੱਚ ਭਰਿਆ ਆਤਮ-ਵਿਸ਼ਵਾਸ਼ ਸੀ,ਜਾਂ ਪੜ੍ਹੇ ਹੋਏ ਮਿਆਰੀ-ਸਾਹਿਤ ਨੇ  ਕੋਈ ਚੰਗਿਆੜੀ ਫੂਕੀ ਸੀ,ਜਾਂ ਮੇਰੇ ਅੰਦਰਲਾ ਕੋਈ ਕ੍ਰਿਸ਼ਮਾ ਸੀ ਜਾਂ ਫਿਰ ਤਿੰਨੋ ਹੀ..ਹੀਣਤਾ ਦਾ ਅਹਿਸਾਸ ਇਕ ਪਲ ਲਈ ਵੀ ਮੇਰੇ ਨੇੜੇ ਨਹੀਂ ਲੱਗਿਆ ...ਇੱਕ ਦੋ ਹੋਰ ਸਨ ਮੇਰੇ ਵਰਗੀਆਂ...ਉਹ ਸਹੇਲੀਆਂ ਬਣ ਗਈਆਂ.......ਤੇ ਮੈਂ ਕਿਸੇ ਖੱਬੀ-ਖਾਨ ਦੀ ਪਰਵਾਹ ਨਹੀਂ ਕੀਤੀ ।
                      ਛੇਵੀਂ ਜਮਾਤ ਤੋਂ ਅੰਗਰੇਜ਼ੀ ਵੀ ਸਾਨੂੰ ਹੋਰ ਵਿਸ਼ਿਆਂ ਵਾਂਗ ਪੂਰੀ ਲਗਨ ਤੇ ਮਿਹਨਤ ਨਾਲ ਪੜ੍ਹਾਈ ਗਈ ਸੀ..ਇਸ ਲਈ ਨਾ ਕਦੀ ਸਬਕ ਸਮਝਣ ਵਿੱਚ ਕੋਈ ਔਖ ਹੋਈ ਨਾ ਲਿਖਣ ਵਿੱਚ...ਪਹਿਲਾ ਇਨਾਮ ਲੈਂਦੀ ਲੈਂਦੀ ਮੈਂ ਪ੍ਰੀ-ਮੈਡੀਕਲ ਵਿੱਚ ਮੈਰਿਟ ਲਿਸਟ ਵਿੱਚ ਆਈ ਤੇ ਮੈਨੂੰ ਮੇਰੀ ਮਨ-ਮਰਜ਼ੀ ਦੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ ਸੀਟ ਮਿਲ ਗਈ ।
                   ਏਡੀ ਪਿਆਰੀ ਤੇ ਮਿੱਠੀ ਮਾਂ ਪੰਜਾਬੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਮੈਨੂੰ ਕਈ ਨਿੱਕੇ ਨਿੱਕੇ ਉਪਰਾਲੇ ਕਰਨੇ ਪਏ..ਹੋਰਨਾਂ ਨੂੰ ਵੀ ਕਰਨੇ ਪਏ ਹੋਣਗੇ...ਜੇ ਇਹ ਸਾਰੇ ਕਲਮ ਰਾਹੀਂ ਸਾਂਝੇ ਕੀਤੇ ਜਾਣ ਤਾਂ ਕਈਆਂ ਨੂੰ ਪ੍ਰੇਰਣਾ ਮਿਲ ਸਕਦੀ ਹੈ..ਅਗਵਾਈ ਮਿਲ ਸਕਦੀ ਹੈ .ਨਵੇਂ ਰਾਹ ਲੱਭੇ ਜਾ ਸਕਦੇ ਨੇ...ਤੌਖਲਿਆਂ ਤੇ ਦੁਚਿੱਤੀਆਂ ਦੇ ਹਨ੍ਹੇਰੇ ਵਿੱਚ ਦੀਵੇ ਜਗਾਏ ਜਾ ਸਕਦੇ ਨੇ।
                                          --------------
                                ਮੇਰੀ ਮੰਗਣੀ ਜਿਸ ਮੁੰਡੇ ਨਾਲ ਹੋਈ ਉਹ ਫੌਜ ਵਿੱਚ ਕੈਪਟਨ ਸੀ..ੳਥੇ ਤਾਂ ਨਿਰੀ ਅੰਗਰੇਜ਼ੀ ਹੀ ਚੱਲਦੀ ਹੈ..ਉਹਨਾਂ ਦੇ ਪਾਪਾ ਵੀ ਫੌਜੀ ਸਨ ..ਸਾਰਾ ਪਰਿਵਾਰ ਦਿੱਲੀ ਰਹਿੰਦਾ ਸੀ..ਇਸ ਵਾਰ ਮੈਨੂੰ ਘਬਰਾਹਟ ਹੋਈ,
    “ ਉਹ ਸਾਰੇ ਜ਼ਰੂਰ ਹਿੰਦੀ ਬੋਲਦੇ ਹੋਣਗੇ ਜਾਂ ਅੰਗਰੇਜ਼ੀ.....ਇਹੋ ਜਿਹੇ ਟੱਬਰ ਵਿੱਚ ਕਿਵੇਂ ਗ਼ੁਜ਼ਾਰਾ ਹੋਊ ਮੇਰਾ?..........ਕੀ ਮਜ਼ਾ ਆਊਗਾ ਜਿਉਣ ਦਾ ?”
                ਇੱਕ ਦਿਨ ਹੌਸਟਲ ਵਿੱਚ ਆਈਆਂ ਚਿੱਠੀਆਂ ਦੇ ਬੰਡਲ ਵਿੱਚ ਇੱਕ ਫੌਜੀ ਰੰਗ ਦਾ ਲਿਫ਼ਾਫ਼ਾ ਮੇਰੇ ਲਈ ਵੀ ਸੀ।ਸਾਰੇ ਦਾ ਸਾਰਾ ਖਤ ਅੰਗਰੇਜ਼ੀ (ਰੋਮਨ )ਵਿੱਚ... “ ਮਨਾ! ੳਹੀ ਗੱਲ ਹੋਣੀ ਐ, ਜਿਹਦਾ ਡਰ ਐ “
                ਮੈਂ ਇੱਕ ਕਰੜਾ ਜਿਹਾ ਫ਼ੈਸਲਾ ਲਿਆ ..ਜਵਾਬ ਗੁਰਮੁਖੀ ਵਿੱਚ ਲਿਖਿਆ,
                “ ਮੈਨੂੰ ਲੱਗਦੈ ਇਹ ਖ਼ਤ ਤੁਹਾਡੇ ਤੋਂ ਪੜ੍ਹ ਨਹੀਂ ਹੋਣਾ...ਕਿਸੇ ਤੋਂ ਪੜ੍ਹਵਾ ਲੈਣਾ...ਪਰ ਮੈਨੂੰ ਪੰਜਾਬੀ ਵਿੱਚ ਲਿਖਣਾ ਹੀ ਚੰਗਾ ਲੱਗਦੈ..”
           ਲਿਫ਼ਾਫ਼ਾ ਲੈਟਰਬਕਸ ਵਿੱਚ ਪਾਉਂਦਿਆਂ ਹੀ ਲੱਗਿਆ ਮੰਗਣੀ ਹੁਣ ਟੁੱਟੀ ਕਿ ਟੁੱਟੀ..ਭਲਾ ਕਿਹੜਾ ਫੌਜੀ ਅਫ਼ਸਰ ਚਾਹੂ ਕਿ ਉਹਦੀ ਬੀਵੀ ਅੰਗਰੇਜ਼ੀ ਵਿੱਚ ਲਿਖਣਾ ਹੀ ਪਸੰਦ ਨਾ ਕਰੇ.. ਬੋਲਣਾ ਤਾਂ ਦੂਰ ਦੀ ਗੱਲ..ਉਤੋਂ ਘਰਦਿਆਂ ਦੀਆਂ ਝਿੜਕਾਂ ਅੱਡ ਪੈਣਗੀਆਂ
                         “ ਚਲੋ ਦੇਖੀ ਜਾਊ ਜੋ ਹੋਊ, ਸਾਰੀ ਉਮਰ ਰਿੱਝਣਾ ਤਾਂ ਨੀ ਪਊ”
            ਉਡੀਕ ਦੇ ਦਿਨ ਸਨ ਕਿ ਫਾਂਸੀ ਦੀ ਸਜ਼ਾ ਪਿਛੋਂ ਫਾਂਸੀ ਚੜ੍ਹਨ ਤੱਕ ਦਾ ਸਫ਼ਰ !..ਇਸ ਵਾਰ ਮੇਰੇ ਨਾਂ ਦਾ ਮੂੰਗੀਆ- ਲਿਫ਼ਾਫ਼ਾ ਆਇਆ ਤਾਂ ਮੇਰੇ ਹੱਥ ਦਿਲ ਨਾਲੋਂ ਵੀ ਜ਼ਿਆਦਾ ਜ਼ੋਰ ਦੀ ਧੜਕ ਰਹੇ ਸਨ । ਜਿਵੇਂ ਕਿਵੇਂ ਖੋਲ੍ਹਿਆ,
                          “ ਤੂੰ ਪੰਜਾਬੀ ਪੜ੍ਹ ਸਕਣ ਦੀ ਗੱਲ ਕਰਦੀ ਐਂ..ਲੈ ਮੈਂ ਤੈਨੂੰ ਜਵਾਬ ਹੀ ਪੰਜਾਬੀ ਵਿੱਚ ਲਿਖ ਰਿਹਾਂ”
          ਸਾਰੇ ਦਾ ਸਾਰਾ ਖ਼ਤ ਗੁਰਮੁਖੀ ਵਿੱਚ ਸੀ ..ਵਿੱਚ ਵਿੱਚ ਹਿੰਦੀ ਅੰਗਰੇਜ਼ੀ ਨੇ ਘੁਸਪੈਠ ਕੀਤੀ ਹੋਈ ਸੀ
        “ ਲੈ..ਇਹ ਘੁਸਪੈਠ ਤਾਂ ਮੈਂ ਚੁਟਕੀ ਵਿੱਚ ਹਟਾ ਲਊਂਗੀ” ..” ਮੈਂ ਜਿਵੇਂ ਸੱਤਾਂ ਅੰਬਰਾਂ ਵਿੱਚ ਉੱਡਣ ਲੱਗੀ ।
                          ਇਹ ਖ਼ਤ ਲਿਖਣ ਵਾਲੇ ਸਨ ਮੇਰੇ ਪਤੀ ਕੈਪਟਨ ਡਾ: ਬਲਦੇਵ ਸਿੰਘ ਜਿਹਨਾਂ ਨੇ ਮੈਨੂੰ ਪੰਜਾਬੀਅਤ ਨਾਲ ਮਹਿਕਦਾ ਘਰ-ਪਰਿਵਾਰ ਦਿੱਤਾ ।                         
            ਡਾ: ਸਾਹਿਬ ਬਹੁਤਾ  ਸਮਾਂ ਦੱਖਣ ਵਿੱਚ ਹੀ ਰਹੇ..ਉਥੋਂ ਦੇ ਸਕੂਲਾਂ ਵਿੱਚ ਹੀ ਸਿੱਖਿਆ ਹਾਸਿਲ ਕੀਤੀ..ਇਸ ਲਈ ਹਿੰਦੀ ਸੰਸਕ੍ਰਿਤ ਅੰਗਰੇਜ਼ੀ ਭਾਰੂ ਸੀ ਉਹਨਾਂ'ਤੇ...ਉਹ ਹਿੰਦੀ ਵਿੱਚ ਹੀ ਮਿੰਨੀ ਕਹਾਣੀਆਂ ਲਿਖਦੇ..ਉਂਜ ਤਾਂ ਕੋਈ ਜਿਸ ਭਾਸ਼ਾ ਵਿੱਚ ਵੀ ਆਪਣੇ ਆਪ ਨੂੰ ਪ੍ਰਗਟ ਕਰ ਸਕੇ.ੳਹੀ ਉਹਦਾ ਮਾਧਿਅਮ ਹੋਣਾ ਚਾਹੀਦੈ......ਕਲਾ ਨੂੰ ਕਿਸੇ ਸੀਮਾ-ਰੇਖਾ ਵਿੱਚ ਕੈਦ ਨਹੀਂ ਕਰਨਾ ਚਾਹੀਦਾ....ਪਰ ਇਹ ਤਾਂ ਇੱਕ ਪੰਜਾਬਣ ਦਾ ਸਿਦਕ ਸੀ।
                  ਮੈਂ ਕਿਹਾ , “ ਦੇਵ! ਤੁਸੀਂ ਬੇਸ਼ੱਕ ਲਿਖੋ ਹਿੰਦੀ ਵਿੱਚ ..ਪਰ ਪੰਜਾਬੀ ਵਿੱਚ ਵੀ ਲਿਖਿਆ ਕਰੋ ਨਾ!”
                “ ਅਸਲ ਵਿੱਚ ਮਿੰਦਰ! ਮੈਂ ਸੋਚਦਾ ਈ ਹਿੰਦੀ ਵਿੱਚ ਹਾਂ..”
                “ ਪਰ ਹੁਣ ਤਾਂ ਪੰਜਾਬ ਵਿਚ ਓ..ਪੰਜਾਬੀ ਮਾਹੌਲ ਵਿੱਚ ..”
                “ ਜੋ ਹੁਕਮ ਸਰਕਾਰ!ਪਰ ਗਲਤੀਆਂ ਠੀਕ ਕਰਨ ਦੀ ਜ਼ਿੰਮੇਵਾਰੀ ਤੇਰੀ”
                                     ਸ਼ੁਰੂ ਸ਼ੁਰੂ ਵਿੱਚ ਮੈਂ ਗ਼ਲਤੀਆਂ ਠੀਕ ਕਰਦੀ ਰਹੀ.. ਹੁਣ ਤਾਂ ਉਹ ਮੇਰੀਆਂ ਉਕਾਈਆਂ'ਤੇ ਵੀ ਉਂਗਲ ਧਰ ਦਿੰਦੇ ਨੇ। 
    -----------------                      
     ਅਸੀਂ ਦੋਵੇਂ ਪਿੰਡ ਦੇ ਹਸਪਤਾਲ ਵਿੱਚ ਤਾਇਨਾਤ ਸਾਂ।ਬੇਟੇ ਨੂੰ ਵੀ ੳਥੋਂ ਦੇ ਪ੍ਰਾਇਮਰੀ ਸਕੂਲ ਵਿੱਚ ਦਾਖਿਲ ਕਰਵਾ  ਦਿੱਤਾ ..ਸਕੂਲੋਂ ਆਉਂਦੇ ਨੂੰ ਨਿੱਤ ਪੁੱਛਦੇ,
                        “ ਅੱਜ ਕੀ ਪੜ੍ਹਿਆ ?”
                            “ ਊੜਾ..ਆੜਾ…”
                              ਪੂਰੇ ਅੱਠ ਮਹੀਨੇ ਉਹ *ਈੜੀ* 'ਤੇ ਨਾ ਗਿਆ ਤਾਂ ਅਸੀਂ ਸੋਚੀਂ ਪੈ ਗਏ...ਇਹ ਕਿਹੋ ਜਿਹੀ ਪੜ੍ਹ੍ਹਾਈ ਹੋ ਰਹੀ ਹੈ ਅੱਜ ਕੱਲ੍ਹ ਸਕੂਲਾਂ ਵਿੱਚ?..ਨੇੜਲੇ ਸ਼ਹਿਰ ਜਲੰਧਰ ਵਿੱਚ ਵਧੀਆ ਪੰਜਾਬੀ ਮਾਧਿਅਮ ਸਕੂਲ ਟੋਲਦੇ ਰਹੇ...ਨਾ ਲੱਭਣਾ ਸੀ ਨਾ ਲੱਭਿਆ...।
                           ਬੀਬੀ ਪਾਪਾ ਚੰਡੀਗੜ੍ਹ ਰਹਿੰਦੇ ਸੀ..ਫਿਰ ਏਥੇ ਮਿਆਰੀ ਪੰਜਾਬੀ ਸਕੂਲ ਦੀ ਤਲਾਸ਼ ਹੋਈ..ਮਾਰੂਥਲ ਵਿੱਚ ਚਸ਼ਮਾ ਲੱਭਣ ਵਰਗ਼ਾ ਝੱਲ..ਜਿਹਨੂੰ ਪੁੱਛਦੇ ਅਗਲਾ ਸਾਡੇ ਵੱਲ ਹੋਰੂੰ ਹੋਰੂੰ ਝਾਕਦਾ..ਵਾਧੂ ਜੱਗ-ਹਸਾਈ ਹੋਈ..ਹਾਰ ਕੇ ਬੇਟੇ ਨੂੰ ਅੰਗਰੇਜ਼ੀ ਮਾਧਿਅਮ ਸਕੂਲ ਵਿੱਚ ਦਾਖਿਲ ਕਰਵਾਉਣਾ ਪਿਆ.
    . ਏਂਵੇਂ ਹੀ ਬੇਟੀ ਨੂੰ....।...                  
                     ਪਰ ਅਸੀਂ ਘਰ ਵਿੱਚ ਬਾਲਾਂ ਨਾਲ ਪੰਜਾਬੀ ਬੋਲਣਾ ..ਪੜ੍ਹਨਾ ਪੜ੍ਹਾਉਣਾ ਜਾਰੀ ਰੱਖਿਆ।ਉਹ ਆਏ ਗਏ ਨੂੰ ਨਿੱਕੀਆਂ ਨਿੱਕੀਆਂ ਪੰਜਾਬੀ ਕਵਿਤਾਵਾਂ ਸੁਣਾਉਂਦੇ,ਛੋਟੇ ਮੋਟੇ ਸਮਾਗਮਾਂ ਜਨਮ-ਦਿਨ ਪਾਰਟੀ,ਵਿਆਹ ਆਦਿ'ਤੇ ਪੰਜਾਬੀ ਗੀਤ ਗਾਉਂਦੇ,ਸਕੂਲ ਵਿੱਚ ਪੰਜਾਬੀ ਨੂੰ ਮਾੜੀ ਕਹਿਣ ਵਾਲੇ ਵਿਦਿਆਰਥੀਆਂ ਨਾਲ ਬਹਿਸ ਪੈਂਦੇ।ਹੁਣ ਉਹ ਵੱਡੇ ਹੋ ਗਏ ਨੇ, ਪੰਜਾਬੀ ਅੰਗਰੇਜ਼ੀ ਦੋਵੇਂ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਸਟੇਜ'ਤੇ ਬੱਲੇ ਬੱਲੇ ਕਰਾ ਦਿੰਦੇ ਨੇ, ਹਿੰਦੀ ਵਿੱਚ ਵੀ ਕਿਸੇ ਤੋਂ ਘੱਟ ਨਹੀਂ,ਇਨਾਮਾਂ ਸਰਟੀਫਿਕੇਟਾਂ ਤਗਮਿਆਂ ਦੇ ਨਾਲ ਦੋਵਾਂ ਦੀਆਂ ਅਲਮਾਰੀਆਂ ਭਰੀਆਂ ਪਈਆਂ ਨੇ ।ਜੇ ਕਿਤੇ ਸ਼ੁਰੂ ਵਿੱਚ ਤਿੰਨਾਂ ਭਾਸ਼ਾਵਾਂ ਦਾ ਬੋਝ ਉਹਨਾਂ ਦੇ ਦਿਮਾਗ ਦੇ ਸੂਖ਼ਮ-ਸੈੱਲਾਂ 'ਤੇ ਨਾ ਪੈਂਦਾ ਤਾਂ ਪਤਾ ਨਹੀਂ ਕਿਸ ਬੁਲੰਦੀ 'ਤੇ ਜਾ ਪਹੁੰਚਦੇ ।ਪਰ ਤਸੱਲੀ ਹੈ ਕਿ ਸਾਡੇ ਯਤਨ ਨਾਲ ਪੰਜਾਬੀ ਅਤੇ ਪੰਜਾਬੀਅਤ ਦਾ ਪਿਆਰ ਦੋਵਾਂ ਦੇ ਦਿਲਾਂ ਵਿੱਚ ਬਰਾਬਰ ਪਲਦਾ ਰਿਹਾ।ਬੇਟੀ ਡਾਕਟਰ ਹੈ,ਸਿੰਗ-ਤਵੀਤਾਂ,ਲੋਟਣਾਂ-ਪਿੱਪਲਪੱਤੀਆਂ ਦੀ ਸ਼ੁਕੀਨ..ਗਿੱਧੇ ਵਿੱਚ ਧਮਾਲਾਂ ਪਾਉਂਦੀ....ਕਦੀ ਮੈਥੋਂ ਪੁੱਛ.. ਕਦੀ ਏਧਰੋਂ ੳਧਰੋਂ.. ਨਵੀਂਆਂ ਨਵੀਂਆਂ ਬੋਲੀਆਂ ਤੇ ਲੋਕਗੀਤ ਸਿੱਖਦੀ...ਵਿਆਹਾਂ-ਸ਼ਾਦੀਆਂ ਵਿੱਚ ਮੁਰ੍ਹੈਲਣ।*ਪੰਜਾਬੀ ਪ੍ਰਿੰਸੈਸ*ਦਾ ਖਿਤਾਬ ਵੀ ਮਿਲਿਐ ਉਹਨੂੰ,ਸਿਡਨੀ(ਅਸਟ੍ਰੇਲੀਆ) ਦੇ ਵਿਸਾਖੀ-ਮੇਲੇ ਵਿੱਚ ਉਸਦੀ ਪੇਸ਼ਕਾਰੀ ਨੇ ਹਰ ਪਾਸੇ ਧੁੰਮਾਂ ਪਾ ਦਿਤੀਆਂ ਸਨ।ਤੇ ਇਸ ਸਭ ਦੇ ਨਾਲ ਨਾਲ ਪੜ੍ਹਾਈ ਵਿੱਚ ਵੀ ਮੂਹਰਲੇ ਬੱਚਿਆਂ ਵਿੱਚ..  ਤੇ ਅੱਜਕਲ੍ਹ ਕੈਨੇਡਾ ਦੀ ਇੱਕ ਯੂਨੀਵਰਸਿਟੀ ਵਿੱਚ ਸ਼ੱਕਰ-ਰੋਗ'ਦੀ ਖੋਜਕਾਰ ਦੇ ਤੌਰ'ਤੇ ਕਾਰਜਸ਼ੀਲ ਹੈ।
                       ਬੇਟੇ ਦੀ ਪੰਜਾਬੀਅਤ ਦਾ ਇਹ ਆਲਮ ਹੈ ਕਿ ਜਿੱਦਣ ਲਾੜਾ ਬਣਿਆ ਕਹੇ,
                      “ ਮੈਂ ਤਾਂ ਕੈਂਠਾ ਪਾ ਕੇ..ਤੁਰ੍ਹਲੇ ਵਾਲੀ ਪੱਗ ਤੇ ਚਾਦਰਾ ਬੰਨ੍ਹ ਕੇ ਵਿਆਹੁਣ ਜਾਣੈਂ”
           ਸਾਕਾਂ ਸਕੀਰਦਾਰਾਂ ਨੇ ਮਸਾਂ ਸਮਝਾਇਆ।ਉਂਜ ਵੀ ਪੱਛਮੀ ਸੱਭਿਆਚਾਰ ਵਿੱਚ ਰੰਗੀਆਂ ਸ਼ਹਿਰਨਾਂ ਦੀ ਥਾਂ ਉਹਨੇ 'ਪਿੰਡ ਦੀ ਕੁੜੀ' ਚੁਣੀ।ਸਹੁਰਿਆਂ ਤੋਂ ਦਾਲ ਧਰਨ ਵਾਸਤੇ' ਹਾਰਾ' ਬਣਵਾ ਕੇ ਲਿਆਇਆ, ਮਿਆਰੀ ਪੰਜਾਬੀ ਗੀਤਾਂ ਦਾ ਦੀਵਾਨਾ..ਜਰਨੈਲ ਸਿੰਘ ਦੀਆਂ ਤਸਵੀਰਾਂ ਦਾ ਆਸ਼ਕ...ਜ਼ਿੰਦਗੀ ਵਿਚੋਂ ਵਿਸਰਦੇ ਜਾ ਰਹੇ ਪੰਜਾਬੀ ਸੱਭਿਆਚਾਰ ਲਈ ਬੇਹੱਦ ਫ਼ਿਕਰਮੰਦ...ਅੱਜਕੱਲ੍ਹ ਕੈਨੇਡਾ ਦੇ ਗੋਰਿਆਂ ਨਾਲ ਗਿਟਮਿਟ ਕਰਦਾ ਪੰਜਾਬੀ ਕਹਾਣੀਆਂ ਲਿਖਦਾ ਹੈ।ਜਦੋਂ ਵੀ ਦੇਸ ਆਉਂਦੈ,ਹਰੇ-ਭਰੇ ਖੇਤਾਂ,ਟਰੈਕਟਰ ਚਲਾਉਂਦੇ ਗੱਭਰੂਆਂ,ਸ਼ਟਾਪੂ ਖੇਡਦੇ ਨਿਆਣਿਆਂ,ਧਾਰਾਂ ਕੱਢਦੀਆਂ ਸੁਆਣੀਆਂ, ਜਾਗੋ ਕੱਢਦੀਆਂ ਕੁੜੀਆਂ ਦੀ ਮੂਵੀ ਬਣਾ ਕੇ ਲਿਜਾਂਦੈ ਤੇ ਦੇਸੀ ਵਿਦੇਸ਼ੀ ਅੰਗਰੇਜ਼ਾਂ ਨੂੰ ਪੰਜਾਬੀਅਤ ਦੇ ਨਜ਼ਾਰੇ ਦਿਖਾਉਂਦੈ।
               ------------   
           ਮੇਰੇ ਮੈਡੀਕਲ ਕਿੱਤੇ ਵਿੱਚ ਬਹੁਤਾ ਕੰਮ ਅੰਗਰੇਜ਼ੀ ਵਿੱਚ ਕਰਨਾ ਪੈਂਦੈ, ਪਰ ਜਿੱਥੇ ਕਿਤੇ ਪੰਜਾਬੀ ਚੱਲ ਸਕੇ ਮੈਂ ਜ਼ਰੂਰ ਚਲਾਉਂਦੀ ਹਾਂ..ਮੈਡੀਕੋ-ਲੀਗਲ..ਪੋਸਟਮਾਰਟਮ..ਦੇ ਰਜਿਸਟਰ ਅੰਗਰੇਜ਼ੀ ਵਿੱਚ ਹੀ ਭਰਨੇ ਹੁੰਦੇ ਨੇ,ਪਰ ਮੈਂ ਆਪਣੇ ਦਸਤਖ਼ਤ ਹਮੇਸ਼ਾ ਗੁਰਮੁਖੀ ਵਿੱਚ ਹੀ ਕਰਦੀ ਰਹੀ ਹਾਂ.. ਇੱਕ ਵਾਰ ਕਚਿਹਰੀ ਵਿੱਚ ਪੇਸ਼ੀ ਸਮੇਂ ਸੈਸ਼ਨ ਜੱਜ ਨੇ ਮੈਨੂੰ ਇਸ ਬਾਰੇ ਪੁੱਛਿਆ ।ਮੈਂ ਕਿਹਾ,
                              “ ਲੋਕ ਤਾਂ ਅੰਗੂਠਾ ਲਾ ਕੇ ਆਪਣੀ ਪਛਾਣ ਤਸਦੀਕ ਕਰਦੇ ਨੇ, ਇਹ ਤਾਂ ਫਿਰ ਪੰਜਾਬੀ ਹੈ..ਕੀ ਤੁਹਾਨੂੰ ਕੋਈ ਇਤਰਾਜ਼ ਹੈ?”
                                ਉਹ ਬੋਲਿਆ., “ ਨਹੀਂ ਨਹੀਂ ,ਬਿਲਕੁਲ ਕੋਈ ਇਤਰਾਜ਼ ਨਹੀਂ””
                              ਹਰ ਥਾਂ ..ਆਮਦਨ-ਕਰ ਦੇ ਕਾਗ਼ਜ਼..ਬੈਂਕ ..ਆਦਿ ਵਿੱਚ ਮੇਰੇ ਦਸਤਖ਼ਤ ਗੁਰਮੁਖੀ ਵਿੱਚ ਹੀ ਹਨ ।ਮੇਰੇ ਵਲੋਂ ਲਿਖੀ ਹਰ ਚਿੱਠੀ ,ਅਰਜ਼ੀ ਆਦਿ ਗੁਰਮੁਖੀ ਵਿੱਚ ਹੀ ਹੁੰਦੀ ਹੈ । ਸਿਹਤ ਵਿਭਾਗ ਵਿੱਚ ਸਰਕਾਰੀ ਨੌਕਰੀ ਵੇਲੇ ਜਦੋਂ ਮੈਂ ਇੰਚਾਰਜ ਹੁੰਦੀ ਸਾਂ ਤਾਂ ਆਪਣੇ ਮਾਤਹਿਤਾਂ ਦੀ ਕੋਈ ਰਿਪੋਰਟ ,ਅਰਜ਼ੀ ਆਦਿ ਪੰਜਾਬੀ ਤੋਂ ਬਿਨਾਂ ਮਨਜ਼ੂਰ ਨਹੀਂ ਸਾਂ ਕਰਦੀ,.ਚਾਹੇ ਉਹ ਮੇਰੇ ਨਾਲ ਦੇ ਡਾਕਟਰ ਹੀ ਹੋਣ..ਜੇ ਕੋਈ ਆਖਦਾ ਕਿ ਮੈਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਤਾਂ ਮੈਂ ਕਹਿੰਦੀ, “ ਚਲੋ ਮੈਂ ਲਿਖ ਦਿੰਦੀ ਹਾਂ ਤੁਹਾਡੇ ਵਲੋਂ..ਤੁਸੀਂ ਪੜ੍ਹ ਕੇ ਦਸਤਖ਼ਤ ਕਰ ਦਿਓ””
         ਅੱਗੇ ਤੋਂ ਉਹ ਪੰਜਾਬੀ ਵਿੱਚ ਹੀ ਲਿਆਉਂਦੇ, ਭਾਵੇਂ ਆਪ ਲਿਖਣ ਜਾਂ ਕਿਸੇ ਤੋਂ ਲਿਖਾਉਣ..।
               -----------------
         ਦਵਾਈਆਂ ਦੀ ਜਾਣਕਾਰੀ ਦੇਣ ਵਾਲੇ (ਮੈਡੀਕਲ ਰਿਪਰੈਜ਼ੈਂਟਿਵ) ਹਮੇਸ਼ਾ ਅੰਗਰੇਜ਼ੀ ਵਿੱਚ ਹੀ ਗੱਲ ਕਰਦੇ ਨੇ ਪਰ ਮੈਂ ਆਪਣੇ ਵਲੋਂ ਪੰਜਾਬੀ ਵਿੱਚ ਸਵਾਲ-ਜਵਾਬ ਕਰਕੇ ਉਹਨਾਂ ਨੂੰ ਇਸ ਪਾਸੇ ਮੋੜ ਲੈਂਦੀ ਹਾਂ ।ਇੱਕ ਵਾਰ ਕਿਸੇ ਦਵਾਈ-ਕੰਪਨੀ ਦਾ ਨੁਮਾਇੰਦਾ ਮੇਰੀ ਪੰਜਾਬੀ ਦੀ ਹਰ ਗੱਲ ਦਾ ਜਵਾਬ ਅੰਗਰੇਜ਼ੀ ਵਿੱਚ ਦੇਵੇ ..ਮੈਂ ਸੋਚਿਆ,“ਕਿਤੇ ਜ਼ਿਆਦਤੀ ਤਾਂ ਨਹੀਂ ਕਰ ਰਹੀ ਮੈਂ? ਹੋ ਸਕਦੈ ਇਹਨੂੰ ਪੰਜਾਬੀ ਆਉਂਦੀ ਹੀ ਨਾ ਹੋਵੇ.”
    .                ਮੈਂ ਆਖਿਆ, “ ਕਿਤੇ ਪੰਜਾਬੀ ਬੋਲ ਕੇ ਮੈਂ ਤੁਹਾਨੂੰ ਮੁਸ਼ਕਿਲ ਵਿੱਚ ਤਾਂ ਨਹੀਂ ਪਾ ਰਹੀ ?
    ਮੈਂ ਅੰਗਰੇਜ਼ੀ ਵੀ ਬੋਲ ਸਕਦੀ ਹਾਂ..ਉਂਜ ਦੇਖਣ ਨੂੰ ਤਾਂ ਤੁਸੀਂ ਚੰਗੇ ਭਲੇ ਪੰਜਾਬੀ ਲੱਗਦੇ ਓ “
                 ਕਹਿੰਦਾ, “ਸੌਰੀ ਡਾਕਟਰ ਸਾਹਿਬ ..ਅਸਲ ਵਿੱਚ ਆਦਤ ਬਣੀ ਹੋਈ ਐ ਨਾ !”
      ਉਸ ਤੋਂ ਬਾਅਦ ਉਹ ਜਦੋਂ ਵੀ ਆਉਂਦਾ ਪੰਜਾਬੀ ਵਿੱਚ ਹੀ ਗੱਲ  ਕਰਦਾ ।ਸਗੋਂ ਉਹਨੇ ਮੈਨੂੰ ਕਿਹਾ,
    "ਮੈਂ ਹੁਣ ਜਿਥੇ ਵੀ ਜਾਨਾਂ ਡਾਕਟਰ ਤੋਂ ਪੁੱਛ ਲੈਨਾਂ ਕਿ ਉਹ ਪੰਜਾਬੀ ਵਿੱਚ ਗੱਲਬਾਤ  ਪਸੰਦ ਕਰਨਗੇ ਜਾਂ ਅੰਗਰੇਜ਼ੀ ਵਿੱਚ..ਪਰ ਡਾ: ਸਾਹਿਬ ਪੰਜਾਬੀ ਵਿੱਚ ਬਾਤਚੀਤ ਤਾਂ ਕੋਈ ਕੋਈ ਹੀ ਚਾਹੁੰਦਾ ਹੈ”
    “ ਹੈ ਨਾ ਕੋਈ ਕੋਈ ..ਬੱਸ ਉਸ ਕੋਈ ਕੋਈ ਦੀ ਗੱਲ ਮੰਨਿਆ ਕਰੋ”                  
                     -------------
                                                 
                 ਮੈਂ ਸੋਚਦੀ ਹਾਂ ਕਿ ਮਰੀਜ਼ਾਂ 'ਤੇ ਕੋਈ ਵੀ ਬੋਲੀ ਨਹੀਂ ਥੋਪਣੀ ਚਾਹੀਦੀ...ਉਹ ਜਿਸ ਬੋਲੀ ਵਿੱਚ ਵੀ ਆਪਣਾ ਦੁੱਖ ਤਕਲੀਫ਼ ਬਿਆਨ ਕਰ ਸਕਦੇ ਹਨ ੳਹੀ ਬੋਲਣ..ਫ਼ਿਰ ਮੈਂ ਵੀ ਆਪਣੀ ਗੱਲ ਉਹਨਾਂ ਦੀ ਬੋਲੀ ਵਿੱਚ ਹੀ ਸਮਝਾਉਣਾ ਪਸੰਦ ਕਰਦੀ ਹਾਂ।ਸੇਵਾਮੁਕਤ ਹੋਣ ਵੇਲੇ ਮੈਂ ਫੈਕਟਰੀਆਂ ਦੇ ਹਸਪਤਾਲ ਦੀ ਡਾਕਟਰ ਸਾਂ, ਏਥੇ ਜ਼ਿਆਦਾ ਬਿਹਾਰ,ਉੱਤਰਪ੍ਰਦੇਸ਼ ਦੇ ਮਜ਼ਦੂਰ ਸਨ,ਮਰੀਜ਼ ਹਿੰਦੀ ਹੀ ਬੋਲਦੇ, ਪਰ ਜੇ ਕੋਈ ਪੰਜਾਬੀ ਦਿੱਖ ਵਾਲਾ ਪੰਜਾਬੀ ਨਾ ਬੋਲਦਾ ਤਾਂ ਮੈਂ ਉਹਨੂੰ ਟੋਕ ਦਿੰਦੀ । ਫਿਰ ਅਗਲਾ ਵੀ ਬੜਾ ਖੁੱਲ੍ਹ ਕੇ ਆਪਣੀ ਬੀਮਾਰੀ ਬਾਰੇ ਦੱਸਦਾ.....ਤੇ ਬੜੀ ਤਸੱਲੀ ਨਾਲ....ਬੜੀ ਰਾਹਤ ਮਹਿਸੂਸ ਕਰਦਾ ਹੋਇਆ ਜਾਂਦਾ । ਇੰਜ ਔਖੇ ਹੋ ਕੇ ੳਪਰੀ ਭਾਸ਼ਾ ਵਿੱਚ ਗੱਲ ਕਿਉਂ ਸਮਝਾਉਂਦੇ ਨੇ ਲੋਕ ? ਸ਼ਾਇਦ ਉਹਨਾਂ ਨੂੰ ਵਹਿਮ ਹੋ ਗਿਆ ਹੈ ਕਿ ਅੰਗਰੇਜ਼ੀ ਜਾਂ ਹਿੰਦੀ ਵਿੱਚ ਬੋਲਾਂਗੇ ਤਾਂ ਅਗਲਾ ਸਾਨੂੰ ਵਧੇਰੇ ਅਹਿਮੀਅਤ ਦਵੇਗਾ ..ਤੇ ਇੰਜ ਸਾਨੂੰ ਵਧੇਰੇ ਲਾਭ ਹੋਏਗਾ ..ਜੇ ਇਹ ਸੱਚ ਹੈ ਤਾਂ ਪੰਜਾਬੀਆਂ ਲਈ  ਡੁੱਬ ਮਰਨ ਵਾਲੀ ਗੱਲ  ਹੈ ।
           -----------------                             
       ਸਾਨੂੰ ਪੰਜਾਬੀਆਂ ਨੂੰ ਇੱਕ ਹੋਰ ਅਜੀਬ ਆਦਤ ਹੈ,ਅਸੀਂ ਹਮੇਸ਼ਾ ਹੀ ਅਗਲੇ ਦੀ ਜ਼ੁਬਾਨ ਵਿੱਚ ਬੋਲਦੇ ਹਾਂ, ਭਾਵੇਂ ਉਹ ਸਾਡਾ ਮਾਲਕ ਹੋਵੇ ਜਾਂ ਨੌਕਰ..ਸ਼ਾਇਦ ਇਸ ਲਈ ਕਿ ਅਸੀਂ ਆਪਣੀ  ਗੱਲ ਦਾ ਭਰਪੂਰ ਅਸਰ ਚਾਹੁੰਦੇ ਹਾਂ..ਇੱਕ ਵਾਰ ਵੀ ਅਗਲੇ ਨੂੰ ਆਪਣੀ ਭਾਸ਼ਾ ਵੱਲ ਲਿਆਉਣ ਦੀ ਕੋਸ਼ਿਸ਼ ਨਹੀਂ ਕਰਦੇ..ਪਰ ਮੇਰੇ ਖ਼ਿਆਲ ਵਿੱਚ ਘੱਟੋ-ਘੱਟ ਪਹਿਲੀ ਕੋਸ਼ਿਸ਼ ਤਾਂ ਸਾਨੂੰ ਕਰਨੀ ਹੀ ਚਾਹੀਦੀ ਹੈ,ਸਿਰਫ਼ ਇੱਕ ਵਾਧੂ ਵਾਕ ਹੀ ਤਾਂ ਬੋਲਣਾ ਹੁੰਦੈ।ਮੈਂ ਪਹਿਲੀ ਵਾਰ ਰਿਕਸ਼ੇ ਵਾਲੇ ਜਾਂ ਧੋਬੀ ਜਾਂ ਇਹੋ ਜਿਹੇ ਹੋਰ ਕਾਮੇ ਨਾਲ ਪੰਜਾਬੀ ਹੀ ਬੋਲਦੀ ਹਾਂ ਤੇ ਬਹੁਤ ਵਾਰ ਦੇਖਿਆ ਹੈ ਕਿ ਉਹ ਸਮਝਦੇ ਨੇ ਪੂਰੀ ਤਰ੍ਹਾਂ..ਇਸ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਸਾਡਾ ਨੈਪਾਲੀ ਨੌਕਰ ਹੈ, ਜਿਹੜਾ ਹੁਣ ਇਸ ਤਰਾਂ ਖੁੱਲ੍ਹੀ-ਡੁੱਲ੍ਹੀ ਪੰਜਾਬੀ ਬੋਲਦਾ ਹੈ ਕਿ ਕੋਈ ਸੋਚ ਵੀ ਨਹੀਂ ਸਕਦਾ ਕਿ ਇਹ ਮੁੰਡਾ ਪੰਜਾਬੀ ਨਹੀਂ....ਕੋਈ ਬਾਹਰਲਾ ਹੈ।ਸਿਰਫ਼ ਬੋਲਣਾ ਹੀ ਨਹੀਂ ਉਹ ਚੰਗੀ ਤਰ੍ਹਾਂ ਪੰਜਾਬੀ ਪੜ੍ਹ ਵੀ ਲੈਂਦੈ ਤੇ ਮਾੜੀ ਮੋਟੀ ਲਿਖ ਵੀ ਲੈਂਦੈ।
                    --------------------               
     ਆਪਣੇ ਬੇਟੇ-ਬੇਟੀ ਦੇ ਵਿਆਹ ਦੇ ਕਾਰਡ ਮੈਂ ਸਾਰੇ ਦੇ ਸਾਰੇ ਪੰਜਾਬੀ ਵਿੱਚ ਛਪਾਏ , ਲੋਕਗੀਤਾਂ ਦੇ ਕੁਝ ਮਿੱਠੜੇ ਬੋਲ ਉਹਨਾਂ ਵਿਚ ਸਜਾ ਦਿੱਤੇ।ਜੋ ਕੋਈ ਵੀ ਸ਼ਾਦੀ 'ਤੇ ਆਇਆ, ਉਹਨੇ ਸਭ ਤੋਂ ਪਹਿਲਾਂ ਇਹਨਾਂ ਦੀ ਹੀ ਪ੍ਰਸ਼ੰਸਾ ਕੀਤੀ।ਕਈ ਬਾਅਦ ਵਿੱਚ ਉਹ ਕਾਰਡ ਮੰਗਣ ਆਏ ਤੇ ਉਹਨਾਂ ਆਪਣੇ ਬੱਚਿਆਂ ਦੇ ਵਿਆਹਾਂ'ਤੇ ਵਰਤਣ ਲਈ ਇਹਨਾਂ ਨੂੰ ਸਾਂਭ ਕੇ ਰੱਖ ਲਿਆ,ਇਥੋਂ ਤੱਕ ਕਿ ਇਹਦਾ ਜ਼ਿਕਰ 'ਪੰਜਾਬੀ ਟ੍ਰਿਬਿਊਨ' ਵਿੱਚ ਵੀ ਹੋਇਆ।ਦੋਸਤਾਂ ਰਿਸ਼ਤੇਦਾਰਾਂ ਵਿੱਚ ਉਨ੍ਹਾਂ ਕਾਰਡਾਂ ਦੀ ਚਰਚਾ ਅਜੇ ਤੱਕ ਹੈ।ਵਿਆਹਾਂ ਦੇ ਖਾਣ-ਪੀਣ, ਦੇਣ-ਲੈਣ ਆਦਿ ਦਾ ਜ਼ਿਕਰ ਤਾਂ ਅਕਸਰ ਹੁੰਦਾ ਹੈ ਪਰ ਇਹ ਦੁਕਾਨ ਦੇ ਸਭ ਤੋਂ ਸਸਤੇ ਕਾਰਡ ਸਨ ,ਜਿਨ੍ਹਾਂ ਨੂੰ ਪੰਜਾਬੀ ਮਿੱਠਤ ਨੇ ਸਭ ਤੋਂ ਮਹਿੰਗਾ'ਤੇ ਯਾਦਗਾਰੀ ਬਣਾ ਦਿੱਤਾ।
    ਹੁਣ ਤਾਂ ਬਹੁਤੇ ਜਾਣਕਾਰ ਅਪਣੇ ਬੱਚਿਆਂ,ਰਿਸ਼ਤੇਦਾਰਾਂ ਦੇ ਨਾਂ ਦੇ ਕੇ ,ਤੇ ਵਿਆਹ-ਜਨਮ ਦਿਨ ਆਦਿ ਦੇ ਪ੍ਰੋਗਰਾਮ ਦਾ ਵੇਰਵਾ ਦੱਸ ਕੇ ਮੈਨੂੰ ਕਾਰਡ ਤਿਆਰ ਕਰਨ ਲਈ ਕਹਿ ਦਿੰਦੇ ਨੇ,ਤੇ ਇੰਜ ਕਰਕੇ ਮੈਨੂੰ ਬੇਹੱਦ ਖੁਸ਼ੀ ਤੇ ਸਕੂਨ ਮਿਲਦਾ ਹੈ।
            --------------------                               
     ਦੋਵਾਂ ਵਿਆਹਾਂ ਵਿੱਚ ਮੈਂ ਪੱਛਮੀ ਚਕਾਚੌਂਧ ਨਾਲ ਕੀਲੇ ਸ਼ਹਿਰੀਆਂ ਅੱਗੇ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਨ ਦੀ ਵੀ ਪੂਰੀ ਕੋਸ਼ਿਸ਼ ਕੀਤੀ।ਦੋਵਾਂ ਨੂੰ ਘੋੜੀਆਂ-ਸੁਹਾਗਾਂ ਦੀ ਛਾਂ ਹੇਠਾਂ 'ਵਟਣੇ'ਲਾਏ ਗਏ।ਪੰਜਾਬੀ ਪਹਿਰਾਵੇ ਵਿਚ ਦਮਕ ਰਹੇ ਬੰਨੇ ਬੰਨੀ ਨੂੰ ਫੁਲਕਾਰੀਆਂ ਦੀ ਛਾਂ ਹੇਠਾਂ ਮੇਲਣਾਂ ਗੀਤ ਗਾਉਂਦੀਆਂ ਹੋਈਆਂ ਸਟੇਜ'ਤੇ ਲੈ ਕੇ ਆਈਆਂ।ਨਾਨਕੀਆਂ ਦਾਦਕੀਆਂ ਨੂੰ ਆਹਮੋ-ਸਾਹਮਣੇ ਬਿਠਾ ਕੇ ਸਿੱਠਣੀਆਂ ਦਿਵਾਈਆਂ ਗਈਆਂ।ਬੱਚੀਆਂ ਨੇ ਪੰਜਾਬੀ ਲੋਕਗੀਤ ਗਾ ਕੇ ਸਭ ਦਾ ਮਨ ਮੋਹ ਲਿਆ।ਜੋਸ਼ ਵਿੱਚ ਆ ਕੇ ਪ੍ਰਾਹੁਣਿਆਂ ਵਿਚੋਂ ਵੀ ਕਈਆਂ ਨੇ ਉੱਠ ਕੇ ਪੰਜਾਬੀ ਗੀਤ ਗਾਏ।ਮੇਲਣਾਂ ਉਥੇ ਸਭ ਦੇ ਸਾਹਮਣੇ ਹੀ 'ਜਾਗੋ' ਲੈ ਕੇ ਆਈਆਂ.. ਮੇਰੀ ਭੈਣ ਨੇ 'ਗੱਡੀਆਂ ਵਾਲੀ'.. ਬਣ ਕੇ ਤਮਾਸ਼ੇ ਕੀਤੇ..ਭੂਆ ਜੀ ਸਾਧ ਬਣੀ ..ਭਾਬੀ ਸਾਧਣੀ .ਤੇ ਜਦੋਂ ਅਕਸਰ ਇਹੋ ਜਿਹੇ ਮੌਕੇ ਲੋਕ ਆਪੋ-ਆਪਣੇ ਗਰੁੱਪ ਬਣਾ ਕੇ ਗੱਪਾਂ ਮਾਰ ਰਹੇ ਹੁੰਦੇ ਨੇ ..ਇਹਨਾਂ ਵਿਆਹਾਂ ਵਿੱਚ ਉਹਨਾਂ  ਨੇ ਸਾਹ ਰੋਕ ਕੇ ਅਸਲੀ ਪੰਜਾਬੀ ਰੰਗ ਮਾਣਿਆ...ਏਥੋਂ ਤੱਕ ਕਿ ਲੋਕ ਇਹਨਾਂ ਸ਼ਗਨਾਂ ਲੱਦੇ ਮੌਕਿਆਂ ਦੀਆਂ ਵੀ.ਡੀ.ਓ ਕੈਸੇਟਾਂ,ਸੀ.ਡੀਆਂ ਵਾਰ ਵਾਰ ਮੰਗ ਮੰਗ ਕੇ ਲਿਜਾਂਦੇ ਨੇ ।
               -------------------------
           ਮੈਂ  2001 ਵਿੱਚ ਪਹਿਲੀ ਵਾਰ ਵਿਦੇਸ਼ ਗਈ..ਟੋਰਾਂਟੋ ਡਾਕਟਰਾਂ ਦੀ ਕਾਨਫਰੰਸ ਸੀ..ੳਥੇ ਵਸਦੀ ਮੇਰੀ ਇੱਕ ਪੁਰਾਣੀ ਜਮਾਤਣ ਪੁੱਛਣ ਲੱਗੀ,
                      “  ਗੁਰਮਿੰਦਰ! ਏਧਰ ਅੰਗਰੇਜ਼ਾਂ ਨਾਲ ਬਾਤ-ਚੀਤ ਕਰਨ ਵਿੱਚ ਕੋਈ ਪ੍ਰਾਬਲਮ ਤਾਂ ਨੀ ਹੁੰਦੀ? ਕੋਈ ਇਨਫੀਰੀਅਰਟੀ ਕਾਂਪਲੈਕਸ...?”
                                 ਮੈਂ ਕਿਹਾ, “ ਮੈਨੂੰ ਕਿਉਂ ਹੋਵੇ ਇਨਫੀਰੀਅਰਟੀ ਕਾਂਪਲੈਕਸ? ਮੈਂ ਤਾਂ ਜਾਣਦੀ ਆਂ ਉਹਨਾਂ ਦੀ ਭਾਸ਼ਾ ..ਆਪਣੀ ਗੱਲ ਸਮਝਾ ਵੀ ਲੈਨੀ ਆਂ ..ਉਹਨਾਂ ਦੀ ਸਮਝ ਵੀ ਲੈਨੀ ਆਂ ..ਪ੍ਰਾਬਲਮ ਤਾਂ ਉਹਨਾਂ ਨੂੰ ਹੋਵੇ ਜਿਹਨਾਂ ਨੂੰ ਮੇਰੀ ਬੋਲੀ ਨਹੀਂ ਆਉਂਦੀ...ਮੈਂ ਭਾਵੇਂ ਪੰਜਾਬੀ ਵਿੱਚ ਉਹਨਾਂ ਨੂੰ ਗਾਲਾਂ ਵੀ ਕੱਢੀ ਜਾਵਾਂ..ਹੱਸਦੇ ਮੁਸਕਾਂਦੇ ਥੈਂਕ-ਯੂ.. ਥੈਂਕ-ਯੂ.. ਕਰੀ ਜਾਣਗੇ "
                       ਬੋਲੀ, “ ਅੱਛਾ ? ਏਦਾਂ ਵੀ ਸੋਚਿਆ ਜਾ  ਸਕਦੈ?”
                                   ਉਹਦੀਆਂ ਅੱਖਾਂ ਵਿੱਚ ਜਿਵੇਂ ਗੁਆਚੀ ਹੋਈ ਲਿਸ਼ਕ ਪਰਤ  ਆਈ।
                      ਮੈਂ ਕਿਹਾ, “ ਹਾਂ ..ਏਦਾਂ ਹੀ ਸੋਚਿਆ ਜਾਣਾ ਚਾਹੀਦੈ”
                                ਤੇ ਉਹਦੀਆਂ ਲਿਸ਼ਕਦੀਆਂ ਅੱਖਾਂ  ਅਚਾਨਕ ਮੁਸਕੁਰਾਣ ਲੱਗ ਪਈਆਂ ।
     ਵਾਪਿਸ ਆਉਣ'ਤੇ ਯਾਤਰਾ ਦਾ ਹਾਲ ਸੁਣਦਿਆਂ ਬੇਟੀ ਨੇ ਵੀ ਇਹੋ ਜਿਹਾ ਸਵਾਲ ਪੁੱਛਿਆ ਤਾਂ ਮੈਂ ਇਹ ਸਾਰੀ ਘਟਨਾ ਸੁਣਾ ਦਿੱਤੀ ।ਉਹ ਮੇਰੇ ਗਲ ਵਿੱਚ ਆਪਣੀਆਂ ਬਾਹਾਂ ਪਾਉਂਦੀ ਬੋਲੀ,
            “ ਮੰਮੀ ! ਤੁਸੀਂ ਵੀ ਬੱਸ ਕਮਾਲ ਓ!”
            ਮੈਂ ਕਿਹਾ, “ ਬਿਟੀਆ ਰਾਣੀ !ਆਪਾਂ ਸਾਰੇ ਈ ਕਮਾਲ ਆਂ ! ਆਪਾਂ ਪੰਜਾਬੀ ਆਂ ਨਾ!”
                            ਤੇ ਉਹਨੇ ਝੂਮਦੀ ਹੋਈ ਨੇ ਮੇਰੀ ਗੱਲ੍ਹ 'ਤੇ ਜ਼ੋਰ ਦੀ *ਮਿੱਠੀ* ਦੇ ਦਿੱਤੀ, ਜਿਹੜੀ ਇਸ ਪਰਵਾਨਗੀ ਦੀ ਮੋਹਰ ਸੀ ਕਿ ਉਹਨੂੰ ਸੱਚਮੁੱਚ ਪੰਜਾਬੀ ਬੋਲੀ ਅਤੇ ਪੰਜਾਬੀਅਤ ਉਤੇ ਮਾਣ ਹੈ।
                     ਕਾਸ਼ ਸਾਰੇ ਪੰਜਾਬੀਆਂ ਨੂੰ ਇਹ ਮਾਣ ਹੋ ਸਕੇ।