ਅੱਜਕਲ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ, ਇਨਸਾਨ ਸਾਰੀ ਉਮਰ ਨੱਠ-ਭੱਜ, ਆਪਣੀ ਪੜ੍ਹਾਈ, ਆਪਣਾ ਕੈਰੀਅਰ ਸੈੱਟ ਕਰਨ, ਫਿਰ ਗ੍ਰਹਿਸਤੀ ਅਤੇ ਫਿਰ ਬੱਚਿਆਂ ਦੇ ਕੈਰੀਅਰ ਬਨਾਉਣ ਤੇ ਲਾ ਦਿੰਦਾ ਹੈ। ਪਰ ਜਦੋਂ ਉਹ ਸੱਠ ਕੁ ਸਾਲ ਦੀ ਉਮਰ ਤੇ ਪਹੁੰਚਦਾ ਹੈ, ਤਾਂ ਬੱਚੇ ਤਕਰੀਬਨ ਸੈੱਟ ਹੋ ਗਏ ਹੁੰਦੇ ਹਨ ਤੇ ਵਿਆਹੇ ਜਾਂਦੇ ਹਨ। ਜੇਕਰ ਉਹ ਸਰਵਿਸ ਕਰਦਾ ਹੋਵੇ ਤਾਂ ਉਸ ਸਮੇਂ ਤਕ ਉਹ ਉਸ ਤੋਂ ਵੀ ਰਿਟਾਇਰ ਹੋ ਜਾਂਦਾ ਹੈ। ਗੱਲ ਕੀ ਉਹ ਜੀਵਨ ਦੇ ਰੁਝੇਵਿਆਂ ਤੋਂ ਵਿਹਲਾ ਹੋ ਜਾਂਦਾ ਹੈ ਤੇ ਉਸ ਸਮੇਂ ਇਕੱਲ ਮਹਿਸੂਸ ਕਰਦਾ ਹੈ। ਬੱਚੇ ਆਪੋ- ਆਪਣੇ ਰੁਝੇਵਿਆਂ ਵਿੱਚ ਰੁੱਝੇ ਰਹਿੰਦੇ ਹਨ ਅਤੇ ਉਸ ਨੂੰ ਇਸ ਗੱਲ ਦਾ ਝੋਰਾ ਲੱਗ ਜਾਂਦਾ ਹੈ ਕਿ ਜਿਹਨਾਂ ਬੱਚਿਆਂ ਦੀ ਜ਼ਿੰਦਗੀ ਬਨਾਉਣ ਲਈ ਉਸ ਨੇ ਆਪਣੀ ਸਾਰੀ ਜ਼ਿੰਦਗੀ ਲਾ ਦਿੱਤੀ- ਉਹਨਾਂ ਕੋਲ ਬੈਠ ਕੇ ਉਸ ਨਾਲ ਦੋ ਮਿੰਟ ਗੱਲ ਕਰਨ ਦੀ ਵੀ ਵਿਹਲ ਨਹੀਂ।
ਬਹੁਤ ਸਾਰੇ ਘਰਾਂ ਵਿੱਚ- ਪਰਿਵਾਰ ਵਿਚ ਰਹਿੰਦੇ ਹੋਏ ਵੀ ਇਨਸਾਨ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ-ਖਾਸ ਕਰਕੇ ਬਜ਼ੁਰਗ। ਹਰ ਕੋਈ ਸੈਲਫ-ਸੈਂਟਰਡ ਹੋਈ ਜਾਂਦਾ ਹੈ। ਆਪੋ-ਆਪਣੇ ਬੈੱਡ ਰੂਮ, ਸਾਰੇ ਆਪਣੇ ਰੁਝੇਵਿਆਂ ਵਿਚ ਮਸਤ, ਕਿਸੇ ਨੂੰ ਪਰਿਵਾਰ ਦੇ ਕਿਸੇ ਮੈਂਬਰ ਨਾਲ ਜਿਵੇਂ ਕੋਈ ਸਰੋਕਾਰ ਹੀ ਨਹੀਂ। ਬਾਕੀ ਰਹਿੰਦੀ ਕਸਰ ਸਾਡੇ ਕੰਪਿਊਟਰਾਂ ਅਤੇ ਮੋਬਾਇਲ ਫੋਨਾਂ ਨੇ ਪੂਰੀ ਕਰ ਦਿੱਤੀ ਹੈ। ਇਸੇ ਤਰ੍ਹਾਂ ਦੇ ਹਾਲਾਤ ਨੂੰ ਦੇਖਦਿਆਂ ਹੀ ਮੈਂ 'ਪਰਿਵਾਰ' ਕਵਿਤਾ ਦੀ ਰਚਨਾ ਕੀਤੀ ਸੀ-
"ਇਕ ਸ਼ਹਿਰ, ਇਕ ਘਰ
ਇਕ ਛੱਤ ਥੱਲੇ ਵੀ
ਅਜਨਬੀ ਬਣ ਜਾਂਦੇ ਨੇ ਲੋਕ
ਪਤਾ ਨਹੀਂ ਫਿਰ ਵੀ ਕਿਉਂ
ਪਰਿਵਾਰ ਅਖਵਾਂਦੇ ਨੇ ਲੋਕ?....
ਅੱਜ ਕੋਈ ਕਰਮਾਂ ਵਾਲਾ ਪਰਿਵਾਰ ਹੀ ਹੋਏਗਾ, ਜਿੱਥੇ ਰਾਤ ਨੂੰ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਬੈਠ ਕੇ –ਗੱਲ ਬਾਤ ਕਰਨ, ਇਕ ਦੂਜੇ ਦਾ ਹਾਲ ਪੁੱਛਣ ਤੇ ਆਪਣਾ ਦੱਸਣ।
ਕਈ ਵਾਰੀ ਤਾਂ ਬੱਚੇ ਨੌਕਰੀਆਂ ਦੀਆਂ ਮਜਬੂਰੀਆਂ ਕਾਰਨ, ਮਾਪਿਆਂ ਤੋਂ ਦੂਰ ਰਹਿੰਦੇ ਹਨ ਤੇ ਕਦੇ ਕਦਾਈ ਹੀ ਮਿਲਣ ਆਉਂਦੇ ਹਨ। ਬਹੁਤੇ ਬੱਚੇ ਰੋਜ਼ੀ ਰੋਟੀ ਦੀ ਖਾਤਿਰ ਵਿਦੇਸ਼ਾਂ ਨੂੰ ਤੁਰ ਜਾਂਦੇ ਹਨ ਅਤੇ ਪਿਛੋਂ ਮਾਂ-ਬਾਪ ਨੂੰ ਇੱਕਲਾਪਾ ਸਹਿਣਾ ਪੈਂਦਾ ਹੈ। ਪਰ ਕਈ ਵਾਰੀ ਉਸ ਪਰਿਵਾਰ ਦੀ ਨੂੰਹ ਹੀ ਸੱਸ ਸਹੁਰੇ ਨਾਲ ਰਹਿਣਾ ਪਸੰਦ ਨਹੀਂ ਕਰਦੀ ਅਤੇ ਅੱਡ ਹੋ ਕੇ ਆਪਣੇ ਪਤੀ ਤੇ ਬੱਚਿਆਂ ਨੂੰ ਲੈ ਕੇ ਦੂਰ ਚਲੀ ਜਾਂਦੀ ਹੈ। ਸੋ ਇਹਨਾਂ ਸਾਰੇ ਹਾਲਾਤਾਂ ਵਿਚ, ਜਿੰਨਾ ਚਿਰ ਤਾਂ ਬਜ਼ੁਰਗਾਂ ਦਾ ਮੀਆਂ- ਬੀਵੀ ਦਾ ਸਾਥ ਬਣਿਆਂ ਰਹੇ, ਉੰਨਾਂ ਚਿਰ ਤਾਂ ਉਹ ਵਿਚਾਰੇ ਇੱਕ ਦੂਜੇ ਨਾਲ ਗੱਲ ਬਾਤ ਕਰਕੇ ਆਪਣੇ ਦੁੱਖ- ਸੁੱਖ ਸਾਂਝੇ ਕਰ ਲੈਂਦੇ ਹਨ। ਪਰ ਰੱਬ ਨਾ ਕਰੇ- ਜੇਕਰ ਕੋਈ ਇਕ ਸਾਥੀ ਤੁਰ ਜਾਵੇ ਤਾਂ ਦੂਜੇ ਲਈ ਫਿਰ ਜ਼ਿੰਦਗੀ ਇਕ ਬੋਝ ਬਣ ਕੇ ਰਹਿ ਜਾਂਦੀ ਹੈ ਤੇ ਉਸ ਨੂੰ ਇਕੱਲ ਵੱਢ-ਵੱਢ ਖਾਣ ਲੱਗ ਜਾਂਦਾ ਹੈ। ਉਹ ਆਪਣੀ ਕਿਸਮਤ ਨੂੰ ਕੋਸਦਾ ਹੋਇਆ, ਢਹਿੰਦੀਆਂ ਕਲਾਂ ਵਿਚ ਚਲਾ ਜਾਂਦਾ ਹੈ।
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਕੱਲੇਪਨ ਨੂੰ ਕਿਵੇਂ ਦੂਰ ਕੀਤਾ ਜਾਏ? ਹਰ ਇਨਸਾਨ ਅੰਦਰ ਕੋਈ ਨਾ ਕੋਈ ਗੁਣ ਛੁਪਿਆ ਹੁੰਦਾ ਹੈ। ਬਚਪਨ ਤੋਂ ਹੀ ਉਸ ਨੂੰ ਕੋਈ ਨਾ ਕੋਈ ਸ਼ੌਕ ਜਰੂਰ ਹੁੰਦਾ ਹੈ- ਜਿਸ ਨੂੰ ਅੱਜਕਲ ਅਸੀਂ ਹੌਬੀ ਕਹਿਣ ਲੱਗ ਪਏ ਹਾਂ। ਕਈ ਵਾਰੀ ਜ਼ਿੰਦਗੀ ਦੇ ਹਾਲਾਤ ਜਾਂ ਆਰਥਕ ਬੋਝ ਥੱਲੇ, ਸਾਡਾ ਉਹ ਗੁਣ ਜਾਂ ਸ਼ੌਕ ਦੱਬ ਕੇ ਹੀ ਰਹਿ ਜਾਂਦਾ ਹੈ ਜਾਂ ਕਹਿ ਲਵੋ ਕਿ ਅਸੀ ਬਨਣਾ ਕੁਝ ਹੋਰ ਚਾਹੁੰਦੇ ਹਾਂ ਤੇ ਹਾਲਾਤ ਸਾਨੂੰ ਕੁਝ ਹੋਰ ਬਣਾ ਦਿੰਦੇ ਹਨ। ਕਈ ਵਾਰੀ, ਸਾਰੀ ਉਮਰ ਗ੍ਰਹਿਸਤ ਦੀਆਂ ਜਿੰਮੇਵਾਰੀਆਂ ਨਿਭਾਉਂਦੇ ਨਿਭਾਉਂਦੇ ਸਾਡਾ ਆਪਣੇ ਸ਼ੌਕ ਵਲ ਧਿਆਨ ਹੀ ਨਹੀ ਜਾਂਦਾ। ਸੋ ਸੀਨੀਅਰ ਸਿਟੀਜ਼ਨ ਬਣ ਕੇ ਹੀ ਸਾਡੇ ਹੱਥ ਇਹ ਮੌਕਾ ਆਉਂਦਾ ਹੈ- ਕਿ ਅਸੀਂ ਆਪਣੇ ਅੰਦਰ ਛੁਪੇ ਹੋਏ ਗੁਣ ਨੂੰ ਪਛਾਣੀਏ, ਉਸ ਨੂੰ ਮੁੜ ਉਜਾਗਰ ਕਰੀਏ ਤੇ ਜੁੱਟ ਜਾਈਏ ਕੁੱਝ ਕਰਨ ਲਈ, ਕੁਝ ਨਵਾਂ ਸਿਰਜਣ ਲਈ ਤੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਤੋਂ ਸਮਾਜ ਨੂੰ ਸੇਧ ਦੇਣ ਲਈ। ਆਪਣੇ-ਆਪ ਨੂੰ ਕੁੱਝ ਸਮਾਜਿਕ ਜਥੇਬੰਦੀਆਂ ਨਾਲ ਜੋੜੋ। ਜੇਕਰ ਧਾਰਮਿਕ ਖਿਆਲਾਂ ਦੇ ਮਾਲਕ ਹੋ ਤਾਂ ਵਧੀਆ ਤੇ ਚੰਗੇ ਵਿਚਾਰਾਂ ਵਾਲੀਆਂ ਧਾਰਮਿਕ ਸੰਸਥਾਵਾਂ ਨਾਲ ਜੁੜੋ, ਘਰ ਦੀ ਚਾਰ ਦੀਵਾਰੀ ਤੋ ਬਾਹਰ ਨਿੱਕਲੋ, ਆਪਣੇ ਆਪ ਲਈ ਰੁਝੇਵੇਂ ਪੈਦਾ ਕਰੋ- ਤੁਹਾਨੂੰ ਇਕ ਨਵਾਂ ਜੀਵਨ ਮਿਲੇਗਾ।
ਪ੍ਰਮਾਤਮਾ ਨੇ ਹਰ ਇਨਸਾਨ ਨੂੰ ਕੋਈ ਨਾ ਕੋਈ ਨਿਵੇਕਲਾ ਗੁਣ ਜਰੂਰ ਪ੍ਰਦਾਨ ਕੀਤਾ ਹੈ।ਜੇ ਕਿਸੇ ਕੋਲ ਕਲਮ ਦੀ ਦਾਤ ਹੈ, ਉਹ ਚੰਗਾ ਲਿਖ ਸਕਦਾ ਹੈ ਤਾਂ ਉਹ ਸਾਹਿਤਕ ਸਭਾਵਾਂ ਨਾਲ ਜੁੜ ਕੇ ਆਪਣੇ ਇਸ ਗੁਣ ਰਾਹੀਂ ਸਮਾਜ ਨੂੰ ਨਰੋਈ ਸੇਧ ਦੇ ਸਕਦਾ ਹੈ। ਕੋਈ ਵਧੀਆ ਗਾ ਸਕਦਾ ਹੈ, ਕੋਈ ਵਧੀਆ ਬੁਲਾਰਾ ਹੈ, ਕੋਈ ਧਾਰਮਿਕ ਗਿਆਨ ਲੋਕਾਂ ਨੂੰ ਦੇ ਸਕਦਾ ਹੈ। ਕੋਈ ਕੀਰਤਨ ਕਰ ਸਕਦਾ ਹੈ, ਕੋਈ ਨਰੋਈ ਸੇਹਤ ਬਾਰੇ ਜਾਣਕਾਰੀ ਦੇ ਸਕਦਾ ਹੈ, ਕੋਈ ਕਸਰਤਾਂ ਜਾਂ ਯੋਗਾ ਬਾਰੇ ਗਿਆਨ ਰੱਖਦਾ ਹੈ। ਹੋਰ ਨਹੀਂ ਤਾਂ ਕੋਈ ਆਪਣੀ ਜ਼ਿੰਦਗੀ ਦੇ ਕੌੜੇ-ਮਿੱਠੇ ਤਜਰਬੇ ਹੀ ਦੂਜਿਆਂ ਨਾਲ ਸਾਂਝੇ ਕਰਕੇ ਉਹਨਾਂ ਦਾ ਮਾਰਗ ਦਰਸ਼ਕ ਬਣ ਸਕਦਾ ਹੈ। ਕੋਈ ਆਪਣੀ ਕਲਾ ਨਵੀਂ ਪੀੜ੍ਹੀ ਨੂੰ ਸਿਖਾ ਕੇ ਖੁਸ਼ੀ ਮਹਿਸੂਸ ਕਰ ਸਕਦਾ ਹੈ। ਸੋ ਅਨੇਕਾਂ ਕੰਮ ਹਨ ਇਸ ਦੁਨੀਆਂ ਵਿੱਚ ਕਰਨ ਲਈ- ਜਿਹਨਾਂ ਦੇ ਕਰਨ ਨਾਲ ਤੁਹਾਡਾ ਇਕੱਲਾਪਨ ਤਾਂ ਦੂਰ ਹੋਏਗਾ ਹੀ- ਨਾਲ ਹੀ ਤੁਸੀਂ ਸਮਾਜ ਵਿੱਚ ਆਪਣੀ ਇਕ ਅਲੱਗ ਪਹਿਚਾਣ ਵੀ ਬਣਾ ਸਕੋਗੇ।
ਹੁਣ ਵੇਲਾ ਹੈ- ਇੱਕ ਲਿਸਟ ਬਣਾਓ ਉਹਨਾਂ ਕੰਮਾਂ ਦੀ, ਜੋ ਤੁਸੀ ਚਾਂਹੁੰਦੇ ਹੋਏ ਵੀ ਜ਼ਿੰਦਗੀ ਦੇ ਰੁਝੇਵਿਆਂ ਕਾਰਨ ਨਹੀ ਕਰ ਸਕੇ ਜਾਂ ਜੋ ਅਧੂਰੇ ਰਹਿ ਗਏ ਤੇ ਜੁੱਟ ਜਾਓ ਉਹਨਾਂ ਕੰਮਾਂ ਵਿਚ, ਹੁਣ ਆਪਣੇ ਸੁਪਨੇ ਪੂਰੇ ਕਰੋ। ਪਰਿਵਾਰ ਦੇ ਝੋਰੇ ਛੱਡੋ, ਆਪਣੀ ਸੇਹਤ ਦਾ ਪੂਰਾ ਧਿਆਨ ਰੱਖੋ ਅਤੇ ਇਹ ਸੋਚੋ ਕਿ ਸਮਾਜ ਨੂੰ ਤੁਹਾਡੀ ਅਜੇ ਬਹੁਤ ਲੋੜ ਹੈ। ਲੋੜਵੰਦਾਂ ਦੀ ਤਨ, ਮਨ, ਧਨ ਨਾਲ ਮਦਦ ਕਰੋ। ਤੁਹਾਡੇ ਪਾਸ ਤਜਰਬਿਆਂ ਦਾ ਖਜ਼ਾਨਾ ਹੈ, ਇਸ ਖਜ਼ਾਨੇ ਦੇ ਹੀਰੇ ਮੋਤੀ ਸਮਾਜ ਨੂੰ ਵੰਡੋ। ਹਾਂ- ਪੱਖੀ ਸੋਚ ਅਪਣਾਓ, ਨਾਂਹ- ਪੱਖੀ ਸੋਚ ਨੂੰ ਨੇੜੇ ਨਾ ਢੁੱਕਣ ਦਿਓ। ਸਾਰੀ ਉਮਰ ਨਵਾਂ ਸਿਖਣ ਦੀ ਆਦਤ ਪਾਓ- ਕਿਉਂਕਿ ਹਰ ਇਨਸਾਨ ਅਧਿਆਪਕ ਵੀ ਹੈ ਤੇ ਵਿਦਿਆਰਥੀ ਵੀ। ਚੰਗੀਆਂ ਕਿਤਾਬਾਂ, ਅਖਬਾਰਾਂ, ਰਸਾਲੇ ਪੜ੍ਹ ਕੇ ਜਾਂ ਰੇਡੀਓ, ਟੀ.ਵੀ ਤੋਂ ਵਧੀਆ ਪ੍ਰੋਗਰਾਮ ਸੁਣ ਕੇ ਆਪਣੇ ਗਿਆਨ ਵਿਚ ਵਾਧਾ ਕਰਦੇ ਰਹੋ ਕਿਉਕਿ ਗਿਆਨ ਦੀ ਕੋਈ ਸੀਮਾ ਨਹੀਂ ਹੁੰਦੀ। ਪੁਸਤਕਾਂ ਨਾਲ ਦੋਸਤੀ ਪਾਓ- ਇਹ ਕਦੇ ਧੋਖਾ ਨਹੀਂ ਦਿੰਦੀਆਂ। ਜਦੋਂ ਵੀ ਮਨ ਉਦਾਸ ਹੋਵੇ ਜਾਂ ਇਕੱਲਾਪਨ ਮਹਿਸੂਸ ਹੋਵੇ ਤਾਂ ਆਪਣੇ ਸ਼ੌਕ ਮੁਤਾਬਕ ਕੋਈ ਧਾਰਮਿਕ ਜਾਂ ਸਾਹਿਤਕ ਪੁਸਤਕ ਪੜ੍ਹਨੀ ਸ਼ੁਰੂ ਕਰ ਦੇਵੋ- ਮਨ ਚੜ੍ਹਦੀ ਕਲਾ ਵਿੱਚ ਆ ਜਾਏਗਾ।
ਮੰਨ ਲਵੋ ਕਿ ਤੁਸੀਂ ਪਰਿਵਾਰ ਵਿਚ ਰਹਿੰਦੇ ਹੋ ਤਾਂ ਬੱਚਿਆਂ ਨੂੰ ਬਿਨ ਮੰਗੇ ਆਪਣੀ ਸਲਾਹ ਨਾ ਦਿਓ, ਉਹਨਾਂ ਨੂੰ ਆਪਣੇ ਫੈਸਲੇ ਖ਼ੁਦ ਕਰਨ ਦਿਓ ਕਿਉਂਕਿ ਅੱਜਕਲ ਦੇ ਬੱਚੇ ਵੱਡਿਆਂ ਤੋਂ ਸਿੱਖਣ ਦੀ ਬਜਾਏ, ਆਪਣੀਆਂ ਗਲਤੀਆਂ ਤੋਂ ਸਿੱਖਣਾ ਬੇਹਤਰ ਸਮਝਦੇ ਹਨ। ਸੋ ਤੁਸੀਂ ਉਨ੍ਹਾਂ ਦਾ ਫਿਕਰ ਛੱਡ ਕੇ, ਆਪਣੇ ਆਪ ਨੂੰ ਸਵੈ-ਨਿਰਭਰ ਬਣਾਓ। ਜੇ ਕੰਪਿਊਟਰ ਨਹੀਂ ਅਉਂਦਾ ਤਾਂ ਸਿੱਖ ਲਵੋ, ਆਪਣੇ ਹਾਣ ਦੀਆਂ ਨਾਲ ਦੋਸਤੀ ਵਧਾਓ। ਪਰਿਵਾਰ ਦੇ ਮੈਬਰਾਂ ਤੋਂ ਜਿਆਦਾ ਆਸ ਨਾ ਰੱਖੋ, ਕਿਉਕਿ ਵੱਡੀਆਂ ਲਾਈਆਂ ਆਸਾਂ ਹੀ ਸਾਡੇ ਦੁੱਖਾਂ ਦਾ ਕਾਰਨ ਬਣਦੀਆਂ ਹਨ। ਗੁਰਬਾਣੀ ਅਨੁਸਾਰ ਪੰਜਾਂ ਵਿਕਾਰਾਂ ਤੇ ਹਮੇਸ਼ਾ ਕਾਬੂ ਪਾ ਕੇ ਰੱਖੋ ਤੇ ਕਦੇ ਵੀ ਆਪਣੇ ਆਪ ਨੂੰ ਇਕੱਲੇ ਨਾ ਸਮਝੋ, ਪ੍ਰਮਾਤਮਾਂ ਤੁਹਾਡੇ ਅੰਗ-ਸੰਗ ਹੈ।
ਵਿਦੇਸ਼ਾਂ ਵਿੱਚ ਬਜ਼ੁਰਗਾਂ ਲਈ ਬਹੁਤ ਸਹੂਲਤਾਂ ਹਨ। ਫਰੀ ਵਰਗੇ ਬੱਸ ਪਾਸ, ਸੇਹਤ ਸਹੂਲਤਾਂ ਆਦਿ ਤੋਂ ਇਲਾਵਾ ਜੋ ਸੀਨੀਅਰ ਸੈਂਟਰ ਹਨ, ਉਹ ਵਰਦਾਨ ਹਨ ਬਜ਼ੁਰਗਾਂ ਲਈ। ਉਥੇ ਸਭ ਨੂੰ ਆਪੋ ਆਪਣਾ ਹਾਣ ਵੀ ਮਿਲਦਾ ਹੈ, ਤੇ ਕੁਝ ਨਵਾਂ ਸਿੱਖਣ ਦੀਆਂ ਸਹੂਲਤਾਂ ਵੀ ਹਨ। ਇਸ ਤੋਂ ਇਲਾਵਾ ਜੋ ਰੂਹ ਨੂੰ ਤਾਜ਼ਗੀ ਮਿਲਦੀ ਹੈ, ਉਹ ਤਾਂ ਇਕੱਲਾਪਨ ਮਹਿਸੂਸ ਹੀ ਨਹੀਂ ਹੋਣ ਦਿੰਦੀ। ਉਥੇ ਤਾਂ ਸਭ ਬਜ਼ੁਰਗ ਜਵਾਨ ਦਿਖਾਈ ਦਿੰਦੇ ਹਨ।
ਸਾਡੇ ਸਾਹਮਣੇ ਇਸ ਤਰ੍ਹਾਂ ਦੇ ਇਨਸਾਨਾਂ ਦੀਆਂ ਕਈ ਉਦਾਹਰਣਾ ਹਨ, ਜਿਹਨਾਂ ਨੇ ਇਸ ਉਮਰ ਵਿਚ ਕਈ ਮਾਅਰਕੇ ਮਾਰ ਕੇ ਆਪਣੀ ਇਕ ਨਿਵੇਕਲੀ ਪਛਾਣ ਬਣਾਈ ਹੋਈ ਹੈ। ਲੁਧਿਆਣੇ ਦੇ ਬਜ਼ੁਰਗ ਸਾਹਿਤਕਾਰ ਤੇਗ ਬਹਾਦੁਰ ਸਿੰਘ ਤੇਗ ਜੀ ਨੇ, ੮੦ ਸਾਲ ਦੀ ਉਮਰ ਵਿੱਚ, ਤੀਸਰੀ ਐਮ.ਏ. ਅੰਗਰੇਜ਼ੀ ਦੀ ਕਰ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਸਿੱਖਣ ਪੜ੍ਹਨ ਦੀ ਕੋਈ ਨਿਸ਼ਚਿਤ ਉਮਰ ਨਹੀਂ ਹੁੰਦੀ, ਅਜੇ ਹੁਣ ਉਹ ਪੀ.ਐਚ.ਡੀ. ਕਰਨ ਦੀ ਵੀ ਸੋਚ ਰਹੇ ਹਨ।ਉਹਨਾਂ ਦੀਆਂ ੬ ਕਿਤਾਬਾਂ ਦਾ ਸੈੱਟ ਇਕੱਠਾ ਛਪਿਆ ਹੈ ਅਤੇ ਅਜੇ ਹੋਰ ਲਿਖ ਰਹੇ ਹਨ। ਇਸੇ ਤਰ੍ਹਾਂ ਸਰਦਾਰ ਪੰਛੀ ਜੀ ਵੀ ਨਾਮਵਰ ਸ਼ਾਇਰ ਹਨ- ਪੰਜਾਬੀ, ਹਿੰਦੀ, ਉਰਦੂ ਦੇ, ੭੭ ਵਰ੍ਹਿਆਂ ਦੇ ਹੋ ਕੇ ਵੀ ਉਹ ਬਹੁਤ ਜ਼ਿੰਦਾ ਦਿੱਲ ਇਨਸਾਨ ਹਨ। ਉਹਨਾਂ ਦੀਆਂ ੨੨ ਕਿਤਾਬਾਂ ਛਪ ਚੁੱਕੀਆਂ ਹਨ ਅਤੇ ਪੰਜ ਛਪਾਈ ਅਧੀਨ ਹਨ। ਆਪਣੀ ਸਵੈ ਜੀਵਨੀ ਲਿਖ ਰਹੇ ਹਨ ਅਤੇ ਬਹੁਤ ਸਾਰੇ ਮੁੰਡੇ ਕੁੜੀਆਂ ਉਹਨਾਂ ਦੇ ਸ਼ਗਿਰਦ ਵੀ ਹਨ ਜੋ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਨ।ਅਜੇ ਵੀ ਉਹ ਦੇਸ਼ਾਂ-ਵਿਦੇਸ਼ਾਂ ਵਿੱਚ ਮੁਸ਼ਹਰਿਆਂ ਤੇ ਜਾ ਕੇ ਪੂਰੀ ਚੜ੍ਹਦੀ ਕਲਾ ਵਿੱਚ ਜਦੋਂ ਗਾ ਕੇ ਆਪਣੀ ਗਜ਼ਲ ਸੁਣਾਉਂਦੇ ਹਨ ਤਾਂ ਹਾਲ ਤਾੜੀਆਂ ਨਾਲ ਗੂੰਜ ਉਠਦੇ ਹਨ।
ਏਸੇ ਤਰ੍ਹਾਂ, ਚਮਨ ਹਰਗੋਬਿੰਦਪੁਰੀ ੭੯ ਵਰ੍ਹਿਆਂ ਦੇ ਹੋ ਕੇ, ਅੱਜ ਵੀ ਹਾਸ-ਰਸ ਦੇ ਬਾਦਸ਼ਾਹ ਮੰਨੇ ਜਾਂਦੇ ਹਨ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਧਾਰਮਿਕ ਸਟੇਜਾਂ ਤੇ ਲੋਕਾਂ ਦੇ ਹਰਮਨ ਪਿਆਰੇ ਕਵੀ ਹਨ। ਕਲਪਨਾ ਚਾਵਲਾ ਦੇ ਪਿਤਾ ਜੀ, ਬੀ. ਐਲ. ਚਾਵਲਾ ਨੇ ਵੀ ਕਰਨਾਲ (ਹਰਿਆਣਾ) ਵਿਖੇ ਆਪਣੇ ਬਿਜ਼ਨੈਸ ਤੋਂ ਇਲਾਵਾ ਲੋੜਵੰਦ ਬੱਚਿਆਂ ਲਈ ਬਹੁਤ ਸਾਰੇ ਫਰੀ ਕੋਰਸਾਂ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ, ਤੇ ਸ਼ਾਇਦ ਇਹਨਾਂ ਸਮਾਜ ਸੇਵੀ ਕੰਮਾਂ ਕਾਰਨ ਹੀ ਉਹ ੮੨ ਸਾਲ ਦੇ ਹੋ ਕੇ ਵੀ ੨੮ ਸਾਲ ਦੇ ਨੌਜਵਾਨਾਂ ਵਾਂਗ ਤੰਦਰੁਸਤ ਹਨ। ਇਸੇ ਤਰ੍ਹਾਂ ਲਤਾ ਮੰਗੇਸ਼ਕਰ ਅਤੇ ਆਸ਼ਾ ਭੌਂਸਲੇ ਭੈਣਾਂ ਨੇ ੮੧ ਅਤੇ ੭੭ ਸਾਲ ਦੀਆਂ ਹੋ ਕੇ ਵੀ, ਆਪਣੀ ਸੁਰੀਲੀ ਆਵਾਜ਼ ਕਾਰਨ, ਹਰ ਇੱਕ ਦਾ ਦਿੱਲ ਅੱਜ ਤੱਕ ਮੋਹ ਰੱਖਿਆ ਹੈ।
ਨਾਵਲਕਾਰ ਜਸਵੰਤ ਸਿੰਘ ਕੰਵਲ ਨੂੰ ਕੌਣ ਨਹੀਂ ਜਾਣਦਾ? ਜੋ ੯੨ ਸਾਲ ਦੇ ਹੋ ਕੇ ਵੀ ਸਰੀਰਕ ਤੇ ਮਾਨਸਿਕ ਪੱਖੋਂ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਜਦੋਂ ਪੰਜਾਬੀ ਭਵਨ ਲੁਧਿਆਣਾ ਵਿਖੇ, ਸਮਾਗਮਾਂ ਤੇ ਆਉਂਦੇ ਹਨ ਤਾਂ ਸਾਡੇ ਵਰਗੇ ਮਮੂਲੀ ਸ਼ਾਇਰਾਂ ਦੇ ਚੰਗੇ ਸ਼ੇਅਰਾਂ ਦੀ ਵੀ ਖੁੱਲ੍ਹ ਕੇ ਦਾਦ ਦਿੰਦੇ ਹਨ। ੧੯੩੦ ਦੇ ਜਨਮੇ, ਡਾ. ਸਰਦਾਰਾ ਸਿੰਘ ਜੌਹਲ ਵੀ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਚਾਂਸਲਰ ਹਨ ਅਤੇ ਅਜੇ ਵੀ, ਸਾਹਿਤਕਾਰਾਂ ਦੀਆਂ ਪੁਸਤਕਾਂ ਦੇ ਮੁੱਖ ਬੰਦ ਲਿਖਣ ਤੋਂ ਇਲਾਵਾ, ਖੋਜ ਪੱਤਰ ਵੀ ਲਿਖਦੇ ਰਹਿੰਦੇ ਹਨ ਤੇ ਪੂਰੀ ਕਸਰਤ ਵੀ ਕਰਦੇ ਹਨ। ਕਈ ਬਜ਼ੁਰਗਾਂ ਨੇ ਖੇਡਾਂ ਦੇ ਖੇਤਰ ਵਿੱਚ ਪਿਛਲੀ ਉਮਰੇ ਮੱਲਾਂ ਮਾਰ ਦਿਖਾਈਆਂ ਹਨ। ਫੌਜਾ ਸਿੰਘ ਸਰਦਾਰ ਨੂੰ ਹੀ ਦੇਖ ਲਵੋ- ੧੦੧ ਵਰ੍ਹਿਆਂ ਦੇ ਹੋ ਕੇ ਵੀ, ਦੌੜਾਂ ਵਿੱਚ ਸੋਨ ਤਗਮੇ ਜਿੱਤ ਕੇ ਦੇਸ਼ ਵਿਦੇਸ਼ ਵਿੱਚ ਨਾਮਣਾ ਖੱੱਟਿਆ ਹੈ। ੯੭ ਸਾਲਾਂ ਦੀ, ਚੰਡੀਗੜ੍ਹ ਦੀ ਬੇਬੇ ਮਾਨ ਕੌਰ ਵੀ ਕਿਹੜਾ ਘੱਟ ਹੈ- ਜੋ ਚੀਨ ਦੇ ਸ਼ਹਿਰ ਤਾਈਫਾਈ 'ਚ ਹੋਈ ੧੦੦ ਮੀਟਰ ਦੀ ਦੌੜ ਵਿੱਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਉਣ ਤੋਂ ਬਾਅਦ, ਹੁਣ ਐਬਟਸਫੋਰਡ ਵਿੱਚ ਵੀ ਦੌੜਾਂ ਵਿੱਚ ਕਈ ਤਗਮੇ ਜਿੱਤ ਚੁੱਕੀ ਹੈ।
ਗੱਲ ਕੀ- ਹਰ ਖੇਤਰ 'ਚੋਂ ਇਸ ਤਰ੍ਹਾਂ ਦੀਆਂ ਮਿਸਾਲਾਂ ਮਿਲ ਸਕਦੀਆਂ ਹਨ, ਜਿਹਨਾਂ ਨੇ ਆਪਣੇ ਟੇਲੈਂਟ ਨਾਲ, ਸਮਾਜ ਵਿਚ ਇੱਕ ਵੱਖਰੀ ਪਹਿਚਾਣ ਬਣਾ ਕੇ, ਆਪਣੇ ਆਪ ਨੂੰ ਘਰੇਲੂ ਪ੍ਰੇਸ਼ਾਨੀਆਂ ਤੋਂ ਮੁਕਤ ਕਰ ਲਿਆ ਹੈ। ਇਹਨਾਂ ਬਜ਼ੁਰਗ ਔਰਤਾਂ ਤੇ ਮਰਦਾਂ ਨੇ, ਪ੍ਰੋ. ਮੋਹਨ ਸਿੰਘ ਦੀਆਂ ਸਤਰਾਂ ਨੂੰ ਸੱਚਮੁੱਚ ਸਾਰਥਕ ਕਰ ਦਿਖਾਇਆ ਹੈ:
"ਸਾਹ ਲੈ ਮੌਤੇ ਕਾਹਲੀਏ, ਮੈਂ ਅਜੇ ਨਾ ਵਿਹਲੀ"
ਸੋ ਸਾਥੀਓ- ਆਓ ਆਪਣੇ ਦਿੱਲ ਦੇ ਬੂਹੇ ਬਾਰੀਆਂ ਖੋਹਲ ਕੇ, ਆਪਣੇ ਸਮਾਜਿਕ ਦਾਇਰੇ ਨੂੰ ਵਧਾ ਕੇ, ਸਾਰੀ ਦੁਨੀਆਂ ਨੂੰ ਆਪਣੇ ਕਲਾਵੇ ਵਿੱਚ ਲੈ ਲਈਏ, ਤਾਂ ਕਿ ਇਕੱਲਾਪਨ ਕਦੇ ਭੁੱਲ ਕੇ ਵੀ ਸਾਡੇ ਨੇੜੇ ਨਾ ਢੁੱਕੇ।