ਖ਼ਬਰਸਾਰ

  •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਪੰਜਾਬੀ ਕਾਵਿ ਸ਼ਾਮ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਧਰਮਪਾਲ ਸਾਹਿਲ 'ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ' ਨਾਲ ਸਨਮਾਨਿਤ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਸਮਾਗਮ / ਪੰਜਾਬੀ ਲੇਖਕ ਮੰਚ, ਵੈਨਕੂਵਰ
  •    ਸਾਹਿਤ ਸਭਾ ਨਵਾਂ ਸ਼ਾਲ੍ਹਾ ਦੀ ਮੀਟਿੰਗ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  •    ਰਾਮ ਸਰੂਪ ਅਣਖੀ ਸਮ੍ਰਿਤੀ ਕਹਾਣੀ ਗੋਸ਼ਟੀ ਡਲਹੌਜ਼ੀ 'ਚ ਸਪੰਨ / ਪੰਜਾਬੀਮਾਂ ਬਿਓਰੋ
  •    'ਦੀਵਾ ਬਲੇ ਸਾਰੀ ਰਾਤ' ਕਾਵਿ ਮਹਿਫ਼ਲ ਦਾ ਹੋਇਆ ਸਫ਼ਲ ਆਯੋਜਨ / ਪੰਜਾਬੀਮਾਂ ਬਿਓਰੋ
  •    ਅਜੀਤ ਸਿੰਘ ਰਾਹੀ ਦਾ ਸਨਮਾਨ / ਲੋਕ-ਲਿਖਾਰੀ ਸਾਹਿਤ ਸਭਾ
  •    ਸਾਹਿਤਕ ਖਬਰਾਂ ਬਾਘਾ ਪੁਰਾਣਾ ਦੀਆਂ / ਸਾਹਿਤ ਸਭਾ ਬਾਘਾ ਪੁਰਾਣਾ
  •    'ਸਾਹਿਤ ਸੰਵਾਦ ਤੇ ਸਰੋਕਾਰ' ਲੋਕ ਅਰਪਣ / ਸਿਰਜਣਧਾਰਾ
  •    ਸਾਹਿਤਕ ਖਬਰਾਂ ਲੁਧਿਆਣਾ ਦੀਆਂ / ਪੰਜਾਬੀਮਾਂ ਬਿਓਰੋ
  • ਲੋਕਧਾਰਾ ਨਾਲ ਜੁੜੀ - ਹਰਮੇਸ਼ ਕੌਰ ਯੋਧੇ (ਮੁਲਾਕਾਤ )

    ਤਲਵਿੰਦਰ ਸਿੰਘ   

    Email: talwinderkahanikar@gmail.com
    Phone: +91 183 2425835
    Cell: +91 98721 78035
    Address: 61, ਫਰੈਂਡਜ਼ ਕਲੋਨੀ ਮਜੀਠਾ ਰੋਡ
    ਅੰਮ੍ਰਿਤਸਰ India
    ਤਲਵਿੰਦਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਗੱਲ ਭਾਵੇਂ ਅਦਬ ਦੀ ਹੋਵੇ, ਕਲਾ ਦੇ ਕਿਸੇ ਹੋਰ ਸ਼ੋਅਬੇ—ਚਿੱਤਰਕਾਰੀ, ਬੁੱਤ-ਤਰਾਸ਼ੀ, ਸੰਗੀਤ ਜਾਂ ਨ੍ਰਿਤ ਦੀ, ਸੱਭਿਆਚਾਰਕ ਜਾਂ ਵਿਰਾਸਤੀ ਖੇਤਰ ਨਾਲ ਜੁੜੇ ਕਿਸੇ ਖੋਜ ਕਾਰਜ ਦੀ ਜਾਂ ਕਿਸੇ ਸਮਾਜਕ ਚੇਤਨਾ ਜਾਗਰੂਕਤਾ ਜਿਹੇ ਦਾਇਰਿਆਂ ਵਿਚ ਸਰਗਰਮ ਹੋਣ ਦੀ ਔਰਤ ਦਾ ਰੋਲ ਬਹੁਤ ਪੇਤਲਾ ਨਜ਼ਰ ਆਉਂਦਾ ਹੈ। ਸੁਆਲ ਉਸਦਾ ਇਨ੍ਹਾਂ ਸਰੋਕਾਰਾਂ ਪ੍ਰਤੀ ਅਵੇਸਲਾ ਹੋਣ ਦਾ ਜਾਂ ਕਿਸੇ ਹੋਰ ਜ਼ਿੰਮੇਵਾਰੀ ਵਿਚ ਰੁੱਝੇ ਹੋਣ ਦਾ ਨਹੀਂ, ਉਸਦਾ ਆਪਣੇ ਸਮਾਜਕ ਪਰਿਵਾਰਕ ਗਲਿਆਰਿਆਂ ਵਿਚੋਂ ਬਾਹਰ ਨਾ ਨਿਕਲਣ ਦਾ ਹੈ। ਉਹ ਪ੍ਰਾਪਤ ਸਥਿਤੀਆਂ ਵਿਚੋਂ ਚਾਹੁਣ ਦੇ ਬਾਵਜੂਦ ਵੀ ਨਿਕਲਣ ਦੀ ਹਿੰਮਤ ਨਹੀਂ ਜੁਟਾ ਪਾਉਂਦੀ। ਉਸਦਾ ਪਰਿਵਾਰਕ ਮਾਹੌਲ ਨਿਸ਼ਚਿਤ ਚੌਖ਼ਟੇ ਵਿਚੋਂ ਉਸਦੇ ਨਿਕਲਣ ਲਈ ਸਾਜ਼ਗਾਰ ਨਹੀਂ। ਆਪਣੇ ਮਨ ਇੱਛਤ ਖੇਤਰ ਵਿਚ ਕੰਮ ਕਰਨਾ ਤੇ ਉੱਭਰ ਪਾਉਣਾ ਹਰ ਔਰਤ ਦੀ ਹੋਣੀ ਨਹੀਂ ਬਣਦਾ। ਸਦੀਆਂ ਪੁਰਾਣੀਆਂ ਜ਼ੰਜੀਰਾਂ ਨੂੰ ਕੱਟ ਸਕਣਾ ਤੇ ਆਪਣੀ ਪ੍ਰਤਿਭਾ ਨੂੰ ਸਵਾਰਨ ਦੇ ਮੌਕੇ ਜੁਟਾ ਪਾਉਣਾ ਅੱਜ ਦੀ ਪੜ੍ਹੀ ਲਿਖੀ ਔਰਤ ਦਾ ਪ੍ਰਤੀਨਿਧ ਸੱਚ ਨਹੀਂ। ਫਿਰ ਵੀ ਕੁਝ ਔਰਤਾਂ ਅਜਿਹੀਆਂ ਨਜ਼ਰ ਆਉਂਦੀਆਂ ਨੇ ਜੋ ਵਕਤ ਦੇ ਕੰਡਿਆਲੇ ਰਾਹਾਂ 'ਤੇ ਸਾਬਤ ਕਦਮੀਂ ਤੁਰਨ ਦਾ ਹੌਸਲਾ ਰੱਖਦੀਆਂ ਨੇ। ਉਹ ਆਪਣੇ ਹੀ ਰਾਹ ਪੱਧਰੇ ਨਹੀਂ ਕਰਦੀਆਂ ਸਗੋਂ ਆਪਣੇ ਆਸੇ ਪਾਸੇ ਦੀਆਂ ਔਰਤਾਂ ਲਈ ਇਕ ਮਿਸਾਲ ਬਣ ਕੇ ਉਨ੍ਹਾਂ ਦਾ ਮਾਰਗ ਦਰਸ਼ਨ ਕਰਦੀਆਂ ਤੇ ਇਕ ਨਵੇਂ ਸਮਾਜ ਦੀ ਸਥਾਪਤੀ ਵੱਲ ਆਪਣੀ ਭੂਮਿਕਾ ਅਦਾ ਕਰਦੀਆਂ ਹਨ। ਅਜਿਹਾ ਹੀ ਇਕ ਨਾਂ ਹਰਮੇਸ਼ ਕੌਰ ਯੋਧੇ ਦਾ ਹੈ ਜਿਸਨੇ ਬੇਸ਼ੁਮਾਰ ਔਕੜਾਂ ਦੁਸ਼ਵਾਰੀਆਂ ਦੀ ਕੁਠਾਲੀ ਵਿਚ ਢਲ ਕੇ ਆਪਣੀ ਸ਼ਖ਼ਸੀਅਤ ਨੂੰ ਨਿਵੇਕਲੀ ਚਮਕ ਦਿੱਤੀ ਹੈ। ਉਸਨੇ ਪੰਜਾਬ ਦੀ ਲੋਕ ਸੱਭਿਆਚਾਰਕ ਵਿਰਾਸਤ ਨੂੰ ਹੰਘਾਲ਼ ਖੰਘਾਲ਼ ਕੇ ਕੁਝ ਸੁੱਚੇ ਮੋਤੀ ਲੱਭ ਲਿਆਂਦੇ ਨੇ। ਇਸ ਖੇਤਰ ਵਿਚ ਉਸਨੇ ਨਿਰੰਤਰ ਤੇ ਨਿੱਠ ਕੇ ਕੰਮ ਕੀਤਾ। ਇਸਤੋਂ ਇਲਾਵਾ ਉਸਨੇ ਆਪਣੇ ਅਧਿਆਪਨ ਕਾਰਜ ਨੂੰ ਇਕ ਕਿੱਤੇ ਵਜੋਂ ਨਹੀਂ ਬਲਕਿ ਇਕ ਚੁਣੌਤੀ ਵਾਂਗ ਲਿਆ। ਕੁਝ ਵੱਖਰਾ ਤੇ ਨਿਵੇਕਲਾ ਕਰਨ ਦਾ ਸੋਚਿਆ। ਲਿਖਣ ਤੇ ਅਧਿਆਪਨ ਤੋਂ ਇਲਾਵਾ ਉਹ ਆਪਣੇ ਸਮਾਜਕ ਸੇਵਾਵਾਂ ਦੇ ਕੰਮਾਂ ਨੂੰ ਸਭ ਤੋਂ ਮਹੱਤਵਪੂਰਨ ਸਮਝਦਿਆਂ ਹਰ ਕਿਸੇ ਦੀ ਲੋੜ ਵਿਚ ਆਪਣੀ ਉਚਿੱਤ ਭੂਮਿਕਾ ਨੂੰ ਧਰਮ ਵਾਂਗ ਨਿਭਾਉਂਦੀ ਹੈ। ਆਪਣੀ ਸੋਚ ਤੇ ਕੰਮਾਂ ਪੱਖੋਂ ਉਹ ਇਕ ਆਮ ਮੱਧਵਰਗੀ ਪੜ੍ਹੀ ਲਿਖੀ ਨੌਕਰੀ ਪੇਸ਼ਾ ਔਰਤ ਤੋਂ ਭਿੰਨ ਹੈ। ਪੇਸ਼ ਨੇ ਉਸ ਨਾਲ ਕੀਤੀਆਂ ਗੱਲਾਂ ਦੇ ਕੁਝ ਅੰਸ਼:

    ? ਤੁਸੀਂ ਲੋਕ ਸੱਭਿਆਚਾਰ ਦੇ ਖੇਤਰ ਨਾਲ ਜੁੜੇ ਹੋ, ਇਹ ਦੱਸੋ ਕਿ ਇਸ ਪਾਸੇ ਰੁਝਾਨ ਪੈਦਾ ਹੋਣ ਦਾ ਕੀ ਸਬੱਬ ਬਣਿਆ?

    • ਮੈਨੂੰ ਯਾਦ ਹੈ ਨਿੱਕੇ ਹੁੰਦਿਆਂ ਮੈਂ ਆਪਣੀ ਦਾਦੀ ਜੀ, ਭੂਆ ਜੀ ਤੇ ਮਾਤਾ ਨਾਲ ਗਾਉਣ ਵਾਲੇ ਘਰਾਂ ਵਿਚ ਜਾਂਦੀ ਹੁੰਦੀ ਸਾਂ। ਵਿਆਹ ਵਾਲੇ ਘਰਾਂ ਵਿਚ ਗਾਏ ਜਾਣ ਵਾਲੇ ਉਹ ਗੀਤ ਮੇਰੇ ਬਾਲ ਮਨ 'ਤੇ ਡੂੰਘਾ ਅਸਰ ਕਰਦੇ। ਮੇਰੀ ਰੁਚੀ ਇਨ੍ਹਾਂ ਵਿਚ ਜਾਗਦੀ ਗਈ। ਮੈਨੂੰ ਲੱਗਦਾ ਇਹ ਮਨੁੱਖੀ ਮਨ ਨੂੰ ਖੇੜਾ ਦਿੰਦੇ ਨੇ ਤੇ ਦਿਲ ਨੂੰ ਹਲਕਾ ਕਰਦੇ ਨੇ। ਮੈਂ ਉਦੋਂ ਹੀ ਇਨ੍ਹਾਂ ਗੀਤਾਂ ਦੀ ਗਹਿਰਾਈ ਨੂੰ ਮਹਿਸੂਸ ਕਰਨ ਲੱਗੀ ਸਾਂ। ਮੈਂ ਦਾਦੀ ਭੂਆ ਜਾਂ ਮਾਂ ਪਾਸੋਂ ਇਹ ਗੀਤ ਸੁਣਦੀ ਤੇ ਯਾਦ ਕਰਦੀ। ਮੈਨੂੰ ਲੱਗਦਾ ਸੀ ਕਿ ਇਹ ਇਕ ਬਹੁਤ ਵੱਡਾ ਖ਼ਜ਼ਾਨਾ ਹੈ ਜਿਸਨੂੰ ਸਾਂਭਿਆ ਜਾਣਾ ਚਾਹੀਦਾ ਹੈ। ਇਹ ਗੀਤ ਬਹੁਤੇ ਵਡੇਰੀ ਉਮਰ ਦੀਆਂ ਬੀਬੀਆਂ ਨੂੰ ਕੰਠ ਸਨ ਤੇ ਲਿਖਤੀ ਰੂਪ ਵਿਚ ਪ੍ਰਾਪਤ ਨਹੀਂ ਸਨ। ਮੈਂ ਚਾਹਿਆ ਕਿ ਇਨ੍ਹਾਂ ਨੂੰ ਆਪਣੀਆਂ ਅਗਲੇਰੀਆਂ ਪੀੜ੍ਹੀਆਂ ਵਾਸਤੇ ਸਾਂਭ ਲੈਣਾ ਚਾਹੀਦਾ। ਸੋ, ਹੋ ਸਕਦਾ ਹੈ ਕੁਝ ਮੇਰੀ ਪਹਿਲਾਂ ਹੀ ਇਸਤਰ੍ਹਾਂ ਦੀ ਮਾਨਸਿਕ ਬਣਤਰ ਹੋਵੇ ਤੇ ਕੁਝ ਆਸੇ ਪਾਸੇ ਦਾ ਪ੍ਰਭਾਵ ਹੋਵੇ ਕਿ ਇਸ ਤਰ੍ਹਾਂ ਦਾ ਰੁਝਾਨ ਪੈਦਾ ਹੋ ਗਿਆ ਤੇ ਮੈਂ ਕਾਪੀ ਪੈੱਨ ਲੈ ਕੇ ਲੋਕ ਗੀਤਾਂ ਨੂੰ ਇਕੱਠੇ ਕਰਨ ਦੇ ਰਾਹੇ ਪੈ ਗਈ।

    ? ਤੁਸੀਂ ਲੋਕਧਾਰਾ ਨਾਲ ਡੂੰਘੇ ਜੁੜੇ ਹੋ। ਤੁਸੀਂ ਜਾਣਦੇ ਹੀ ਹੋ ਕਿ ਲੋਕਧਾਰਾ ਦੇ ਅਗਾਂਹ ਕਈ ਉਪ ਖੇਤਰ ਨੇ, ਮਸਲਿਨ ਲੋਕ ਗੀਤ, ਲੋਕ ਕਥਾਵਾਂ, ਲੋਕ ਕਲਾਵਾਂ ਆਦਿ। ਤੁਹਾਨੂੰ ਕੀ ਲੱਗਦਾ ਕਿ ਪੰਜਾਬੀ ਲੋਕਧਾਰਾ ਦੀ ਪ੍ਰਮੁੱਖ ਸੁਰ ਕੀ ਹੈ?

    • ਦੇਖੋ ਪੰਜਾਬ ਦੇ ਜਨ ਜੀਵਨ ਦੀ ਆਪਣੀ ਇਕ ਸ਼ੈਲੀ ਹੈ। ਜਿਥੋਂ ਤੱਕ ਲੋਕਗੀਤਾਂ ਦਾ ਤਾਅਲੁੱਕ ਹੈ ਇਹ ਪੰਜਾਬੀ ਔਰਤ ਦੇ ਮਨ ਦੀ ਤਰਜਮਾਨੀ ਕਰਦੇ ਨੇ। ਪੰਜਾਬੀ ਔਰਤ ਨੇ ਆਪਣੇ ਨਿੱਤ ਦੇ ਕਾਰ ਵਿਹਾਰ ਵਿਚੋਂ ਇਨ੍ਹਾਂ ਨੂੰ ਸਿਰਜਿਆ। ਚਰਖ਼ੇ ਦੀ ਘੂਕਰ, ਮਧਾਣੀ ਦੀ ਤਾਲ, ਚੱਕੀ ਦੀ ਲੈਅ ਬੱਧ ਸੁਰ ਵਿਚੋਂ ਗੀਤਾਂ ਨੇ ਆਪਣਾ ਮੁਹਾਂਦਰਾ ਗ੍ਰਹਿਣ ਕੀਤਾ। ਮਨ ਦੀਆਂ ਭਾਵਨਾਵਾਂ ਨੇ ਬੋਲਾਂ ਦਾ ਲਿਬਾਸ ਪਾਇਆ। ਇਹ ਭਾਵਨਾਵਾਂ ਪੇਕਿਆਂ ਦੀ ਯਾਦ, ਪਤੀ ਦਾ ਵਿਛੋੜਾ, ਦਿਲ ਦੀਆਂ ਅਪੂਰਤ ਇਛਾਵਾਂ ਨਾਲ ਜੁੜੀਆਂ ਹੁੰਦੀਆਂ। ਔਰਤ ਗੀਤਾਂ ਰਾਹੀਂ ਦਿਲ ਦੀ ਭੜ੍ਹਾਸ ਕੱਢਦੀ। ਉਹ ਸੱਸ ਨਣਦ ਜੇਠ ਜੇਠਾਣੀ ਵੱਲੋਂ ਹੁੰਦੀਆਂ ਜ਼ਿਆਦਤੀਆਂ ਦਾ ਜੁਆਬ ਗੀਤਾਂ ਰਾਹੀਂ ਦਿੰਦੀ। ਉਹ ਕਿਸੇ ਪੰਛੀ ਤੋਤੇ ਜਾਂ ਮਮੋਲੇ ਨਾਲ ਗੱਲਾਂ ਕਰਕੇ ਇਕੱਲਤਾ ਨੂੰ ਭਰਦੀ ਤੇ ਮਨ ਹੌਲ਼ਾ ਕਰਦੀ। ਲੋਕ ਗੀਤ ਪਿਆਰ, ਬਿਰਹਾ, ਉਡੀਕ ਜਿਹੇ ਭਾਵਾਂ ਨੂੰ ਜ਼ੁਬਾਨ ਦਿੰਦੇ ਨੇ। ਲੋਕ ਕਲਾਵਾਂ ਵਿਚ ਪ੍ਰਕਿਰਤੀ ਚਿਤਰਣ ਪ੍ਰਮੁੱਖ ਹੈ। ਕੰਧਾਂ ਓਟਿਆਂ ਦੀ ਕਲਾ ਵਿਚ ਫੁੱਲਾਂ ਤੇ ਪੰਛੀਆਂ ਨੂੰ ਵਧੇਰੇ ਵਰਤਿਆ ਗਿਆ। ਇਵੇਂ ਹੀ ਫੁਲਕਾਰੀਆਂ ਉਪਰ ਫੁੱਲਾਂ ਦੀ ਕਢਾਈ ਪ੍ਰਮੁੱਖ ਹੈ। ਚਾਦਰਾਂ ਦਰੀਆਂ ਉਪਰ ਪੰਛੀਆਂ ਤੇ ਫੁੱਲਾਂ ਵੇਲਾਂ ਦੀ ਬਹੁਤਾਤ ਹੈ। ਕਥਾਵਾਂ ਵੀ ਗੀਤਾਂ ਵਾਂਗ ਮਨ ਦੇ ਵੇਗ ਪੇਸ਼ ਕਰਦੀਆਂ। ਪ੍ਰੇਮ ਦੀ ਸੁਰ ਕਥਾਵਾਂ ਵਿਚ ਵਧੇਰੇ ਵੇਖਣ ਨੂੰ ਮਿਲਦੀ ਹੈ। ਇਓਂ ਲੋਕਧਾਰਾ ਪੰਜਾਬੀ ਮਨ ਦੀ ਆਵਾਜ਼ ਹੈ ਜੋ ਕੁਦਰਤ ਦੇ ਬਹੁਤ ਕਰੀਬ ਹੈ।

    ? ਤੁਹਾਡਾ ਕਰਮ ਖੇਤਰ ਮਾਝਾ ਹੈ। ਪੰਜਾਬ ਦਾ ਵਿਰਾਸਤੀ ਦਾਇਰਾ ਬਹੁਤ ਵਸੀਹ ਹੈ। ਮਸਲਿਨ, ਦੁਆਬਾ, ਮਾਲਵਾ, ਪੁਆਧ, ਝਾਂਗੀ, ਪੋਠੋਹਾਰੀ। ਇਸਦੇ ਨਾਲ ਹੀ ਡੋਗਰੀ, ਪਹਾੜੀ ਵਗੈਰਾ। ਤੁਸੀਂ ਕੀ ਸਮਝਦੇ ਹੋ ਖਿੱਤੇ ਦੇ ਬਦਲਣ ਨਾਲ ਲੋਕਧਾਰਾ ਦੇ ਮੁਹਾਵਰੇ ਵਿਚ ਕੋਈ ਤਬਦੀਲੀ ਆਉਂਦੀ ਹੈ?

    • ਮੈਂ ਲੋਕ ਗੀਤਾਂ ਪ੍ਰਸੰਗ ਵਿਚ ਹੀ ਗੱਲ ਕਰਨਾ ਚਾਹਾਂਗੀ।  ਜਿੱਥੋਂ ਤੱਕ ਲੈਅ ਜਾਂ ਪੇਸ਼ਕਾਰੀ ਦਾ ਸਬੰਧ ਹੈ ਇਹਦੇ ਵਿਚ ਭਿੰਨਤਾ ਸਪੱਸ਼ਟ ਰੂਪ ਵਿਚ ਨਜ਼ਰ ਆਉਂਦੀ ਹੈ। ਫ਼ਰਕ ਭੂਗੋਲਿਕ ਤੇ ਸਮਾਜਕ ਵਰਤੋਂ ਵਿਹਾਰ ਵਿਚ ਵੀ ਪੈਂਦਾ ਹੈ। ਇਸ ਨੁਕਤੇ ਤੋਂ ਪੰਜਾਬੀ ਦੀਆਂ ਉਪ ਬੋਲੀਆਂ ਵਿਚ ਗੀਤਾਂ ਦਾ ਮੁਹਾਵਰਾ ਫ਼ਰਕ ਹੈ। ਖਿੱਤੇ ਦੇ ਬਦਲਣ ਨਾਲ ਤਾਲ ਤੇ ਲਹਿਜ਼ਾ ਬਦਲ ਜਾਂਦਾ। ਕਿਸੇ ਗੀਤ ਨੂੰ ਸੁਣ ਪੜ੍ਹ ਕੇ ਅਸੀਂ ਕਹਿ ਸਕਦੇ ਹਾਂ ਕਿ ਇਹ ਡੋਗਰੀ ਗੀਤ ਹੈ ਜਾਂ ਇਸ ਵਿਚ ਪੋਠੋਹਾਰੀ ਰੰਗ ਹੈ। ਪਰ ਜੋ ਗੀਤ ਵਿਚਲਾ ਸੁਨੇਹਾ ਹੁੰਦਾ ਹੈ ਉਹ ਨਹੀਂ ਬਦਲਦਾ। ਪਿਆਰ, ਬਿਰਹਾ, ਨਫ਼ਰਤ, ਗੁੱਸਾ ਉਹੀ ਹੁੰਦਾ। ਰਿਸ਼ਤੇ ਉਹੀ ਤੇ ਰਿਸ਼ਤਿਆਂ ਵਿਚਲੇ ਸਰੋਕਾਰ ਵੀ ਉਹੀ ਹੁੰਦੇ ਨੇ। ਬੰਦੇ ਦੇ ਮਨੋਭਾਵ ਨਹੀਂ ਬਦਲਦੇ, ਕਹਿਣ ਦਾ ਢੰਗ ਹੋਰ ਹੋ ਜਾਂਦਾ। ਲੋਕਧਾਰਾ ਦੇ ਸਬੰਧ ਵਿਚ ਵੀ ਏਹੀ ਆ।

    ? ਬੰਦੇ ਦੀ ਸੋਚ, ਦ੍ਰਿਸ਼ਟੀ, ਉਹਦੇ ਸ਼ੌਕ, ਕੰਮ ਬਹੁਤ ਕੁਝ ਸਾਡਾ ਪਰਿਵਾਰਕ ਮਾਹੌਲ ਤੈਅ ਕਰਦਾ। ਤੁਹਾਡੀ ਸੋਚ ਦ੍ਰਿਸ਼ਟੀ ਵਿਚ ਬਦਲਾਵ ਕਿਵੇਂ ਫਲ਼ਿਆ ਫੁੱਲਿਆ?

    • ਮਿਹਨਤ ਤੇ ਸਿਰੜ ਦਾ ਮਾਦਾ ਮੇਰੇ ਵਿਚ ਮਾਂ ਪਿਓ ਕਾਰਨ ਹੈ। ਮੇਰੇ ਪਿਤਾ ਜੀ ਫੌਜ ਵਿਚ ਸਨ। ਉਹ ਜੁਆਨਾਂ ਨੂੰ ਘੋੜ ਸੁਆਰੀ ਸਿਖਾਉਂਦੇ ਸਨ। ਉਨ੍ਹਾਂ ਨੂੰ ਭਾਰਤ ਦਾ ਬੈੱਸਟ ਰਾਈਡਿੰਗ ਇਨਸਟ੍ਰਕਟਰ ਹੋਣ ਕਰਕੇ ਦਰੋਣਾਚਾਰੀਆ ਪੁਰਸਕਾਰ ਮਿਲਿਆ। ਉਨ੍ਹਾਂ ਦੀ ਰੇਡੀਓ ਟੀ.ਵੀ ਤੇ ਇੰਟਰਵਿਊ ਆਉਂਦੀ ਤਾਂ ਸੁਣ/ ਵੇਖ ਕੇ ਮੇਰੇ ਅੰਦਰ ਵੀ ਕੁਝ ਵੱਖਰਾ ਕਰ ਗੁਜ਼ਰਨ ਦੀ ਤੀਬਰ ਇੱਛਾ ਜਾਗਦੀ। ਸਾਡੇ ਬੀ ਜੀ ਸਵੇਰੇ ਤਿੰਨ ਸਾਢੇ ਤਿੰਨ ਵਜੇ ਉੱਠ ਖਲੋਂਦੇ ਤੇ ਸਾਨੂੰ ਉਠਾ ਕੇ ਪੜ੍ਹਨ ਬਹਾ ਦਿੰਦੇ। ਮੈਂ ਬਚਪਨ ਖੇਡਾਂ ਵਿਚ ਨਹੀਂ ਗੁਜ਼ਾਰਿਆ। ਅਸੀਂ ਤਿੰਨ ਭੈਣਾਂ ਹਾਂ। ਮੇਰੀ ਮਾਂ ਨੂੰ ਤਿੰਨ ਧੀਆਂ ਜੰਮਣ ਦਾ ਮਿਹਣਾ ਵੱਜਦਾ ਸੀ। ਮੈਂ ਆਪਣੀ ਮਾਂ ਨੂੰ ਲਾਚਾਰੀ ਵਿਚ ਜੀਊਂਦਿਆਂ ਵੇਖਿਆ। ਮੈਨੂੰ ਘਰ ਵਿਚ ਅਜਿਹਾ ਵਰਤਾਰਾ ਦੁਖ਼ੀ ਕਰਦਾ ਸੀ। ਮੈਂ ਕੱਚੇ ਘਰ ਦੀਆਂ ਕੰਧਾਂ ਨਾਲ ਢਾਸਣਾ ਲਾ ਕੇ ਪੜ੍ਹਦੀ ਇਹ ਵਿਊਤਾਂ ਬਣਾਉਂਦੀ ਕਿ ਦੱਬ ਕੇ ਪੜ੍ਹਨਾ ਤੇ ਵਕੀਲ ਬਣਨਾ ਹੈ। ਵਕੀਲ ਬਣ ਕੇ ਜਿਹੜੇ ਮੇਰੀ ਮਾਂ ਨਾਲ ਜ਼ਿਆਦਤੀ ਕਰਦੇ ਨੇ ਉਨ੍ਹਾਂ ਨੂੰ ਕਾਨੂੰਨੀ ਸ਼ਿਕੰਜੇ ਵਿਚ ਫਸਾਉਣਾ ਹੈ। ਇਓਂ ਮੇਰਾ ਇਕ ਨਿਸ਼ਾਨਾ ਸੀ। ਹਾਲਾਤ ਨੇ ਵਕੀਲ ਤਾਂ ਚਲੋ ਨਾ ਬਣਨ ਦਿੱਤਾ, ਬਣ ਗਈ ਟੀਚਰ ਤੇ ਉਧਰੋਂ ਚੇਟਕ ਲੱਗ ਗਈ ਲੋਕਧਾਰਾ ਨਾਲ ਜੁੜਨ ਦੀ। ਮੇਰੀ ਸੋਚ ਘਰ ਦੇ ਹਾਲਾਤ ਦੇ ਕੰਟਰਾਸਟ ਵਿਚੋਂ ਡਿਵੈਲਪ ਹੋਈ। ਮੈਨੂੰ ਲੱਗਾ ਇਕ ਆਮ ਸਾਧਾਰਨ ਔਰਤ ਵਾਂਗ ਮੈਂ ਨਹੀਂ ਜੀ ਸਕਦੀ। ਮੈਂ ਭੀੜ ਦੀ ਮਾਨਸਿਕਤਾ ਤਿਆਗੀ ਤੇ ਵੱਖਰੇ ਰਾਹ ਉਲੀਕੇ।

    ? ਇਸਦੇ ਨਾਲ ਹੀ ਜੁੜਿਆ ਸੁਆਲ ਹੈ—ਤੁਸਾਂ ਮੁਸ਼ਕਲਾਂ ਵੇਖੀਆਂ ਤੇ ਮੁਸ਼ਕਲਾਂ ਵਿਚੋਂ ਇਕ ਵੱਖਰਾ ਮੁਹਾਂਦਰਾ ਸਿਰਜਿਆ। ਤੁਹਾਡੇ ਵਿਚ ਅਨਿਆਂ ਖ਼ਿਲਾਫ਼ ਡਟ ਜਾਣ ਦੀ ਦਲੇਰੀ ਹੈ। ਕਈ ਲੋਕ ਇਹ ਵੀ ਆਖਦੇ ਨੇ ਕਿ ਹਰਮੇਸ਼ ਰੁੱਖੀ ਤੇ ਬੜਬੋਲੀ ਹੈ। ਕੀ ਕਹੋਗੇ?

    • ਪ੍ਰਾਇਮਰੀ ਕਲਾਸਾਂ ਵਿਚ ਸਾਡੀ ਕਿਤਾਬ ਵਿਚ ਰਾਣੀ ਝਾਂਸੀ ਦਾ ਸਬਕ ਸੀ। ਮੈਨੂੰ ਨਹੀਂ ਯਾਦ ਉਹ ਸਬਕ ਮੈਂ ਕਿੰਨੀ ਕੁ ਵਾਰੀ ਪੜ੍ਹਿਆ ਹੋਵੇਗਾ। ਉਦੋਂ ਕੁ ਹੀ ਮੈਂ ਡਾਕੂ ਫੂਲਾਂਰਾਣੀ ਬਾਰੇ ਸੁਣਿਆ ਸੀ ਜਿਸਦਾ ਵਿਆਹ ਬਹੁਤ ਨਿਆਣੀ ਉਮਰ ਵਿਚ ਇਕ ਅਧਖੜ ਬੰਦੇ ਨਾਲ ਕੀਤਾ ਗਿਆ ਤੇ ਫਿਰ ਪਿੰਡ ਦੇ ਮਰਦਾਂ ਨੇ ਉਸ ਨਾਲ ਜ਼ਿਆਦਤੀਆਂ ਕੀਤੀਆਂ। ਮੈਂ ਇੰਦਰਾ ਗਾਂਧੀ ਦੇ ਟੀ.ਵੀ. ਉਪਰ ਭਾਸ਼ਨ ਬੜੇ ਧਿਆਨ ਨਾਲ ਸੁਣਦੀ ਸਾਂ। ਮੇਰੇ ਅੰਦਰ ਅਜੀਬ ਹਲਚਲ ਹੁੰਦੀ। ਇਨ੍ਹਾਂ ਤਿੰਨਾਂ ਸ਼ਖ਼ਸੀਅਤਾਂ ਦਾ ਅਸਰ ਮੇਰੇ ਉਪਰ ਗਹਿਰਾ ਪਿਆ। ਮੇਰੇ ਅੰਦਰ ਕੁਝ ਵੱਖਰਾ ਕਰ ਗੁਜ਼ਰਨ ਦੀ ਇੱਛਾ ਜਾਗਦੀ। ਮੈਨੂੰ ਲੱਗਦਾ ਕਿ ਬਹੁਤ ਨਿਰਮਾਣ ਹੋ ਕੇ ਸਮਾਜ ਵਿਚ ਵਿਚਰਨਾ ਔਖਾ ਹੈ। ਯੋਧੇ ਬਣ ਕੇ ਜੀਣਾ ਚਾਹੀਦਾ ਹੈ। ਮੈਂ ਕੋਸ਼ਿਸ਼ ਕਰਦੀ ਕਿ ਆਪਣੇ ਵਿਚ ਹਿੰਮਤ ਦਲੇਰੀ ਦਾ ਮਾਦਾ ਪੈਦਾ ਕਰਾਂ। ਜੇ ਅਧਿਆਪਕ ਬਣੀ ਤਾਂ ਇਹ ਮਿਥਿਆ ਕਿ ਹੋਰਾਂ ਵਾਂਗ ਇਹ ਨਹੀਂ ਕਰਨਾ ਕਿ ਸਕੂਲ ਗਏ ਤੇ ਆਏ। ਬੱਚਿਆਂ ਪ੍ਰਤੀ ਜੋ ਮੇਰਾ ਫ਼ਰਜ਼ ਬਣਦਾ ਹੈ ਉਹ ਅਦਾ ਕਰਨਾ ਹੈ। ਜੇ ਗਲੀ ਬਾਜ਼ਾਰ ਨਿਕਲਦੀ ਹਾਂ ਤਾਂ ਕਿਸੇ ਨਾਲ ਜ਼ਿਆਦਤੀ ਹੁੰਦੀ ਵੇਖ ਕੇ ਰੁਕ ਜਾਂਦੀ ਹਾਂ ਤੇ ਓਨਾ ਚਿਰ ਅਗਾਂਹ ਨਹੀਂ ਤੁਰਦੀ ਜਦ ਤੱਕ ਜ਼ਰੂਰਤਮੰਦ ਧਿਰ ਨੂੰ ਉਹਦਾ ਹੱਕ ਨਹੀਂ ਮਿਲ ਜਾਂਦਾ। ਮੈਂ ਧੱਕੇਸ਼ਾਹੀ ਦੇ ਖ਼ਿਲਾਫ਼ ਡਟਣ ਦੀ ਹਿੰਮਤ ਰੱਖਦੀ ਹਾਂ। ਹੁਣ ਜੇ ਕੋਈ ਮੇਰੀ ਸਾਫ਼ਗੋਈ ਤੇ ਸਪੱਸ਼ਟ ਬੋਲ ਬਾਣੀ ਨੂੰ ਅੜਬਪੁਣੇ ਦਾ ਨਾਂ ਦਿੰਦਾ ਹੈ ਤਾਂ ਮੇਰੀ ਸਿਹਤ 'ਤੇ ਕੋਈ ਅਸਰ ਨਹੀਂ। ਮੈਨੂੰ ਪਤਾ ਹੈ ਮੈਂ ਹੋਰਾਂ ਵਾਂਗ ਅੱਖਾਂ ਮੀਟ ਕੇ ਸਭ ਕੁਝ ਪ੍ਰਵਾਨ ਨਹੀਂ ਕਰਦੀ। ਫੋਕੀ ਲਿਹਾਜ਼ਦਾਰੀ ਨੂੰ ਨਫ਼ਰਤ ਕਰਦੀ ਹਾਂ। ਮੀਣੇ ਤੇ ਮੌਕਾਪ੍ਰਸਤ ਲੋਕ ਮੈਨੂੰ ਬਹੁਤ ਬੁਰੇ ਲੱਗਦੇ ਨੇ। ਉਹ ਭਾਵੇਂ ਮੇਰਾ ਕੋਈ ਸਕਾ ਸੋਦਰਾ ਹੋਵੇ, ਕੋਈ ਕੁਲੀਗ ਜਾਂ ਗਲੀ ਗੁਆਂਢ ਦਾ ਕੋਈ ਬੰਦਾ।

    ? ਪਰ ਮੇਰਾ ਖ਼ਿਆਲ ਐ ਕਲਾਤਮਕ ਬਿਰਤੀਆਂ ਵਾਲਾ ਬੰਦਾ ਬੜਾ ਹਸਾਸ ਤਬੀਅਤ ਹੁੰਦਾ। ਉਹਦੇ ਵਿਚ ਕੋਮਲਤਾ ਹੋਣੀ ਜ਼ਰੂਰੀ ਆ, ਬੱਚੇ ਜਿਹੀ ਮਾਸੂਮੀਅਤ ਹੋਣੀ ਚਾਹੀਦੀ ਆ। ਤੁਹਾਡੀ ਗੱਲ ਇਸ ਧਾਰਨਾ ਦੇ ਉਲਟ ਨਹੀਂ ਜਾਂਦੀ?

    • ਮੇਰੀ ਸੋਚ ਆ ਕਿ ਕੋਮਲਤਾ ਜਾਂ ਸਪੱਸ਼ਟਵਾਦੀ ਹੋਣਾ ਕੋਈ ਐਬਸੋਲੂਟ ਧਾਰਨਾਵਾਂ ਨਹੀਂ। ਸਮੇਂ ਤੇ ਸਥਿਤੀ ਮੁਤਾਬਕ ਸੋਚ ਤੇ ਵਿਹਾਰ ਬਦਲਦਾ ਆ। ਮੇਰੇ ਅੰਦਰ ਬੇਪਨਾਹ ਮੁਹੱਬਤ ਹੈ। ਤੁਸੀਂ ਕਿਸੇ ਬੰਦੇ ਨੂੰ ਕੋਮਲ ਭਾਵਨਾਵਾਂ ਤੋਂ ਬਿਨਾ ਨਹੀਂ ਕਿਆਸ ਸਕਦੇ।  ਸੁਆਰਥਹੀਣ ਲੋਕ ਮੈਨੂੰ ਬਹੁਤ ਪਿਆਰੇ ਨੇ। ਮੈਂ ਆਪਣੇ ਵਿਦਿਆਰਥੀਆਂ ਨੂੰ ਬਹੁਤ ਪਿਆਰ ਕਰਦੀ ਆਂ। ਮੇਰੀ ਸੰਵੇਦਨਾ ਦੱਬੇ ਕੁਚਲੇ ਤੇ ਸਾਧਨਵਿਹੀਣ ਲੋਕਾਂ ਨਾਲ ਬਹੁਤ ਹੈ। ਮੈਂ ਚੰਗੇ ਇਨਸਾਨਾਂ ਦੀ ਕਦਰਦਾਨ ਹਾਂ। ਸਾਹਿਤ ਨਾਲ ਡੂੰਘਾ ਲਗਾਓ ਹੈ। ਜਦੋਂ ਲਿਖਣ ਦੇ ਆਹਰ ਵਿਚ ਹੁੰਦੀ ਹਾਂ ਤਾਂ ਮਨ ਦੇ ਜਜ਼ਬੇ ਕਿੰਨੇ ਕੋਮਲ ਹੋ ਜਾਂਦੇ ਹਨ, ਤੁਸੀਂ ਅੰਦਾਜ਼ਾ ਲਾ ਹੀ ਸਕਦੇ ਓ।

    ? ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਤੁਹਾਡਾ ਵਿਆਹੁਤਾ ਜੀਵਨ ਸਾਂਵਾਂ ਪੱਧਰਾ ਨਹੀਂ ਚੱਲਿਆ। ਕੀ ਆਪਾਂ ਇਸ ਬਾਰੇ ਗੱਲ ਕਰ ਸਕਨੇ ਆਂ?

    • ਹਾਂ ਹਾਂ ਕਿਉਂ ਨਹੀਂ। ਮੇਰਾ ਪਤੀ ਪੜ੍ਹਿਆ ਲਿਖਿਆ ਸੀ ਪਰ ਉਹ ਮੇਰੇ ਨਾਲ ਸੰਵੇਦਨਾ ਦੀ ਪੱਧਰ 'ਤੇ ਨਹੀਂ ਵਿਚਰ ਸਕਿਆ। ਸ਼ਾਇਦ ਉਹਦਾ ਅੰਦਰ ਪਿਆਰ ਦੇ ਅਹਿਸਾਸ ਤੋਂ ਸੱਖਣਾ ਸੀ। ਉਹ ਪਤੀ ਪਤਨੀ ਦੇ ਰਿਸ਼ਤੇ ਵਿਚਲੀ ਕੋਮਲਤਾ ਤੋਂ ਵਿਰਵਾ ਸੀ। ਮੈਂ ਬਹੁਤ ਕੋਸ਼ਿਸ਼ ਕੀਤੀ ਉਹ ਮੇਰੀ ਭਾਵਨਾ ਨੂੰ ਸਮਝੇ, ਕਦਰ ਕਰੇ, ਜੀਵਨ ਨੂੰ ਸੁਚਾਰੂ ਤਰੀਕੇ ਨਾਲ ਚਲਾਵੇ। ਸ਼ਰਾਬ ਨੇ ਜਿਵੇਂ ਉਹਦੀ ਮੱਤ ਮਾਰ ਦਿੱਤੀ ਸੀ। ਫਿਰ ਪਰਿਵਾਰਕ ਸਹਿਮਤੀ ਨਾਲ ਹੀ ਉਹ ਕੈਨੇਡਾ ਗਿਆ। ਉਦੋਂ ਮੇਰਾ ਪੁੱਤਰ ਸਿਰਫ਼ ਤਿੰਨ ਮਹੀਨਿਆਂ ਦਾ ਸੀ। ਮੈਂ ਜਿਸਤਰ੍ਹਾਂ ਜ਼ਫ਼ਰ ਜਾਲ਼ ਕੇ ਉਸ ਬੱਚੇ ਨੂੰ ਪਾਲਿਆ, ਮੈਂ ਹੀ ਜਾਣਦੀ ਹਾਂ। ਉਸ ਬੰਦੇ ਨੇ ਮੁੜ ਕਦੇ ਪਿਛਾਂਹ ਨਹੀਂ ਵੇਖਿਆ। ਹੁਣ ਦੋ ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ। ਵਿਆਹਤਾ ਜੀਵਨ ਤਾਂ ਸੁਫ਼ਨੇ ਵਾਂਗ ਵੇਖਿਆ। ਮੈਨੂੰ ਲੱਗਾ ਮੇਰੇ ਪਤੀ ਦੇ ਅੰਦਰ ਪੱਥਰ ਦਾ ਦਿਲ ਹੈ। ਤੁਸੀਂ ਸੱਚ ਜਾਣੋ ਮੈਨੂੰ ਮਰਦ ਜ਼ਾਤ ਨਾਲ ਹੀ ਨਫ਼ਰਤ ਹੋ ਗਈ। ਲੱਗਾ ਜਿਵੇਂ ਸਭ ਮਰਦ ਸੰਵੇਦਨਹੀਣ ਹੁੰਦੇ ਨੇ। ਬਹੁਤ ਬੁਰਾ ਤਜਰਬਾ ਹੋਇਆ। ਬਾਅਦ ਵਿਚ ਮਹਿਸੂਸ ਹੋਇਆ ਸਾਰਿਆਂ ਮਰਦਾਂ ਨੂੰ ਇਕੋ ਰੱਸੇ ਬੰਨਣਾ ਵੀ ਠੀਕ ਨਹੀਂ। ਮੇਰੇ ਦਾਇਰੇ ਵਿਚ ਵਿਚਰਦੇ ਬਹੁਤ ਸਾਰੇ ਬੰਦਿਆਂ ਮੇਰੀ ਬਹੁਤ ਮਦਦ ਕੀਤੀ। ਸਗੋਂ ਕਈ ਵਾਰ ਲੱਗਦਾ ਹੈ ਕਿ ਕਈ ਮਰਦ ਬਹੁਤ ਚੰਗੇ ਹੁੰਦੇ ਨੇ, ਬਹੁਤ ਸਿਆਣੇ ਤੇ ਸੁਲਝੇ। ਉਹ ਕਿਸੇ ਦੇ ਕੰਮ ਆਉਣ ਵਿਚ ਦਿਲਚਸਪੀ ਵਿਖਾਉਂਦੇ ਨੇ। ਮੈਂ ਨੌਕਰੀ ਲਈ ਜਦੋਂ ਜਦੋਜਹਿਦ ਕਰ ਰਹੀ ਸਾਂ ਤਾਂ ਮੇਰੇ ਸਰਕਲ ਦੇ ਮਰਦਾਂ ਨੇ ਬੜੀ ਜ਼ਿੰਮੇਵਾਰੀ ਨਿਭਾਈ। ਅਸਫ਼ਲ ਵਿਆਹਤਾ ਜੀਵਨ ਦੀ ਕੁੜੱਤਣ ਜ਼ਰੂਰ ਜ਼ਿਹਨ ਵਿਚ ਹੈ। ਹੁਣ ਉਸਦੇ ਬਾਰੇ ਮੈਂ ਬਹੁਤਾ ਨਹੀਂ ਸੋਚਦੀ। ਬਹੁਤੀ ਔਖੀ ਘਾਟੀ ਮੈਂ ਪਾਰ ਕਰ ਆਈ ਹਾਂ। ਮੈਂ ਆਪਣੀ ਲੋੜ ਜੋਗਾ ਸਿਰ ਲੁਕਾਵਾ ਬਣਾਇਆ। ਆਪਣੇ ਬੱਚੇ ਨੂੰ ਪਾਲਿਆ, ਪੜ੍ਹਾਇਆ, ਇੰਜੀਅਨਰਿੰਗ ਕਰਾਈ, ਹੁਣ ਚੰਡੀਗੜ੍ਹ ਨੌਕਰੀ ਕਰਦਾ ਆ। ਪੁੱਤ ਨੂੰ ਵਿਆਹਿਆ ਹੈ। ਸੋਹਣੀ ਤੇ ਸਚਿਆਰੀ ਨੂੰਹ ਹੈ। ਬਾਕੀ ਪਰਿਵਾਰ ਵੀ ਬਹੁਤ ਵਧੀਆ। ਦੋ ਛੋਟੀਆਂ ਭੈਣਾਂ, ਵੀਰ ਭਾਬੀ, ਅਗਾਂਹ ਨਿੱਕੇ ਨਿਆਣੇ। ਮਾਂ ਬਾਪ ਦੀ ਛਾਂ ਸਿਰ 'ਤੇ ਹੈ। ਹੁਣ ਮੈਂ ਕੋਈ ਘਾਟ ਮਹਿਸੂਸ ਨਹੀਂ ਕਰਦੀ।

    ? ਆਪਾਂ ਤੁਹਾਡੇ ਮਨ ਭਾਉਂਦੇ ਖੇਤਰ ਵੱਲ ਮੁੜਦੇ ਆਂ। ਸਾਡੇ ਇਤਿਹਾਸ ਵਿਚ ਬਹੁਤ ਸ਼ਾਨਦਾਰ ਵਿਰਾਸਤ ਪਈ ਹੈ। ਇਸ ਵਿਰਾਸਤ ਨੂੰ ਸਾਡਾ ਸਮਕਾਲ ਕਿੰਨਾ ਕੁ ਸਾਂਭ ਸੰਭਾਲ ਰਿਹਾ?

    • ਇਹ ਇਕ ਕੌੜਾ ਸੱਚ ਆ ਕਿ ਸਾਡੀ ਨੌਜਵਾਨ ਪੀੜ੍ਹੀ ਵਿਰਾਸਤ ਨੂੰ ਸਿਰਫ਼ ਭੁੱਲ ਹੀ ਨਹੀਂ ਰਹੀ ਸਗੋਂ ਬਹੁਤ ਬੁਰੀ ਤਰ੍ਹਾਂ ਨਕਾਰ ਵੀ ਰਹੀ ਆ। ਸਾਡਾ ਪਹਿਰਾਵਾ ਲੁਪਤ ਹੋ ਰਿਹਾ। ਉਹ ਘੱਗਰੇ ਫੁਲਕਾਰੀਆਂ ਲੱਭਿਆਂ ਵੀ ਨਹੀਂ ਲੱਭਦੇ। ਕਲਾਵਾਂ ਪ੍ਰਤੀ ਖਿੱਚ ਤੇ ਮੋਹ ਮੁੱਕ ਰਿਹਾ। ਸਾਡੇ ਲੋਕਗੀਤਾਂ ਦੀ ਜੋ ਗਹਿਰਾਈ ਸੀ ਉਸਨੂੰ ਪੌਪ ਕਲਚਰ ਨੇ ਮੁਕਾਉਣ ਦਾ ਤਹੱਈਆ ਕੀਤਾ ਹੋਇਆ। ਤੁਸੀਂ ਜਾਣਦੇ ਓ ਸਾਡੇ ਗੀਤ ਪਿਆਰ, ਵਿਛੋੜੇ, ਉਡੀਕ ਜਿਹੇ ਵਿਸ਼ਿਆਂ ਨੂੰ ਕਿੰਨੀ ਖ਼ੂਬਸੂਰਤੀ ਨਾਲ ਪੇਸ਼ ਕਰਦੇ ਸਨ। ਹੁਣ ਬਹੁਤ ਹਲਕੀ ਪੱਧਰ ਦੀ ਗੀਤਕਾਰੀ ਉੱਤੇ ਅਸ਼ਲੀਲਤਾ ਦਾ ਲੇਪ ਕਰਕੇ ਪਰੋਸਿਆ ਜਾ ਰਿਹਾ। ਨੌਜਵਾਨ ਪੀੜ੍ਹੀ ਨੂੰ ਕੋਈ ਸੰਦੇਸ਼ ਦੇਣ ਦੀ ਥਾਂ ਉਸਨੂੰ ਉਕਸਾਇਆ ਜਾ ਰਿਹਾ। ਮੇਰਾ ਰਫ਼ ਜਿਹਾ ਖ਼ਿਆਲ ਆ ਕਿ ਸੌ 'ਚੋਂ ਪਚਾਨਵੇਂ ਗੀਤ ਬਿਨਾ ਕਿਸੇ ਉਦੇਸ਼ ਨੂੰ ਮਿਥ ਕੇ ਲਿਖੇ ਤੇ ਗਾਏ ਜਾ ਰਹੇ ਨੇ। ਇਹ ਚਿੰਤਾ ਦਾ ਵਿਸ਼ਾ ਹੈ। ਇਸ ਵਰਤਾਰੇ ਨੇ ਅਮੀਰ ਵਿਰਾਸਤ ਨੂੰ ਕੰਗਾਲੀ ਦੇ ਰਾਹ ਪਾਇਆ ਹੈ। ਹੁਣ ਸ਼ਰਾਬ ਤੇ ਹੋਰ ਨਸ਼ਿਆਂ ਦੀ ਵਡਿਆਈ ਵਾਲੇ ਗੀਤਾਂ ਦੀ ਕੀ ਤੁੱਕ ਹੈ। ਆਹ ਗੀਤ ਨੇ—'ਇਕ ਸ਼ੌਕ ਕਬੂਤਰਬਾਜ਼ੀ ਦਾ' ਜਾਂ ਫਿਰ 'ਚੁੱਕ ਲਓ ਦੁਨਾਲੀਆਂ ਰਫ਼ਲਾਂ ਕਿ ਬਦਲਾ ਲੈਣਾ ਏ' ਜਾਂ 'ਅਜੇ ਜੱਟ ਨੂੰ ਚਲਾਉਣਾ ਹਥਿਆਰ ਨਹੀਓਂ ਭੁੱਲਿਆ।' ਇਹ ਕੀ ਮੈਸੇਜ਼ ਕਨਵੇਅ ਕਰਦੇ ਨੇ? ਕੀ ਪੰਜਾਬੀਆਂ ਦਾ ਪੜ੍ਹਨ ਲਿਖਣ, ਕਿਸੇ ਕਲਾ ਨਾਲ, ਕਿਸੇ ਉਸਾਰੂ ਸੋਚ ਨਾਲ ਕੋਈ ਵਾਹ ਵਾਸਤਾ ਨਹੀਂ?

    ? ਤੁਹਾਡੀ ਗੱਲ ਨਾਲ ਮੈਂ ਆਪਣੀ ਇਕ ਗੱਲ ਜੋੜਨੀ ਚਾਹਾਂਗਾ। ਪਿੱਛੇ ਜਿਹੇ ਮੈਂ ਲਾਹੌਰ ਗਿਆ ਤਾਂ ਇਕ ਨਾਟਕ ਵੇਖ ਕੇ ਨਿਕਲੇ। ਮੇਰਾ ਇਕ ਕਲਾਕਾਰ ਦੋਸਤ ਕਹਿਣ ਲੱਗਾ—ਸਰਦਾਰ ਜੀ, ਇਕ ਗੱਲ ਦੱਸੋ। ਤੁਹਾਡੇ ਪੰਜਾਬ ਦੇ ਮੈਂ ਕੁਝ ਚੈਨਲ ਵੇਖੇ ਨੇ। ਮੈਂ ਵੇਖਿਆ ਕਿ ਸਵੇਰੇ ਅੱਠ ਕੁ ਵਜੇ ਤੱਕ ਤੁਸੀਂ ਪਾਠ ਕਰਦੇ ਓ, ਸ਼ਬਦ ਕੀਰਤਨ ਕਦੇ ਓ। ਫਿਰ ਇਕ ਦਮ ਭੰਗੜੇ ਪਾਉਣ ਲੱਗ ਪੈਂਦੇ ਓ, ਤੁਹਾਡੀਆਂ ਕੁੜੀਆਂ ਵੀ ਪਾਠ ਸੁਣਦੀਆਂ ਕਰਦੀਆਂ ਸਿਰ ਤੋਂ ਪੈਰਾਂ ਤੱਕ ਢੱਕੀਆਂ ਹੁੰਦੀਆਂ ਨੇ ਪਰ ਉਸੇ ਵੇਲੇ ਲੀੜੇ ਸ਼ੀੜੇ ਲਾਹ ਕੇ ਅਹੁ ਮਾਰਦੀਆਂ ਤੇ ਨੱਚਣ ਡਹਿ ਪੈਂਦੀਆਂ।

    • ਸਹੀ ਗੱਲ ਆ। ਪਰ ਅਸੀਂ ਕਲਾਕਾਰ ਤਬਕੇ ਦੇ ਲੋਕ ਆਂ, ਨਿਰਾਸ਼ ਨਹੀਂ ਹੁੰਦੇ। ਸਾਨੂੰ ਚਾਹੀਦਾ ਅਸੀਂ ਆਪਣੀ ਸੋਚ ਪ੍ਰਚੰਡ ਕਰੀਏ। ਪਿੱਛੇ ਜਿਹੇ ਅਸ਼ਲੀਲ ਗੀਤਕਾਰਾਂ ਖ਼ਿਲਾਫ਼ ਮੁਹਿੰਮ ਉੱਠੀ, ਇਹ ਵਧੀਆ ਗੱਲ ਹੈ। ਸਾਡੀਆਂ ਲੇਖਕਾਂ ਕਲਾਕਾਰਾਂ ਦੀਆਂ ਪਿੰਡ ਪਿੰਡ ਸ਼ਹਿਰ ਸ਼ਹਿਰ ਸੰਸਥਾਵਾਂ ਨੇ। ਵੱਡੇ ਅਦਾਰੇ ਨੇ। ਕੇਂਦਰੀ ਪੰਜਾਬੀ ਲੇਖਕ ਸਭਾ ਵਰਗੀਆਂ ਕੱਦਾਵਰ ਸੰਸਥਾਵਾਂ ਨੇ। ਲੋਕਲ ਪੱਧਰ 'ਤੇ ਬੜੇ ਅਦਾਰੇ ਨੇ। ਸਾਡੇ ਇਥੇ ਮਾਝਾ ਸੱਥ ਹੈ। ਅਸੀਂ ਲੋਕਾਂ ਨੂੰ ਵਿਰਾਸਤੀ ਸਰੋਕਾਰਾਂ ਨਾਲ ਜੋੜਦੇ ਹਾਂ। ਲੋਕ ਗੱਲ ਸੁਣਦੇ ਨੇ। ਖ਼ਾਸ ਕਰਕੇ ਨੌਜਵਾਨ ਕੁੜੀਆਂ ਬਹੁਤ ਧਿਆਨ ਦਿੰਦੀਆਂ ਨੇ। ਆਪਣੇ ਸਕੂਲ ਮੈਂ ਕੁੜੀਆਂ ਨੂੰ ਜਦੋਂ ਲੋਕ ਸਾਹਿਤ ਬਾਰੇ ਦੱਸਦੀ ਆਂ ਤਾਂ ਉਹ ਬੜਾ ਚੰਗਾ ਪ੍ਰਭਾਵ ਕਬੂਲਦੀਆਂ। ਕਹਿਣਗੀਆਂ, 'ਮੈਡਮ ਜੀ, ਸਾਨੂੰ ਪਹਿਲਾਂ ਇਹ ਗੱਲ ਕਿਸੇ ਨੇ ਕਿਉਂ ਨਹੀਂ ਦੱਸੀ।' ਤੁਸੀਂ ਕਿਸੇ ਨੂੰ ਦੱਸੋ ਤਾਂ ਅਗਲਾ ਪ੍ਰਭਾਵ ਲਾਜ਼ਮੀ ਕਬੂਲੇਗਾ। ਇਵੇਂ ਜੇ ਇਕ ਲਹਿਰ ਬਣੇ ਤਾਂ ਅਸੀਂ ਇਸ ਪੌਪ-ਰੁਝਾਨ ਨਾਲ ਟੱਕਰ ਲੈ ਸਕਦੇ ਆਂ।

    ? ਇਕ ਸੁਆਲ ਹੋਰ ਆ ਵਿਰਾਸਤ ਬਾਰੇ ਹੀ। ਮੈਨੂੰ ਕਈ ਵਾਰ ਲੱਗਦਾ ਕਿ ਅਸੀਂ ਸੱਭਿਆਚਾਰਕ ਮਸਲਿਆਂ ਬਾਰੇ ਚਰਚਾ ਕਰਦੇ ਕਈ ਵਾਰ ਉਪ-ਭਾਵੁਕ ਹੋ ਜਾਨੇ ਆਂ। ਜਿਵੇਂ ਸਾਡੀ ਪੀੜ੍ਹੀ ਨੇ ਛੰਨੇ, ਦੇਗੇ, ਕਾੜ੍ਹਨੀਆਂ, ਮਧਾਣੀਆਂ, ਭੜੋਲੀਆਂ ਵੇਖੀਆਂ ਅਸੀਂ ਉਨ੍ਹਾਂ ਦੇ ਲੁਪਤ ਹੋਣ ਦਾ ਹੇਰਵਾ ਲਾਈ ਬੈਠੇ ਆਂ। ਹੁਣ ਸਾਡੇ ਕੋਲ ਬਹੁਤ ਕੁਝ ਨਵਾਂ ਤੇ ਵਧੀਆ ਪਿਆ। ਚੰਗੀਆਂ ਸੁਖ ਸਹੂਲਤਾਂ ਵੀ ਨੇ। ਪਰ ਅਸੀਂ ਵਿਰਾਸਤ ਦੀ ਗੱਲ ਕਰਦੇ ਸੋਚਦੇ ਆਂ ਕਿ ਬੀਤਿਆ ਸਭ ਸੋਨਾ ਸੀ ਤੇ ਅੱਜ ਸਭ ਮਿੱਟੀ ਆ। ਕੀ ਇੰਜ ਈ ਆ?

    • ਮੈਂ ਇਓਂ ਨਹੀਂ ਸੋਚਦੀ। ਨਾ ਉਹ ਸਾਰਾ ਸੋਨਾ ਸੀ ਤੇ ਨਾ ਇਹ ਸਾਰਾ ਮਿੱਟੀ। ਵਿਰਾਸਤ ਨਾਲ ਮੋਹ ਹੋਣਾ ਹੋਰ ਗੱਲ ਆ। ਮੈਨੂੰ ਪੁਰਾਣਾ ਰੰਗ ਢੰਗ ਚੰਗਾ ਲੱਗਦਾ ਹੈ, ਇਹ ਉਪਭਾਵੁਕਤਾ ਨਹੀਂ ਆ। ਅਸੀਂ ਕਪਾਹ ਚੁਗਣ ਜਾਂਦੇ, ਕਪਾਹ ਵੇਲਦੇ, ਦੁੱਧ ਕਾੜ੍ਹਦੇ, ਰਿੜਕਦੇ, ਚੱਕੀਆਂ ਵਿਚ ਦਾਣੇ ਪੀਂਹਦੇ, ਦਰੀਆਂ ਉਣਦੇ, ਪੱਖੀਆਂ ਛਿੱਕੂ ਟੋਕਰੀਆਂ ਬਣਾਉਂਦੇ। ਚੌਕਿਆਂ ਦੇ ਓਟਿਆਂ 'ਤੇ ਮੋਰ ਘੁੱਗੀਆਂ ਦੇ ਨਮੂਨੇ ਬਣਾਉਂਦੇ, ਗੰਡ 'ਚੋਂ ਗੁੜ ਖਾਂਦੇ, ਮਲ਼ਿਆਂ ਦੇ ਬੇਰ ਤੋੜਦੇ, ਪੀਂਘਾਂ ਝੂਟਦੇ, ਸੇਵੀਆਂ ਵੱਟਦੇ। ਉਹ ਸਾਰਾ ਕੁਝ ਬਹੁਤ ਨਿਰਛਲ ਤੇ ਸੁਭਾਵਕ ਜਿਹਾ ਕਰਮ ਸੀ। ਰੋਜ਼-ਮੱਰਾ ਦੇ ਜੀਵਨ ਦਾ ਸਹਿਜ ਵਰਤਾਰਾ। ਉਸ ਵਿਚ ਕੋਈ ਉਚੇਚ ਨਹੀਂ ਸੀ। ਉਹ ਸਾਡੀ ਨੀਂਹ ਹੈ। ਇਸ ਨੀਂਹ ਉੱਤੇ ਅਸੀਂ ਉੱਸਰੇ ਆਂ। ਇਸ ਨੂੰ ਭੁੱਲ ਜਾਣਾ ਗੁਨਾਹ ਆ। ਇਨ੍ਹਾਂ ਪ੍ਰਤੀ ਮੋਹ ਬਰਕਰਾਰ ਰਹਿਣਾ ਚਾਹੀਦਾ। ਤੁਹਾਨੂੰ ਨਹੀਂ ਲੱਗਦਾ ਕਿ ਜੀਵਨ ਦਾ ਉਹ ਚੈਪਟਰ ਯਾਦ ਕਰੀਏ ਤਾਂ ਸੁਖਾਵਾਂ ਜਿਹਾ ਮਹਿਸੂਸ ਹੁੰਦਾ। ਪ੍ਰੋ. ਪੂਰਨ ਸਿੰਘ ਉਸ ਪੁਰਾਣੇ ਪਿੰਡ ਨੂੰ ਵਾਜਾਂ ਮਾਰਦਾ। ਇਹ ਪਿੰਡ ਜਾਂ ਸੱਭਿਆਚਾਰਕ ਵਰਤਾਰਾ ਸਾਡੀਆਂ ਰਗ਼ਾਂ ਵਿਚ ਹੈ, ਉਪਭਾਵੁਕ ਸੋਚ ਨਹੀਂ ਆ।

    ? ਇਹ ਠੀਕ ਆ, ਪਰ ਮੈਂ ਜਿਸ ਐਂਗਲ ਤੋਂ ਗੱਲ ਕਰ ਰਿਹਾ ਸੀ ਉਹ ਇਹ ਆ ਕਿ ਸੱਭਿਆਚਾਰ ਪਵਿਰਤਨਸ਼ੀਲ ਆ। ਸਾਡੀ ਭਾਸ਼ਾ ਤੇ ਜੀਵਨ ਦੇ ਹੋਰ ਸਰੋਕਾਰ ਸਮੇਂ ਦੇ ਨਾਲ ਨਾਲ ਬਦਲਦੇ ਨੇ। ਮਸਲਿਨ, ਜੋ ਮੇਰੀ ਭਾਸ਼ਾ ਹੈ ਉਹ ਮੇਰੀ ਮਾਂ ਦੀ ਭਾਸ਼ਾ ਤੋਂ ਭਿੰਨ ਹੈ, ਜੋ ਮੇਰੀ ਭਾਸ਼ਾ ਹੈ ਉਹ ਮੇਰੇ ਬੱਚੇ ਦੀ ਭਾਸ਼ਾ ਤੋਂ ਵੱਖਰੀ ਹੈ। ਅਸਾਂ ਖੂਹ ਵੇਖੇ, ਭੱਠੀਆਂ ਵੇਖੀਆਂ, ਚਰਖ਼ੇ ਚਲਦੇ ਵੇਖੇ, ਫਲੇ ਪੈਂਦੇ ਵੀ ਤੱਕੇ। ਉਹ ਸਭ ਕੁਝ ਸਾਡੀ ਸਿਮਰਤੀ ਦਾ ਹਿੱਸਾ ਨੇ। ਦੂਜੇ ਬੰਨੇ ਸਾਡੇ ਬੱਚਿਆਂ ਉਹ ਸਭ ਕੁਝ ਨਹੀਂ ਵੇਖਿਆ, ਇਸਲਈ ਉਨ੍ਹਾਂ ਦੀ ਸੋਚ ਵਿਚ ਉਹ ਕੁਝ ਸ਼ਾਮਲ ਨਹੀਂ। ਹੁਣ ਉਨ੍ਹਾਂ ਕੋਲ ਕੰਪਿਊਟਰ ਹੈ, ਇੰਟਰਨੈੱਟ ਹੈ, ਸਮਾਰਟ ਮੋਬਾਈਲ ਨੇ, ਹੋਰ ਵੀ ਬਹੁਤ ਕੁਝ ਹੈ, ਮੈਂ ਇਸ ਤਬਦੀਲੀ ਦੀ ਗੱਲ ਕਰ ਰਿਹਾ ਸੀ।

    • ਮੈਂ ਮੰਨਦੀ ਹਾਂ ਕਿ ਅੱਜ ਕੱਲ੍ਹ ਬੱਚਿਆਂ ਵਿਚ ਉਨ੍ਹਾਂ ਚੀਜ਼ਾਂ ਜਾਂ ਵਰਤਾਰਿਆਂ ਪ੍ਰਤੀ ਕੋਈ ਖਿੱਚ ਨਹੀਂ। ਪਰ ਜਦੋਂ ਅਸੀਂ ਉਨ੍ਹਾਂ ਨੂੰ ਦੱਸਦੇ ਆਂ ਕਿ ਉਸ ਦੌਰ ਦਾ ਜਨ ਜੀਵਨ ਇਹੋ ਜਿਹਾ ਸੀ ਤਾਂ ਉਹ ਬੜੇ ਧਿਆਨ ਨਾਲ ਸੁਣਦੇ ਨੇ। ਪੇਂਡੂ ਜੀਵਨ ਵਿਚਲੇ ਉਸ ਸਹਿਯੋਗੀ ਵਾਤਾਵਰਣ ਬਾਰੇ ਸੁਣ ਕੇ ਖ਼ੁਸ਼ ਹੁੰਦੇ ਨੇ। ਜਿੱਥੋਂ ਤੱਕ ਹੋ ਸਕੇ ਸਾਨੂੰ ਨਵੀਂ ਪੀੜ੍ਹੀ ਨੂੰ ਇਨ੍ਹਾਂ ਵਿਰਾਸਤੀ ਚੀਜ਼ਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਪੇਂਡੂ ਜੀਵਨ ਦੇ ਹਵਾਲਿਆਂ ਨਾਲ ਜੇ ਉਨ੍ਹਾਂ ਨੂੰ ਅਸੀਂ ਬਜ਼ੁਰਗਾਂ ਦੀ ਕਦਰ ਕਰਨੀ ਦੱਸਦੇ ਆਂ ਤਾਂ ਇਹ ਬਹੁਤ ਚੰਗਾ ਆ। ਜੇ ਅੱਜ ਅਸੀਂ ਵਾਤਾਵਰਣ ਦੇ ਖ਼ਤਰਿਆਂ ਦੀ ਗੱਲ ਕਰਦੇ ਆਂ ਤਾਂ ਇਹ ਤਾਂ ਹੀ ਆ ਕਿ ਅਸੀਂ ਕੁਦਰਤੀ ਤੇ ਸਹਿਜ ਸੁਭਾਵਕ ਜੀਵਨ ਨੂੰ ਤਿਆਗ ਦਿੱਤਾ। ਉਹ ਦਿਨ ਬਹੁਤ ਵਧੀਆ ਸੀ, ਇਸ ਗੱਲ ਨੂੰ ਬਹੁਤ ਸਾਰੇ ਨੁਕਤਿਆਂ ਤੋਂ ਸਮਝਿਆ ਜਾ ਸਕਦਾ। ਸਾਦਗੀ ਵਿਚ ਹੀ ਸੁਹੱਪਣ ਹੈ, ਇਹ ਸੁਨੇਹਾ ਜ਼ਰੂਰ ਨੌਜਵਾਨ ਪੀੜ੍ਹੀ ਤੱਕ ਜਾਣਾ ਚਾਹੀਦਾ। ਮੈਂ ਨਹੀਂ ਕਹਿੰਦੀ ਆਧੁਨਿਕ ਤਕਨਾਲੋਜੀ ਦਾ ਤਿਆਗ ਕੀਤਾ ਜਾਏ। ਇਹ ਇਨਫਾਰਮੇਸ਼ਨ ਦਾ ਯੁਗ ਹੈ। ਤਕਨੀਕ ਨੇ ਦੁਨੀਆ ਨੂੰ ਪਿੰਡ ਬਣਾ ਦਿੱਤਾ। ਪਰ ਤੁਸੀਂ ਇਸਦੇ ਦੁਰਪ੍ਰਭਾਵ ਵੀ ਤਾਂ ਵੇਖੋ, ਘਰਾਂ ਵਿਚ ਦੁਨੀਆ ਜਿੰਨੀ ਦੂਰੀ ਪੈ ਗਈ। ਦੂਜੇ ਕਮਰੇ ਵਿਚ ਬੈਠਾ ਤੁਹਾਡਾ ਬੱਚਾ ਇੰਟਰਨੈੱਟ ਕਿਸ ਰੂਪ ਵਿਚ ਇਸਤੇਮਾਲ ਕਰ ਰਿਹਾ, ਇਹ ਵੀ ਤਾਂ ਜਾਣੋ। ਅੱਗਾ ਦੌੜ ਤੇ ਪਿੱਛਾ ਚੌੜ ਵਾਲੀ ਗੱਲ ਤਾਂ ਨਾ ਹੋਵੇ।

    ? ਗਿੱਧੇ ਤੇ ਭੰਗੜੇ ਦਾ ਪਰੰਪਰਕ ਸਰੂਪ ਵੀ ਬਦਲ ਗਿਆ। ਹੁਣ ਤਾਂ ਪਿੰਡਾਂ ਦੀਆਂ ਸੁਆਣੀਆਂ ਨੂੰ ਵੀ ਗਿੱਧਾ ਨਹੀਂ ਆਉਂਦਾ। ਇਹ ਸਿਨਫ਼ ਕਾਲਜਾਂ ਯੂਨੀਵਰਸਿਟੀਆਂ ਦੀਆਂ ਸਟੇਜਾਂ 'ਤੇ ਚਲੀ ਗਈ। ਹੁਣ ਤਾਂ ਬਹੁਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਪੰਜਾਬ ਦੇ ਪਿੰਡਾਂ ਵਿਚ ਜ਼ਨਾਨੀਆਂ ਕਿਸੇ ਮਰਨੇ ਪਰਨੇ 'ਤੇ ਰੋਂਦੀਆਂ ਵੀ ਸੁਰ ਵਿਚ ਸਨ।

    • ਪਹਿਲਾਂ ਗਿੱਧੇ ਭੰਗੜੇ ਦੀ ਗੱਲ ਕਰ ਲਈਏ। ਇਸ ਵਿਚ ਬਹੁਤ ਫ਼ਰਕ ਪਿਆ। ਪਹਿਲਾਂ ਗਿੱਧੇ ਦਾ ਪਿੜ ਗੋਲਾਈ ਵਿਚ ਹੁੰਦਾ ਸੀ। ਕੋਈ ਸੁਆਣੀ ਤਿਆਰੀ ਕਰ ਕੇ ਨਹੀਂ ਸੀ ਆਉਂਦੀ। ਗੀਤ ਜਾਂ ਬੋਲੀਆਂ ਉਨ੍ਹਾਂ ਦੇ ਦਿਲ ਦੀ ਆਵਾਜ਼ ਹੁੰਦੇ ਸੀ। ਉਨ੍ਹਾਂ ਦੇ ਹਾਵ ਭਾਵ ਅਸਲ਼ੀ ਹੁੰਦੇ ਸਨ। ਸਟੇਜ ਤੇ ਜਾ ਕੇ ਗਿੱਧਾ ਸਿੰਗਲ ਬਰੈਕਟ ਵਾਂਗ ਆਰਕ ਸ਼ੇਪ ਵਿਚ ਹੋ ਗਿਆ। ਕੁੜੀਆਂ ਨੂੰ ਸਿਖਾਇਆ ਜਾਂਦਾ, ਬੋਲੀਆਂ ਕੰਠ ਕਰਾਈਆਂ ਜਾਂਦੀਆਂ। ਬਹੁਤੀ ਵਾਰ ਉਨ੍ਹਾਂ ਨੂੰ ਬੋਲੀਆਂ ਦੇ ਅਰਥ ਵੀ ਨਹੀਂ ਪਤਾ ਹੁੰਦੇ। ਉਹ ਐਕਟਿੰਗ ਕਰ ਰਹੀਆਂ ਹੁੰਦੀਆਂ। ਜ਼ਿਆਦਾ ਜ਼ੋਰ ਡਰੈੱਸਾਂ 'ਤੇ ਲੱਗਦਾ। ਦਿਖਾਵਾ ਪ੍ਰਧਾਨ ਹੋ ਗਿਆ। ਉਹ ਸੁਚੇਤ ਹੁੰਦੀਆਂ ਕਿ ਸਾਹਮਣੇ ਦਰਸ਼ਕ ਬੈਠੇ ਨੇ। ਨਾ ਗੀਤ ਬੋਲੀਆਂ ਦਿਲ ਦੀ ਆਵਾਜ਼ ਬਣਦੀਆਂ ਨਾ ਹਾਵ ਭਾਵ ਅਸਲੀ ਹੁੰਦੇ। ਸਾਰਾ ਕੁਝ ਮਸਨੂਈ ਜਿਹਾ। ਅਗਲੀ ਗੱਲ, ਮਰਨੇ ਪਰਨੇ ਤੇ ਹੀ ਕਿਉਂ, ਸ਼ਾਇਦ ਹੀ ਜੀਵਨ ਦਾ ਕੋਈ ਪਹਿਲੂ ਅਜਿਹਾ ਹੋਵੇ ਜਿਸ ਨਾਲ ਗੀਤ ਨਾ ਜੁੜੇ ਹੋਣ। ਇਹੀ ਪੰਜਾਬ ਦੀ ਵੱਖਰੀ ਪਛਾਣ ਹੈ ਜਿਸਨੂੰ ਅਜੋਕੇ ਦੌਰ ਨੇ ਢਾਹ ਲਾਈ ਆ। ਸਾਡੇ ਲੋਕ ਪੱਛਮੀ ਰੰਗ ਵਿਚ ਰੰਗੇ ਜਾਣ ਨੂੰ ਵਡਿਆਈ ਸਮਝਣ ਲੱਗੇ ਨੇ, ਜਿਹੜੀ ਕਿ ਕੋਈ ਸਿਫ਼ਤੀ ਗੱਲ ਨਹੀਂ।

    ? ਅੱਜ ਕੱਲ੍ਹ ਵਿਆਹਾਂ ਸ਼ਾਦੀਆਂ 'ਤੇ ਜਾਗੋ ਕੱਢਣ ਦਾ ਫੇਰ ਰਿਵਾਜ ਚੱਲ ਪਿਆ, ਇਹ ਸ਼ੁਭ ਸਗਨ ਨਹੀਂ?

    • ਜਿਸ ਜਾਗੋ ਦੀ ਤੁਸੀਂ ਗੱਲ ਕੀਤੀ ਆ ਇਸ ਵਿਚੋਂ ਉਹ ਭਾਈਚਾਰਕ ਸਾਂਝ ਦੀ ਆਭਾ ਨਹੀਂ ਝਲਕਦੀ। ਇਸ ਵਿਚ ਤੜਕ ਭੜਕ ਹੈ। ਸੈੱਲਾਂ ਨਾਲ ਜਗਦੇ ਦੀਵਿਆਂ ਵਾਲੀ ਸ਼ਿੰਗਾਰੀ ਹੋਈ ਗਾਗਰ ਤੇ ਇਕ ਡਾਂਗ ਫੜ ਲੈਣ ਨੂੰ ਜਾਗੋ ਸਮਝਿਆ ਜਾ ਰਿਹਾ। ਹੁੱਲੜਬਾਜ਼ੀ ਕਰਦੀ ਮੰਡੀਰ ਸ਼ੋਰ ਸ਼ਰਾਬਾ ਪਾਉਂਦੀ ਨਾਲ ਚੱਲਦੀ ਆ। ਤੈਅ ਕਰਕੇ ਘਰਾਂ ਵਿਚ ਜਾਂਦੇ ਨੇ। ਆਖ ਕੇ ਸ਼ਗਨ ਲੈਂਦੇ ਨੇ। ਵਿਚੇ ਵਿਚ ਸ਼ਰਾਬਾਂ ਚੱਲਦੀਆਂ। ਜਾਗੋ ਦਾ ਮਤਲਬ ਜਾਗਣ ਨਾਲ ਹੈ, ਚੇਤਨ ਹੋਣ ਨਾਲ, ਜਾਗਰੂਕ ਹੋਣ ਨਾਲ। ਉਹ ਜਾਗੋ ਚੇਤਨ ਹੋ ਕੇ ਜੀਣ ਦਾ ਪ੍ਰਤੀਕ ਸੀ। ਉਸ ਵਿਚ ਆਪਸੀ ਸਾਂਝ ਤੇ ਮਿਲਵਰਤਣ ਦਾ ਸੁਨੇਹਾ ਸੀ। ਲੋਕ ਜਾਗੋ ਵਿਚ ਤੇਲ ਪਾਉਂਦੇ। ਇਹ ਰੋਸ਼ਨੀ ਦੀ ਨਿਰੰਤਰਤਾ ਦਾ ਚਿੰਨ੍ਹ ਸੀ। ਉਸ ਵਿਚ ਕੋਈ ਸੁਆਰਥ, ਤੇਰ ਮੇਰ ਨਹੀਂ ਸੀ ਹੁੰਦੀ। ਸਭ ਘਰਾਂ ਵਿਚ ਜਾਂਦੇ। ਸਾਰਾ ਪਿੰਡ ਮੇਲੇ ਵਾਂਗ ਹੋ ਜਾਂਦਾ। ਇਕ ਪਰਿਵਾਰ ਹੋ ਜਾਂਦਾ। ਹੁਣ ਉਹ ਗੱਲ ਨਹੀਂ ਰਹੀ।

    ? ਨਿਰਛਲ, ਨਿਰਕਪਟ ਰਸਮਾਂ ਰਿਵਾਜਾਂ ਦੀ ਇੰਨ ਬਿੰਨ ਵਾਪਸੀ ਤਾਂ ਕਿਸੇ ਸੂਰਤ ਵਿਚ ਸੰਭਵ ਨਹੀਂ। ਨਾ ਹੀ ਸੱਭਿਆਚਾਰ ਦੇ ਉਸ ਪੁਰਾਤਨ ਰੂਪ ਨੂੰ ਮੁੜ ਲਿਆਂਦਾ ਜਾ ਸਕਦਾ, ਪਰ ਜਿਵੇਂ ਤੁਸੀਂ ਕਿਹਾ, ਕੁਝ ਉਪਰਾਲੇ ਤਾਂ ਅਵੱਸ਼ ਹੋ ਸਕਦੇ ਨੇ। ਘੱਟੋ ਘੱਟ ਆਪਣੇ ਉਪਰੋਂ ਓਪਰੇਪਨ ਦੇ ਮੁਲੰਮੇ ਤਾਂ ਲਾਹੇ ਜਾ ਸਕਦੇ ਨੇ। ਵਿਰਾਸਤ ਦੇ ਅਰਥ ਤਾਂ ਕਨਵੇਅ ਕੀਤੇ ਜਾ ਸਕਦੇ ਨੇ।

    • ਇਹ ਬਹੁਤ ਔਖਾ ਕੰਮ ਨਹੀਂ ਸਿਰਫ਼ ਤਹੱਈਆ ਕਰ ਕੇ ਤੁਰਨ ਦੀ ਹੈ। ਅਸੀਂ ਆਪਣੇ ਪਿੰਡ ਤੇ ਆਸੇ ਪਾਸੇ ਤੀਆਂ ਦੀ ਮੁੜ ਸ਼ੁਰੂਆਤ ਕੀਤੀ ਆ ਤੇ ਬਹੁਤ ਚੰਗਾ ਹੁੰਗਾਰਾ ਵੀ ਮਿਲ ਰਿਹਾ। ਮੈਂ ਚਾਹੁੰਦੀ ਆਂ ਆਪਣੇ ਘਰ ਵਿਰਾਸਤੀ ਚੀਜ਼ਾਂ ਇਕੱਠੀਆਂ ਕਰਾਂ। ਕਰ ਵੀ ਰਹੀ ਹਾਂ ਤਾਂ ਕਿ ਨਵੀਂ ਜਨਰੇਸ਼ਨ ਵੇਖ ਕੇ ਆਪਣੇ ਅੰਦਰ ਥੋੜ੍ਹੇ ਬਹੁਤੇ ਉਸ ਸਮੇਂ ਦੇ ਪ੍ਰਭਾਵ ਉਪਜਾ ਸਕੇ। ਹੁਣ ਕੁੜੀਆਂ ਪੜ੍ਹੀਆਂ ਲਿਖੀਆਂ ਨੌਕਰੀ ਪੇਸ਼ਾ ਨੇ। ਇਹ ਸੰਭਵ ਨਹੀਂ ਕਿ ਉਹ ਸਾਉਣ ਦਾ ਮਹੀਨਾ ਪੇਕੇ ਆ ਕੇ ਬਿਤਾਉਣ ਪਰ ਹੋਰ ਬੀਬੀਆਂ ਤਾਂ ਹੈਣ ਨਾ ਜੋ ਸ਼ਮੂਲ਼ੀਅਤ ਕਰ ਸਕਦੀਆਂ ਨੇ। ਅਸੀਂ ਹਰ ਸਾਲ ਬੀਬੀ ਸਵਰਨ ਕੌਰ ਦੀ ਅਗਵਾਈ ਵਿਚ ਮਾਝਾ ਸੱਥ ਵੱਲੋਂ ਬੁਤਾਲੇ ਮੇਲਾ ਚਰਖ਼ੇ ਦਾ ਲਾਉਨੇ ਆਂ। ਸਕੂਲਾਂ ਦੀਆਂ ਬੱਚੀਆਂ ਬੜੇ ਉਤਸ਼ਾਹ ਨਾਲ ਵੇਖਦੀਆਂ। ਨਵੀਂ ਪੀੜ੍ਹੀ ਵਿਰਾਸਤ ਨਾਲ ਜੁੜਦੀ ਆ।

    ? ਕੋਈ ਅਭੁੱਲ ਯਾਦ ਜੋ ਤੁਸੀਂ ਸਾਂਝੀ ਕਰਨਾ ਚਾਹੋ।

    • ਅਭੁੱਲ ਯਾਦਾਂ ਦਾ ਤਾਂ ਭੰਡਾਰ ਹੈ ਮੇਰੇ ਅੰਦਰ। ਪਰ ਇਕ ਗੱਲ ਨਹੀਂ ਭੁੱਲਦੀ, ਮੈਂ ਟੀਚਰ ਦੀ ਪੋਸਟ ਲਈ ਅਪਲਾਈ ਕਰਨਾ ਸੀ ਪਰ ਕੋਲ ਪੈਸਾ ਕੋਈ ਨਹੀਂ ਸੀ। ਮੈਂ ਐੱਸ.ਟੀ.ਡੀ. ਤੋਂ ਫ਼ੋਨ ਕਰ ਰਹੀ ਸਾਂ ਕਿ ਉਥੇ ਖੜੇ ਇਕ ਮੁੰਡੇ ਨਾਲ ਸਹਿਵਨ ਹੀ ਆਪਣੀ ਮੁਸ਼ਕਲ ਸਾਂਝੀ ਕੀਤੀ। ਮੈਂ ਉਸਨੂੰ ਆਪਣੀ ਘੜੀ ਦੇ ਕੇ ਕਿਹਾ ਕਿ ਉਹ ਮੈਨੂੰ ਪੋਸਟ ਲਈ ਅਪਲਾਈ ਕਰਨ ਲਈ ਪੈਸੇ ਦੇ ਦੇਵੇ। ਉਸ ਮੁੰਡੇ ਅੰਦਰ ਸ਼ਾਇਦ ਇਨਸਾਨੀਅਤ ਦਾ ਕੋਈ ਅੰਸ਼ ਹੈ ਸੀ ਕਿ ਉਸਨੇ ਘੜੀ ਰੱਖ ਕੇ ਮੈਨੂੰ ਲੋੜ ਜੋਗੇ ਪੈਸੇ ਦੇ ਦਿੱਤੇ ਤੇ ਮੇਰੀ ਜ਼ਿੰਦਗੀ ਵਿਚ ਨਵਾਂ ਮੋੜ ਆ ਗਿਆ। ਉਹ ਘਟਨਾ ਮੇਰੇ ਜ਼ਿਹਨ ਵਿਚ ਸਥਾਈ ਥਾਂ ਬਣਾ ਗਈ। ਮੈਂ ਗ਼ਰੀਬੀ ਹੰਢਾਈ ਹੈ ਇਸੇ ਲਈ ਗ਼ਰੀਬਾਂ ਦੇ ਦਰਦ ਨੂੰ ਸਮਝਦੀ ਹਾਂ। ਸਮਾਜ ਸੇਵਾ ਦਾ ਬੀੜਾ ਵੀ ਮੈਂ ਤਾਂ ਹੀ ਚੁੱਕਿਆ ਹੈ। ਮੇਰਾ ਅਧਿਆਪਕਾ ਬਣਨ ਦਾ ਸਬਬ ਬਣ ਗਿਆ। ਮੇਰਾ ਆਰਥਕ ਠੁੰਮਣਾ ਬਣ ਗਿਆ। ਮੈਨੂੰ ਲੱਗਾ ਮੈਂ ਆਪਣਾ ਤੇ ਆਪਣੇ ਬੱਚੇ ਦਾ ਨਿਰਬਾਹ ਕਰ ਸਕਦੀ ਆਂ। ਮੈਂ ਆਪਣੇ ਸੋਚੇ ਮਿਸ਼ਨ ਵੱਲ ਤੁਰ ਪਈ। ਪੰਜਾਬ ਸਰਕਾਰ ਨੇ ਮੈਨੂੰ ਮਦਰ ਟਰੇਸਾ ਅਵਾਰਡ ਦੇ ਕੇ ਉਤਸ਼ਾਹਤ ਕੀਤਾ। ਇਵੇਂ ਹੀ ਜਦੋਂ ਮੈਨੂੰ ਸਟੇਟ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਤਾਂ ਦਿਲੋਂ ਖ਼ੁਸ਼ੀ ਦਾ ਅਹਿਸਾਸ ਹੋਇਆ। ਮੈਨੂੰ ਆਪਣੀ ਮੰਜ਼ਿਲ ਵੱਲ ਹੋਰ ਸ਼ਿੱਦਤ ਨਾਲ ਵਧਣ ਦੀ ਪ੍ਰੇਰਨਾ ਮਿਲੀ। ਹਾਲਾਂਕਿ ਮੈਂ ਨਹੀਂ ਸਮਝਦੀ ਕਿ ਮੇਰਾ ਉਦੇਸ਼ ਕਿਸੇ ਪੁਰਸਕਾਰ ਦਾ ਮੁਥਾਜ ਹੈ ਪਰ ਏਨਾ ਜ਼ਰੂਰ ਹੈ ਕਿ ਆਪਣੇ ਕੰਮ ਦੇ ਪਛਾਣੇ ਜਾਣ ਦੀ, ਉਸਦੀ ਕਦਰ ਪੈਣ ਦੀ ਖ਼ੁਸ਼ੀ ਜ਼ਰੂਰ ਹੈ।

    ? ਤੁਸੀਂ ਪਿਛਲੇ ਸਮੇਂ ਵਿਚ ਪੰਜਾਬੀ ਦੀਆਂ ਸਿਰਕੱਢ ਅਖ਼ਬਾਰਾਂ ਵਿਚ ਆਪਣੀ ਲੋਕਧਾਰਾ ਪ੍ਰਤੀ ਸੋਚ ਲੈ ਕੇ ਛਪੇ ਹੋ। ਜਿੱਥੋਂ ਤੱਕ ਮੇਰਾ ਖ਼ਿਆਲ ਹੈ ਤੁਹਾਨੂੰ ਪਾਠਕਾਂ ਨੇ ਭਰਪੂਰ ਹੁੰਗਾਰਾ ਦਿੱਤਾ ਹੈ। ਤੁਹਾਨੂੰ ਕਿਵੇਂ ਲੱਗਾ ਹੈ?

    • ਬਹੁਤ ਹੀ ਚੰਗਾ। ਅਸਲ ਵਿਚ ਮੈਂ ਲੰਮੇ ਸਮੇਂ ਤੋਂ ਆਪਣੇ ਕੰਮ ਵਿਚ ਲੱਗੀ ਹੋਈ ਸਾਂ ਪਰ ਇਓਂ ਲੇਖਕਾਂ ਪਾਠਕਾਂ ਨਾਲ ਸਿੱਧੇ ਤੌਰ 'ਤੇ ਵਾਬਸਤਾ ਨਹੀਂ ਸਾਂ। ਅਖ਼ਬਾਰ ਵਿਚਲੇ ਲੇਖਾਂ ਦੀ ਬਹੁਤ ਵਿਆਪਕ ਪਹੁੰਚ ਹੈ। ਹਜ਼ਾਰਾਂ ਲੱਖਾਂ ਲੋਕ ਪੜ੍ਹਦੇ ਨੇ। ਉਨ੍ਹਾਂ 'ਚੋਂ ਕਾਫੀ ਲੋਕ ਫੀਡ ਬੈਕ ਦਿੰਦੇ ਨੇ। ਆਪਣੇ ਕੀਤੇ ਕੰਮ ਦੀ ਪੁਣਛਾਣ ਹੁੰਦੀ ਹੈ। ਮੈਂ ਮਹਿਸੂਸ ਕਰਦੀ ਹਾਂ ਕਿ ਪਾਠਕ ਬਹੁਤ ਚੇਤੰਨ ਨੇ। ਉਹ ਹਰ ਗੌਲਣਯੋਗ ਗੱਲ ਦਾ ਨੋਟਿਸ ਲੈਂਦੇ ਨੇ। ਇਹ ਸਾਡੇ ਅਗਲੇਰੇ ਕੰਮਾਂ ਦੀ ਨਿਸ਼ਾਨਦੇਹੀ ਕਰਦੇ ਨੇ। ਮੈਨੂੰ ਲੱਗਾ ਹੈ ਵੱਡੇ ਦਾਇਰੇ ਵਿਚ ਸ਼ਾਮਲ ਹੋ ਕੇ ਮੇਰੀ ਜ਼ਿੰਮੇਵਾਰੀ ਵਧ ਗਈ ਹੈ। ਮੈਂ ਹਰ ਗੱਲ ਨੂੰ ਨਾਪ ਤੋਲ ਕੇ ਕਰਨ ਦੀ ਕੋਸ਼ਿਸ਼ ਕਰਨ ਲੱਗੀ ਹਾਂ। ਜ਼ਿੰਮੇਵਾਰੀ ਦਾ ਇਹ ਅਹਿਸਾਸ ਮੇਰੇ ਅਗਲੇਰੇ ਕੰਮਾਂ ਵਿਚ ਬਹੁਤ ਸਹਾਈ ਹੈ। ਮੈਂ ਰੱਬ ਵਿਚ ਯਕੀਨ ਰੱਖਦੀ ਹਾਂ ਤੇ ਹਰ ਕੰਮ ਕਰਨ ਵੇਲੇ ਇਸ ਯਕੀਨ ਤੋਂ ਊਰਜਾ ਗ੍ਰਹਿਣ ਕਰਦੀ ਹਾਂ।

    ? ਨਵੀਂ ਪੀੜ੍ਹੀ ਨੂੰ ਕੋਈ ਨਸੀਹਤ?

    • ਨਸੀਹਤ ਕੋਈ ਨਹੀਂ। ਕੁਝ ਗੱਲਾਂ ਲਾਜ਼ਮੀ ਤੌਰ 'ਤੇ ਧਿਆਨ ਗੋਚਰੀਆਂ ਨੇ। ਪੰਜਾਬੀ ਸਮਾਜ ਅੱਜ ਬੜੀ ਕਠਿਨ ਸਥਿਤੀ ਵਿਚੋਂ ਗੁਜ਼ਰ ਰਿਹਾ। ਸਾਡੀ ਭਾਸ਼ਾ ਹੀ ਹੋਂਦ ਦਾਅ 'ਤੇ ਲੱਗੀ ਹੈ, ਸਾਨੂੰ ਉਸ ਵੱਲ ਵੀ ਗੰਭੀਰ ਹੋਣ ਹੈ। ਹੋਰ ਵੀ ਬੇਸ਼ੁਮਾਰ ਚੁਣੌਤੀਆਂ ਨੇ। ਅਸੀਂ ਬਹੁਤ ਹਮਲਿਆਂ ਦੇ ਸ਼ਿਕਾਰ ਹੋ ਰਹੇ ਆਂ। ਸਿਰਫ਼ ਸੁਚੇਤ ਹੋਣ ਦੀ ਲੋੜ ਹੈ। ਅਸੀਂ ਉਨ੍ਹਾਂ ਅਲਾਮਤਾਂ ਤੋਂ ਬਚੀਏ ਜੋ ਸਾਡੇ ਘਰ ਪਰਿਵਾਰ, ਸਾਡੇ ਸਮਾਜ, ਸਾਡੇ ਸੱਭਿਆਚਾਰਕ ਚੌਖ਼ਟੇ ਵਿਚ ਫਿੱਟ ਨਹੀਂ ਬਹਿੰਦੇ। ਸਾਡੀ ਸ਼ਾਨਦਾਰ ਵਿਰਾਸਤ ਹੈ, ਅਸੀਂ ਉਸ ਨਾਲ ਜੁੜੀਏ ਨਾ ਕਿ ਵੇਖਾ ਵੇਖੀ ਕਿਸੇ ਹੋਰ ਵਰਤਾਰੇ ਨਾਲ ਨੇੜੇ ਹੋਈਏ। ਮੇਰੀ ਏਹੋ ਆਪਣੀ ਅਗਲੇਰੀ ਜਨਰੇਸ਼ਨ ਨੂੰ ਅਪੀਲ ਹੈ ਕਿ ਉਹ ਜਿੱਥੋਂ ਤੱਕ ਸੰਭਵ ਹੋਵੇ ਆਪਣੇ ਵਿਰਸੇ ਨਾਲ ਜੁੜੇ। ਆਪਣੀ ਬੋਲੀ, ਵਿਰਸਾ, ਵਰਤਾਰਾ ਹੀ ਸਾਡੇ ਲਈ ਅਹਿਮ ਹੈ।