ਖ਼ਬਰਸਾਰ

  •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਪੰਜਾਬੀ ਕਾਵਿ ਸ਼ਾਮ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਧਰਮਪਾਲ ਸਾਹਿਲ 'ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ' ਨਾਲ ਸਨਮਾਨਿਤ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਸਮਾਗਮ / ਪੰਜਾਬੀ ਲੇਖਕ ਮੰਚ, ਵੈਨਕੂਵਰ
  •    ਸਾਹਿਤ ਸਭਾ ਨਵਾਂ ਸ਼ਾਲ੍ਹਾ ਦੀ ਮੀਟਿੰਗ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  •    ਰਾਮ ਸਰੂਪ ਅਣਖੀ ਸਮ੍ਰਿਤੀ ਕਹਾਣੀ ਗੋਸ਼ਟੀ ਡਲਹੌਜ਼ੀ 'ਚ ਸਪੰਨ / ਪੰਜਾਬੀਮਾਂ ਬਿਓਰੋ
  •    'ਦੀਵਾ ਬਲੇ ਸਾਰੀ ਰਾਤ' ਕਾਵਿ ਮਹਿਫ਼ਲ ਦਾ ਹੋਇਆ ਸਫ਼ਲ ਆਯੋਜਨ / ਪੰਜਾਬੀਮਾਂ ਬਿਓਰੋ
  •    ਅਜੀਤ ਸਿੰਘ ਰਾਹੀ ਦਾ ਸਨਮਾਨ / ਲੋਕ-ਲਿਖਾਰੀ ਸਾਹਿਤ ਸਭਾ
  •    ਸਾਹਿਤਕ ਖਬਰਾਂ ਬਾਘਾ ਪੁਰਾਣਾ ਦੀਆਂ / ਸਾਹਿਤ ਸਭਾ ਬਾਘਾ ਪੁਰਾਣਾ
  •    'ਸਾਹਿਤ ਸੰਵਾਦ ਤੇ ਸਰੋਕਾਰ' ਲੋਕ ਅਰਪਣ / ਸਿਰਜਣਧਾਰਾ
  •    ਸਾਹਿਤਕ ਖਬਰਾਂ ਲੁਧਿਆਣਾ ਦੀਆਂ / ਪੰਜਾਬੀਮਾਂ ਬਿਓਰੋ
  • ਪਾਕਿਸਤਾਨ ਯਾਤਰਾ - ਕਿਸ਼ਤ 9 (ਸਫ਼ਰਨਾਮਾ )

    ਬਲਬੀਰ ਮੋਮੀ   

    Email: momi.balbir@yahoo.ca
    Phone: +1 905 455 3229
    Cell: +1 416 949 0706
    Address: 9026 Credit View Road
    Brampton L6X 0E3 Ontario Canada
    ਬਲਬੀਰ ਮੋਮੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਬੁਲ੍ਹੇ ਸ਼ਾਹ ਦੇ ਮਜ਼ਾਰ ਤੇਚਾਹ ਪੀਂਦਿਆਂ ਮੈਂ ਮੁਨੀਰ ਨੂੰ ਕਿਹਾ ਕਿ ਅੱਜ ਖੋਜ ਗੜ੍ਹ ਜਾਣ ਤੋਂ ਪਹਿਲਾਂ ਆਪਾਂ ਜਿਹੜੇ ਕਪੜੇ ਡਰਾਈ ਕਲੀਨ ਕਰਨ ਲਈ ਦਿਤੇ ਹਨ, ਉਹ ਜ਼ਰੂਰ ਲਿਆਉਣੇ ਹਨ। ਮੁਨੀਰ ਕਹਿਣ ਲੱਗਾ ਕਿ ਜਾਣ ਤੋਂ ਪਹਿਲਾਂ ਜਦ ਡਰਾਈ ਕਲੀਨ ਦੀ ਦੁਕਾਨ ਖੁਲ੍ਹੇਗੀ ਤਾਂ ਉਹ ਕਪੜੇ ਲੈ ਆਵੇਗਾ। ਮੈਂ ਮੁਨੀਰ ਨੂੰ ਫਿਰ ਕਿਹਾ ਕਿ ਆਪਾਂ ਜਿੰਨਾ ਜਲਦੀ ਚੱਲ ਸਕੀਏ ਓਨਾ ਹੀ ਚੰਗਾ ਹੈ ਕਿਉਂਕਿ ਕੱਲ ਵਾਂਗ ਅਜ ਵੀ ਆਪਾਂ ਕਈ ਥਾਵਾਂ ਤੇ ਜਾਣਾ ਹੈ। ਮੁਨੀਰ ਕਹਿਣ ਲੱਗਾ ਕਿ ਤੁਸੀਂ ਨਹਾ ਧੋ ਕੇ ਤਿਆਰ ਹੋ ਜਾਵੋ ਅਤੇ ਇਕਬਾਲ ਕੈਸਰ ਨੂੰ ਆਉਣ ਲਈ ਫੋਨ ਕਰ ਦਿਓ। ਮੈਂ ਕਿਹਾ ਠੀਕ ਹੈ ਮੈਂ ਪਹਿਲਾਂ ਤਿਆਰ ਹੋ ਜਾਵਾਂ ਅਤੇ ਓਸ ਤੋਂ ਬਾਅਦ ਹੀ ਫੋਨ ਕਰਾਂਗੇ। ਚਾਹ ਪੀ ਕੇ ਮੈਂ ਇਕ ਵਾਰ ਫਿਰ ਕੁਝ ਮਿੰਟਾਂ ਲਈ ਲੇਟ ਗਿਆ ਕਿਉਂਕਿ ਵਾਸ਼ਰੂਮ ਜਾਣ ਲਈ ਸਰੀਰ ਅਜੇ ਮੰਨ ਨਹੀਂ ਰਿਹਾ ਸੀ। ਖੈਰ ਤਿਆਰ ਹੋਣ ਤਕ 10 ਵਜ ਚੁਕੇ ਸਨ ਅਤੇ ਮੁਨੀਰ ਬਰੇਕਫਾਸਟ ਤਿਆਰ ਕਰਵਾ ਰਿਹਾ ਸੀ।

    ਵੈਸੇ ਤਾਂ ਪਾਕਿਸਤਾਨ ਦੇ ਤਿੰਨ ਮਹੀਨੇ ਦੇ ਓਪਨ ਵੀਜ਼ੇ ਵਿਚ ਮੇਰੇ ਪਰੋਗਰਾਮ ਵਿਚ ਗੁਰਦਵਾਰਾ ਕਰਤਾਰਪੁਰ ਸਾਹਿਬ ਜਿਥੇ ਗੁਰੁ ਨਾਨਕ ਦੇਵ ਜੀ ਆਪਣੇ ਜੀਵਨ ਦੇ ਅੰਤਲੇ ਸਮੇਂ ਰਹੇ ਸਨ ਅਤੇ ਇਥੇ ਹੀ ਪੂਰੇ ਹੋਏ ਸਨ, ਜਾਣਾ ਵੀ ਸ਼ਾਮਲ ਸੀ। ਇਹ ਗੁਰਦਵਾਰਾ ਹੁਣ ਜ਼ਿਲਾ ਨਾਰੋਵਾਲ ਵਿਚ ਹੈ ਤੇ ਪਹਿਲਾਂ ਸਿਆਲਕੋਟ ਜ਼ਿਲੇ ਦੀ ਤਹਿਸੀਲ ਹੁੰਦੀ ਸੀ। ਇਹ ਰਾਵੀ ਦਰਿਆ ਦੇ ਕੰਢੇ ਉਤੇ ਵਾਕਿਆ ਹੈ। ਦਰਿਆ ਦੇ ਦੂਜੇ ਪਾਸੇ ਭਾਰਤੀ ਪੰਜਾਬ ਦਾ ਜ਼ਿਲਾ ਗੁਰਦਾਸਪੁਰ ਹੈ ਅਤੇ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਤੋਂ ਰਾਵੀ ਦੇ ਪਾਰ ਇਹ ਗੁਰਦਵਾਰਾ ਥੋੜ੍ਹਾ ਥੋੜ੍ਹਾ ਦਿਸਦਾ ਵੀ ਹੈ। ਗੁਰੂ ਨਾਨਕ ਦੇਵ ਜੀ ਆਪਣੇ ਜੀਵਨ ਦੇ ਅੰਤਲੇ ਦਿਨਾਂ ਵਿਚ ਇਥੇ ਖੁਦ ਆਪਣੇ ਹਥਾਂ ਨਾਲ ਵਾਹੀ ਖੇਤੀ ਦਾ ਕੰਮ ਵੀ ਕਰਦੇ ਸਨ। ਪਤਾ ਕੀਤਾ ਤਾਂ ਲਾਹੌਰ ਤੋਂ ਕਰਤਾਰਪੁਰ ਦਾ ਸਫਰ 4 ਘੰਟੇ ਤੋਂ ਜ਼ਿਆਦਾ ਦਾ ਸੀ। ਇਸ ਤੋਂ ਇਲਾਵਾ ਮੈਂ ਹਜ਼ਰਤ ਮੀਆਂਮਰ ਜਿਨ੍ਹਾਂ ਨੇ ਚੌਥੇ ਗੁਰੂ ਰਾਮਦਾਸ ਜੀ ਦੇ ਕਹਿਣ ਤੇ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀ ਨੀਂਹ ਰੱਖੀ ਸੀ, ਦੀ ਦਰਗਾਹ ਤੇ ਵੀ ਜਾਣਾ ਚਹੁੰਦਾ ਸਾਂ ਅਤੇ ਬਾਬਾ ਫਰੀਦ ਦੇ ਪਾਕਪਟਨ ਵਾਲੀ ਥਾਂ ਤੇ ਵੀ ਜਾਣਾ ਚਹੁੰਦਾ ਸਾਂ। ਕਰਤਾਰਪੁਰ ਦਾ ਸਫਰ ਜ਼ਿਆਦਾ ਲੰਮਾ ਹੋਣ ਕਾਰਨ ਮੈਂ ਓਥੇ ਜਾਣ ਦਾ ਪਰੋਗਰਾਮ ਅਸਥਗਤ ਕਰ ਦਿਤਾ ਅਤੇ ਹਜ਼ਰਤ ਮੀਆਂਮੀਰ ਸਾਹਿਬ ਦੀ ਦਰਗਾਹ ਉੇਤੇ ਜਾਣਾ ਵੀ ਮੁਲਤਵੀ ਕਰਨਾ ਪਿਆ ਕਿਉਂਕਿ ਇਹ ਥਾਂ ਲਾਹੌਰ ਦੇ ਛਾਉਣੀ ਏਰੀਏ ਵਿਚ ਪੈਂਦੀ ਸੀ ਅਤੇ ਤਿੰਨ ਮਹੀਨੇ ਦੇ ਖੁਲ੍ਹੇ ਵੀਜ਼ੇ ਦੀ ਸਹੂਲਤ ਦੇ ਬਾਵਜੂਦ ਪਾਕਿਸਤਾਨ ਦੀ ਕਿਸੇ ਵੀ ਛਾਉਣੀ ਦੇ ਇਲਾਕੇ ਵਿਚ ਜਾਣ ਦੀ ਮਨਾਹੀ ਸੀ। ਹਾਲਾਂਕਿ ਲਾਹੌਰ ਜਿਥੇ ਮੈਂ ਠਹਿਰਿਆ ਹੋਇਆ ਸਾਂ, ਓਥੋਂ ਇਹ ਥਾਂ ਬਹੁਤ ਨੇੜੇ ਸੀ। ਮੁਨੀਰ ਕਹਿ ਰਿਹਾ ਸੀ ਕਿ ਛਾਉਣੀ ਵਿਚ ਦਾਖਲ ਹੋਏ ਬਗੈਰ ਵੀ ਮੀਆਂਮੀਰ ਦੇ ਮਜ਼ਾਰ ਤੇ ਜਾਇਆ ਜਾ ਸਕਦਾ ਸੀ ਪਰ ਰਿਸਕ ਲੈਣ ਦਾ ਕੋਈ ਫਾਇਦਾ ਨਹੀਂ ਸੀ। ਸ਼ੇਖ ਫਰੀਦ ਦਾ ਥਾਂ ਵੀ ਬਹੁਤ ਦੂਰ ਸੀ। ਕਈ ਦਿਨਾਂ ਦੇ ਸਫਰ ਅਤੇ ਉਮਰ ਦੇ ਤਕਾਜ਼ੇ ਕਾਰਨ ਸਰੀਰ ਹੁਣ ਥਕਾਵਟ ਵੀ ਕਾਫੀ ਮਹਿਸੂਸ ਕਰਨ ਲੱਗ ਪਿਆ ਸੀ। ਸਾਰਾ ਦਿਨ ਪਾਕਿਸਤਾਨ ਦੇ ਪੰਜਾਬੀ ਲੇਖਕਾਂ ਦੇ ਬਹੁਤ ਫੋਨ ਆਉਂਦੇ ਸਨ ਅਤੇ ਉਹਨਾਂ ਨਾਲ ਗੱਲਾਂ ਬਾਤਾਂ ਵਿਚ ਕਾਫੀ ਸਮਾਂ ਲੱਗ ਜਾਂਦਾ ਸੀ। ਅਕਸਰ ਜੋ ਫੋਨ ਕਰਦੇ ਸਨ, ਉਹਨਾਂ ਨੂੰ ਮੈਂ ਜਾਣਦਾ ਵੀ ਨਹੀਂ ਸਾਂ ਪਰ ਫਿਰ ਵੀ ਹਾਂ - ਹੂੰ ਕਰਨੀ ਪੈਂਦੀ ਸੀ। ਇਕ ਲੇਖਕ ਜ਼ਾਹਿਦ ਇਕਬਾਲ ਜਿਸ ਨੇ  ਹੀਰ ਵਾਰਸ ਵਿਚੋਂ ਵੀਹ ਸਾਲ ਲਾ ਕੇ ਨਕਲੀ ਸ਼ਿਅਰ ਅੱਡ ਕੀਤੇ ਸਨ, ਨੇ ਭਾਰੇ ਵਜ਼ਨ ਦੀਆਂ ਦੋ ਕਿਤਾਬਾਂ ਭੇਜ ਦਿਤੀਆਂ ਇਕ ਮੇਰੇ ਲਈ ਅਤੇ ਇਕ ਕਿਰਪਾਲ ਸਿੰਘ ਪਨੂੰ ਲਈ। ਕਿਤਾਬਾਂ ਪਹਿਲਾਂ ਹੀ ਬਹੁਤ ਜਮ੍ਹਾਂ ਹੋ ਚੁਕੀਆਂ ਸਨ ਤੇ ਉਹਨਾਂ ਕਿਤਾਬਾਂ ਦਾ ਭਾਰ ਬਹੁਤ ਵਧ ਜਾਣ ਕਾਰਨ ਮੈਂ ਬਹੁਤ ਸਾਰੀਆਂ ਕਿਤਾਬਾਂ ਲਿਆ ਨਾ ਸਕਿਆ ਜਿਨ੍ਹਾਂ ਵਿਚ ਸੋਧੀ ਹੀਰ ਵੀ ਸ਼ਾਮਲ ਸੀ।

    ਲਾਹੌਰ ਵਿਚ ਮੇਰੀਆਂ ਸ਼ਾਮਾਂ ਦੇ ਮਾਲਕਾਂ ਵਿਚ ਮੇਰਾ 50 ਸਾਲਾ ਪੁਰਾਣਾ ਦੋਸਤ ਕਸੂਰ ਦਾ ਪ੍ਰਸਿਧ ਵਕੀਲ ਚੌਧਰੀ ਮੁਹੰਮਦ ਨਵਾਜ਼, ਹਾਈਕੋਰਟ ਅਤੇ ਸੁਪਰੀਮ ਕੋਰਟ ਦੇ ਉਹਦੇ ਵਕੀਲ ਦੋਸਤ ਅਤੇ ਉਹਨਾਂ ਤੋਂ ਇਲਾਵਾ ਮੈਨੂੰ ਮਿਲਣ ਵਾਲੇ ਪਾਕਿਸਤਾਨ ਦੇ ਪੰਜਾਬੀ ਲੇਖਕ ਸਨ ਜਿਨ੍ਹਾਂ ਵਿਚ ਮੇਰੀ ਜੀਵਨੀ ਛਾਪਣ ਵਾਲਾ ਮੇਰਾ ਪਬਲਿਸ਼ਰ ਕਾਮਰੇਡ ਅਮਜਦ ਸਲੀਮ ਮਿਨਹਾਸ ਅਤੇ ਪੰਜਾਬੀ ਸ਼ਾਇਰ ਅਫਜ਼ਲ ਸਾਹਿਰ ਵੀ ਸ਼ਾਮਲ ਸੀ। ਦਿਨ ਵੇਲੇ ਮੈਂ ਤੇ ਮੁਨੀਰ ਸਲੀਮ ਸਾਹਬ ਦੀ ਦੁਕਾਨ ਤੇ ਵੀ ਹੋ ਕੇ ਆਏ ਸਾਂ। ਓਥੇ ਬੈਠਿਆਂ ਹੀ ਫੈਸਲਾ ਹੋ ਗਿਆ ਸੀ ਕਿ ਮੇਰੀ ਕਿਤਾਬ ਅਲਹੁਮਾਰਾ ਸੈਂਟਰ ਲਾਹੌਰ ਵਿਚ 27 ਮਾਰਚ ਦੀ ਸ਼ਾਮ ਨੂੰ ਰੀਲੀਜ਼ ਹੋ ਰਹੀ ਹੈ ਅਤੇ ਰੀਲੀਜ਼ ਦੀ ਰਸਮ ਪਾਕਿਸਤਾਨ ਦੇ ਐਜੂਕੇਸ਼ਨ ਮਨਿਸਟਰ ਜਨਾਬ ਸਰਦਾਰ ਆਸਫ ਅਹਿਮਦ ਅਲੀ ਖਾਂ ਕਰਨਗੇ ਜੋ ਮੇਰੇ ਹੋਸਟ ਚੌਧਰੀ ਮੁਹੰਮਦ ਨਵਾਜ਼ ਦੇ ਬੜੇ ਗੂੜ੍ਹੇ ਦੋਸਤ ਹਨ ਅਤੇ ਪਾਕਿਸਤਾਨ ਦੇ ਪ੍ਰੈਜ਼ੀਡੰਟ ਆਸਫ ਜ਼ਰਦਾਰੀ ਸਾਹਿਬ ਵੱਲੋਂ ਸੂਫੀਇਜ਼ਮ ਐਂਡ ਪੀਸ ਕਾਨਫਰੰਸ ਦੇ ਡੈਲੀਗੇਟਸ ਨੂੰ ਦਿਤੇ ਲੰਚ ਸਮੇਂ ਮਿਲੇ ਸਨ। ਸਲੀਮ ਸਾਹਿਬ ਦੀ ਦੁਕਾਨ ਤੇ ਮੈਨੂੰ ਸਾਡੀ ਕੰਬੋਜ ਬਰਾਦਰੀ ਦਾ ਚੌਧਰੀ ਮਾਹਮੂਦ ਹੁਸੈਨ ਕੰਬੋਹ ਵੀ ਮਿਲਣ ਆ ਗਿਆ ਸੀ। ਉਹ ਗੁਜਰਾਤ ਯੂਨੀਵਰਸਿਟੀ ਦੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਦਾ ਭਰਾ ਸੀ ਅਤੇ ਮੇਰੇ ਆਉਣ ਦੀ ਇਤਲਾਹ ਉਹਨੂੰ ਗੁਜਰਾਤ ਤੋਂ ਪ੍ਰਿੰਸੀਪਲ ਸਾਹਿਬ ਨੇ ਦੇ ਦਿਤੀ ਸੀ। ਇਸ ਵੇਲੇ ਉਹ ਪਾਕਿਸਤਾਨੀ ਪੰਜਾਬ ਦੇ ਚੀਫ ਮਨਿਸਟਰ ਦਾ ਅਡਵਾਈਜ਼ਰ ਹੈ। ਉਸ ਬਹੁਤ ਜ਼ੋਰ ਲਾਇਆ ਕਿ ਮੈਂ ਉਹਦੇ ਨਾਲ ਜਾ ਕੇ ਲਾਹੌਰ ਵਿਚ ਕੰਬੋਜ ਬਰਾਦਰੀ ਦੇ ਸਿਰ ਕਢ ਬੰਦਿਆਂ ਨੂੰ ਮਿਲਾਂ ਪਰ ਵਕਤ ਵਫਾ ਨਹੀਂ ਕਰ ਰਿਹਾ ਸੀ। ਮੈਂ ਉਸ ਨੂੰ ਆਪਣੀ ਸ਼ਾਹਮੁਖੀ ਵਿਚ ਛਪੀ ਸਵੈ ਜੀਵਨੀ "ਕਿਹੋ ਜਿਹਾ ਸੀ ਜੀਵਨ" ਦਿਤੀ ਅਤੇ ਬੜੀ ਨਿਮ੍ਰਤਾ ਨਾਲ ਉਹਨਾਂ ਦੇ ਨਾਲ ਨਾ ਜਾ ਸਕਣ ਦੀ ਮੁਆਫੀ ਮੰਗੀ।

    ਸ਼ਾਮ ਦੀ ਮਹਿਫਲ ਲਈ ਚੌਧਰੀ ਮੁਹੰਮਦ ਨਵਾਜ਼ ਮਹਿੰਗੀ ਤੋਂ ਮਹਿੰਗੀ ਭਾਵ ਬਲੈਕ ਲੇਬਲ ਜਾਂ ਸਿਵਾਸ਼ ਰੀਗਲ ਸਕਾਚ ਦੀਆਂ ਵਡੀਆਂ ਬੋਤਲਾਂ ਮੰਗਵਾਂਦਾ। ਮੈਂ ਜਿੰਨੀ ਵਾਰ ਵੀ ਲਾਹੌਰ ਗਿਆ ਸਾਂ, ਜਿਨ੍ਹਾਂ ਮੁਸਲਿਮ ਲੋਕਾਂ ਜਾਂ ਲੇਖਕਾਂ ਨਾਲ ਮੇਰਾ ਵਾਹ ਪਿਆ ਸੀ, ਉਹ ਸਾਰੇ ਰੱਜ ਕੇ ਸ਼ਰਾਬ ਪੀਂਦੇ ਅਤੇ ਖੂਬ ਪੀਂਦੇ ਸਨ। ਜਿਵੇਂ ਭਾਰਤ ਵਿਚ ਵੀ ਪੰਜਾਬੀ ਲੇਖਕਾਂ ਵਿਚ ਸ਼ਰਾਬ ਪੀਣ ਦਾ ਕਾਫੀ ਰੁਝਾਣ ਹੈ, ਇਸੇ ਤਰ੍ਹਾਂ ਪਾਕਿਸਤਾਨ ਵਿਚ ਲੇਖਕ ਬਨਣ ਲਈ ਇਹਦਾ ਇਸਤੇਮਾਲ ਬਹੁਤ ਜ਼ਰੂਰੀ ਤੇ ਮਹਤਵਪੂਰਨ ਅੰਗ ਬਣ ਗਿਆ ਲਗਦਾ ਹੈ। ਓਪਨ ਠੇਕੇ ਤਾਂ ਨਹੀਂ ਹਨ ਪਰ ਸ਼ਾਮ ਤਕ ਜਿਮਖਾਨਿਆਂ ਜਾਂ ਬਦੇਸ਼ੀ ਐਮਬੈਸੀਜ਼ ਵਿਚੋਂ ਅਸਰ ਰਸੂਖ ਵਾਲੇ ਇਹ ਸੱਪ ਦੀ ਜੀਭ ਲੜਾਉਣ ਦਾ ਪਰਬੰਧ ਕਰ ਹੀ ਲੈਂਦੇ ਹਨ। ਕਈ ਲੇਖਕ, ਪ੍ਰੋਫੈਸਰਜ਼, ਐਡੀਟਰਜ਼ ਤੇ ਵਕੀਲ ਆਦਿ ਇਸ ਦਾ ਖੂਬ ਸੇਵਨ ਕਰਦੇ ਹਨ। ਪਾਕਿਸਤਾਨ ਦੀ ਬਣੀ ਵੋਦਕਾ ਵੀ ਮੈਂ ਕਈ ਮਹਿਫਲਾਂ ਵਿਚ ਵੇਖੀ ਪਰ ਉਸਦਾ ਜ਼ਾਇਕ ਬਹੁਤਾ ਪਸੰਦ ਨਾ ਆਇਆ। ਸਿਵਾਸ਼ ਰੀਗਲ ਅਤੇ ਬਲੈਕ ਲੇਬਲ ਭਾਵੇਂ ਬਹੁਤ ਮਹਿੰਗੀ ਸੀ ਪਰ ਫਿਰ ਵੀ ਕਈ ਮਹਿਫਲਾਂ ਵਿਚ ਚਲਦੀ ਵੇਖੀ ਗਈ। ਚਾਰ ਤੋਂ ਲੈ ਕੇ ਪੰਜ ਹਜ਼ਾਰ ਪਾਕਿਸਤਾਨੀ ਰੁਪਿਆਂ ਵਿਚ ਇਕ ਬੋਤਲ ਮਿਲਦੀ ਸੀ ਪਰ ਇਹ ਪਤਾ ਨਹੀਂ ਕਿ ਇਸ ਵਿਚ ਕੋਈ ਮਿਲਾਵਟ ਕੀਤੀ ਜਾਂਦੀ ਸੀ ਜਾਂ ਨਹੀਂ। ਮੈਂ ਹੋਰ ਵੇਖਿਆ ਕਿ ਰੜ੍ਹੀਆਂ ਤੰਦੂਰੀ ਰੋਟੀਆਂ, ਵਡੇ ਜਾਂ ਛੋਟੇ ਨਾਨ ਅਤੇ ਕਿਸਮ ਕਿਸਮ ਦੇ ਮੀਟ ਮੁਰਗਿਆਂ ਦੀਆਂ ਦੁਕਾਨਾਂ ਬਹੁਤ ਸਨ ਜਿਥੇ ਜਦੋਂ ਚਾਹੋ ਆਰਡਰ ਦੇ ਕੇ ਖਾਣ ਨੂੰ ਮੰਗਵਾਇਆ ਜਾ ਸਕਦਾ ਸੀ। ਮੈਂ ਤੇ ਮੁਨੀਰ ਨੇ ਇਕ ਦਿਨ ਤਾਜ਼ਾ ਮੂੰਗਰੇ ਲੈ ਕੇ ਆਏ ਕਿਉਂਕਿ ਮੀਟ ਖਾ ਖਾ ਕੇ ਮਨ ਅੱਕ ਚੁੱਕਾ ਸੀ ਅਤੇ ਮੂੰਗਰੇ ਖਾਧਿਆਂ ਵੈਸੇ ਵੀ ਬੜੀ ਦੇਰ ਹੋ ਗਈ ਸੀ। ਮੁਨੀਰ ਨੇ ਮੂੰਗਰੇ ਬੜੇ ਸਵਾਦ ਬਣਵਾਏ ਅਤੇ ਸਾਡੇ ਕੋਲੋਂ ਜਦ ਨਾ ਮੁਕੇ ਤਾਂ ਮੈਂ ਮੁਨੀਰ ਨੂੰ ਕਿਹਾ ਕਿ ਚੌਧਰੀ ਸਾਹਿਬ ਦਾ ਸਟਾਫ ਜੋ ਪਿਛੇ ਕਵਾਟਰਾਂ ਵਿਚ ਰਹਿੰਦਾ ਹੈ, ਇਹ ਉਹਨਾਂ ਨੂੰ ਦੇ ਦਿਓ, ਆਪਾਂ ਤਾਂ ਬੱਸ ਪਾਕਿਸਤਾਨੀ ਮੂੰਗਰਿਆਂ ਦਾ ਸਵਾਦ ਈ ਚੱਖਣਾ ਸੀ। ਚੌਧਰੀ ਸਾਹਿਬ ਕਈ ਵਾਰ ਕਸੂਰੋਂ ਬੱਕਰੇ ਦੇ ਖਾਸ ਖਰੌੜੇ ਲੈ ਕੇ ਆਉਂਦੇ ਅਤੇ ਆਪਣੀ ਦੇਖ ਰੇਖ ਹੇਠ ਖੁਦ ਬਣਵਾਉਂਦੇ। ਲਾਹੌਰ ਦੇ ਜੋ ਪੰਜਾਬੀ ਲੇਖਕ ਸ਼ਾਮਾਂ ਨੂੰ ਜਦੋਂ ਮੈਨੂੰ ਮਿਲਣ ਲਈ ਚੌਧਰੀ ਮੁਹੰਮਦ ਨਵਾਜ਼ ਦੀ ਗੁਲਬਰਗ ਵਾਲੇ ਦਫਤਰ  ਆਉਂਦੇ ਤਾਂ ਖਰੌੜਿਆਂ ਦੀ ਬੜੀ ਤਾਰੀਫ ਕਰਦੇ ਅਤੇ ਕਹਿੰਦੇ ਕਿ ਅਸੀਂ ਲਾਹੌਰ ਵਿਚ ਐਨੇ ਸਵਾਦ ਖਰੌੜੇ ਪਹਿਲਾਂ ਕਦੇ ਨਹੀਂ ਖਾਧੇ ਅਤੇ ਚੌਧਰੀ ਸਾਹਿਬ ਕਹਿੰਦੇ ਕਿ ਕਸੂਰ ਵਿਚ ਇਕ ਹੀ ਖਾਸ ਮੀਟ ਦੀ ਦੁਕਾਨ ਹੈ ਤੇ ਉਹ ਮੀਟ ਸ਼ਾਪ ਵਾਲਾ ਬੜੀ ਦੇਰ ਤੋਂ ਮੇਰੇ ਲਈ ਉਚੇਚੇ ਤੌਰ ਤੇ ਲਵੇ ਬਕਰਿਆਂ ਦੇ ਖਰੌੜੇ ਲੈ ਕੇ ਆਉਂਦਾ ਹੈ। ਹੁਣ ਚੌਧਰੀ ਸਾਹਿਬ ਦੀ ਇਹ ਥਾਂ ਵਧੀਆ ਪ੍ਰਾਹੁਣਚਾਰੀ ਤੋਂ ਇਲਾਵਾ ਸਵਾਦੀ ਖਰੌੜਿਆਂ ਲਈ ਵੀ ਮਸ਼ਹੂਰ ਹੋ ਗਈ ਸੀ। ਕਿਚਨ ਵਿਚੋਂ ਖਰੌੜਿਆਂ ਦੀ ਭਰ ਕੇ  ਆਈ ਪਲੇਟ ਮਿੰਟਾਂ ਵਿਚ ਹੀ ਮੁਕ ਜਾਂਦੀ।


    ਪੰਜਾਬੀ ਖੋਜਗੜ੍ਹ ਵਿਖੇ


    ਇਕਬਾਲ ਕੈਸਰ ਆਇਆ ਤਾਂ ਅਸਾਂ ਪੈਟਰੋਲ ਪਵਾ ਕੇ ਗੱਡੀ ਫਿਰੋਜ਼ਪੁਰ ਰੋਡ ਤੇ ਸਿੱਧੀ ਕਰ ਲਈ। ਲਾਹੌਰ ਸ਼ਹਿਰ ਇਸ ਸੜਕ ਤੇ ਵੀ ਦੂਰ ਤੱਕ ਵਧ ਚੁਕਾ ਸੀ ਅਤੇ ਸੜਕਾਂ ਦੀ ਮੁਰਮਤ ਹੋ ਰਹੀ ਸੀ। ਜਦ ਪਿੰਡ ਆਉਣੇ ਸ਼ੁਰੂ ਹੋਏ ਤਾਂ ਲਹਿਰਾਉਂਦੀਆਂ ਕਣਕਾਂ ਵੇਖਣ ਨੂੰ ਮਿਲੀਆਂ। ਲਲਿਆਣੀ ਪਿੰਡ ਤੋਂ ਪਹਿਲਾਂ ਜਦ ਇਕ ਨਹਿਰ ਆਈ ਤਾਂ ਇਕਬਾਲ ਨੇ ਗੱਡੀ ਨਹਿਰ ਦੀ ਉੱਗੜ ਦੁਗੜੀ ਖੱਬੀ ਪਟੜੀ ਤੇ ਮੁੜਵਾ ਲਈ ਜੋ ਕੁਝ ਹੀ ਮਿੰਟਾਂ ਵਿਚ ਖੋਜ ਗੜ੍ਹ ਪਹੁੰਚ ਗਈ ਜਿਸ ਦਾ ਬੜਾ ਨਾਂ ਸੁਣਿਆ ਸੀ। ਇਕਬਾਲ ਨੇ ਦਸਿਆ ਕਿ ਹਿ ਉਹ ਨਹਿਰ ਹੈ ਜੋ ਅੰਮ੍ਰਿਸਰ ਤੋਂ ਇਥੋਂ ਤਕ ਪਾਣੀ ਦੇਂਦੀ ਸੀ। ਮੈਂ ਕਿਹਾ ਕਿ ਓਸ ਨਹਿਰ ਵਿਚ ਤਾਂ ਇਸ ਵੇਲੇ ਪਾਣੀ ਨਹੀਂ ਹੈ ਪਰ ਇਸ ਵਿਚ ਪਾਣੀ ਕਿਥੋਂ ਆ ਰਿਹਾ ਹੈ? ਉਹਨੇ ਦਸਿਆ ਕਿ ਇਹ ਪਾਣੀ ਚਨਾਬ ਦਰਿਆ ਵਿਚੋਂ ਲਿਆ ਕੇ ਇਸ ਵਿਚ ਪਾਇਆ ਗਿਆ ਹੈ। ਇਥੇ ਹੀ ਇਕਬਾਲ ਤੋਂ ਪਤਾ ਲੱਗਾ ਕਿ ਲਲਿਆਣੀ ਪਿੰਡ ਦੀ ਸਿੱਖ ਇਤਿਹਾਸ ਵਿਚ ਬੜੀ ਮਹਾਨਤਾ ਹੈ ਕਿਉਂਕਿ ਪੰਜਾਬ ਦੀ ਗੁਲਾਮੀ ਦਾ ਦੌਰ ਇਸ ਪਿੰਡ ਵਿਚੋਂ ਹੀ ਸ਼ੁਰੂ ਹੋਇਆ ਸੀ ਜਦ ਇਸ ਅਸਥਾਨ ਉਤੇ 10 ਮਾਰਚ, 1849 ਈæ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁਤਰ ਬਾਲ ਮਹਾਰਾਜੇ ਦਲੀਪ ਸਿੰਘ ਨੇ ਜੋ ਮਸਾਂ 7/8 ਸਲਾਂ ਦਾ ਸੀ, ਅੰਗਰੇਜ਼ ਗਵਰਨਰ ਜਨਰਲ ਸਰ ਹੈਨਰੀ ਦੇ ਸਾਹਮਣੇ ਮਾਫੀਨਾਮਾ ਲਿਖ ਕੇ ਦੇਣਾ ਪਿਆ ਅਤੇ ਗਦਾਰ ਡੋਗਰਿਆਂ ਦੀ ਅਗਵਾਈ ਵਿਚ ਪੰਜਾਬ ਦੇ ਖਾਲਸਾ ਰਾਜ ਦੇ ਹਥਿਆਰ ਸਰਕਾਰੀ ਤੌਰ ਤੇ ਅੰਗਰੇਜ਼ ਲਾਰਡ ਹਾਰਡਿੰਗ ਸਾਹਮਣੇ ਸੁਟ ਕੇ ਪੰਜਾਬ ਅੰਗਰੇਜ਼ਾਂ ਦੇ ਹਵਾਲੇ ਕਰ ਦਿਤਾ ਸੀ। ਇਸ ਸਬੰਧੀ ਖੋਜ ਗੜ੍ਹ ਵਿਚ ਲੱਗੀ ਪੇਂਟਿੰਗ ਦੀ ਮੈਂ ਫੋਟੋ ਖਿਚ ਲਈ। ਖੋਜ ਗੜ੍ਹ ਦੇ ਬਾਹਰ ਕੁਲਵੰਤ ਸਿੰਘ ਵਿਰਕ ਦੇ ਘਰ ਦੇ ਦਰਵਾਜ਼ੇ ਲੱਗੇ ਹੋਏ ਹਨ ਜੋ ਓਸ ਘਰ ਵਿਚ ਰਹਿਣ ਵਾਲਿਆਂ ਨੇ ਖੋਜ ਗੜ੍ਹ ਨੂੰ ਦਾਨ ਕਰ ਦਿਤੇ ਹਨ ਜੋ ਪਾਕਿਸਤਾਨ ਅਤੇ ਖੋਜਗੜ੍ਹ ਦੇ ਇਤਿਹਾਸ ਵਿਚ ਬਹੁਤ ਵਡੀ ਗੱਲ ਹੈ। ਪੰਜਾਬੀ ਖੋਜਗੜ੍ਹ ਨੂੰ ਬੁਧੀਜੀਵੀਆਂ ਦਾ ਟਰਸਟ ਚਲਾਉਂਦਾ ਹੈ। ਜਿਨ੍ਹਾਂ ਦਾਂ ਹਨ: ਪ੍ਰੋਫੈਸਰ ਜਮੀਲ ਅਹਿਮਦ ਪਾਲ, ਮਲਿਕ ਅਬਦੁਲ ਸਤਾਰ, ਮਲਿਕ ਮੁਹੰਮਦ ਰਿਆਜ਼, ਅਲੀਮ ਸ਼ਲ, ਅਬਦੁਲ ਜਬਾਰ, ਇਕਬਾਲ ਕੈਸਰ, ਡਾ: ਸਈਦ ਭੁੱਟਾ, ਪ੍ਰੋ: ਖਾਲਦ ਹਮਾਯੂ ਅਤੇ ਸ਼ਫਕਤ ਤਨਵੀਰ ਮਿਰਜ਼ਾ। ਇਹ ਪੰਜਾਬੀ ਖੋਜਗੜ੍ਹ ਪਿੰਡ ਲਲਿਆਣੀ ਦੇ ਰਕਬੇ ਵਿਚ ਹੀ ਪੈਂਦਾ ਹੈ ਅਤੇ ਇਸ ਵੇਲੇ ਇਸ ਨੂੰ ਤਹਿਸੀਲ ਅਤੇ ਜ਼ਿਲਾ ਕਸੂਰ  ਲਗਦਾ
    ਹੈ।
    Photo
    ਪੰਜਾਬੀ ਖੋਜ ਗੜ੍ਹ ਵਿਖੇ ਲੱਗੇ ਕੁਲਵੰਤ ਸਿੰਘ ਵਿਰਕ ਦੇ ਘਰ ਦੇ ਬੂਹੇ

     ਇਸ ਸੰਸਥਾ ਦਾ ਆਪਣਾ ਈਮੇਲ ਅਤੇ ਦੋ ਫੋਨ ਨੰਬਰਜ਼ ਹਨ। ਪੰਜਾਬੀ ਖੋਜਗੜ੍ਹ ਦਾ ਉਦੇਸ਼ ਇਸ ਥਾਂ ਪੰਜਾਬ ਦੀ ਸਭਿਅਤਾ, ਇਤਿਹਾਸ ਅਤੇ ਸਾਹਿਤ ਨੂੰ ਸਾਂਭਣ ਦਾ ਯਤਨ ਕਰਨਾ ਹੈ। ਇਕ ਅੰਦਾਜ਼ੇ ਅਨੁਸਾਰ ਪੰਜਾਬ ਦੀ ਸਭਿਅਤਾ 2500 ਬੀ ਸੀ ਤੋਂ ਲੈ ਕੇ 5000 ਪੁਰਾਣੀ ਸਭਿਅਤਾ ਹੈ। ਪੰਜਾਬੀ ਬੋਲਣ ਵਾਲਿਆਂ ਦੀ ਵਡੀ ਗਿਣਤੀ ਪਾਕਿਸਤਾਨ ਵਿਚ ਹੈ ਅਤੇ ਸਾਊਥ ਏਸ਼ੀਆ ਦੇ ਇਲਾਕਿਆਂ ਵਿਚ ਪੰਜਾਬੀ ਬੋਲਣ ਵਾਲੇ ਮੁਸਲਿਮ, ਹਿੰਦੂ, ਸਿੱਖ ਅਤੇ ਈਸਾਈ ਮੌਜੂਦ ਹਨ। ਇਹ ਥਾਂ ਸੱਤ ਏਕੜ ਰਕਬੇ ਵਿਚ ਫੈਲੀ ਹੋਈ ਹੈ। ਇਥੇ ਸੰਸਾਰ ਦੇ ਹਰ ਬੂਟੇ ਦੀ ਪਨੀਰੀ ਤਿਆਰ ਕੀਤੀ ਜਾਂਦੀ ਹੈ ਅਤੇ ਸਿੰਬਲ ਦੇ ਉਚੇ ਲੰਮੇ ਕਈ ਰੁੱਖ ਹਨ ਜਿਸ ਦਾ ਜ਼ਿਕਰ ਬਾਬਾ ਫਰੀਦ ਨੇ ਆਪਣੀ ਬਾਣੀ ਵਿਚ ਕੀਤਾ ਹੈ। ਪੰਜਾਬੀ ਖੋਜਗੜ੍ਹ ਦੇ ਆਡੀਟੋਰੀਅਮ ਵਿਚ ਇਕੋ ਵੇਲੇ ਇਕ ਹਜ਼ਾਰ ਤਕ ਬੰਦੇ ਬੈਠ ਸਕਦੇ ਹਨ। ਇਥੇ ਸਟੇਜ ਤੇ ਡਰਾਮਾ, ਫਿਲਮ ਸ਼ੋਅ, ਕਿਤਾਬਾਂ ਦੀ ਮੁਖ ਵਿਖਾਲੀ ਅਤੇ ਸਭਿਆਚਾਰਕ ਪਰੋਗਰਾਮ ਕੀਤੇ ਜਾਂਦੇ ਹਨ। ਇਥੇ ਰੈਫਰੈਂਸ ਲਾਇਬਰੇਰੀ, ਆਰਟ ਗੈਲਰੀ, ਪੰਜਾਬ ਮਿਊਜ਼ੀਅਮ, ਲੰਗਰ ਹਾਲ ਅਤੇ ਆਡੀਟੋਰੀਅਮ ਦਿਨ ਬਦਿਨ ਵਧ ਰਿਹਾ ਹੈ। ਲੰਗਰ ਹਾਲ ਵਿਚ ਜਿਵੇਂ ਕਿ ਨਾਮ ਤੋਂ ਹੀ ਸਪਸ਼ਟ ਹੈ, ਵਿਚ ਦੇਸ਼ਾਂ ਬਦੇਸ਼ਾਂ ਤੋਂ ਆਉਣ ਵਾਲੇ ਪੰਜਾਬੀਆਂ ਵਾਸਤੇ ਲੰਗਰ ਵਰਤਾਇਆ ਜਾਂਦਾ ਹੈ। ਰੈਫਰੈਂਸ ਲਾਇਬਰੇਰੀ ਵਿਚ ਪੰਜਾਬੀਆਂ ਦਾ ਇਤਿਹਾਸ ਅਤੇ ਮਿਥਿਹਾਸ ਜੋ ਦੁਨੀਆ ਭਰ ਵਿਚ ਖਿੱਲਰਿਆ ਹੋਇਆ ਪਿਆ ਹੈ, ਇਕਠਾ ਕੀਤਾ ਜਾ ਰਿਹਾ ਹੈ। ਇਸ ਨਾਲ ਪੰਜਾਬ ਅਤੇ ਪੰਜਾਬੀ ਬਾਰੇ ਖੋਜ ਕਰਨ ਵਾਲਿਆਂ ਨੂੰ ਕੋਈ ਕਮੀ ਮਹਿਸੂਸ ਨਹੀਂ ਆਵੇਗੀ। ਇਥੇ ਆਡੀਓ, ਵੀਡੀਓ, ਮਾਈਕਰੋ ਫਿਲਮ ਅਤੇ ਹੋਰ ਸਾਧਨਾਂ ਦੀਆਂ ਸਹੂਲਤਾਂ ਵੀ ਪਰਦਾਨ ਕੀਤੀਆਂ ਜਾਣਗੀਆਂ। ਮੈਨੂੰ ਖੁਸ਼ੀ ਹੋਈ ਜਦ ਖੋਜਗੜ੍ਹ ਦੀ ਲਾਇਬਰੇਰੀ ਵਿਚੋਂ ਇਕਬਾਲ ਕੈਸਰ ਨੇ ਮੇਰੀ ਵਡ ਆਕਾਰੀ ਕਿਤਾਬ "ਬਲਬੀਰ ਸਿੰਘ ਮੋਮੀ ਤੇ ਉਸਦਾ ਰਚਨਾ ਸੰਸਾਰ" ਲਭ ਕੇ ਮੇਰੇ ਅਗੇ ਕਰ ਦਿਤੀ ਅਤੇ ਫੋਟੋ ਵੀ ਖਿਚ ਦਿਤੀ। ਪੰਜਾਬੀ ਖੋਜ ਗੜ੍ਹ ਜਿਥੇ ਆਪਣੇ ਉਦੇਸ਼ ਸਾਹਮਣੇ ਰੱਖ ਕੇ ਹੋਂਦ ਵਿਚ ਆਇਆ ਹੈ,ਸਾਰੇ ਪੰਜਾਬੀਆਂ ਨੂੰ ਭਾਵੇਂ ਉਹ ਕਿਤੇ ਵੀ ਵਸਦੇ ਹਨ, ਇਸ ਪੰਜਾਬੀ ਖੋਜ ਗੜ੍ਹ ਤੇ ਮਾਣ ਕਰਨਾ ਚਾਹੀਦਾ ਹੈ ਅਤੇ ਇਸ ਦੀ ਹੋਂਦ ਨੂੰ ਸੰਸਾਰ ਪਧਰ ਤੇ ਪੁਚਾਣ ਤੇ ਵਧਾਣ ਲਈ ਇਸ ਦੀ ਮਾਇਕ ਸਹਾਇਤਾ ਕਰਨੀ ਚਾਹੀਦੀ ਹੈ। ਪੰਜਾਬੀ ਖੋਜ ਗੜ੍ਹ ਬਾਰੇ ਕਿਸੇ ਵੀ ਕਿਸਮ ਦੀ ਹੋਰ ਜਾਣਕਾਰੀ ਲੈਣ ਲਈ ਇਕਬਾਲ ਕੈਸਰ ਜੋ ਸਾਬਕਾ ਅਧਿਆਪਕ ਹਨ, ਨੂੰ 92-300-943-2852 ਤੇ ਲਾਹੌਰ ਫੋਨ ਕੀਤਾ ਜਾ ਸਕਦਾ ਹੈ। ਇਕਬਾਲ ਨੇ ਹੋਰ ਦਸਿਆ ਕਿ ਇਹ ਸੰਸਥਾ ਇਕ ਦਿਨ ਰੀਸਰਚ ਯੂਨੀਵਰਸਿਟੀ ਦਾ ਰੂਪ ਧਾਰ ਜਾਵੇਗੀ।

    ਬੁਲ੍ਹੇ ਸ਼ਾਹ ਦੇ ਮਜ਼ਾਰ ਤੇ

    Photo
    ਪੰਜਾਬੀ ਖੋਜ ਗੜ੍ਹ ਦੀ ਯਾਤਰਾ ਕਰ ਕੇ ਅਸੀਂ ਬੁਲ੍ਹੇ ਸ਼ਾਹ ਦੇ ਮਜ਼ਾਰ ਦੀ ਜ਼ਿਆਰਤ ਲਈ ਚੱਲ ਪਏ। ਕੁਝ ਮਿੰਟਾਂ ਬਾਅਦ ਅਸੀਂ ਇਤਿਹਾਸਕ ਪਿੰਡ ਲਲਿਆਣੀ ਵਿਚੋਂ ਲੰਘ ਰਹੇ ਸਾਂ ਜਿਥੇ ਪੰਜਾਬ ਦੇ ਰਾਜ ਭਾਗ ਦੀ ਡੋਰ ਬਾਲ ਮਹਾਰਾਜਾ ਦਲੀਪ ਸਿੰਘ ਨੇ ਅੰੰਗਰੇਜ਼ਾਂ ਨੂੰ ਸੰਭਾਲ ਦਿਤੀ ਸੀ। ਕਸੂਰ ਪਹੁੰਚ ਕੇ ਜਦ ਅਸੀਂ ਇਕ ਚੌਕ ਤੋਂ ਬੁਲ੍ਹੇ ਸ਼ਾਹ ਦੇ ਮਜ਼ਾਰ ਤੇ ਜਾਣ ਲਈ ਨੂੰ ਸੱਜੇ ਪਾਸੇ ਮੁੜਨ ਲਗੇ ਤਾਂ ਖਬੇ ਪਾਸੇ ਜਾਂਦੀ ਸੜਕ ਤੇ ਖੇਮਕਰਨ 4 ਮੀਲ ਦਾ ਬੋਰਡ ਲੱਗਾ ਹੋਇਆ ਸੀ। ਖੇਮ ਕਰਨ ਕਸੂਰ ਤੋਂ ਕਿੰਨਾ ਨੇੜੇ ਸੀ, ਇਸਦਾ ਪਤਾ ਤਾਂ ਮੈਨੂੰ ਓਸ ਚੌਕ ਤੋਂ ਹੀ ਲੱਗਾ ਅਤੇ ਖੇਮ ਕਰਨ ਨਾਲ ਮੇਰਾ ਲਗਾਓ ਇਸ ਕਰ ਕੇ ਵੀ ਹੈ ਮੇਰੇ ਸਹੁਰੇ ਪਿਛੋਂ ਖੇਮ ਕਰਨ ਦੇ ਸਨ। ਕਸੂਰ ਦੇ ਬਾਜ਼ਾਰਾਂ ਵਿਚ ਵੀ ਬੜੀ ਭੀੜ ਸੀ। ਬਾਜ਼ਾਰ ਛੋਟੇ ਛੋਟੇ ਲਗ ਰਹੇ ਸਨ। ਜਦ ਅਸੀਂ ਬੁਲ੍ਹੇ ਸ਼ਾਹ ਦੇ ਮਜ਼ਾਰ ਦੀ ਪਾਰਕਿੰਗ ਵਿਚ ਗੱਡੀ ਖੜ੍ਹੀ ਕੀਤੀ ਤਾਂ ਸਭ ਤੋਂ ਪਹਿਲਾਂ ਇਕ ਸ਼ਾਨਦਾਰ ਮਸਜਿਦ ਬਣੀ ਵੇਖੀ। 1962 ਵਿਚ ਜਦੋਂ ਮੈਂ ਇਕ ਰਾਤ ਲਈ ਕਸੂਰ ਵਿਚ ਮਜ਼ਾਰ ਦੇ ਦੂਜੇ ਪਾਸੇ ਇਕ ਵਕੀਲ ਦੇ ਘਰ ਠਹਿਰਿਆ ਸਾਂ ਤਾਂ ਉਸ ਵੇਲੇ ਜਿਥੋਂ ਤਕ ਮੈਨੂੰ ਯਾਦ ਹੈ, ਇਹ ਮਸਜਦ ਨਹੀਂ ਬਣੀ ਹੋਈ ਸੀ। ਉਸ ਵੇਲੇ ਸੜਕ ਵੀ ਬੜੀ ਚੌੜੀ ਸੀ। ਅੱਜ ਉਹ ਵਕੀਲ ਦਾ ਘਰ ਵੀ ਨਹੀਂ ਦਿਸ ਰਿਹਾ ਸੀ। ਹੋ ਸਕਦਾ ਹੈ ਕਿ ਉਸ ਨੇ ਕਿਤੇ ਬਾਹਰ ਕੋਠੀ ਪਾ ਲਈ ਹੋਵੇ। ਓਦੋਂ ਇਹ ਸਾਰਾ ਥਾਂ ਬੜਾ ਖੁਲ੍ਹਾ ਖੁਲ੍ਹਾ ਸੀ। ਅਸੀਂ ਬੁਲ੍ਹੇ ਸ਼ਾਹ ਦੇ ਮਜ਼ਾਰ ਵੱਲ ਵਧੇ ਤਾਂ ਮੰਗਤਿਆਂ ਨੇ ਸਾਡਾ ਪਿਛਾ ਕਰਨਾ ਸ਼ੁਰੂ ਕਰ ਦਿਤਾ। ਖੈਰ ਕੁਝ ਮਿੰਟਾਂ ਵਿਚ ਹੀ ਮੈਂ ਬੁਲ੍ਹੇ ਸ਼ਾਹ ਦੇ ਮਜ਼ਾਰ ਤੇ ਜਾ ਸਿਜਦਾ ਕੀਤਾ। ਕਾਫੀ ਭੀੜ ਸੀ ਅਤੇ ਲੋਕ ਦੋਵੇਂ ਹਥ ਖੋਲ੍ਹ ਦੁਆਵਾਂ ਮੰਗ ਰਹੇ ਸਨ। ਇਸ ਮੌਕੇ ਤੇ ਮੈਂ ਤੇ ਇਕਬਾਲ ਨੇ ਕਾਫੀ ਯਾਦਗਾਰੀ ਫੋਟੋਜ਼ ਖਿਚੀਆਂ ਅਤੇ ਫੁੱਲਾਂ ਨਾਲ ਲੱਦੀ ਕਬਰ ਵਿਚ ਪਏ ਪੰਜਾਬੀ ਦੇ ਮਹਾਨ ਸੂਫੀ ਸ਼ਾਇਰ ਦੇ ਕਲਾਮ ਨੂੰ ਯਾਦ ਕਰਦਿਆਂ ਮਨ ਵਿਚ ਉਸਦੀ ਮਹਾਨਤਾ ਨੂੰ ਯਾਦ ਕੀਤਾ। ਮਜ਼ਾਰ ਤੋਂ ਬਾਹਰ ਆ ਕੇ ਮੈਂ ਵੇਖਿਆ ਕਿ ਪਲਾਸਟਿਕ ਲਫਾਫਿਆਂ ਵਿਚ ਬੰਦ ਕਸੂਰੀ ਮੇਥੀ ਦੇ ਢੇਰ ਲਗੇ ਹੋਏ ਸਨ ਅਤੇ ਉਸਦੀ ਪਿਤਆਰੀ ਖੁਸ਼ਬੂ ਨੱਕ ਨੂੰ ਚੜ੍ਹ ਰਹੀ ਸੀ। ਬੁਲ੍ਹੇ ਸ਼ਾਹ ਦੀ ਕਬਰ ਤੇ ਜ਼ਿਆਰਤ ਕਰਨ ਲਈ ਆਏ ਲੋਕ ਧੜਾ ਧੜ ਮੇਥੀ ਦੇ ਪੈਕਟ ਖਰੀਦ ਰਹੇ ਸਨ। ਮੈਂ ਵੀ ਦੋ ਪੈਕਟ ਖਰੀਦੇ ਅਤੇ ਬਾਬਾ ਬੁਲ੍ਹੇ ਸ਼ਾਹ ਦੇ ਮਜ਼ਾਰ ਤੇ ਆਪਣੇ ਅਕੀਦਤ ਦੇ ਫੁੱਲ ਭੇਟ ਕਰ ਕੇ ਵਾਪਸ ਲਾਹੌਰ ਲਈ ਚੱਲ ਪਏ। ਰਸਤੇ ਵਿਚ ਥਾਂ ਥਾਂ ਉਸਾਰੀ ਕਾਰਨ ਟਰੈਫਿਕ ਵਿਚ ਬੜੀ ਰੁਕਾਵਟ ਆ ਰਹੀ ਸੀ।

    ਸ਼ਾਹ ਹੁਸੈਨ ਦੇ ਮਜ਼ਾਰ ਤੇ

    ਅਗਲਾ ਨਿਸ਼ਾਨਾ ਲਾਹੌਰ ਪਹੁੰਚ ਕੇ ਮਹਾਨ ਸੂਫੀ ਸ਼ਾਇਰ ਸ਼ਾਹ ਹੁਸੈਨ ਅਤੇ ਮਾਧੋ ਲਾਲ ਹੁਸੈਨ ਦੇ ਮਜ਼ਾਰ ਤੇ ਜਾਣ ਦਾ ਸੀ। ਰਸਤੇ ਵਿਚ ਲਾਹੌਰ ਨੂੰ ਮੁੜਦਿਆਂ ਟਰੈਫਿਕ ਦੀ ਭੀੜ ਨੇ ਐਨਾ ਪਰੇਸ਼ਾਨ ਕੀਤਾ ਕਿ ਸ਼ਾਹ ਹੁਸੈਨ ਦੇ ਮਜ਼ਾਰ ਤੇ ਪਹੁੰਚਣ ਲਈ ਭੀੜੀਆਂ ਗਲੀਆਂ ਵਿਚੋਂ ਕਾਰ ਦਾ ਲੰਘਣਾ ਬਹੁਤ ਮੁਸ਼ਕਲ ਹੋ ਰਿਹਾ ਸੀ। ਆਖਰ ਮੁਨੀਰ ਨੇ ਕਿਤੇ ਕਾਰ ਖੜ੍ਹੀ ਕਰਨ ਲਈ ਥਾਂ ਲਭ ਲਈ ਅਤੇ ਅਸੀਂ ਭੀੜ ਵਿਚ ਪੈਦਲ ਹੀ ਸ਼ਾਹ ਹੁਸੈਨ ਦੇ ਮਜ਼ਾਰ ਵੱਲ ਚੱਲ ਪਏ।
    Photo
    ਬਾਗਬਾਨਪੁਰਾ ਲਾਹੌਰ ਵਿਚ ਮਜ਼ਾਰ ਸ਼ਾਹ ਹੁਸੈਨ ਦੇ ਮਜ਼ਾਰ ਤੇ ਬਹੁਤ ਤੰਗ ਗਲੀਆਂ ਵਿਚੋਂ ਹੋ ਕੇ ਲੰਘਣਾ ਪੈਂਦਾ ਸੀ ਅਤੇ ਕਾਰ ਨਾਲੋਂ ਪੈਦਲ ਜਾਣਾ ਸੌਖਾ ਸੀ। ਅਗਲੇ ਦਿਨ ਸ਼ਾਹ ਹੁਸੈਨ ਦਾ ਉਰਸ ਹੋਣ ਕਰ ਕੇ ਬਹੁਤ ਰੌਣਕਾਂ ਤੇ ਭੀੜ ਸੀ। ਰੱਸੀਆਂ ਨਾਲ ਝੰਡੀਆਂ ਲਾ ਲਾ ਕੇ ਸਜਾਵਟ ਕੀਤੀ ਜਾ ਰਹੀ ਸੀ। ਲਗਦਾ ਸੀ ਕਿ ਲੋਕਾਂ ਵਿਚ ਇਸ ਉਰਸ ਮਨਾਉਣ ਦਾ ਬੜਾ ਚਾਅ ਸੀ। ਭੀੜ ਵਿਚੋਂ ਲੰਘ ਅਸੀਂ ਅੰਦਰ ਜਾ ਕੇ ਸ਼ਾਹ ਹੁਸੈਨ ਅਤੇ ਮਾਧੋ ਲਾਲ, ਦੋਹਾਂ ਦੀਆਂ ਨਾਲ ਨਾਲ ਬਣੀਆਂ ਕਬਰਾਂ ਨੂੰ ਸਜਦੇ ਕੀਤੇ, ਦੋਹਾਂ ਕਬਰਾਂ ਤੇ ਚਾਦਰਾਂ ਚੜ੍ਹੀਆਂ ਹੋਈਆਂ ਸਨ ਅਤੇ ਉਪਰ ਫੁੱਲਾਂ ਦੇ ਢੇਰ ਲੱਗੇ ਹੋਏ ਸਨ। ਸਜਦੇ ਤੇ ਦੁਆਵਾਂ ਮੰਗਣ ਵਾਲਿਆਂ ਦੀ ਕਾਫੀ ਭੀੜ ਸੀ। ਇਕਬਾਲ ਕੈਸਰ ਨੇ ਇਥੇ ਵੀ ਕਾਫੀ ਫੋਟੋਜ਼ ਖਿਚੀਆਂ ਅਤੇ ਬਾਹਰ ਆ ਕੇ ਸੱਚ ਤੇ ਪਹਿਰਾ ਦੇਣ ਵਾਲਾ ਉਸਤਾਦ ਕਿਸੇ ਤਰ੍ਹਾਂ ਦੀਆਂ ਗਲਤ ਕੀਮਤਾਂ ਅਗੇ ਨਾ ਝੁਕਣ ਵਾਲਾ ਲੋਕ ਕਵੀਂ ਸੀ ਤੇ ਪਾਕਿਸਤਾਨ ਵਿਚ ਉਹਦਾ ਬੜਾ ਨਾਂ ਸੀ, ਦੀ ਦਾਮਨ ਕਬਰ ਤੇ ਵੀ ਮੈਂ ਸਿਜਦਾ ਕੀਤਾ ਅਤੇ ਫੋਟੋਜ਼ ਖਿਚੀਆਂ। ਉਸਤਾਦ ਸ਼ਾਇਰ ਦਾਮਨ ਜੋ ਸਰਕਾਰ ਦੇ ਖਿਲਾਫ ਲਿਖਣ ਲਈ ਅਕਸਰ ਜੇਲ੍ਹ ਵਿਚ ਰਹਿੰਦਾ ਸੀ, ਦਾ ਭਾਰਤੀ ਪੰਜਾਬ ਵਿਚ ਬੜਾ ਨਾਂ ਸੀ ਅਤੇ ਉਸਦੇ ਚੇਲਿਆਂ ਦੀ ਗਿਣਤੀ ਵੀ ਕਾਫੀ ਸੀ। ਸਾਰੀ ਉਮਰ ਉਸ ਇਕ ਮਲੰਗ ਸ਼ਾਇਰ ਵਾਂਗ ਇਕ ਕੋਠੜੀ ਵਿਚ ਕੱਟੀ ਸੀ ਅਤੇ ਕਦੀ ਕਿਸੇ ਅਗੇ ਝੁਕਿਆ ਨਹੀਂ ਸੀ। ਸ਼ਾਹ ਹੁਸੈਨ ਦੇ ਮੇਲਾ ਹੋਣ ਕਰ ਕੇ ਬਾਹਰ ਦਾਲਾਨ ਵਿਚ ਇਕ ਪਾਸੇ ਮਸਤ ਮਲੰਗ ਲੋਕ ਨਚ ਰਹੇ ਸਨ ਅਤੇ ਕਈਆਂ ਨੇ ਆਪਣੇ ਪੈਰਾਂ ਵਿਚ ਘੁੰਗਰੂ ਬਧੇ ਹੋਏ ਸਨ ਅਤੇ ਲਾਲ ਤੇ ਹਰੇ ਚੋਲੇ ਪਾਏ ਹੋਏ ਸਨ। ਮੈਂ ਇਹਨਾਂ ਵਿਚ ਜਾ ਕੇ ਫੋਟੋਜ਼ ਖਿਚਵਾਈਆਂ ਤੇ ਇੰਜ ਪਾਕਿਸਤਾਨ ਵਿਚ ਪੀਰਾਂ ਫਕੀਰਾਂ ਦੀ ਦਰਗਾਹਵਾਂ ਤੇ ਜਾ ਕੇ ਸਿਜਦੇ ਤੇ ਦਰਸ਼ਨ ਕਰਨ ਦਾ ਮੇਰਾ ਉਦੇਸ਼ ਕਿਸੇ ਹਦ ਤਕ ਪੂਰਾ ਹੋ ਗਿਆ।