ਪੁਸਤਕਾਂ ਮਨੁੱਖ ਨੂੰ ਮਹਾਨ ਬਣਾਉਂਦੀਆਂ ਹਨ
(ਲੇਖ )
ਕਿਤਾਬਾਂ ਸਮਾਜ ਦਾ ਸ਼ੀਸ਼ਾ ਨੇ, ਇਹ ਚੁੱਪ ਰਹਿ ਕੇ ਵੀ ਬੋਲਦੀਆਂ ਹਨ। ਸੂਝਵਾਨ ਲੋਕਾਂ ਦੇ ਮੂੰਹੋਂ ਅਕਸਰ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਪੁਸਤਕਾਂ ਮਨੁੱਖ ਨੂੰ ਮਹਾਨ ਬਣਾਉਂਦੀਆਂ ਹਨ। ਸਾਹਿਤ ਦੇ ਲੜ ਲੱਗਿਆ ਮਨੁੱਖ ਕਦੇ ਡੋਲਦਾ ਨਹੀਂ ਕਿਉਂਕਿ ਕਿਤਾਬਾਂ ਮਨੁੱਖ ਦੀਆਂ ਸਭ ਤੋਂ ਚੰਗੀਆਂ ਦੋਸਤ ਹਨ। ਕਹਿਣ ਤੋਂ ਭਾਵ ਕਿਸੇ ਵੀ ਦੇਸ਼ ਜਾਂ ਕੌਮ ਦੇ ਸੁਨਹਿਰੀ ਭਵਿੱਖ ਵਿੱਚ ਕਿਤਾਬਾਂ ਦੀ ਬੜੀ ਵੱਡੀ ਭੂਮਿਕਾ ਹੈ। ਅੱਜ ਦੀ ਭੱਜ-ਦੌੜ ਵਾਲ਼ੀ ਜ਼ਿੰਦਗੀ ਵਿਚ ਹਰੇਕ ਵਿਅਕਤੀ ਰੂਹ ਦੀ ਤ੍ਰਿਪਤੀ ਚਾਹੁੰਦਾ ਹੈ ਜੋ ਚੰਗੀਆਂ ਕਿਤਾਬਾਂ ਵਿਚੋਂ ਸਹਿਜੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਮੇਰਾ ਕੰਮ ਵੀ ਚੰਗੀਆਂ ਕਿਤਾਬਾਂ ਨੂੰ ਘਨ੍ਹੇੜੇ ਚੱਕ ਕੇ ਪੰਜਾਬ ਦੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਘੁੰਮਾਉਣਾ ਹੈ। ਭਾਵ ਪੁਸਤਕ ਪ੍ਰਦਰਸ਼ਨੀਆਂ ਲਗਾਉਣਾ ਹੈ। ਮੇਰੇ ਵੱਲੋਂ ਕਿਸੇ ਵੀ ਸਾਹਿਤਕ, ਉਸਾਰੂ ਪ੍ਰੋਗਰਾਮ ਜਾਂ ਸਕੂਲਾਂ ਕਾਲਜਾਂ ਵਿਚ ਪੁਸਤਕ ਪ੍ਰਦਰਸ਼ਨੀਆਂ ਲਾਉਣ ਨੂੰ ਖ਼ਾਸ ਤਰਜੀਹ ਦਿੱਤੀ ਜਾਂਦੀ ਹੈ। ਇਨ੍ਹਾਂ ਪੁਸਤਕ ਪ੍ਰਦਰਸ਼ਨੀਆਂ ਦੇ ਆਧਾਰ 'ਤੇ ਹੀ ਕੁਝ ਪਾਠਕਾਂ ਦੇ ਅਨੁਭਵ ਤੁਹਾਡੇ ਨਾਲ਼ ਸਾਂਝੇ ਕਰ ਰਿਹਾ ਹਾਂ। ਕਾਫ਼ੀ ਕੌੜੇ-ਮਿੱਠੇ ਤਜਰਬੇ ਹਾਸਿਲ ਹੋਏ ਹਨ। ਹਰ ਜਗ੍ਹਾ ਉੱਤੇ ਵੱਖੋ-ਵੱਖਰੀ ਕਿਸਮ ਦੇ ਲੋਕਾਂ ਨਾਲ਼ ਵਾਹ ਪਿਆ ਹੈ। 'ਕਿਸੇ ਕਿਹਾ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ। ਲੋਕਾਂ ਨੂੰ ਸਾਹਿਤ ਨਾਲ਼ ਜੋੜਨਾ ਵੱਡਾ ਕਾਰਜ਼ ਹੈ, ਇਸ ਤਰ੍ਹਾਂ ਪੰਜਾਬੀਆਂ ਵਿਚ ਪੁਸਤਕ ਸੱਭਿਆਚਾਰ ਪੈਦਾ ਹੋਵੇਗਾ- ਸ਼ਾਬਾਸ।'
'ਕਿਸੇ ਕਿਹਾ ਹੁਣ ਕਿਤਾਬਾਂ ਕੌਣ ਪੜ੍ਹਦਾ ਹੈ...? ਏਨਾ ਸਮਾਂ ਹੀ ਕਿਸ ਕੋਲ਼ ਹੈ ਕਿ ਕਿਤਾਬਾਂ ਪੜ੍ਹ ਸਕੇ।' 'ਸਕੂਲਾਂ ਕਾਲਜਾਂ ਦੇ ਵਿਦਿਆਰਥੀ ਇਹ ਆਮ ਹੀ ਕਹਿੰਦੇ ਹਨ ਕਿ ਸਿਲੇਬਸ ਵਾਲ਼ੀਆਂ ਤਾਂ ਸਾਥੋਂ ਪੜ੍ਹੀਆਂ ਨੀ ਜਾਂਦੀਆਂ ਤੁਹਾਥੋਂ ਮੁੱਲ ਖਰੀਦਕੇ ਕਿਤਾਬਾਂ ਕਿਥੋਂ ਪੜ੍ਹੀਏ।' 'ਸਾਹਿਤਕ ਪ੍ਰੋਗਰਾਮਾਂ ਵਿਚ ਲੇਖਕ ਅਕਸਰ ਕਹਿ ਦਿੰਦੇ ਹਨ ਕਿ ਇਹ ਸਾਡੀਆਂ ਤਾਂ ਲਿਖੀਆਂ ਹੋਈਆਂ ਹਨ, ਪਾਠਕੋ ਨੂੰ ਪੜਾਓ।' ਪਰ ਜਿਸ ਕਿਤਾਬ 'ਤੇ ਗੋਸ਼ਟੀ ਹੋ ਰਹੀ ਹੋਵੇ ਉਸਦੀ ਇਕ ਮੁਫ਼ਤ ਕਾਪੀ ਲੇਖਕ ਤੋਂ ਲੈਣੀ ਕਦੇ ਨਹੀ ਭੁੱਲਦੇ।
ਲੁਧਿਆਣੇ ਪੰਜਾਬੀ ਭਵਨ ਵਿਖੇ ਇਕ ਪ੍ਰੋਗਰਾਮ ਦੌਰਾਨ ਇਕ 'ਪਾਠਕ' ਨੇ ਤਾਂ ਹੱਦ ਹੀ ਕਰ ਦਿੱਤੀ, ਉਹ ਕਹਿਣ ਲੱਗਿਆ ਪੰਜ ਕਰੋੜ ਦਾ ਤਾਂ ਜ਼ਮੀਨ ਦਾ ਕਿੱਲਾ ਹੋਇਆ ਪਿਆ, ਕਿਤਾਬਾਂ ਪੜ੍ਹਨ ਦੀ ਭਲਾ ਕੀ ਲੋੜ ਹੈ? ਮੈਂ ਉਸਨੂੰ ਜਵਾਬ ਦਿੰਦਿਆ ਕਿਹਾ ਕਿ ਫੇਰ ਤਾਂ ਕਿਤਾਬਾਂ ਪੜ੍ਹਨ ਦੀ ਜ਼ਿਆਦਾ ਲੋੜ ਹੈ ਕਿਉਂਕਿ ਐਨੀ ਮਹਿੰਗੀ ਜ਼ਮੀਨ ਸੰਭਾਲਣ ਲਈ ਤੁਹਾਨੂੰ 'ਜ਼ਮੀਨ ਦੀ ਪੈਮਾਇਸ਼', 'ਵਸੀਕਾ ਨਵੀਸੀ', 'ਕਚਹਿਰੀ ਸ਼ਬਦ ਕੋਸ਼' ਅਤੇ ਤੁਹਾਡੇ ਬੱਚਿਆਂ ਨੂੰ 'ਕੈਰੀਅਰ ਦੀ ਚੋਣ ਕਿਵੇਂ ਕਰੀਏ', 'ਨਸ਼ਿਆਂ ਤੋਂ ਕਿਵੇਂ ਬਚੀਏ' ਅਤੇ 'ਸਿਹਤ ਭਰਪੂਰ ਖੁਸ਼ਹਾਲ ਜੀਵਨ ਕਿਵੇਂ ਜੀਵੀਏ' ਕਿਤਾਬਾਂ ਤਾਂ ਜ਼ਰੂਰ ਹੀ ਪੜ੍ਹਨੀਆਂ ਚਾਹੀਦੀਆਂ ਹਨ। ਉਹ ਮੇਰੀ ਗੱਲਬਾਤ ਤੋਂ ਏਨਾ ਪ੍ਰਭਾਵਿਤ ਹੋਇਆ ਕਿ ਉਪਰੋਕਤ ਤੋਂ ਇਲਾਵਾ ਉਹ 'ਅੰਨਦਾਤਾ', 'ਕੋਠੇ ਖੜਕ ਸਿੰਘ', 'ਲਹੂ ਦੀ ਲੋਅ', 'ਮੜ੍ਹੀ ਦਾ ਦੀਵਾ' ਅਤੇ 'ਚਿੱਟਾ ਲਹੂ' ਆਦਿ ਨਾਵਲ ਵੀ ਖਰੀਦਕੇ ਲੈ ਕੇ ਗਿਆ।
ਏਥੇ ਇਕ ਗੱਲ ਹੋਰ ਦੱਸਣਯੋਗ ਹੈ ਕਿ ਅੱਜ-ਕੱਲ੍ਹ ਸਾਹਿਤਕ ਕਿਤਾਬਾਂ ਤੋਂ ਇਲਾਵਾ ਵਿਗਿਆਨ ਨਾਲ਼ ਸਬੰਧਿਤ ਕਿਤਾਬਾਂ, ਸਿਹਤ ਨਾਲ਼ ਸਬੰਧਿਤ ਕਿਤਾਬਾਂ, ਤਰਕਸ਼ੀਲਤਾ ਨਾਲ਼ ਸਬੰਧਿਤ ਕਿਤਾਬਾਂ, ਖੇਡਾਂ ਨਾਲ਼ ਸਬੰਧਿਤ ਕਿਤਾਬਾਂ, ਖੇਤੀਬਾੜੀ ਨਾਲ਼ ਸਬੰਧਿਤ ਕਿਤਾਬਾਂ, ਇਤਿਹਾਸ ਅਤੇ ਸੱਭਿਆਚਾਰ ਨਾਲ਼ ਸਬੰਧਿਤ ਕਿਤਾਬਾਂ, ਹਰ ਤਰ੍ਹਾਂ ਦੀਆਂ ਧਾਰਮਿਕ ਕਿਤਾਬਾਂ, ਜਨਰਲ ਨਾਲਿਜ ਦੀਆਂ ਕਿਤਾਬਾਂ, ਰੁਜ਼ਗਾਰ ਅਤੇ ਕੈਰੀਅਰ ਦੀਅ ਕਿਤਾਬਾਂ ਗੱਲ ਕੀ ਹਰ ਵਿਸ਼ੇ ਨਾਲ਼ ਸਬੰਧਿਤ ਕਿਤਾਬਾਂ ਸੌਖੀਆਂ ਹੀ ਮਿਲ ਜਾਂਦੀਆਂ ਹਨ। ਪਰ ਜਿੱਥੇ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬੀ ਪੁਸਤਕਾਂ ਛਪ ਰਹੀਆਂ ਹਨ, ਉਥੇ ਇਹ ਚਿੰਤਾ ਵੀ ਆਮ ਕੀਤੀ ਜਾ ਰਹੀ ਹੈ ਕਿ ਕਿਤਾਬਾਂ ਪੜ੍ਹਨ ਦਾ ਰੁਝਾਨ ਘੱਟ ਰਿਹਾ ਹੈ, ਪਰ ਕਿਤਾਬਾਂ ਘੱਟ ਪੜ੍ਹੇ ਜਾਣ ਦੇ ਮੁੱਲ ਤੌਰ 'ਤੇ ਹੇਠ ਲਿਖ ਤਿੰਨ ਕਾਰਨ ਹੋ ਸਕਦੇ ਹਨ।
1. ਵਧੀਆ, ਉਸਾਰੂ, ਜਾਣਕਾਰੀ ਭਰਪੂਰ, ਰੌਚਿਕ ਜਾਂ ਮਿਆਰੀ ਸਾਹਿਤ ਦਾ ਨਾ ਹੋਣਾ।
2. ਪੁਸਤਕਾਂ ਦਾ ਮੁੱਲ ਏਨਾ ਜ਼ਿਆਦਾ ਹੋਣਾ ਕਿ ਪਾਠਕ ਆਪਣੀ ਵਿੱਤ ਮੁਤਾਬਕ ਕਿਤਾਬਾਂ ਨਾ ਖਰੀਦ ਸਕਦੇ ਹੋਣ।
3. ਚੰਗੀਆਂ ਪੁਸਤਕਾਂ ਦਾ ਪਾਠਕਾਂ ਤੱਕ ਨਾ ਪਹੁੰਚ ਸਕਣਾ ਵੀ ਕਿਤਾਬਾਂ ਘੱਟ ਪੜ੍ਹੇ ਜਾਣ ਦਾ ਮੁੱਖ ਕਾਰਨ ਹੋ ਸਕਦਾ ਹੈ।
ਕੰਪਿਊਟਰ ਯੁੱਗ ਹੋਣ ਕਾਰਨ ਕਿਤਾਬ ਛਪਵਾਉਣ ਲਈ ਕੇਵਲ ਪੰਦਰਾਂ ਵੀਹ ਦਿਨ ਲੱਗਦੇ ਹਨ। ਮੈਟਰ ਕੰਪੋਜ਼ ਕਰਨਾ ਜਾਂ ਖਰੜੇ ਨੂੰ ਸੀ. ਡੀ. ਜਾਂ ਪੈਨ ਡਰਾਈਵ ਰਾਹੀਂ ਸਾਂਭਣਾ ਬੇਹੱਦ ਆਸਾਨ ਹੋ ਗਿਆ ਹੈ ਏਸੇ ਸੌਖ ਦਾ ਲਾਹਾ ਲੈਂਦੇ ਹੋਏ ਕਈ ਕੱਚਘਰੜ ਲੇਖਕ ਧੜਾ-ਧੜ ਕਿਤਾਬਾਂ ਆਪ ਛਾਪੀ ਜਾ ਰਹੇ ਹਨ ਜਾਂ ਸਥਾਪਤ ਪ੍ਰਕਾਸ਼ਕਾਂ ਤੋਂ ਪੈਸੇ ਦੇ ਕੇ ਛਪਵਾਈ ਜਾ ਰਹੇ ਹਨ। ਇਸ ਤਰ੍ਹਾਂ ਵੱਡੀ ਪੱਧਰ 'ਤੇ ਛਪ ਰਹੀਆਂ ਕਿਤਾਬਾਂ ਨੇ ਚੰਗੀਆਂ ਕਿਤਾਬਾਂ ਨੂੰ ਬਹੁਤ ਜ਼ਿਆਦਾ ਢਾਅ ਤਾਂ ਲਗਾਈ ਹੀ ਹੈ, ਸਗੋਂ ਚੰਗੇ ਅਤੇ ਮਾੜੇ ਵਿਚ ਫ਼ਰਕ ਲੱਭਣਾ ਵੀ ਮੁਸ਼ਕਲ ਬਣਾ ਦਿੱਤਾ ਹੈ। ਆਮ ਪਾਠਕ ਨੂੰ ਏਹੀ ਪਤਾ ਨਹੀਂ ਲੱਗ ਰਿਹਾ ਕਿ ਕਿਹੜੀ ਕਿਤਾਬ ਪੜ੍ਹਨੀ ਹੈ ਜਾਂ ਕਿਹੜੀ ਨਹੀਂ। ਪੰਜਾਬੀ ਦੇ ਕੁਝ ਪ੍ਰਕਾਸ਼ਕਾਂ ਵੱਲੋਂ ਪੁਸਤਕਾਂ ਛਾਪਣ ਨੂੰ ਇਕ ਕਮਾਊ ਕਿੱਤੇ ਵਜੋਂ ਕੀਤਾ ਜਾ ਰਿਹਾ ਹੈ। ਇਸ ਕਾਰਨ ਹੀ ਕਿਤਾਬਾਂ ਦੇ ਮੁੱਲ ਪਾਠਕਾਂ ਦੀ ਪਹੁੰਚ ਤੋਂ ਕਿਤੇ ਜ਼ਿਆਦਾ ਹੁੰਦੇ ਹਨ। ਕਿਤਾਬਾਂ ਦਾ ਮੁੱਲ ਆਮ ਪਾਠਕਾਂ ਨੂੰ ਮੁੱਖ ਰੱਖਕੇ ਨਹੀਂ ਸਗੋਂ ਸਰਕਾਰੀ ਸਕੂਲਾਂ, ਕਾਲਜਾਂ ਦੀਆਂ ਲਾਇਬਰੇਰੀਆਂ ਨੂੰ ਮੁੱਖ ਰੱਖਕੇ ਰੱਖਿਆ ਜਾਂਦਾ ਹੈ। ਰਹਿੰਦੀ ਕਸਰ ਮੋਬਾਈਲ ਫੋਨ, ਇੰਟਰਨੈੱਟ ਅਤੇ ਟੈਲੀਵਿਜ਼ਨ ਦੇ ਕੱਢ ਦਿੱਤੀ ਹੈ। ਖਾਸਕਰ ਨੌਜਵਾਨ ਮੁੰਡੇ ਕੁੜੀਆਂ ਮੋਬਾਈਲ ਤੋਂ ਬਿਨ੍ਹਾਂ ਇਕ ਪਲ ਵੀ ਗੁਜ਼ਾਰ ਨਹੀਂ ਸਕਦੇ। ਇੰਟਰਨੈੱਟ ਸਾਡੇ ਲਈ ਲਾਭਦਾਇਕ ਹੋਣ ਦੀ ਵਜਾਏ ਇਕ ਪ੍ਰਮਾਣੂ ਹਥਿਆਰ ਦਾ ਕੰਮ ਕਰ ਰਿਹਾ ਹੈ ਅਤੇ ਸਾਡੀ ਨੌਜਵਾਨ ਪੀੜੀ ਨੂੰ ਨਿਪੁੰਸਕ ਬਣਾਉਣ ਦੀ ਕੋਈ ਕਸਰ ਨਹੀਂ ਛੱਡ ਰਿਹਾ। ਰਹੀ ਗੱਲ ਟੈਲੀਵਿਜ਼ਨ ਦੀ ਇਕ ਸਮਾਂ ਸੀ ਜਦੋਂ ਸਾਡੀਆਂ ਫਿਲਮਾਂ ਵਿਚ 'ਕਹਾਣੀ' ਹੁੰਦੀ ਸੀ, ਗੀਤਾਂ ਵਿਚ ਜ਼ਜਬਾਤ ਹੁੰਦੇ ਸੀ ਖਾਸਕਰ ਕਵਿਤਾ ਅਤੇ ਗ਼ਜ਼ਲ ਹੁੰਦੀ ਸੀ। ਹੁਣ ਸਾਨੂੰ ਟੈਲੀਵਿਜ਼ਨ ਦੀ ਸਕਰੀਨ ਉੱਤੇ ਕੋਈ ਵੀ ਸੀਨ ਤਿੰਨ ਸੈਕਿੰਡ ਤੋਂ ਵੱਧ ਸਮਾਂ ਨਹੀਂ ਦਿਖਾਇਆ ਜਾਂਦਾ। ਖ਼ਬਰਾਂ ਅਤੇ ਸੀਰੀਅਲ ਰਹੱਸ-ਮਈ ਬਣਾਏ ਜਾ ਰਹੇ ਹਨ ਅਤੇ ਬੱਚਿਆਂ ਨੂੰ ਕਾਰਟੂਨਾਂ ਨਾਲ਼ ਜੋੜ ਦਿੱਤਾ ਗਿਆ ਹੈ। ਹਨੇਰੇ ਵਿਚ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆਉਂਦੀ ਜੋ ਕਿਤਾਬਾਂ ਦਾ ਰਾਹ ਦਿਖਾ ਸਕੇ।
ਜ਼ਿੰਦਗੀ ਨੂੰ ਖਪਤ ਸੱਭਿਆਚਾਰ ਦੇ ਮਾਰੂ ਪ੍ਰਭਾਵ ਤੋਂ ਬਚਾਉਣ ਲਈ ਪੁਸਤਕਾਂ ਦਾ ਸਾਥ ਸਮੇਂ ਦੀ ਮੁੱਖ ਲੋੜ ਹੈ। ਬੱਚਿਆਂ ਦੇ ਜਨਮ ਦਿਨ 'ਤੇ ਤੋਹਫ਼ੇ ਦੇ ਤੌਰ 'ਤੇ ਕਿਤਾਬਾਂ ਭੇਂਟ ਕੀਤੀਆਂ ਜਾਣ। ਵਿਆਹ-ਸ਼ਾਦੀ ਦੇ ਸਮਾਗਮਾਂ ਵਿਚ ਸ਼ਗਨ ਦੇ ਤੌਰ 'ਤੇ ਵੀ ਕਿਤਾਬਾਂ ਦਿੱਤੀਆਂ ਜਾਣ। ਪਿੰਡਾਂ ਅਤੇ ਸਹਿਰਾਂ ਵਿਚ ਲਾਇਬਰੇਰੀਆਂ ਖੋਲ੍ਹਕੇ ਪੁਸਤਕਾਂ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਜਾਵੇ ਅਤੇ ਸਾਹਿਤ ਸਭਾਵਾਂ ਵਿਚੋਂ ਤਿੜਕਮ ਵਾਜੀਆਂ ਅਤੇ ਚੌਧਰਾਂ ਨੂੰ ਖ਼ਤਮ ਕਰਕੇ ਪੁਸਤਕ ਸੈਮੀਨਾਰ ਕਰਵਾਏ ਜਾਣ। ਸੁਹਿਰਦ ਯਤਨਾਂ ਦੀ ਘਾਟ ਦੇ ਚੱਲਦਿਆਂ ਕਿਤਾਬਾਂ ਉਨ੍ਹਾਂ ਲੋਕਾਂ ਤੱਕ ਨਹੀਂ ਪਹੁੰਚ ਰਹੀਆਂ, ਜਿੰਨ੍ਹਾਂ ਲਈ ਲਿਖੀਆਂ ਜਾ ਰਹੀਆਂ ਹਨ।
ਅੰਤ ਵਿਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਕਿਤਾਬਾਂ ਗਿਆਨ ਦੇ ਨਾਲ਼ ਨਾਲ਼ ਸਮੇਂ ਦਾ ਸਦਉਪਯੋਗ ਵੀ ਸਿਖਾਉਂਦੀਆਂ ਹਨ, ਕਿਤਾਬਾਂ ਪੜ੍ਹਨ ਵਾਲ਼ਾ ਮਨੁੱਖ ਕਦੇ ਇਕੱਲਾਪਣ ਮਹਿਸੂਸ ਨਹੀਂ ਕਰਦਾ। ਕਿਤਾਬਾਂ ਤੁਹਾਡੇ ਚੇਤਿਆਂ ਵਿਚ, ਤੁਹਾਡੀਆਂ ਸਿਮ੍ਰਤੀਆਂ ਵਿਚ, ਤੁਹਾਡੇ ਮਨਾਂ ਵਿਚ, ਤੁਹਾਡੇ ਅਨੁਭਵਾਂ ਵਿਚ ਇਸ ਤਰ੍ਹਾਂ ਵਸ ਜਾਂਦੀਆਂ ਹਨ ਕਿ ਤੁਹਾਡੇ ਮੂੰਹੋਂ ਆਪ-ਮੁਹਾਰੇ ਹੀ ਨਿਕਲਦਾ ਹੈ:-
''ਕੋਈ ਮਹਿਬੂਬ ਨ੍ਹੀਂ ਸੋਹਣਾ ਕਿਤਾਬ ਵਰਗਾ।
ਰੰਗ, ਫੁੱਲ ਨ੍ਹੀਂ ਮਨਮੋਹਣਾ ਕਿਤਾਬ ਵਰਗਾ।
ਕਿਤਾਬਾਂ ਹਰ ਵੇਲ਼ੇ 'ਦਿਲਬਰ' ਸਾਥ ਦਿੰਦੀਆਂ,
ਕੋਈ ਦੋਸਤ ਨ੍ਹੀਂ ਹੋਣਾ ਕਿਤਾਬ ਵਰਗਾ।''