ਕੋਮਲ ਬੜੀ ਹੀ ਕੋਮਲ ਅਤੇ ਸ਼ਾਂਤ ਚਿੱਤ, ਹਰ ਵਿਸ਼ੇ ਬਾਰੇ ਚਿੰਤਕ ਖਿਚ ਰੱਖਣ ਵਾਲੀ ਨੰਨੀ ਮੁੰਨੀ ਕੰਜਕ ਮੇਰੀ ਸਤਵੀਂ ਕਲਾਸ ਦੀ ਵਿਦਿਆਰਥਣ......ਹਰੇਕ ਗੱਲ ਨੂੰ ਬੜੀ ਗੰਭੀਰ ਅਤੇ ਡੂੰਘਾ ਵਿਚਾਰ ਕੇ ਹਜ਼ਮ ਕਰਨ ਵਾਲੀ, ਆਪਣੇ ਨਿੱਕੇ ਨਿੱਕੇ ਸਵਾਲਾਂ ਨਾਲ ਕਈ ਵਾਰ ਮੈਨੂੰ ਵੀ ਸੋਚਾਂ ਦੇ ਗੇੜ 'ਚ ਗੇੜ ਦਿੰਦੀ। ਸਕੂਲ ਦੇ ਹਰੇਕ ਕੰਮ 'ਚ ਅਵਲ ਰਹਿਣ ਵਾਲੀ ਇਹ ਨੰਨੀ ਛਾਂ ਸਾਰੇ ਅਧਿਆਪਕਾਂ ਦੀ ਪਹਿਲੀ ਪਸੰਦ ਹੈ।
ਪੰਜਾਬ ਨੂੰ ਹਰਾ ਭਰਾ ਅਤੇ ਪ੍ਰਦੂਸ਼ਣ ਮੁਕਤ ਬਨਾਉਣ ਲਈ ਚੱਲ ਰਹੇ ਯਤਨਾ ਤਹਿਤ "ਰੁੱਖ ਲਗਾਓ ਜੀਵਨ ਬਚਾਓ " ਅਤੇ "ਹਰ ਕੋਈ ਇੱਕ ਰੁੱਖ ਲਗਾਵੇ " ਆਦਿ ਮੁਹਿਮਾਂ ਸਦਕਾ ਅਤੇ ਧਾਰਮਿਕ aਦਮਾਂ ਸਦਕਾ "ਨੰਨੀ ਛਾਂ" ਤੋਂ ਪ੍ਰੇਰਤ ਹੋ ਕੇ ਅਸੀ ਸਕੂਲ ਵਿਚ ਵਣ ਮਹੋਤਸਵ ਮਨਾਇਆ ਤੇ ਰੁੱਖ ਲਗਾਉਣ ਦੀ ਮੁਹਿੰਮ ਨੂੰ ਅੱਗੇ ਵਧਾਇਆ..... ਸਵੇਰ ਦੀ ਸਭਾ 'ਚ ਮੈਂ ਜਦੋਂ ਆਪਣੇ ਲੈਕਚਰ ਵਿਚ ਰੁੱਖਾਂ ਦੀ ਮਹੱਤਤਾ ਬਾਰੇ ਗੱਲ ਕਰ ਰਹੀ ਸੀ ਤਾਂ ਕੋਮਲ ਦੀ ਸੁੰਣਨ ਖਿੱਚ ਨੂੰ ਮੈਂ ਮਨ ਹੀ ਮਨ ਮਾਪਣ ਦੀ ਕੋਸ਼ਿਸ਼ ਕਰ ਰਹੀ ਸੀ.........
ਸਕੂਲ ਵਿਚ ਮਹੋਤਸਵ ਵਾਲਾ ਆਲਮ ਸੀ....ਵਿਦਿਆਰਥੀ ਅਤੇ ਅਧਿਆਪਕ ਬੜੇ ਉਤਸਾਹ ਨਾਲ ਨਿਸ਼ਚਤ ਥਾਂਵਾਂ 'ਤੇ ਰੁੱਖ ਲਗਾ ਰਹੇ ਸਨ......ਕੋਮਲ ਦੇ ਹਥਾਂ ਵਿਚ ਆਉਣ ਵਾਲੀ ਛਾਂ ਦਾ ਵਾਰਿਸ ਇਕ ਨੰਨਾ ਰੁੱਖ ਸੀ, ਜਿਸਨੂੰ ਦੋਹਾਂ ਹੱਥਾਂ 'ਚ ਚੁੱਕੀ ਉਹ ਮੇਰੇ ਪਿੱਛੇ ਪਿੱਛੇ ਆ ਰਹੀ ਸੀ.....ਉਸ ਨੂੰ ਇਸਤਰਾਂ ਵੇਖ ਕੇ ਮੇਰੀ ਕਲਪਨਾ ਕਵਿਤਾ ਤੋਂ ਸ਼ਬਦ ਮੰਗਣ ਲੱਗੀ.....ਜਿਵੇਂ ਆਉਣ ਵਾਲੇ ਯੁੱਗ ਦੀਆਂ ਦੋ ਮਾਂਵਾਂ ਠੰਡੀਆਂ ਛਾਂਵਾਂ ਦਾ ਪੁਰਵ-ਮਿਲਣ ਹੋ ਰਿਹਾ ਹੋਵੇ.......
ਮੈਡਮ ਜੀ! ਇਹਨਾਂ ਬੂੱਟਿਆਂ ਦੀ ਰੇਖ-ਦੇਖ ਕੌਣ ਕਰੇਗਾ?
ਇਹਨਾਂ ਨੂੰ ਪਾਣੀ, ਗੋਡੀ ਕਰਨੀ ਪੈਣੀ.......ਸਾਡੇ ਸਕੂਲੇ ਤਾਂ ਮਾਲੀ ਵੀ ਨਹੀ.....?
ਇਹ ਪਲ ਵੀ ਜਾਣਗੇ....?
ਉਸਦੇ ਨੰਨੇ ਮੁੰਨੇ ਪ੍ਰਸ਼ਨ ਅਕਸਰ ਸੋਚਣ 'ਤੇ ਮਜ਼ਬੂਰ ਕਰ ਜਾਂਦੇ....
ਬੱਚੇ! ਇਸ ਨੂੰ ਪਾਣੀ ਤੇ ਗੋਡੀ ਅਸੀ ਸਾਰੇ ਦੇਆਂਗੇ....
ਪਰ, ਮੈਡਮ ਜੀ! ਛੁੱਟੀਆਂ 'ਚ....?
ਮੈਂ ਵਾਕਿਆ ਹੀ ਨਿਰਉੱਤਰ ਸਾਂ......ਮੈਂ ਉਸ ਵੱਲ ਗਹੂ (ਗੌਰ) ਨਾਲ ਵੇਖਿਆ....aਸਦਾ ਧਿਆਨ ਹੁਣ ਦੂਜੇ ਵਿਦਿਆਰਥੀਆਂ ਦੇ ਬੂੱਟਿਆਂ ਵੱਲ ਸੀ।
ਸਹੀ ਗੱਲ ਹੈ ਕਿ ਰੁੱਖ ਲਗਾਉਣੇ ਤਾਂ ਸੌਖੇ ਹਨ ਪਰ ਇਹਨਾਂ ਦੀ ਸਾਂਭ-ਸੰਭਾਲ ਔਖੀ ਹੈ, ਮੁੰਹਿਮ ਕੋਈ ਵੀ ਹੋਵੇ ਜੇ ਉਸਦੀ ਪੈਰਵਾਹੀ ਨਹੀਂ ਤਾਂ ਮੇਰੀ ਸਮਝ ਅਨੁਸਾਰ ਅੱਗਾ ਦੌੜ ਪਿੱਛਾ ਚੌੜ ਵਾਲੀ ਗੱਲ ਹੈ......ਕੋਮਲ ਦੇ ਇਹਨਾਂ ਸਹਿਜ ਪ੍ਰਸ਼ਨਾ 'ਚ ਕਿੰਨੀ ਵੱਡੀ ਜਿੰਮੇਵਾਰੀ ਦਾ ਅਹਿਸਾਸ ਹੈ ਜੋ ਜ਼ਿੰਦਗੀ ਦੇ ਫਲ਼ਸਫੇ ਨੂੰ ਸਮਝਣ ਲਈ ਸਹਾਈ ਹੈ......ਉਸਦੇ ਸਵਾਲਾਂ ਨੇ ਮੇਰੇ ਅੰਦਰ ਕਈ ਵਲਵਲੇ ਛੇੜੇ....
ਕੁਝ ਗਜ਼ਟਡ ਛੁੱਟੀਆਂ ਤੋਂ ਬਾਅਦ ਸਕੂਲ ਲੱਗਾ। ਸਵੇਰ ਦੀ ਸਭਾ ਤੋਂ ਬਾਅਦ ਹਾਉਸ ਅਨੁਸਾਰ ਵੰਡੇ ਪੌਦੇ ਵੇਖਣ ਲਈ ਅਤੇ ਪਾਣੀ ਪਾਉਣ ਲਈ ਦਸ ਮਿੰਟ ਦਿੱਤੇ ਗਏ.....ਕਲਾਸਾਂ ਲੱਗ ਗਈਆਂ। ਵਾਤਾਵਰਣ ਸ਼ਾਂਤ ਤੇ ਅਨੁਸ਼ਾਸਨ ਬਰਕਰਾਰ ਸੀ। ਹਾਜ਼ਰੀ ਲਾਉਣ ਤੋਂ ਬਾਅਦ ਮੈਂ ਸਾਰੇ ਬੱਚਿਆਂ 'ਤੇ ਝਾਤ ਮਾਰੀ ......ਕੋਮਲ ਮੈਨੂੰ ਸੁਸਤ, ਉਨੀਂਦਰੀ ਤੇ ਥੱਕੀ ਜਿਹੀ ਲੱਗੀ। ਪਰੇਸ਼ਾਨੀ ਦਾ ਆਲਮ ਅਗਲੇ ਦਿਨ ਵੀ ਉਸਦੇ ਮੁੱਖ 'ਤੇ ਸਾ/ ਝਲਕ ਰਿਹਾ ਸੀ.....ਪੜਾਈ ਵਿਚ ਹਰ ਵੇਲੇ ਧਿਆਨ ਦੇਣ ਵਾਲੀ ਅਤੇ ਅਧਿਆਪਕਾਂ ਨਾਲ ਆਤਮਵਿਸ਼ਵਾਸ ਨਾਲ ਗੱਲ ਕਰਨ ਵਾਲੀ ਇਸ ਵਿਦਿਆਰਥਣ ਦੀ ਝੁੱਪੀ ਅਤੇ ਪਰੇਸ਼ਾਨੀ ਨੇ ਮੈਨੁੰ ਵੀ ਪਰੇਸ਼ਾਨੀ 'ਚ ਪਾ ਦਿੱਤਾ..........ਅਸੀ ਸਰਕਾਰੀ ਅਧਿਆਪਕ ਇਹ ਗੱਲ ਤਾਂ ਭਲੀਭਾਂਤ ਜਾਣਦੇ ਹਾਂ ਕਿ ਇਹਨਾਂ ਸਕੂਲਾਂ ਵਿਚ ਬਹੁਗਿਣਤੀ ਬੱਚੇ ਕਿਹੜੀਆਂ ਕਿਹੜੀਆਂ ਸਮਸਿਆਵਾਂ ਨਾਲ ਲੜਦੇ-ਘੁਲਦੇ ਸਕੂਲ ਦੀਆਂ ਦਹਲੀਜਾਂ ਤੱਕ ਪੁਜਦੇ ਹਨ.....
ਪਰ ਕੋਮਲ.....!...? ਮੇਰੇ ਦਿਮਾਗ ਵਿਚ ਕਈ ਸ਼ੰਕੇ ਅਤੇ ਪ੍ਰਸ਼ਨ ਘਰ ਕਰਨ ਲੱਗੇ....... ਕਿਦਰੇ ! ਕੁੜੀਆਂ ਨਾਲ ਵਿਤਕਰਾ.....ਬਾਲ ਸ਼ੋਸ਼ਣ....ਬਾਲ ਕਿਰਤ ਅਤੇ ਘਰਾਂ 'ਚ ਨਸ਼ੇ, ਮਾਂ ਪਿਓ ਦੇ ਆਪਸੀ ਝਗੜੇ , ਗ਼ੁਰਬਤ ਅਤੇ ਘਰਾਂ ਦਾ ਅਣਸੁਖਾਵਾਂ ਵਾਪਰਦਾ ਸੋਚ ਕੇ ਮੇਰਾ ਦਿਲ ਦਿਹਲ ਜਾਂਦਾ....!
ਮੈਂ ਹਰ ਹੀਲੇ ਉਸਦੀ ਪਹਿਲਾਂ ਵਾਲੀ ਸਿੱਖਣ ਖਿੱਚ ਨੂੰ ਤਾਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਕੋਈ ਲਾਭ ਨਾ ਹੋਇਆ। ਸਗੋਂ ਉਸਦੀਆਂ ਗੈਰਹਾਜ਼ਰੀਆਂ ਹੋਰ ਵਧਣ ਲੱਗੀਆਂ....
ਬੱਚਿਓ ! ਘਰ ਵਿਚ ਆਪਣੇ ਭੇਣ ਭਰਾਵਾਂ ਨਾਲੋਂ ਵੱਡਾ ਕੌਣ ਕੌਣ ਹੈ? ਮੈਂ ਕਾਰਨ ਲੱਭਣ ਲਈ ਕੋਸ਼ਿਸ਼ ਜ਼ਾਰੀ ਰੱਖਦਿਆਂ ਕਲਾਸ 'ਚ ਪੱਛਿਆ। ਕੁੱਝ ਵਿਦਿਆਰਥੀਆਂ ਨੇ ਝੱਟ ਹੱਥ ਖੜੇ ਕੀਤੇ.........ਅਤੇ ਘਰ ਵਿੱਚ ਆਪਣੇ ਭੇਣ ਭਰਾਵਾਂ 'ਚ ਨਿੱਕੇ ਕੌਣ ਕੌਣ ਹਨ....? ਕੁੱਝ ਬੱਚਿਆਂ ਹਸਦੇ ਹਸਦੇ ਹੱਥ ਖੜੇ ਕੀਤੇ, ਕੋਮਲ ਨੇ ਵੀ ਹੌਲੀ ਜਿਹੀ ਹੱਥ ਤੇ ਅੱਖਾਂ ਉੱਪਰ ਚੁੱਕਿਆਂ.....ਸ਼ਾਇਦ ਕੁੱਝ ਅੱਥਰੂ ਵੀ ਜ਼ਮੀਨ 'ਤੇ ਕਿਰੇ।
ਮੈਂਨੂੰ ਵਜ਼ਹ ਖਣਕ ਗਈ.....ਮੈਂ ਹੁਣ ਬੇਚੈਨ ਸਾਂ ਕਿ ਇਸ ਹੋਣਹਾਰ ਵਿਦਿਆਰਥਣ ਦੀ ਚੁੱਪੀ ਦਾ ਕਾਰਣ ਲੱਭ ਕੇ ਉਸਨੂੰ ਇਸ ਘੁਟਣ 'ਚੋ ਬਾਹਰ ਕੱਢਿਆ ਜਾਵੇ। ਸਹਪਾਠੀਆਂ ਨੂੰ ਪੁੱਛਣ 'ਤੇ ਪਤਾ ਲੱਗਾ ਕਿ ਘਰ ਵਿਚ ਨੰਹੂ ਸੱਸ ਦਾ ਝਗੜਾ ਹੈ, ਨਵਾਂ ਵਿਆਇਆ ਭਰਾ ਰੋਜ਼ ਸ਼ਰਾਬ ਪੀ ਕੇ ਘਰ ਵਿੱਚ ਖੱਲੜ ਪਾਉਂਦਾ ਹੈ ਅਤੇ ਜੀਆਂ ਦੀ ਮਾਰਕੁੱਟ ਕਰਦਾ ਹੈ.......ਵਜ਼ਹ ਸਾਫ ਹੋ ਚੁੱਕੀ ਸੀ ਕਿ ਬੱਚੀ ਮਾਸੂਮ ਅਤੇ ਕੋਮਲ ਮੰਨ ਹੈ ਅਤੇ ਘਰ ਵਿੱਚ ਆਖਰਾਂ ਦਾ ਕਲੇਸ਼........
ਇਹ ਸੋਚ ਕਿ ਮੇਰਾ ਦਿਲ ਕੰਬ ਗਿਆ ਕਿ ਕਿਤੇ ਸਾਡੇ ਸਮਾਜ ਦੀਆਂ ਇਹਨਾਂ ਕੁਰੀਤੀਆਂ ਕਾਰਣ ਇਹ ਬੱਚੀ ਵੀ ਆਪਣਾ ਭਵਿਖ ਬਲ਼ੀ ਨਾਂ ਚਾੜ ਦੇਵੇ ਅਤੇ ਇਹ ਨੰਨਾ੍ਹ ਪੌਦਾ ਇਹਨਾਂ ਅਣਸੁਖਾਵੀਆਂ ਹਵਾਵਾਂ ਦੇ ਝੱਖੜਾਂ 'ਚ ਲਤਾੜਿਆ ਨਾ ਜਾਵੇ....... ਅਤੇ ਉਹ ਨੰਨ੍ਹੀ ਛਾਂ ਜਿਸਨੇ ਵੱਡੀ ਹੋ ਕੇ ਇਕ ਮਾਂ ਰੁੱਖ ਬਣਨਾ ਹੈ , ਆਪਣੀ ਮਮਤਾ ਦੀ ਛਾਂ ਵੰਡਣੀ ਹੈ......ਕਿਦਰੇ! ਨਹੀ ਨਹੀ....। ਇਹ ਡਰ ਮੇਰੀ ਆਤਮਾ ਨੂੰ ਵਾਰ ਵਾਰ ਝਿੰਜੋੜ ਜਾਂਦਾ।
ਪੀਰੀਅਡ ਤੋਂ ਬਾਅਦ ਮੈਂ ਉਸਨੂੰ ਆਪਣੇ ਕੋਲ ਬੁਲਾਇਆ ਤੇ ਸਾਰੀ ਗੱਲ ਪੁੱਛੀ। ਉਹ ਆਪਣੇ ਅੱਥਰੂਆਂ ਨੂੰ ਰੋਕ ਨਾ ਸਕੀ, ਅੱਥਰੂ ਝਰਨੇ ਵਾਂਗ ਵਹਿਣ ਲੱਗੇ....ਜਿਵੇਂ ਹੀ ਮੈਂ ਉਸਨੂੰ ਚੁੱਪ ਕਰਾਉਣ ਲਈ ਹੱਥ ਲਾਇਆ ਉਸਦੀਆਂ ਭੁਬਾਂ ਨਿਕਲ ਆਈਆਂ, ਉਹ ਮੇਰੇ ਨਾਲ ਝੰਬੜ ਗਈ , ਮੇਰੀ ਹਮਦਰਦੀ ਦਾ ਹੱਥ ਉਸਨੂ ਮਲ੍ਹਮ ਲੱਗਾ, ਮੈਂ ਉਸਦੇ ਸਿਰ 'ਤੇ ਹੱਥ ਫੇਰਿਆ ਤੇ ਅੱਥਰੂ ਪੂੰਝੇ।.......ਪਰ ਉਸਦਾ ਸਾਹ ਰਲ ਨਹੀ ਰਿਹਾ ਸੀ, ਹੱਟਕੋਰੇ ਭਰਦਿਆਂ ਉਸਨੇ ਦੱਸਿਆ, " ਮੇਰੀ ਮੰਮੀ ਮੇਰੀ ਭਾਬੀ ਨੂੰ ਬਹੁਤ ਮਾਰਦੀ ਹੈ, ਗਾਲਾਂ ਕੱਢਦੀ ਤੇ ਜ਼ਬਰਦਸਤੀ ਕੰਮ ਕਰਵਾਉਂਦੀ ਅਤੇ ਦਾਜ ਨਾ ਲਿਆਉਣ ਦੇ ਤਾਨੇ-ਮਿਹਣੇ ਦਿੰਦੀ ਹੈ, ਉਸਨੇ ਡੈਡੀ ਜੀ ਅਤੇ ਭਾਅ ਜੀ ਨੂੰ ਵੀ ਨਾਲ ਰਲਾ ਲਿਆ ਹੈ, ਮੈਨੂੰ ਵੀ ਉਸ ਨਾਲ ਬੋਲਣ ਤੋਂ ਰੋਕਦੇ ਹਨ ਜੇ ਉਹਨਾ ਦੀ ਗੱਲ ਨਹੀ ਮੰਨਦੀ ਤਾਂ ਮੈਨੂੰ ਵੀ........ਹਟਕੋਰਿਆਂ 'ਚ ਡੁਸਕਦੀ ਡੁਸਕਦੀ ਉਹ ਮੇਰੇ ਨਾਲ ਝੰਬੜ ਗਈ ਤੇ ਜੋਰ ਜੋਰ ਨਾਲ ਫਿਰ ਰੋਣ ਲੱਗ ਪਈ......... ਮੈਂ ਉਸਨੂੰ ਚੁੱਪ ਕਰਾਉਣ ਲਈ ਜੱਫੇ 'ਚ ਭਰ ਲਿਆ , ਸਿਰ ਪਲੋਸਿਆ ਤੇ ਸੀਨੇ ਨਾਲ ਲਾ ਲਿਆ। ਮੇਰੇ ਅੱਥਰੂ ਰੋਕਿਆਂ ਵੀ ਨਾ ਰੁਕ ਰਹੇ ਸਨ ਅਤੇ ਦਿਮਾਗ 'ਚ ਇਸ ਬੇਕਿਰਕੇ ਕੁਰੀਤਕ ਸਮਾਜ ਖਿਲਾਫ ਵਿਚਾਰਾਂ ਦਾ ਸੁਨਾਮੀ ਹੜ ਉਛਾਲੇ ਮਾਰ ਰਿਹਾ ਸੀ