ਖ਼ਬਰਸਾਰ

  •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਪੰਜਾਬੀ ਕਾਵਿ ਸ਼ਾਮ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਧਰਮਪਾਲ ਸਾਹਿਲ 'ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ' ਨਾਲ ਸਨਮਾਨਿਤ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਸਮਾਗਮ / ਪੰਜਾਬੀ ਲੇਖਕ ਮੰਚ, ਵੈਨਕੂਵਰ
  •    ਸਾਹਿਤ ਸਭਾ ਨਵਾਂ ਸ਼ਾਲ੍ਹਾ ਦੀ ਮੀਟਿੰਗ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  •    ਰਾਮ ਸਰੂਪ ਅਣਖੀ ਸਮ੍ਰਿਤੀ ਕਹਾਣੀ ਗੋਸ਼ਟੀ ਡਲਹੌਜ਼ੀ 'ਚ ਸਪੰਨ / ਪੰਜਾਬੀਮਾਂ ਬਿਓਰੋ
  •    'ਦੀਵਾ ਬਲੇ ਸਾਰੀ ਰਾਤ' ਕਾਵਿ ਮਹਿਫ਼ਲ ਦਾ ਹੋਇਆ ਸਫ਼ਲ ਆਯੋਜਨ / ਪੰਜਾਬੀਮਾਂ ਬਿਓਰੋ
  •    ਅਜੀਤ ਸਿੰਘ ਰਾਹੀ ਦਾ ਸਨਮਾਨ / ਲੋਕ-ਲਿਖਾਰੀ ਸਾਹਿਤ ਸਭਾ
  •    ਸਾਹਿਤਕ ਖਬਰਾਂ ਬਾਘਾ ਪੁਰਾਣਾ ਦੀਆਂ / ਸਾਹਿਤ ਸਭਾ ਬਾਘਾ ਪੁਰਾਣਾ
  •    'ਸਾਹਿਤ ਸੰਵਾਦ ਤੇ ਸਰੋਕਾਰ' ਲੋਕ ਅਰਪਣ / ਸਿਰਜਣਧਾਰਾ
  •    ਸਾਹਿਤਕ ਖਬਰਾਂ ਲੁਧਿਆਣਾ ਦੀਆਂ / ਪੰਜਾਬੀਮਾਂ ਬਿਓਰੋ
  • ਤੀਜ ਦੇ ਚੰਦ ਵਰਗਾ ਹੁੰਦਾ ਹੈ ਹਾਇਕੁ (ਆਲੋਚਨਾਤਮਕ ਲੇਖ )

    ਹਰਦੀਪ ਕੌਰ ਸੰਧੂ   

    Phone:
    Address:
    ਸਿਡਨੀ ਆਸਟ੍ਰੇਲੀਆ Australia
    ਹਰਦੀਪ ਕੌਰ ਸੰਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਹਾਇਕੁ ਜਪਾਨੀ ਵਿਧਾ ਦੀ ਦੁਨੀਆਂ ‘ਚ ਸਭ ਤੋਂ ਛੋਟੀ ਮੰਨੀ ਜਾਣ ਵਾਲੀ ਕਵਿਤਾ ਹੈ। ਸੁਬਕ ਜਿਹੀ ਤੇ ਇੱਕੋ ਸਾਹ ‘ਚ ਕਹੀ ਜਾਣ ਵਾਲੀ ਕਵਿਤਾ। 19ਵੀਂ ਸਦੀ ਦੇ ਅੰਤ ‘ਚ ਮਾਸਾਓਕਾ ਸ਼ਿਕੀ ਨੇ ਪੁਰਾਣੇ ਹੋਕੂ (hokku) ਕਾਵਿ ਜੋ ਹਾਇਕਾਈ/ ਰੇਂਗਾ  (haikai/renga) ਦਾ ਸ਼ੁਰਆਤੀ ਭਾਗ ਹੁੰਦਾ ਸੀ- ਨੂੰ ਹਾਇਕੁ ‘ਚ ਤਬਦੀਲ ਕਰਕੇ ਇਸਨੂੰ 5+7+5 ਦਾ ਅਜੋਕਾ ਰੂਪ ਦਿੱਤਾ।
               
    ਜੇ ਕਿਸੇ ਤੱਤ ਨੂੰ ਕੁਝ ਲਫਜ਼ਾਂ 'ਚ ਪੇਸ਼ ਕੀਤਾ ਜਾ ਸਕੇ ਤਾਂ ਲੰਮੀ ਭੁਮਿਕਾ ਬੰਨਣ ਦੀ ਲੋੜ ਨਹੀਂ ਹੁੰਦੀ। ਅਣ-ਕਿਹਾ ਲਫਜ਼ ਕਹੇ ਗਏ ਸਾਰੇ ਲਫਜ਼ਾਂ ਨਾਲ਼ੋਂ ਵਧੇਰੇ ਕੀਮਤੀ ਹੁੰਦਾ ਹੈ।ਇਸੇ ਤਰ੍ਹਾਂ ਹਾਇਕੁ ਨੂੰ 17 ਧੁਨੀ ਇਕਾਈਆਂ ਵਿੱਚ 5+7+5 ਕਰਕੇ ਤਿੰਨ ਸਤਰਾਂ ‘ਚ ਲਿਖਿਆ ਜਾਂਦਾ ਹੈ।ਇਸ ਵਿੱਚ ‘ਕਹੇ’ ਨਾਲ਼ੋਂ ‘ਅਣ-ਕਿਹਾ’ ਜ਼ਿਆਦਾ ਹੁੰਦਾ ਹੈ। ਜੋ ਨਹੀਂ ਕਿਹਾ ਗਿਆ, ਉਹ ਪਾਠਕ ਨੇ ਆਪ ਸਿਰਜਣਾ ਹੁੰਦਾ ਹੈ। ਹਾਇਕੁ ਤੀਜ ਦੇ ਚੰਦ ਵਾਂਗ ਹੈ ਜੋ ਥੋੜਾ ਜਿਹਾ ਦਿਖਾਈ ਦਿੰਦਾ ਹੈ ਤੇ ਬਹੁਤਾ ਭਾਗ ਲੁਕਿਆ ਹੁੰਦਾ ਹੈ।ਇਸ ਨੂੰ ਪਾਠਕ ਨੇ ਆਪਣੀ ਕਲਪਨਾ ਸ਼ਕਤੀ ਨਾਲ ਪੂਰਨਮਾਸ਼ੀ ਦਾ ਚੰਦ ਬਨਾਉਣਾ ਹੈ ।
            
    ਹਾਇਕੁ ਸਮੁੰਦਰ ‘ਚ ਤੈਰਦੇ ਇੱਕ ਬਰਫ਼ ਦੇ ਤੋਦੇ ਵਾਂਗ ਵੀ ਹੈ ਜਿਸ ਦਾ ਥੋੜਾ ਜਿਹਾ ਹਿੱਸਾ ਸਾਨੂੰ ਪਾਣੀ ਦੀ ਸਤਹ ਦੇ ਉੱਪਰ ਵਿਖਾਈ ਦਿੰਦਾ ਹੈ ਜਦ ਕਿ ਵਧੇਰੇ ਭਾਗ ਪਾਣੀ ਹੇਠਾਂ ਲੁਕਿਆ ਹੁੰਦਾ ਹੈ। ਇਸੇ ਤਰਾਂ ਹਾਇਕੁ ‘ਚ 5+7+5 ਧੁਨੀ ਇਕਾਈਆਂ ਰਾਹੀਂ ਕੁਝ ਹਿੱਸਾ ਪ੍ਰਗਟਾਇਆ ਜਾਂਦਾ ਹੈ ਜਦ ਕਿ ਕਵੀ ਦੀ ਸੰਵੇਦਨਾ ਤੇ ਅਣਕਿਹਾ ਸੁਨੇਹਾ ਲੁਕਿਆ ਹੁੰਦਾ ਹੈ। ਜੇ ਤੁਸੀਂ ਹਾਇਕੁ ਨੂੰ ਵਧੇਰੇ ਭਰੋਗੇ ਤਾਂ ਤੁਹਾਡੇ ਸੁਨੇਹੇ ਦੇ ਅੰਤਰੀਵ ਭਾਵ ਅਰਥਹੀਣ ਹੋ ਜਾਣਗੇ। ਇਸ ਲਈ ਬੇਹਤਰ ਏਹੋ ਹੈ ਕਿ ਹਾਇਕੁ ਨੂੰ ਬਰਫ਼ ਦਾ ਤੋਦੇ ਸਮਾਨ –ਥੋੜਾ ਕਿਹਾ ਅਤੇ ਜਿੰਨਾ ਹੋ ਸਕੇ ਪਾਣੀ ਦੀ ਸਤਹ ਹੇਠ ਲੁਕਿਆ ਹੋਇਆ ਪਾਠਕ ਦੀ ਕਲਪਨਾ ਸ਼ਕਤੀ  ਅਨੁਸਾਰ ਸਿਰਜਣ ਲਈ ਛੱਡ ਦੇਵੋ। ਜੇ ਤੁਹਾਡੇ ਕੋਲ਼ ਅਣਕਹੇ ਨੂੰ ਕਹਿਣ ਤੇ ਸਮਝਣ ਦੀ ਕਲਾ ਹੈ ਤਾਂ ਤੁਸੀਂ ਤਿੰਨ ਸਤਰਾਂ ‘ਚ 3-4 ਪੰਨਿਆ ਵਾਲ਼ੀ ਕਵਿਤਾ ਤੋਂ ਵੀ ਜ਼ਿਆਦਾ ਅਨੰਦ ਲੈ ਸਕਦੇ ਹੋ। 
            
    ਹਾਇਕੁ ਲੇਖਣ ਸਾਡੇ ਆਲੇ-ਦੁਆਲੇ ਵਾਪਰ ਰਹੀਆਂ ਸਾਦੀਆਂ ਤੇ ਸਰਲ ਗੱਲਾਂ ਨੂੰ ਪੇਸ਼ ਕਰਨ ਦੀ ਕਲਾ ਹੈ।ਹਾਇਕੁ ਦੀਆਂ ਕਈ ਪਰਤਾਂ ਹਨ, ਜਿਸ ਨੂੰ ਜਿੰਨੀ ਵਾਰ ਪੜ੍ਹੀਏ ਇਸ ਦੇ ਅਰਥ ਹੋਰ ਡੂੰਘੇ ਹੁੰਦੇ ਜਾਂਦੇ ਹਨ। ਹਾਇਕੁ ਸਾਹਮਣੇ ਵਾਪਰ ਰਹੇ ਛਿਣ ਦੀ ਪਕੜ ਵੀ ਕਰਦਾ ਹੈ। ਇੱਕ ਆਮ ਆਦਮੀ ਲਈ ਜ਼ਿੰਦਗੀ ਹਮੇਸ਼ਾਂ ਆਮ-ਜਿਹੀ ਹੀ ਰਹੀ ਹੈ। ਉਹ ਆਪਣੇ ਆਲ਼ੇ-ਦੁਆਲ਼ੇ ਵਾਪਰ ਰਹੇ ਨੂੰ ਦੇਖਦਾ ਤਾਂ ਹੈ ਪਰ ਅਣਗੌਲ਼ਿਆ ਕਰ ਛੱਡਦਾ ਹੈ। ਪਰ ਇੱਕ ਹਾਇਕੁ ਕਵੀ ਦੇ ਮਨ 'ਤੇ ਇਹ ਸਭ ਆਮ ਜਿਹਾ ਇੱਕ ਅਮਿੱਟ ਛਾਪ ਛੱਡ ਜਾਂਦਾ ਹੈ, ਜਿਸ ਨੂੰ ਉਹ ਹਾਇਕੁ ਕਾਵਿ 'ਚ ਬੰਨ ਕੇ ਪਾਠਕ ਅੱਗੇ ਲਿਆ ਪੇਸ਼ ਕਰਦਾ ਹੈ। ਹਾਇਕੁ ਦਾ ਅਸਲੀ ਮਨੋਰਥ ਸਾਨੂੰ ਆਮ ਜ਼ਿੰਦਗੀ 'ਚ ਮਿਲ਼ਦੀਆਂ ਨਿਆਮਤਾਂ ਬਾਰੇ ਜਾਣੂ ਕਰਵਾ ਉਨ੍ਹਾਂ ਨੂੰ ਮਾਨਣਾ ਵੀ ਸਿੱਖਾਉਣਾ ਹੈ।
            
    ਹਾਇਕੁ ਦਾ ਪਾਸਾਰ ਜਪਾਨੀ ਭਾਸ਼ਾ ਤੋਂ ਸੰਸਾਰ ਦੀਆਂ ਸਾਰੀਆਂ ਪ੍ਰਮੁੱਖ ਭਾਸ਼ਾਵਾਂ ਵਿੱਚ ਹੋ ਗਿਆ ਹੈ। ਭਾਰਤੀ ਭਾਸ਼ਾਵਾਂ 'ਚ ਕਾਫ਼ੀ ਲੰਬੇ ਸਮੇਂ ਤੋਂ ਹਾਇਕੁ ਲਿਖਿਆ ਜਾ ਰਿਹਾ ਹੈ। ਇਸ ਦੀ ਸ਼ੁਰੂਆਤ  ਗੁਰੂਦੇਵ ਰਾਬਿੰਦਰ ਨਾਥ ਟੈਗੋਰ ਨੇ 1916 ਈ: 'ਚ ਆਪਣੀ ਜਪਾਨ ਫੇਰੀ ਤੋਂ ਬਾਦ ਲਿਖੇ 'ਜਪਾਨ ਜਾਤਰੀ' ਨਾਂ ਦੇ ਸਫ਼ਰਨਾਮੇ  ਵਿੱਚ ਬੰਗਾਲੀ ਭਾਸ਼ਾ 'ਚ ਹਾਇਕੁ ਬਾਰੇ ਲਿਖ ਕੇ ਕੀਤੀ ਸੀ ਅਤੇ ਬਾਸ਼ੋ ਦੇ ਹਾਇਕੁ ਦਾ ਬੰਗਾਲੀ 'ਚ ਅਨੁਵਾਦ ਵੀ ਕੀਤਾ। ਆਪ ਵਲੋਂ ਇੱਕਤਰ ਕੀਤੇ ਹੋਕੂ ਪੁਸਤਕ 'ਅਚਨਚੇਤ ਉਡਾਰੀਆਂ' 'ਚ ਸ਼ਾਮਿਲ ਕੀਤੇ ਗਏ ਹਨ। ਹਿੰਦੀ ਭਾਸ਼ਾ 'ਚ ਪਹਿਲਾ ਹਾਇਕੁ ਕਵੀ ਬਾਲ ਕ੍ਰਿਸ਼ਣ ਬਾਲਦੁਆ ਨੂੰ ਮੰਨਿਆ ਜਾਂਦਾ ਹੈ। ਆਪ ਨੇ 1947 'ਚ ਅਨੇਕ ਹਾਇਕੁ ਲਿਖੇ। ਉਦਾਹਰਣ ਦੇ ਤੌਰ 'ਤੇ ਇੱਕ ਹਾਇਕੁ-

    ਬਾਦਲ ਦੇਖ
    ਖਿਲ ਉਠੇ ਸਪਨੇ
    ਖੁਸ਼ ਕਿਸਾਨ -
    (ਪ੍ਰਿਸ਼ਦ-ਪੱਤ੍ਰਿਕਾ ਅੰਕ ਅਪ੍ਰੈਲ 2010-ਮਾਰਚ 2011, ਪੰਨਾ 182) 
              
    ਪਹਿਲੇ ਭਾਰਤੀ ਅਤੇ ਜਪਾਨੀ ਭਾਸ਼ਾ ਵਿਦਵਾਨ ਪ੍ਰੋ. ਸੱਤਿਆ ਭੂਸ਼ਣ ਵਰਮਾ( ਮੁੱਖੀ,ਜਪਾਨੀ ਭਾਸ਼ਾ ਵਿਭਾਗ, ਜਵਾਹਰਲਾਲਾ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ)ਨੂੰ ਹਿੰਦੀ ਭਾਸ਼ਾ 'ਚ ਹਾਇਕੁ ਦੀ ਜੜ੍ਹ ਲਾਉਣ ਵਾਲਾ ਕਿਹਾ ਜਾਂਦਾ ਹੈ। ਆਪ ਨੇ ਜਪਾਨੀ ਹਾਇਕੁ ਦਾ ਹਿੰਦੀ ਅਨੁਵਾਦ 'ਜਪਾਨੀ ਕਵਿਤਾਏਂ' 1977 ਈ: 'ਚ ਪ੍ਰਕਾਸ਼ਿਤ ਕਰਵਾਇਆ। ਸੰਨ 1981 ਈ: ਵਿੱਚ ਆਪ ਨੇ 'ਹਾਇਕੁ ਪਤ੍ਰਿਕਾ' ਸ਼ੁਰੂ ਕੀਤੀ ਜਿਸ 'ਚ ਹਿੰਦੀ, ਪੰਜਾਬੀ ਤੇ ਹੋਰ ਭਾਰਤੀ ਭਾਸ਼ਾਵਾਂ 'ਚ ਹਾਇਕੁ ਪ੍ਰਕਾਸ਼ਿਤ ਹੋਏ। ਹਿੰਦੀ ਹਾਇਕੁ ਸੰਗ੍ਰਿਹ ਦੇ ਰੂਪ 'ਚ ਸਭ ਤੋਂ ਪਹਿਲਾਂ ਡਾ. ਭਗਵਤਸ਼ਰਣ ਅਗਰਵਾਲ ਦਾ ਸ਼ਾਸ਼ਵਤ ਖਿਤਿਜ(1985) ਤੇ ਡਾ. ਸੁਧਾ ਗੁਪਤਾ ਦਾ ਖੁਸ਼ਬੂ ਕਾ ਸਫ਼ਰ(1986) 'ਚ ਆਇਆ। 
                 
     ਪੰਜਾਬੀ 'ਚ ਹਾਇਕੁ ਲੇਖਣ ਦੀ ਸ਼ੁਰੂਆਤ ਵੀਹਵੀਂ ਸਦੀ ਦੇ ਆਰੰਭ 'ਚ ਪ੍ਰੋ. ਪੂਰਨ ਸਿੰਘ ਨੇ ਬਾਸ਼ੋ, ਇੱਸਾ ਤੇ ਬੁਸੋਨ ਦੇ ਹੋਕੂ ਦਾ ਪੰਜਾਬੀ 'ਚ ਅਨੁਵਾਦ ਕਰ ਕੇ ਕੀਤੀ। ਅੰਮ੍ਰਿਤਾ ਪ੍ਰੀਤਮ ਨੇ ਹਾਇਕੁ ਦਾ ਪੰਜਾਬੀ ਅਨੁਵਾਦ ਕਰਕੇ 'ਨਾਗਮਣੀ' 'ਚ ਪ੍ਰਕਾਸ਼ਿਤ ਕੀਤਾ। ਫਿਰ ਡਾ. ਵਣਜਾਰਾ ਸਿੰਘ ਬੇਦੀ ਦੇ ਪਰਚੇ 'ਪਰੰਪਰਾ' ਦੇ ਦਸੰਬਰ 1979 ਦੇ ਅੰਕ 'ਚ ਹਾਇਕੁ ਤੇ ਪੰਜਾਬੀ ਮਾਹੀਏ ਬਾਰੇ ਤੁਲਨਾਤਮਕ ਅਧਿਐਨ ਪ੍ਰਕਾਸ਼ਿਤ ਹੋਇਆ।ਪੰਜਾਬੀ ਦੇ ਰਸਾਲੇ 'ਪ੍ਰੀਤਲੜੀ' ਵਿੱਚ 1976-77 ਦੇ ਅੰਕਾਂ 'ਚ ਵੀ ਹਾਇਕੁ ਪ੍ਰਕਾਸ਼ਿਤ ਹੁੰਦੇ ਰਹੇ ਹਨ। ਉਦਾਹਰਨ ਵਜੋਂ- 

    ਬੇਰੁਜ਼ਗਾਰੀ
    ਆਜ਼ਾਦੀ ਦੇ ਝੰਡੇ ਨੂੰ
    ਲੱਗੀ ਸਿਉਂਕ। (ਅਗਿਆਤ)
            
    ਡਾ. ਸਤਿਆਨੰਦ ਜਾਵਾ (ਸਾਬਕਾ ਡਾਇਰੈਕਟਰ, ਸੰਸਥਾਵਾਂ ਵਿਦੇਸ਼ੀ ਭਾਸ਼ਾਵਾਂ) ਨੇ ਪੰਜਾਬ ਦੀ ਲੋਕ-ਧਾਰਾ ਨੂੰ ਹਾਇਕੁ ਰੂਪ 'ਚ ਪੇਸ਼ ਕੀਤਾ। ਆਪ ਨੇ ਪੰਜਾਬੀ, ਹਿੰਦੀ, ਉਰਦੂ ਤੇ ਸਿੰਧੀ ਭਾਸ਼ਾ 'ਚ ਹਾਇਕੁ ਰਚਨਾ ਕੀਤੀ। ਇਸ ਤੋਂ ਇਲਾਵਾ ਪੰਜਾਬੀ ਹਾਇਕੁ ਲੇਖਣ ਵਿੱਚ ਮੋਹਨ ਕਟਿਆਲ, ਉਰਮਿਲਾ ਕੌਲ, ਸੱਤਿਆਪਾਲ ਚੁੱਘ, ਦੇਵਕੀ ਅਗਰਵਾਲ ਆਦਿ ਦੇ ਨਾਂ ਜ਼ਿਕਰਯੋਗ ਹਨ। 
                
     ਸੰਨ 2000 ਦੇ ਆਸ-ਪਾਸ ਸ਼੍ਰੀ ਕਸ਼ਮੀਰੀ ਲਾਲ ਚਾਵਲਾ ਨੇ ਮੁਕਤਸਰ ਹਾਇਕੁ ਗਰੁੱਪ ਚਾਲੂ ਕੀਤਾ ਜਿੰਨਾਂ ਨੇ ਪੰਜਾਬੀ 'ਚ ਹਾਇਕੁ ਲਿਖਣੇ ਸ਼ੁਰੂ ਕੀਤੇ। ਸੰਨ 2001 'ਚ ਪਰਮਿੰਦਰ ਸੋਢੀ ਦੀ ਕਿਤਾਬ 'ਜਪਾਨੀ ਹਾਇਕੁ ਸ਼ਾਇਰੀ' ਆਈ ਜਿਸ 'ਚ ਆਪ ਨੇ ਜਪਾਨੀ ਕਵੀਆਂ ਦੇ ਹਾਇਕੁ ਦਾ ਪੰਜਾਬੀ 'ਚ ਅਨੁਵਾਦ ਕੀਤਾ। ਇਹ ਅਨੁਵਾਦ ਤਾਂ ਸੀ ਪਰ ਹਾਇਕੁ ਨਹੀਂ। ਸ਼੍ਰੀ ਅਮਰਜੀਤ ਸਿੰਘ ਟਿਵਾਣਾ ਨੇ ਇਸ ਕਿਤਾਬ ਤੋਂ ਪ੍ਰਭਾਵਿਤ ਹੋ ਕੇ ਸੰਨ 2007 'ਚ ਪੰਜਾਬੀ ਹਾਇਕੁ ਬਲਾਗ ਬਣਾ ਕੇ ਪੰਜਾਬੀ ਹਾਇਕੁ ਦੇ ਪਸਾਰ 'ਚ ਵੱਡਾ ਯੋਗਦਾਨ ਪਾਇਆ। ਇਸ ਪ੍ਰਭਾਵ ਅਧੀਨ ਪੰਜਾਬੀ 'ਚ ਲਿਖਿਆ ਜਾਣ ਵਾਲ਼ਾ ਹਾਇਕੁ ਆਪਣਾ 5+7+5 ਦਾ ਰੂਪ ਗੁਆ ਚੁੱਕਾ ਸੀ। 
              
    ਹਾਇਕੁ ਦੇ ਛੰਦ ਅਨੁਸਾਰ 5+7+5 ਕੁੱਲ 17 ਉਚਾਰ ਖੰਡਾਂ ਵਿੱਚ ਲਿਖੇ ਜਾਣ ਵਾਲ਼ੇ ਹਾਇਕੁ ਰੂਪ ਦੇ ਪਸਾਰ ਲਈ ਸੰਨ 2012 'ਚ 'ਹਾਇਕੁ-ਲੋਕ' ਨਾਂ ਦਾ ਵੈਬ ਰਸਾਲਾ ਡਾ. ਹਰਦੀਪ ਕੌਰ ਸੰਧੂ ਵੱਲੋਂ ਸ਼ੁ੍ਰੂ ਕੀਤਾ ਗਿਆ। ਅੱਜ ਦੀ ਘੜੀ ਇਹ 36 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਇਸ ਨਾਲ਼ 40 ਦੇ ਕਰੀਬ ਰਚਨਾਕਾਰ ਜੁੜ ਚੁੱਕੇ ਹਨ। ਇਹ ਵੈਬ ਰਸਾਲਾ ਹਾਇਕੁ ਦੇ ਨਾਲ਼-ਨਾਲ਼ ਜਪਾਨੀ ਕਾਵਿ ਵਿਧਾ ਦੀਆਂ ਹੋਰ ਵੰਨਗੀਆਂ ਜਿਵੇਂ ਹਾਇਗਾ, ਤਾਂਕਾ, ਸੇਦੋਕਾ ਤੇ ਚੋਕਾ ਵੀ ਪ੍ਰਕਾਸ਼ਿਤ ਕਰਦਾ ਹੈ। 26 ਜੂਨ 2012 ਤੋਂ ਲੈ ਕੇ ਹੁਣ ਤੱਕ ਤਕਰੀਬਨ 313 ਪੋਸਟਾਂ ਵਿੱਚ 900 ਹਾਇਕੁ, 41 ਹਾਇਗਾ, 50 ਤਾਂਕਾ, 25 ਸੇਦੋਕਾ ਤੇ 13 ਚੋਕਾ ਪ੍ਰਕਾਸ਼ਿਤ ਹੋ ਚੁੱਕੇ ਹਨ। ਪੰਜਾਬੀ ਹਾਇਕੁ 'ਚ ਛੰਦਨੁਸ਼ਾਸਣ ਦੀ ਰਾਖੀ ਕਰਦਿਆਂ ਹਿੰਦੀ ਤੋਂ ਪੰਜਾਬੀ ਅਨੁਵਾਦ ਅਤੇ ਬਾਸ਼ੋ ਤੇ ਇੱਸਾ ਦੇ ਹਾਇਕੁ ਅਨੁਵਾਦ ਵੀ ਇਸ ਵੈਬ ਰਸਾਲੇ ਦਾ ਸ਼ਿੰਗਾਰ ਬਣੇ ਹੋਏ ਹਨ। ਕੁਝ ਅਨੁਵਾਦ ਗੁਰਮੁੱਖੀ ਤੇ ਦੇਵਨਾਗਰੀ ਲਿਪੀਆਂ 'ਚ ਨਾਲ਼ੋ-ਨਾਲ਼ ਪ੍ਰਕਾਸ਼ਿਤ ਕੀਤੇ ਗਏ ਹਨ ਤਾਂ ਕਿ ਦੋਹਾਂ ਭਾਸ਼ਾਵਾਂ ਦੇ ਜਾਣੂ ਇਹਨਾਂ ਦਾ ਸੁਆਦ ਚੱਖ ਸਕਣ। 

    ਬਾਸ਼ੋ- 
    the old pond 
    frog jumps in
    splash 
    ਪੁਰਾਣਾ ਟੋਭਾ
    ਡੱਡੂ ਲਾਈ ਟਪੂਸੀ
    ਛੱਪ-ਛਪਾਕ ।
    ਅਨੁਵਾਦ -ਡਾ. ਹਰਦੀਪ ਕੌਰ ਸੰਧੂ

    ਇੱਸਾ-
    gimme that moon
    cries the crying
    child

    ਰੋ-ਰੋ ਕੇ ਮੰਗੇ
    ਔਹ ਚੰਨ ਮੈਂ ਲੈਣਾ
    ਬੱਚਾ ਚਿਲਾਵੇ।
    ਅਨੁਵਾਦ -ਡਾ. ਹਰਦੀਪ ਕੌਰ ਸੰਧੂ

    ਹਿੰਦੀ- ਡਾ. ਸੁਧਾ ਗੁਪਤਾ

    रात होते ही 
    कोहरे से लिपट 
    सोया शहर।   

    ਰਾਤ ਹੁੰਦਿਆਂ
    ਕੋਹਰੇ 'ਚ ਲਿਪਟ
    ਸੁੱਤਾ ਸ਼ਹਿਰ ।
    ਅਨੁਵਾਦ -ਡਾ. ਹਰਦੀਪ ਕੌਰ ਸੰਧੂ

    ਹਿੰਦੀ- ਡਾ. ਭਗਵਤਸ਼ਰਣ ਅਗਰਵਾਲ
    रेत पै बस
    लिखूँ मिटाऊँ नाम
    और क्या करूँ।

    ਰੇਤ 'ਤੇ ਬੱਸ
    ਲਿਖਾਂ ਮਿਟਾਵਾਂ ਨਾਮ
     ਹੋਰ ਕੀ ਕਰਾਂ ।
    ਅਨੁਵਾਦ -ਡਾ. ਹਰਦੀਪ ਕੌਰ ਸੰਧੂ
              
    ਅੱਜ ਦਾ ਹਾਇਕੁ ਜਪਾਨ ਦੀ ਸਰਹੱਦ ਟੱਪ ਕੇ ਪੂਰੀ ਦੁਨੀਆਂ 'ਚ ਫੈਲ ਚੁੱਕਾ ਹੈ। ਇਸ 'ਤੇ ਅਜੋਕੀ ਰੰਗਤ ਚੜ੍ਹਨੀ ਵੀ ਸੁਭਾਵਿਕ ਹੈ | ਹਾਇਕੁ ਭਾਵੇਂ ਇੱਕ ਸਧਾਰਨ ਜਿਹੀ ਗੱਲ ਨੂੰ ਦਰਸਾਉਂਦਾ ਹੈ ਪਰ ਇਸ ਵਿੱਚ ਅਰਥ ਵਿਸਤਾਰ ਦੀਆਂ ਬਹੁਤ ਸੰਭਾਵਨਾਵਾਂ ਹੋਣ ਕਰਕੇ ਬਹੁਅਰਥੀ ਬਣ ਜਾਂਦਾ ਹੈ। ਇਸ ਦੇ ਵਿਸ਼ੇ ਉਸ ਦੀ ਭਾਸ਼ਾ ਦੇ ਸਾਹਿਤ ਤੇ ਕਾਵਿ ਨਾਲ ਮੇਲ ਖਾਂਦੇ ਹੀ ਹੁੰਦੇ ਹਨ | ਪੰਜਾਬੀ ਹਾਇਕੁ ਪੰਜਾਬ ਦੇ ਸੱਭਿਆਚਾਰ ਤੇ ਵਿਰਸੇ ਦੀ ਗੱਲ ਕਰਦਾ ਹੈ ।ਪੰਜਾਬ ਦੇ ਪਿੰਡਾਂ ਦੀ ਤਸਵੀਰ ਪੰਜਾਬੀ ਹਾਇਕੁ ਬਾਖੂਬੀ ਚਿੱਤਰਦਾ ਹੈ।ਸਰਘੀ ਵੇਲ਼ੇ ਪਿੰਡ 'ਚੋਂ ਗੁਰਦੁਆਰੇ ਕੀਰਤਨ, ਚਿੜੀਆਂ ਦੀ ਚੀਂ-ਚੀਂ, ਕੁੱਕੜ ਬਾਂਗ, ਬਲ਼ਦਾਂ ਗੱਲ਼ ਟੱਲੀਆਂ, ਚਾਟੀ 'ਚ ਪਾਈ ਮਧਾਣੀ ਦਾ ਸੁਰ ਸਾਫ਼ ਸੁਣਾਈ ਦਿੰਦਾ ਹੈ।

    ਅੰਮ੍ਰਿਤ ਵੇਲ਼ਾ
    ਗੁਰਬਾਣੀ ਗੂੰਜਦੀ
    ਚਿੜੀ ਚੂਕਦੀ -
    ਡਾ.ਹਰਦੀਪ ਕੌਰ ਸੰਧੂ

    ਚਿੜੀਆਂ ਚੀਂ-ਚੀਂ
    ਬੈਲ ਗੱਲ਼ ਟੱਲੀਆਂ
    ਅੰਮ੍ਰਿਤ ਵੇਲ਼ਾ-
     ਪ੍ਰੋ. ਹਰਿੰਦਰ ਕੌਰ ਸੋਹੀ

    ਬਲਦਾਂ ਗਲ਼ੇ
    ਟੱਲੀਆਂ ਖੜਕਣ
    ਟੁੱਟਦੀ ਚੁੱਪ-
    ਕਸ਼ਮੀਰੀ ਲਾਲ ਚਾਵਲਾ 

    ਬਾਹੀਂ ਚੂੜੀਆਂ
    ਨੱਢੀ ਦੁੱਧ ਰਿੜਕੇ
    ਪੀੜ੍ਹੇ ਸੱਜਦੀ -
    ਪ੍ਰੋ. ਹਰਿੰਦਰ ਕੌਰ ਸੋਹੀ 

    ਹਾਇਕੁ ਕੁਦਰਤ ਦੀ ਬੋਲੀ ਰਾਹੀਂ ਗੱਲ ਵੀ ਕਰਦਾ ਹੈ। ਰੁੱਤ ਨੂੰ ਹਾਇਕੁ ਦੀ ਰੂਹ ਵੀ ਮੰਨਿਆ ਗਿਆ ਹੈ। ਬਦਲਦੀਆਂ ਰੁੱਤਾਂ ਸਾਡੇ ਸੁਹਜ-ਸੁਆਦ ਨੂੰ ਪ੍ਰਭਾਵਿਤ ਕਰਦੀਆਂ ਹਨ। ਪੰਜਾਬੀ ਹਾਇਕੁ 'ਚ ਜੇਠ -ਹਾੜ ਦੇ ਮਹੀਨੇ ਪੈਂਦੀ ਅੰਤਾਂ ਦੀ ਗਰਮੀ, ਪਿਆਸੀ ਧਰਤ ਤੇ ਤਿਹਾਏ ਪੰਛੀਆਂ ਦਾ ਜ਼ਿਕਰ ਮਿਲ਼ਦਾ ਹੈ।

    ਵਗਦੀ ਲੋਅ
    ਲੋਹੜਿਆਂ ਦੀ ਤੱਤੀ
    ਘਰ ਨਾ ਬੱਤੀ-
    --ਵਰਿੰਦਰਜੀਤ ਸਿੰਘ ਬਰਾੜ

    ਧਰਤ ਤ੍ਰੇਹੀ
    ਚੂਕਦੀ ਏ ਪਾਣੀ ਨੂੰ
    ਚਿੜੀ ਰੰਗੀਲੀ-
    --ਪ੍ਰੋ. ਦਵਿੰਦਰ ਕੌਰ ਸਿੱਧੂ

    ਜੇਠ ਮਹੀਨਾ
    ਧੁੱਪ ਚਿੰਗਿਆੜੀਆਂ
    ਖੂਬ ਵਰ੍ਹੀਆਂ -
    --ਸ਼ਵਰ ਕੰਬੋਜ ਹਿੰਮਾਂਸ਼ੂ

    ਸਾਉਣ-ਭਾਦੋਂ 'ਚ ਤ੍ਰੇਹੀ ਧਰਤੀ 'ਤੇ ਮੀਂਹ ਵਰ੍ਹਦਾ ਹੈ। ਬਦਲ ਰਿਹਾ ਮੌਸਮ ਹਾਇਕੁ 'ਚ ਬੋਲਦਾ ਹੈ- ਬੋਹੜੀ ਪੀਂਘਾਂ ਪੈਂਦੀਆਂ ਨੇ, ਤੀਆਂ ਤੇ ਤ੍ਰਿੰਝਣ ਲੱਗਦੇ ਨੇ। ਆਲ੍ਹਣਿਆਂ 'ਚ ਚੀਂ-ਚੀਂ ਸੁਣਦੀ ਹੈ, ਮੋਰ ਪੈਲਾਂ ਪਾਉਂਦੇ ਨੇ ਤੇ  ਪੱਕਦੇ ਪੂੜਿਆਂ ਦੀ ਮਹਿਕ ਆਉਂਦੀ ਹੈ ।

    ਆਵੇ ਛਟਾਕਾ
    ਚਲਦੇ ਪਰਨਾਲ਼ੇ
    ਵਗਦਾ ਪਾਣੀ-
    ਪ੍ਰੋ. ਨਿਤਨੇਮ ਸਿੰਘ 

    ਲੰਮੀਆਂ ਰਾਤਾਂ
    ਤ੍ਰਿੰਝਣ ਦੀਆਂ ਗੱਲਾਂ
    ਤਾਰਿਆਂ ਦੀ ਲੋ ।
    ਪ੍ਰੋ. ਦਵਿੰਦਰ ਕੌਰ ਸਿੱਧੂ

    ਮੀਂਹ ਵਰ੍ਹਦਾ 
    ਸਾਰਾ ਦਿਨ ਨਹਾ ਕੇ
    ਲਹੇ ਨਾ ਚਾਅ -
    ਵਰਿੰਦਰਜੀਤ ਸਿੰਘ ਬਰਾੜ 

    ਸਾਉਣ ਝੜੀ
    ਪਕਾਏ ਗੁੱਲਗੁਲੇ
    ਮਹਿਕ ਖਿੜੀ
    --ਡਾ. ਹਰਦੀਪ ਕੌਰ ਸੰਧੂ

    ਮੋਰਾਂ ਦੀ ਪੈਲ
    ਸੀਤਲ ਹਵਾ ਸੰਗ
    ਝੂਮਣ ਸਿੱਟੇ
    --  ਦੀਪੀ ਸੈਰ

    ਦੂਰ ਦੇ ਸੁਰ.....
    ਕਿਲਕਾਰੀਆਂ ਸੰਗ
    ਬੋਹੜੀਂ ਪੀਘਾਂ
    - -  ਦਲਵੀਰ ਗਿੱਲ

    ਬਸੰਤ ਰੁੱਤੇ ਫੁੱਲਾਂ ਦੇ ਨਾਲ਼ ਖੁਸ਼ੀਆਂ ਖਿੜਦੀਆਂ ਨੇ ਤੇ ਫਸਲਾਂ ਪੱਕਦੀਆਂ ਨੇ। ਸਿਆਲ਼ਾਂ ਵਿੱਚ ਅੰਤਾਂ ਦੀ ਪੈਂਦੀ ਠੰਡ 'ਚ ਜ਼ਿੰਦਗੀ ਚੁੱਪ ਹੋ ਜਾਂਦੀ ਹੈ। ਪੰਜਾਬੀ ਹਾਇਕੁ 'ਚ ਲੋਹੜੀ, ਰੱਖੜੀ, ਵਿਸਾਖੀ, ਦੁਸਹਿਰਾ, ਦੀਵਾਲੀ, ਈਦ ਤੇ ਬਸੰਤ ਦੇ ਮੇਲੇ ਲੱਗਦੇ ਹਨ।  

    ਬਸੰਤ ਰੁੱਤ 
    ਚਾਰੇ ਪਾਸੇ ਖੁਸ਼ਬੂ 
    ਤੇਰਾ ਆਉਣਾ  -
    --ਡਾ. ਸ਼ਿਆਮ ਸੁੰਦਰ ਦੀਪਤੀ

    ਸਰਦ ਹਵਾ 
    ਵਿਹੜੇ ਬੈਠੀ ਕੰਬੇ
    ਖੂੰਜੇ 'ਚ ਬੇਬੇ 
    --ਹਰਕੀਰਤ ਹੀਰ 

    ਚੜ੍ਹਦੀ ਧੁੱਪ
    ਵਿਹੜੇ ਮੰਜੀ ਬੈਠੀ
    ਬੇਬੇ ਹੈ ਚੁੱਪ-
    ਡਾ. ਹਰਦੀਪ ਕੌਰ ਸੰਧੂ 

    ਈਦ ਦਾ ਦਿਨ
    ਬਜ਼ਾਰਾਂ 'ਚ ਰੌਣਕ
    ਖੁਸ਼ੀ ਦੇ ਮੇਲੇ -
    ਸੁਪ੍ਰੀਤ ਕੌਰ ਸੰਧੂ 

    ਦੀਵਾਲੀ ਰਾਤ
    ਚਲਾਉਣ ਪਟਾਕੇ
    ਖਿੰਡੇ ਚਾਨਣ-
    ਵਰਿੰਦਰਜੀਤ ਸਿੰਘ ਬਰਾੜ 

    ਗੁਰੂਦੁਆਰੇ
    ਵਡੇਰਿਆਂ ਦਾ ਦੀਵਾ
    ਬੇਬੇ ਜਗਾਵੇ
    - ਭੂਪਿੰਦਰ ਸਿੰਘ

    ਲੋਹੜੀ ਰਾਤ
    ਮੱਘਦੀਆਂ ਧੂਣੀਆਂ
    ਸੁੱਟਦੇ ਤਿੱਲ
    - ਡਾ.ਹਰਦੀਪ ਕੌਰ ਸੰਧੂ

    ਭੈਣ ਬੰਨਦੀ
    ਇੱਕ ਪਿਆਰਾ ਧਾਗਾ
    ਵੀਰੇ ਦੇ ਗੁੱਟ
    - ਸੁਪ੍ਰੀਤ ਕੌਰ ਸੰਧੂ 

    ਪਿੰਡ 'ਚ ਫੇਰੀ ਪਾਉਂਦਿਆਂ ਰਾਹਾਂ 'ਚ ਉੱਡਦੀ ਮਿੱਟੀ, ਗੱਡੇ 'ਤੇ ਬਾਪੂ, ਸੱਥ 'ਚ ਬੁੱਢੇ ਬੋਹੜਾਂ ਥੱਲੇ ਤਾਸ਼ ਖੇਡਦੇ ਬਾਬੇ, ਪਿੰਡ ਦੀ ਹੱਟੀ ਤੇ ਭੱਠੀ, ਖੂਹ ਤੋਂ ਪਾਣੀ ਭਰਦੀ ਮੁਟਿਆਰ, ਆਥਣ ਨੂੰ 'ਕੱਠੇ ਹੋ ਖੇਡਦੇ ਨਿਆਣੇ ਵੀ ਪੰਜਾਬੀ ਹਾਇਕੁ ਦਿੱਖਦੇ ਹਨ। ਇੱਥੇ ਕਣਕ, ਮੱਕੀ, ਬਾਜਰਾ ਤੇ ਕਪਾਹ ਖਿੜਦੀ ਹੈ। ਇਸ ਵਿੱਚ ਕਾਂ,ਕਬੂਤਰ,ਤੋਤੇ,ਘੁੱਗੀਆਂ,ਚਿੜੀਆਂ,ਉੱਲੂ,ਕੋਇਲ ਤੇ ਗਿੱਦੜ ਕੂਕਦੇ ਹਨ। 

    ਮਿੱਟੀ ਉਡਾਵਾਂ
    ਘਰ ਵੱਲ ਆਉਂਦੇ
    ਮਟੈਲੀ ਸ਼ਾਮ
    -ਦਿਲਜੋਧ ਸਿੰਘ 

    ਤਾਈ ਦੀ ਭੱਠੀ
    ਆਉਂਦੇ ਨੇ ਨਿਆਣੇ
    ਝੋਲੀ 'ਚ ਦਾਣੇ
    - ਡਾ. ਹਰਦੀਪ ਕੌਰ ਸੰਧੂ

    ਹੱਟੀ 'ਤੇ ਜਾਣਾ
    ਅੱਠ ਆਨੇ ਦਾ ਸੌਦਾ
    ਰੂੰਗਾ ਲੈ ਖਾਣਾ
    - ਡਾ. ਹਰਦੀਪ ਕੌਰ ਸੰਧੂ 

    ਖੇਤੋਂ ਚੁੱਗਦੀ
    ਸੁਬਕ ਜਿਹੀ ਨਾਰ 
    ਖਿੜੀ ਕਪਾਹ
    - ਡਾ. ਹਰਦੀਪ ਕੌਰ ਸੰਧੂ 

    ਪੂਰਨਮਾਸ਼ੀ
    ਕੂਕਦੇ ਨੇ ਗਿੱਦੜ
    ਵੇਖ ਸ਼ਿਕਾਰ
    -ਸੁਪ੍ਰੀਤ ਕੌਰ ਸੰਧੂ 

    ਨਿੱਤ ਉਡਾਵਾਂ
    ਬਨ੍ਹੇਰੇ ਬੈਠਾ ਕਾਗ
    ਬੁੱਲ੍ਹੀਂ ਤੇਰਾ ਨਾਂ
    -ਬਾਜਵਾ ਸੁਖਵਿੰਦਰ 

    ਉੱਲੂ ਬੋਲਦੇ
    ਰਾਤ ਦੇ ਚੌਕੀਦਾਰ
    ਜਾਗਦੇ ਰਹੋ
     ਕਸ਼ਮੀਰੀ ਲਾਲ ਚਾਵਲਾ

    ਕੋਇਲ ਬੋਲੇ
    ਗਾਵੇ ਮਿੱਠੇ ਤਰਾਨੇ
    ਅੰਬਾਂ ਉੱਪਰ
    -ਪ੍ਰੋ. ਨਿਤਨੇਮ ਸਿੰਘ

    ਪੰਜਾਬੀ ਹਾਇਕੁ ਵਿੱਚ ਸਮਾਜਿਕ ਰਹੁ-ਰੀਤਾਂ ਜਿਉਂਦੀਆਂ ਨੇ, ਕਿਸਾਨੀ ਦੀਆਂ ਸਮੱਸਿਆਵਾਂ, ਬਦਲਦੇ ਵਾਤਾਵਰਣ ਨਾਲ਼ ਅਲੋਪ ਹੁੰਦੇ ਪੰਛੀਆਂ ਦੀ ਚਿੰਤਾ ਤੇ ਬਦਲ ਰਹੇ ਪੰਜਾਬ ਦੀ ਨੁਹਾਰ ਦੇਖਣ ਨੂੰ ਮਿਲਦੀ ਹੈ।ਪਰਵਾਸੀਆਂ ਦੇ ਜੀਵਨ ਦੀ ਝਾਤ ਪਾਉਂਦਾ ਹੈ । ਨਾਲ਼ ਹੀ ਬਾਤ ਪਾਉਂਦਾ ਹੈ ਉਨ੍ਹਾਂ ਨੂੰ ਉਡੀਕਦੇ ਪੁਸ਼ਤੀ ਘਰਾਂ ਦੀ ਜਿੱਥੇ ਬੇਬੇ ਦੇ ਸੰਦੂਕ- ਚਰਖਾ ਅਤੇ ਬਾਪੂ ਦੇ ਖੂੰਡੇ ਦੀ ਕਦੇ ਚੌਧਰ ਸੀ।

    ਮੰਜੀਓਂ ਲਾਹੀ
    ਬੇਬੇ ਅੰਤਿਮ ਸਾਹੀਂ
    ਕੰਬਣ ਛੱਤਾਂ
    - ਹਰਕੀਰਤ ਹੀਰ

    ਧੀ ਮਾਂ ਨੂੰ ਰੋਵੇ
    ਜਲੇਬੀਆਂ ਪੱਕਣ
    ਹੱਸਣ ਪੁੱਤ
    ਰਣਜੀਤ ਸਿੰਘ ਪ੍ਰੀਤ 

    ਚਿੜੀ ਬਨ੍ਹੇਰੇ
    ਸੱਸ ਮੱਥੇ ਤਿਉੜੀ
    ਨੂੰਹ ਪੇਟ ਤੋਂ
    - ਕਮਲ ਸੇਖੋਂ 

    ਨਿੱਕੀ ਚਿੜੀਏ
    ਬਹਿ ਸਾਡੇ ਵਿਹੜੇ
    ਮਸਾਂ ਦਿਸੀਂ ਐਂ
    - ਸ਼ਿਆਮ ਸੁੰਦਰ ਅਗਰਵਾਲ਼ 

    ਰੁੱਖਾਂ ਦੀ ਭੀੜ 
    ਚੱਲ ਰਹੀ ਕੁਹਾੜੀ
    ਭਾਲਦੇ ਮੀਂਹ
    -ਮਹਿੰਦਰਪਾਲ ਮਿੰਦਾ

    ਸਾਵਣ ਰੁੱਤੇ
    ਮੋਬਾਇਲ ਫੋਨ 'ਤੇ
    ਲੰਮੀਆਂ ਗੱਲਾਂ
    -ਦਿਲਜੋਧ ਸਿੰਘ

    ਦਾਦੀ ਦੀ ਬਾਤ 
    ਟੀ. ਵੀ. ਨੇ ਖੋਹ ਲਈ 
    ਮਿੱਠੀ ਸੁਗਾਤ
    -ਹਰਭਜਨ ਸਿੰਘ ਖੇਮਕਰਨੀ

    ਪੁਸ਼ਤੀ ਘਰ
    ਡਿਓੜੀ ਬਾਪੂ ਬੈਠਾ
    ਮੰਜੇ 'ਤੇ ਖੂੰਡਾ
    -ਜੋਗਿੰਦਰ ਸਿੰਘ ਥਿੰਦ

    ਵਿਦੇਸ਼ੀ ਪੁੱਤ
    ਸਵੇਰਿਆਂ ਦੇ ਸੁੱਤੇ
    ਰਾਤੀਂ ਜਾਗਣ
    - ਜਨਮੇਜਾ ਸਿੰਘ ਜੌਹਲ
                
    ਪ੍ਰਾਕਿਰਤਕ ਦ੍ਰਿਸ਼ ਹਾਇਕੁ ਦੀ ਪਛਾਣ ਨੇ ਤੇ ਇਹ ਕੁਦਰਤੀ ਨਜ਼ਾਰਿਆਂ ਨੂੰ ਵੇਖਣ ਦਾ ਝਰੋਖਾ ਵੀ ਮੰਨਿਆ ਜਾਂਦਾ ਹੈ। ਇਹ ਕੁਦਰਤ ਨੂੰ ਬੋਲਣ ਲਾ ਦਿੰਦਾ ਹੈ। ਇਓਂ ਲੱਗਦਾ ਹੈ ਜਿਵੇਂ ਅੰਬਰ, ਤਾਰੇ, ਚੰਨ, ਸੂਰਜ, ਰੁੱਖ, ਫੁੱਲ, ਟਾਹਣੀਆਂ,ਘਾਹ, ਤ੍ਰੇਲ ਬੂੰਦਾਂ,ਮੀਂਹ ਤੇ ਹਵਾਵਾਂ ਮਿਲ਼ ਕੇ ਕੋਈ ਟੂਣੇਹਾਰਾ ਰਾਗ ਛੇੜਿਆ ਹੋਵੇ।ਜਪਾਨੀ ਹਾਇਕੁ ਵਾਂਗ ਪੰਜਾਬੀ ਹਾਇਕੁ ਸ਼ਾਂਤ ਤੇ ਚੁੱਪ ਨਹੀਂ ਹੈ। ਇਸ ਵਿੱਚ ਜਸ਼ਨ ਮਨਾਏ ਜਾਂਦੇ ਨੇ,ਢੋਲ ਵੱਜਦਾ ਹੈ ਤੇ ਗਿੱਧੇ-ਭੰਗੜੇ ਪੈਂਦੇ ਹਨ। 
    ਸੁੱਚੇ ਮੋਤੀ ਨੇ            
    ਚਿੱਟੇ ਗੁਲਾਬ ਉੱਤੇ      
    ਤ੍ਰੇਲ ਤੁਪਕੇ
    -ਕਮਲ ਸੇਖੋਂ 

    ਫੁੱਲ ਖਿੜਿਆ
    ਟਾਹਣੀ ਝੁੱਕ ਗਈ
    ਖੁਸ਼ਬੂ ਅੱਗੇ
     ਜਨਮੇਜਾ ਸਿੰਘ ਜੌਹਲ

    ਤੇਜ਼ ਬਾਰਿਸ਼
    ਧੋਤਾ ਗਿਆ ਗਰਦਾ
    ਰੁੱਖੀਂ ਜੰਮਿਆ
    - ਦਲਵੀਰ ਗਿੱਲ

    ਚੱਲੇ ਗੱਭਰੂ
    ਵਿਸਾਖੀ ਨਹਾਉਣ
    ਮੋਢੇ 'ਤੇ ਡਾਂਗਾਂ
    -- ਜੋਗਿੰਦਰ ਸਿੰਘ ਥਿੰਦ 

    ਤੀਆਂ ਦਾ ਪਿੜ
    ਮੱਚੇ ਗਿੱਧੇ ਦੀ ਲਾਟ
    ਪੈਣ ਬੋਲੀਆਂ
    -- ਡਾ. ਹਰਦੀਪ ਕੌਰ ਸੰਧੂ