ਕਿਸਮਤ
ਇਕ ਸੜਕ ਛਾਪ ਜੋਤਸ਼ੀ ਜੋ ਇਕ ਰੋੜਿਆ ਦੀ ਲਗਾਈ ਚੋਰਸ ਢੇਰੀ ਉਪਰ ਆਪਣਾ ਕੱਪੜਾ ਵਿਛਾਈ ਜੰਤਰੀ ਲਈ ਬੈਠਾ ਸੀ। ਉਸ ਨੇ ਇਕ ਤੁਰੇ ਜਾਂਦੇ ਗਰੀਬ ਜਿਹੇ ਰਾਹੀ ਨੂੰ ਆਵਾਜ਼ ਦੇ ਕੇ ਪ੍ਰੇਰਿਤ ਕੀਤਾ, ਭਗਤਾ ਆਪਣੀ ਕਿਸਮਤ ਠੀਕ ਕਰਵਾ ਲੈ। ਰਾਹੀ ਨੇ ਕਿਹਾ 'ਜੋਤਸ਼ੀ ਜੀ ਮੇਰੀ ਕਿਸਮਤ ਤਾਂ ਠੀਕ ਹੈ, ਤੁਸੀ ਆਪਣੀ ਤਾਂ ਕਿਸਮਤ ਠੀਕ ਕਰ ਲਵੋ, ਧੁੱਪੇ ਰੋੜਿਆਂ ਦੇ ਢੇਰ ਤੇ ਬੈਠੇ ਕਿੰਨੇ ਕਸ਼ਟ ਝਲ ਰਹੇ ਹੋ।' ਜੋਤਸ਼ੀ ਚੁੱਪ ਹੋ ਗਿਆ ਤੇ ਰਾਹੀ ਆਪਣੇ ਰਾਹ ਚਲਾ ਗਿਆ।
ਮਸੀਤ
ਚਰਨਦਾਸ ਚੁਪ ਚਾਪ ਸਵੇਰੇ ਸਵੇਰੇ ਦੁਕਾਨ ਦਾ ਦਰਵਾਜ਼ਾ ਖੋਲ੍ਹੀ ਬੈਠਾ ਸੀ। ਮੈਂ ਕਿਤੇ ਬਾਹਰ ਜਾਣਾ ਸੀ। ਉਸ ਦਾ ਸਵ: ਪਿਤਾ ਮੇਰਾ ਦੋਸਤ ਸੀ। ਸੋਚਿਆਂ ਕਿ ਬੱਚੇ ਦਾ ਹਾਲ ਚਾਲ ਪੁੱਛ ਲਵਾਂ। ਜਦੋਂ ਮੈਂ ਚਰਨਦਾਸ ਨੂੰ ਹਾਲ ਚਾਲ ਪੁੱਛਿਆ ਤਾਂ ਉਸ ਨੇ ਕਿਹਾ ਠੀਕ ਹੀ ਹੈ ਜੀ। ਮੈਂ ਫਿਰ ਕਿਹਾ ਕੋਈ ਹੋਰ ਤਾਂ ਗੱਲ ਕਾਰਨ ਨਹੀਂ ਅਤੇ ਦੁਕਾਨ ਤੇ ਵੀ ਮੰਦਾ ਜਿਹਾ ਲੱਗ ਰਿਹਾ ਹੈ। ਉਸਨੇ ਕਿਹਾ ਹੋਰ ਤਾਂ ਕੋਈ ਗੱਲ ਨਹੀਂ, ਬਸ ਇਕ ਥੋੜੀ ਜਿਹੀ ਰੁਕਾਵਟ ਹੈ। ਮੈਂ ਕਿਹਾ ਕਿਹੋ ਜਿਹੀ ਰੁਕਾਵਟ ਤਾਂ ਉਸ ਨੇ ਕਿਹਾ ਕਿ ਸਾਡੀ ਦੁਕਾਨ ਨਾਲ ਮਸੀਤ ਲੱਗਦੀ ਹੈ, ਮਸੀਤ ਦਾ ਕੁਝ ਹਿੱਸਾ ਸਾਡੀ ਦੁਕਾਨ ਵਿਚ ਆ ਗਿਆ ਹੈ। ਜਿਸ ਕਾਰਨ ਸਾਡਾ ਕਾਰੋਬਾਰ ਵੱਧਦਾ ਨਹੀਂ ਹੈ। ਮੈਂ ਸੁਣਕੇ ਬਸ ਲੈਣ ਲਈ ਅੱਡੇ ਵੱਲ ਚਲਾ ਗਿਆ।