ਨੂੰਹਾਂ ਚੰਗੀਆਂ ਨਹੀਂ, ਧੀਆਂ ਮੰਦੀਆਂ ਨਹੀਂ
(ਲੇਖ )
ਇਹੀ ਵਿਚਾਰ ਹੁੰਦਾ ਹੈ ਸਾਡਾ ਸਭ ਦਾ।ਆਪਣੀਆਂ ਧੀਆਂ ਸਾਨੂੰ ਹਮੇਸ਼ਾਂ ਹੀ ਚੰਗੀਆਂ ਲਗਦੀਆਂ ਹਨ।ਉਹ ਭਾਵੇਂ ਬੇਅਕਲ ਹੀ ਕਿਉਂ ਨਾ ਹੋਣ, ਸਾਨੂੰ ਗੁਣਾਂ ਦੀ ਖਾਨ ਲਗਦੀਆਂ ਹਨ।ਉਨ੍ਹਾਂ ਵਰਗੀ ਸਾਨੂੰ ਕੋਈ ਹੋਰ ਕੁੜੀ ਲਗਦੀ ਹੀ ਨਹੀਂ।ਪਰ ਦੂਜੇ ਪਾਸੇ ਨੂੰਹ ਲੱਖ ਚੰਗੀ ਹੋਵੇ,ਉਸ ਵਿਚ ਸਾਨੂੰ ਹਮੇਸ਼ਾਂ ਦੋਸ਼ ਹੀ ਨਜ਼ਰੀਂ ਪੈਂਦੇ ਹਨ।ਅਸੀਂ ਭੁੱਲ ਜਾਂਦੇ ਹਾਂ ਕਿ ਸਾਡੀ ਧੀ ਨੇ ਵੀ ਭਵਿੱਖ ਵਿੱਚ ਕਿਸੇ ਦੀ ਨੂੰਹ ਬਣਨਾ ਹੈ, ਉਸਨੂੰ ਵੀ ਜੇ ਸਹੁਰੇ ਪਰਿਵਾਰ ਵਿਚ ਕੋਸਿਆ ਜਾਵੇ ਤਾਂ ਕੀ ਸਾਨੂੰ ਇਹ ਗੱਲ ਚੰਗੀ ਲੱਗੇਗੀ? ਨਹੀਂ ਨਾ? ਤਾਂ ਫਿਰ ਸਾਡੀ ਸੋਚ ਵਿਚ ਨੂੰਹ ਅਤੇ ਧੀ ਪ੍ਰਤੀ ਰਵਈਏ ਵਿਚ ਵਿਤਕਰਾ ਕਿਉਂ।
ਅਸੀਂ ਔਰਤਾਂ ਹੀ ਤਾਂ ਔਰਤ ਪ੍ਰਤੀ ਗਲਤ ਧਾਰਨਾਵਾਂ ਬਣਾ ਕੇ ਚੰਗੇ ਭਲੇ ਪਰਿਵਾਰ ਦੇ ਸੁਖਾਵੇਂ ਮਾਹੋਲ ਨੂੰ ਨਰਕ ਜਿਹਾ ਭੈੜਾ ਬਣਾ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੰਦੀਆਂ।ਮੈਂ ਵੀ ਔਰਤ ਹਾਂ, ਧੀਆ-ਪੁੱਤਾਂ ਦੀ ਮਾਂ ਬਣ ਚੁੱਕੀ ਹਾਂ। ਮੈਂ ਵੀ ਕਿਸੇ ਦੀ ਧੀ ਹੋਣ ਦੇ ਨਾਲ ਨਾਲ ਕਿਸੇ ਦੀ ਨੂੰਹ ਵੀ ਹਾਂ।ਅੱਜ ਸਮੇਂ ਦੀ ਚਲਦੀ ਚੱਕੀ ਵਿਚ ਉਮਰ ਦੇ ਉਸ ਦੌਰ ਵਿਚ ਪਹੁੰਚ ਚੁੱਕੀ ਹਾਂ, ਜਿਸ ਨੂੰ ਜ਼ਮਾਨਾ ਮਾਂ ਦੇ ਨਾਂ ਨਾਲ ਘੱਟ ਪਰ ਸੱਸ ਦੇ ਨਾਂ ਨਾਲ ਵਧੇਰੇ ਜਾਣਦਾ ਹੈ।ਉਹ ਹਸਤੀ ਜਿਸ ਨਾਲ ਨੂੰਹ ਹੋਣ ਕਰਕੇ ਖ਼ਬਰੇ ਕਿੰਨੇ ਕੂ ਵਿਤਕਰੇ ਹੋਏ ਹੋਣਗੇ, ਕਿੰਨੇ ਕੂ ਇਲਜਾਮ ਲੱਗੇ ਹੋਣਗੇ ਕਿ ਉਸਨੇ ਇਕ ਮਾਂ ਤੋਂ ਉਸਦਾ ਪੁੱਤ ਖੋਹ ਕੇ ਤੇ ਉਸਨੂੰ ਆਪਣੇ ਮੋਹਜਾਲ ਵਿਚ ਫਸਾ ਕੇ ਬਾਕੀ ਪਰਿਵਾਰ ਤੋਂ ਦੂਰ ਕਰ ਦਿੱਤਾ ਹੈ।ਕੀ ਉਸਨੇ ਸੱਚਮੁੱਚ ਅਜਿਹਾ ਕੁਝ ਕੀਤਾ ਹੈ, ਜੇ ਇਕ ਮਾਂ ਜੋ ਸੱਸ ਦੇ ਰੂਪ ਵਿਚ ਵਿਚਰ ਰਹੀ ਹੈ, ਉਹ ਇਮਾਨਦਾਰੀ ਨਾਲ ਆਪਣੇ ਅਤੀਤ ਵੱਲ੍ਹ ਝਾਤੀ ਮਾਰੇ ਤਾਂ ਸੋਖਿਆਂ ਹੀ ਜਵਾਬ ਦੇ ਸਕਦੀ ਹੈ ਕਦੇ ਉਸ ਉੱਤੇ ਵੀ ਅਜਿਹੇ ਇਲਜਾਮਾਂ ਦੀ ਝੜੀ ਲੱਗੀ ਹੋਵੇਗੀ।ਕਿੰਨੀ ਕੂ ਸਚਾਈ ਸੀ ਇਨ੍ਹਾਂ ਤੋਹਮਤਾਂ ਵਿੱਚ?
ਇਸ ਸਭ ਕਾਸੇ ਦੇ ਜਵਾਬ ਭਾਲਣ ਲਈ ਨਿਰਪੱਖ ਸੋਚ ਦਾ ਸਹਾਰਾ ਲੈਣਾ ਪਵੇਗਾ ਤਾਂ ਹੀ ਦੁੱਧ ਦੇ ਦੁੱਧ ਤੇ ਪਾਣੀ ਦੇ ਪਾਣੀ ਹੋ ਸਕਦਾ ਹੈ।ਆਪਣਾ ਖੂਣ ਤਾਂ ਹਰ ਕਿਸੇ ਨੂੰ ਪਵਿੱਤਰ ਲਗਦਾ ਹੈ।ਆਪਣਿਆਂ ਵਿਚ ਤਾਂ ਨੁਕਸ ਕਦੇ ਵੀ ਨਹੀਂ ਨਜ਼ਰੀਂ ਪੈਂਦੇ।ਆਪਣੇ ਆਪ ਨੂੰ ਤਾਂ ਅਸੀਂ ਹਮੇਸਾਂ ਹੀ ਠੀਕ ਸਮਝਦੇ ਹਾਂ।ਦੁਨੀਆਂ ਦੇ ਸਭ ਤੋਂ ਵੱਡੇ ਤੀਸ-ਮਾਰ-ਖਾਂ।ਮਜ਼ਾ ਤਾਂ,ਉਦੋਂ ਆਉਂਦਾ ਹੈ ਜਦੋਂ ਇਹੀ ਵਿਚਾਰ ਕੋਈ ਦੂਸਰਾ ਵੀ ਸਾਡੇ ਬਾਰੇ ਵਿਚ ਰੱਖਦਾ ਹੋਵੇ।ਆਪਣੇ-ਆਪ ਨੂੰ ਆਪਣੀ ਨਜ਼ਰ ਨਾਲ ਨਹੀਂ ਜ਼ਮਾਨੇ ਦੀ ਨਜ਼ਰ ਨਾਲ ਦੇਖੀਏ ਤਾਂ ਕਦੇ ਵੀ ਕੋਈ ਘਰ ਸਵਰਗ ਦੀ ਥਾਂ ਨਰਕ ਨਹੀਂ ਬਣ ਸਕਦਾ।ਨੂੰਹ ਵੀ ਤਾਂ ਕਿਸੇ ਦੀ ਧੀ ਹੈ, ਮਾਂ ਦੀਆਂ ਅੱਖਾਂ ਦਾ ਚਾਨਣ।ਸੁਘੜ ਸਿਆਣੀ ਤੇ ਸੁਲਝੀ ਹੋਈ ਧੀ।ਮਾਪਿਆਂ ਦੇ ਘਰ ਤੋਂ ਵਿਦਾ ਹੁੰਦੇ ਹੀ ਉਹ ਕਮਲੀ ਤੇ ਮਾੜੀ ਕਿਵੇਂ ਬਣ ਜਾਂਦੀ ਹੈ।ਉਹ ਬਣਦੀ ਨਹੀਂ, ਬਣਾ ਦਿੱਤੀ ਜਾਂਦੀ ਹੈ।ਸਾਡਾ ਨਕਾਰਾਤਮਕ ਰਵਈਆ ਉਸਨੂੰ ਪਛਾਣਨ ਵਿਚ ਮਾਤ ਖਾ ਜਾਂਦਾ ਹੈ।ਸ਼ਗਣਾਂ ਨਾਲ ਪਾਣੀ ਬਾਰ ਕੇ ਪੀਣ ਵਾਲੀ ਤੇ ਨੂੰਹ-ਪੁੱਤ ਦੀ ਖ਼ੈਰ ਮੰਗਣ ਵਾਲੀ ਮਾਂ ਕਦੋਂ ਸੱਸ ਬਣ ਜਾਂਦੀ ਹੈ ਤੇ ਨੂੰਹ ਨਾਲ ਈਰਖਾ ਕਰਨ ਲਗ ਪੈਂਦੀ ਹੈ ਪਤਾ ਹੀ ਨਹੀਂ ਲਗਦਾ।ਨੂੰਹ ਸਾਹਮਣੇ ਪੁੱਤ ਤਾਂ ਮਾਂ ਨੂੰ ਬਹੁਤ ਹੀ ਵਿਚਾਰਾ ਲੱਗਣ ਲਗ ਪੈਂਦਾ ਹੈ।ਅੱਖਾਂ ਦਾ ਤਾਰਾ ਹੀ ਮਾਂ ਦੀਆਂ ਅੱਖਾਂ ਵਿਚ ਰੜਕਣ ਲਗ ਪੈਂਦਾ ਹੈ।
ਸਭ-ਕੁਝ ਸਮਝਣ ਵਾਲੀ ਮਾਂ ਵੀ ਪੁੱਤ ਨੂੰ ਇਹ ਕਹਿਣੋ ਬਾਜ ਨਹੀਂ ਆਉਂਦੀ ਕਿ ਪੁੱਤ ਹੁਣ ਤੂੰ ਨਹੀਂ ਤੇਰੇ ਵਿਚ ਤਾਂ ਤੇਰੀ ਤੀਵੀਂ ਬੋਲਦੀ ਆ।ਭੁੱਲ ਜਾਂਦੀ ਹੈ ਮਾਂ ਕਿ ਹੁਣ ਪੁੱਤ ਦੀ ਆਪਣੀ ਵੀ ਕੋਈ ਦੁਨੀਆ ਹੈ।ਘੋੜੀਆਂ ਗਾ ਗਾ ਕੇ ਸੁੱਖਾਂ ਮੰਗਣ ਵਾਲੀ ਮਾਂ ਅਣਭੋਲਪੁਣੇ ਵਿਚ ਆਪਣੇ ਢਿੱਡੋਂ ਜਾਏ ਤੋਂ ਦੂਰ ਹੋਣ ਲਗ ਪੈਂਦੀ ਹੈ।ਇਸ ਵਿਚ ਉਸ ਵਿਚਾਰੀ ਦਾ ਵੀ ਸ਼ਾਇਦ ਕੋਈ ਕਸੂਰ ਨਹੀਂ, ਜੋ ਤਸ਼ਦੱਦ ਉਸਨੇ ਆਪਣੀ ਜਵਾਨੀ ਵਿਚ ਝੱਲੇ ਹੁੰਦੇ ਹਨ,ਉਹੀ ਕੁੱਝ ਉਹ ਆਪਣੀ ਨੂੰਹ ਉੱਤੇ ਕਰਨ ਲਗ ਪੈਂਦੀ ਹੈ।ਬਸ ਇੱਥੇ ਆ ਕੇ ਹਰ ਔਰਤ ਮਾਰ ਖਾ ਜਾਂਦੀ ਹੈ।ਉਹ ਹਰ ਗੱਲ ਵਿਚ ਆਪਣੀ ਧੀ ਦੀਆਂ ਸਿਫ਼ਤਾਂ ਦੇ ਪੁਲ ਬਨੰਣ ਵਿਚ ਹੀ ਰੁੱਝੀ ਰਹਿੰਦੀ ਹੈ।ਧੀ ਦੀ ਹਰ ਗੱਲ ਵਿਚ ਉਸਨੂੰ ਚੰਗਿਆਈ ਨਜ਼ਰੀਂ ਪੈਂਦੀ ਹੈ।ਧੀਆਂ ਦੀਆਂ ਕਮਜੋਰੀਆਂ ਨੂੰ ਤਾਂ ਹਰ ਮਾਂ ਸਹਿਜੇ ਹੀ ਢਕ ਲੈਂਦੀ ਹੈ ਪਰ ਨੂੰਹ ਦੀ ਕੋਈ ਵੀ ਚੰਗਿਆਈ ਕਦੇ ਉਸਨੂੰ ਦਿਸਦੀ ਹੀ ਨਹੀਂ। ਘਰ ਵਿਚ ਕੋਈ ਵੀ ਉੱਚੀ-ਨੀਵੀਂ ਹੋ ਜਾਵੇ ,ਭਾਂਡਾ ਨੂੰਹ ਦੇ ਸਿਰ ਹੀ ਭੱਜਦਾ ਹੈ।
ਧੀ ਦੀਆਂ ਸਿਫ਼ਤਾਂ ਕਰਨ ਵਾਲੀ ਮਾਂ ਨੇ ਕਦੇ ਇਹ ਗੱਲ ਸੋਚਣ ਦੀ ਲੋੜ ਹੀ ਨਹੀਂ ਸਮਝੀ ਕਿ ਜੇ ਉਸਦੀ ਲਾਡਲੀ ਨਾਲ ਵੀ ਉਸਦੇ ਸਹੁਰੇ ਪਰਿਵਾਰ ਵਿਚ ਵਿਤਕਰਾ ਹੋਵੇ ਤਾਂ ਉਸਦੇ ਦਿਲ ਉੱਤੇ ਕੀ ਬੀਤੇਗੀ।ਜਦੋਂ ਵੀ ਕੋਈ ਧੀ ਆਪਣੀ ਮਾਂ ਅੱਗੇ ਆਪਣੀ ਸੱਸ ਦੇ ਵਰਤਾਉ ਦੇ ਦੁੱਖੜੇ ਲੈ ਬਹਿੰਦੀ ਹੈ ਤਾਂ ਉਸਨੂੰ ਆਪਣੀ ਧੀ ਦੇ ਦੁੱਖ ਹੀ ਨਜ਼ਰੀਂ ਪੈਂਦੇ ਹਨ ਤੇ ਉਹ ਆਪਣੀ ਨੂੰਹ ਸਾਹਮਣੇ ਹੀ ਧੀ ਦੇ ਸਹੁਰਿਆਂ ਨੂੰ ਕੋਸਣਾ ਸ਼ੁਰੂ ਕਰ ਦਿੰਦੀ ਹੈ, ਬਿਨਾਂ ਇਹ ਸੋਚੇ ਸਮਝੇ ਕਿ ਕਿਸੇ ਦੀ ਧੀ ਜੋ ਉਸਦੇ ਘਰ ਦੀ ਸ਼ਾਨ ਹੈ, ਉਸ ਨਾਲ ਉਹ ਕਿਹੋ ਜਿਹਾ ਵਰਤਾਉ ਕਰਦੀ ਹੈ।ਘਰਾਂ ਦੇ ਲੜਾਈ ਝਗੜਿਆਂ ਵਿਚ ਮਰਦ ਘੱਟ ਹੀ ਦਖ਼ਲ-ਅੰਦਾਜ਼ੀ ਕਰਦੇ ਹਨ।ਔਰਤ ਹੀ ਅੋਰਤ ਦੀ ਦੁਸ਼ਮਣ ਹੈ।ਦਹੇਜ਼ ਵਰਗੀ ਨਾ-ਮੁਰਾਦ ਬੀਮਾਰੀ ਹੋਵੇ ਜਾਂ ਨੂੰਹ ਦੀ ਕੁੱਖ ਵਿਚ ਕੁੜੀ ਦਾ ਭਰੂਣ ਹੋਵੇ, ਫ਼ਸਾਦ ਦੀ ਜੜ੍ਹ ਹਮੇਸ਼ਾਂ ਔਰਤ ਹੀ ਹੁੰਦੀ ਹੈ।ਘਰਾਂ ਵਿਚ ਪਿਉ-ਪੁੱਤ ਦੀ ਲੜਾਈ ਤਾਂ ਕਦੇ ਕਦਾਈਂ ਹੀ ਸੁਣਨ ਨੂੰ ਮਿਲਦੀ ਹੈ ਪਰ ਨੂੰਹ-ਸੱਸ ਦਾ ਮਹਾਂਭਾਰਤ ਤਾਂ ਅਕਸਰ ਹੀ ਵਧੇਰੇ ਘਰਾਂ ਵਿਚ ਛਿੜਿਆ ਰਹਿੰਦਾ ਹੈ।
ਮੈਂ ਵੀ ਇਕ ਔਰਤ ਹਾਂ,ਮਾਂ ਵੀ ਹਾਂ ਤੇ ਸੱਸ ਵੀ।ਜੇ ਨੂੰਹ-ਧੀ ਨੂੰ ਇੱਕੋ ਜਿਹੇ ਪਲੱੜੇ ਵਿਚ ਰੱਖਿਆ ਜਾਵੇ ਤਾਂ ਘਰ ਵਿਚ ਕਲੇਸ਼ ਦੀ ਤਾਂ ਕੋਈ ਥਾਂ ਹੀ ਨਹੀਂ ਰਹਿ ਜਾਂਦੀ।ਗੱਲ ਤਾਂ ਸੋਚ ਤੇ ਆ ਕੇ ਮੁੱਕ ਜਾਂਦੀ ਹੈ।ਮੈਨੂੰ ਚੰਗੀ ਤਰ੍ਹਾਂ ਯਾਦ ਹੈ,ਜਦੋਂ ਵੀ ਕਦੇ ਮੈਂ ਪੇਕੇ ਜਾਂਦੀ ਤਾਂ ਮੈਨੂੰ ਕਈ ਵਾਰ ਆਪਣੀਆਂ ਭਾਬੀਆਂ ਤੋਂ ਈਰਖਾ ਹੁੰਦੀ,ਜਦੋਂ ਮਾਂ ਗੱਲ ਗੱਲ ਵਿਚ ਨੂੰਹਾਂ ਦੀਆਂ ਸਿਫ਼ਤਾਂ ਹੀ ਨਹੀਂ ਸੀ ਕਰਦੀ ਸਗੋਂ ਕਿਹਾ ਕਰਦੀ ਕਿ ਧੀਏ,ਤੂੰ ਤਾਂ ਕਦੇ ਕਦਾਈਂ ਆਉਂਦੀ ਏ, ਮੇਰੀਆਂ ਅਸਲੀ ਧੀਆਂ ਤਾਂ ਮੇਰੀਆਂ ਨੂੰਹਾਂ ਹੀ ਨੇ।ਰੱਬਾ ਅਜਿਹੀਆਂ ਨੂੰਹਾਂ ਹਰ ਘਰ ਵਿੱਚ ਆਉਣ।ਮਾਂ ਦੀਆਂ ਇਨ੍ਹਾਂ ਗੱਲਾਂ ਦਾ ਇਹ ਮਤਲਵ ਨਹੀਂ ਸੀ ਕਿ ਉਸ ਦੀਆਂ ਨੂੰਹਾਂ ਹੀ ਖ਼ਰਾ ਸੋਨਾ ਸੀ ਤਾਂ ਹੀ ਉਹ ਉਨ੍ਹਾਂ ਦੇ ਗੁਣ ਗਾਉਂਦੀ ਸੀ।ਨਹੀਂ ਅਜਿਹਾ ਤਾਂ ਕੁਝ ਵੀ ਨਹੀਂ ਸੀ।ਮਾਂ ਨੂੰ ਤਾਂ ਨੁੰਹਾਂ ਤੋਂ ਕਦਰ ਕਰਵਾਉਣ ਦਾ ਵੱਲ ਆਉਂਦਾ ਸੀ।
ਜੇ ਹਰ ਘਰ ਵਿਚ ਨੂੰਹ ਨੂੰ ਧੀ ਦਾ ਦਰਜ਼ਾ ਮਿਲਣ ਲਗ ਪਵੇ ਤਾਂ ਕੋਈ ਕਾਰਣ ਹੀ ਨਹੀਂ ਨੂੰਹ ਵੀ ਹਮੇਸ਼ਾਂ ਮੰਦੀ ਹੀ ਹੋਵੇਗੀ।ਉਹ ਵੀ ਚੰਗੀ ਹੋ ਸਕਦੀ ਹੈ ਜੇ ਅਸੀਂ ਉਸਦੇ ਔਗੁਣ ਲੱਭਣ ਦੀ ਥਾਂ ਉਸਦੇ ਗੁਣਾਂ ਦੀ ਪਛਾਣ ਕਰੀਏ। ਧੀ ਤਾਂ ਹਰ ਮਾਂ ਲਈ ਸਦਾ ਹੀ ਚੰਗੀ ਹੁੰਦੀ ਹੈ, ਆਪਣਾ ਖੂਨ ਜੋ ਹੋਇਆ। ਕੀ ਪਤਾ ਆਪਣੇ ਘਰ ਵਿਚ ਉਹ ਵੀ ਕਿੰਨੀ ਕੂ ਮੰਦੀ ਹੈ।ਫ਼ਰਕ ਹੈ ਸਿਰਫ਼ ਤੇਰੀ ਮੇਰੀ ਸੋਚ ਦਾ।ਦੋ ਰਿਸ਼ਤਿਆਂ ਵਿਚ ਤਰੇੜ ਕਦੇ ਵੀ ਨਹੀਂ ਆ ਸਕਦੀ ਜੇ ਅਸੀਂ ਦੋਵੇਂ ਪੀੜੀਆਂ ਸਮੇਂ ਦੀ ਚਾਲ ਨਾਲ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਨ।ਪੁੱਤ ਦੀ ਜੀਵਨ-ਸਾਥਣ ਘਰ ਦੀ ਚਿਰਾਗ ਨੂੰਹ ਨੂੰ ਵੀ ਧੀ ਦਾ ਦਰਜ਼ਾ ਦਈਏ ਤੇ ਦੂਜੇ ਪਾਸੇ ਘਰ ਦੀ ਨੂੰਹ ਵੀ ਧੀ ਬਣਨ ਦੀ ਸੋਚ ਹੀ ਨਾ ਰੱਖੇ ਸਗੋਂ ਧੀ ਬਣ ਕੇ ਵੀ ਦਿਖਾਵੇ ਤਾਂ ਕਿ ਰਿਸ਼ਤਿਆਂ ਦੀ ਸਾਂਝ ਹੋਰ ਵੀ ਡੂੰਘੀ ਹੋ ਸਕੇ ਕਿਉਂਕਿ ਤਾੜੀ ਤਾਂ ਦੋਹਾਂ ਹੱਥਾਂ ਨਾਲ ਹੀ ਬੱਜਦੀ ਹੈ।