ਬਹੁਭਾਸ਼ਾਈ ਲੇਖਕ ਸੈਮੀਨਾਰ ਤੇ ਕਵੀ ਦਰਬਾਰ
ਸਰੀ -- ਇਸ ਸਮੇਂ ਕੈਨੇਡਾ ਵਿਚ ਬੋਲੀਆਂ ਜਾਣ ਵਾਲੀਆਂ ਪ੍ਰਚਲਤ ਭਾਸ਼ਾਵਾਂ ਵਿਚ ਪੰਜਾਬੀ ਭਾਸ਼ਾ ਦਾ ਤੀਜਾ ਸਥਾਨ ਹੈ। ਪੰਜਾਬੀ ਨੂੰ ਪ੍ਰਫੁਲਤ ਕਰਨ ਲਈ ਜਿੱਥੇ ਹੋਰ ਸੰਸਥਾਵਾਂ ਨੇ ਸ਼ਲਾਘਾਯੋਗ ਯਤਨ ਕੀਤੇ ਹਨ, ਓਥੇ ਪੰਜਾਬੀ ਲੇਖਕ ਮੰਚ ਵੈਨਕੂਵਰ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ਹੈ। ਪੰਜਾਬੀ ਲੇਖਕ ਮੰਚ ਉਤਰੀ ਅਮਰੀਕਾ ਦੀ ਪਹਿਲੀ ਸਾਹਿਤਕ ਸੰਸਥਾ ਹੈ, ਜਿਸ ਨੇ ਪੰਜਾਬੀ ਭਾਸ਼ਾ ਤੇ ਪੰਜਾਬੀ ਸਾਹਿਤ ਦੇ ਪਰਚਾਰ ਤੇ ਪਰਸਾਰ ਦਾ ਕੰਮ ੧੯੭੩ ਵਿਚ ਆਰੰਭ ਕਰ ਦਿੱਤਾ ਸੀ। ਜਿੱਥੇ ਲੇਖਕ ਮੰਚ ਨੇ ਪੰਜਾਬੀ ਸਹਿਤ ਵਿਚ ਆਪਣਾ ਨਾਮ ਤੇ ਸਥਾਨ ਬਣਾਇਆ ਹੈ, ਓਥੇ ਇਹ ਪੰਜਾਬੀਆਂ ਨੂੰ ਮੁਖਧਾਰਾ ਦੇ ਨੇੜੇ ਲਿਆਉਣ ਵਿਚ ਵੀ ਇਕ ਪੁਲ਼ ਦਾ ਕੰਮ ਕਰਦਾ ਰਿਹਾ ਹੈ। ਇਸ ਦਾ ਸਿਹਰਾ ਮੰਚ ਦੇ ਸਮੁੱਚੇ ਮੈਂਬਰਾਂ ਸਿਰ ਜਾਂਦਾ ਹੈ।
ਇਸ ਸਾਲ ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਚਾਲੀਵੇਂ ਸਥਾਪਨਾ ਦਿਵਸ ਦੇ ਜਸ਼ਨਾ ਨੂੰ ਸਮਰਪਤ, ਮੰਚ ਵੱਲੋਂ ਤਿੰਨ ਯਾਦਗਾਰੀ ਸਮਾਗਮ ਆਯੋਜਤ ਕੀਤੇ ਗਏ। ਪਹਿਲਾ ੨੪ ਮਾਰਚ ਨੂੰ ਸਰੀ ਵਿਚ। ਜਿਸ ਵਿਚ ਗਦਰ ਲਹਿਰ ਦੀ ਕਵਿਤਾ ਤੇ ਕੈਨੇਡਾ ਵਿਚ ਦਲਤ ਸਾਹਿਤ ਬਾਰੇ ਸੀ। ਦੂਸਰਾ ਸਮਾਗਮ ਸਾਹਿਤ ਸਭਾ ਐਬਟਸਫੋਰਡ (ਰਜਿ.) ਦੇ ਸਹਿਯੋਗ ਨਾਲ ਐਬਟਸਫੋਰਡ ਵਿਚ ਕਰਵਾਇਆ ਗਿਆ, ਜਿਸ ਵਿਚ ਪੰਜਾਬੀ ਨਾਵਲ, ਕਹਾਣੀ ਤੇ ਕਵਿਤਾ ਬਾਰੇ ਵਿਚਾਰ ਚਰਚਾ ਹੋਈ। ਅਤੇ ਇਹ ਅੰਤਲਾ ਸਮਾਗਮ ੨੨ ਸਤੰਬਰ, ੨੦੧੩ ਨੂੰ ਨਿਊਟਨ ਕਮਿਉਨਿਟੀ ਸੈਂਟਰ ਸਰੀ ਵਿਚ ਹੋਇਆ, ਜਿਸ ਵਿਚ ਬਹੁਭਾਸ਼ਾਈ ਸੈਮਨਾਰ ਅਤੇ ਕਵੀ ਦਰਬਾਰ ਕਰਵਾਇਆ ਗਿਆ।

ਪਹਿਲੇ ਸੈਸ਼ਨ ਦੇ ਆਰੰਭ ਵਿਚ ਕੁਆਰਡੀਨੇਟਰ ਜਰਨੈਲ ਸਿੰਘ ਆਰਟਿਸਟ ਨੇ ਮੰਚ ਦੇ ਸੱਦੇ 'ਤੇ ਸੈਮੀਨਾਰ ਵਿਚ ਸ਼ਾਮਿਲ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਫਿਰ ਨਦੀਮ ਪਰਮਾਰ ਨੇ ਸਟੇਜ ਦੀ ਵਾਗ ਡੋਰ ਸੰਭਾਲੀ। ਉਹਨਾਂ ਦੂਜੀਆਂ ਭਾਸ਼ਾਵਾਂ ਦੇ ਨਾਮਵਰ ਲੇਖਕਾਂ ਬਾਰੇ ਸੰਖੇਪ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ ਅਤੇ ਉਹਨਾਂ ਨੂੰ ਪ੍ਰਧਾਨਗੀ ਮੰਡਲ ਆਉਣ ਦਾ ਸੱਦਾ ਦਿੱਤਾ। ਉਸ ਮਗਰੋਂ ਚਾਲੀਵੀਂ ਵਰ੍ਹੇ ਗੰਢ ਨਾਲ ਸਬੰਧਤ ਮੰਚ ਦਾ ਸੌਵੀਨਾਰ ਰੀਲੀਜ਼ ਕੀਤਾ ਗਿਆ, ਫਿਰ ਵਾਰੀ ਵਾਰੀ ਬੁਲਾਰਿਆਂ ਨੇ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ।
ਮਨੋਲਿਸ ਅਲੀਜੀਜ਼ਾਕਿਸ ਵਾe੍ਹੀਟ ਰੌਕ, ਸਰੀ ਵਿਚ ਰਹਿੰਦਾ ਯੂਨਾਨੀ ਪਿਛੋਕੜ ਦਾ ਲੇਖਕ ਤੇ ਅਨੁਵਾਦਕ ਹੈ। ਉਹਦਾ ਆਪਣਾ ਪ੍ਰਕਾਸ਼ਨ ਹਾਊਸ ਹੈ। ਮਨੋਲਿਸ ਨੇ ਯੂਨਾਨੀ ਤੇ ਹੋਰ ਕਈ ਭਾਸ਼ਾਵਾਂ ਦੇ ਸਾਹਿਤ ਨੂੰ ਅੰਗ੍ਰੇਜ਼ੀ ਵਿਚ ਅਨੁਵਾਦ ਕੀਤਾ ਹੈ। ਉਹਨੇ ਕੁਝ ਕਵਿਤਾਵਾਂ ਆਪਣੀ ਨਵੀਂ ਛਪੀ ਕਾਵਿ ਪੁਸਤਕ ਵਿਚੋਂ ਤੇ ਕੁਝ ਕਵਿਤਾਵਾਂ ਯੂਨਾਨੀ ਕਵੀ ਯਾਨਿਸ ਰੀਟਸੋਜ਼ ਦੀ ਵੱਡ-ਆਕਾਰੀ ਅਨੁਵਾਦ ਕੀਤੀ ਕਾਵਿ-ਪੁਸਤਕ ਵਿਚੋਂ ਪੜ੍ਹ ਕੇ ਸੁਣਾਈਆਂ।
ਅਜਮੇਰ ਰੋਡੇ ਪੰਜਾਬੀ ਦਾ ਨਾਮਵਰ ਲੇਖਕ ਹੈ। ਉਹ ਮੰਚ ਦਾ ਪ੍ਰਤੀਨਿਧ ਮੈਂਬਰ ਵੀ ਹੈ। ਪਹਿਲਾਂ ਉਹਨੇ ਪੰਜਾਬੀ ਸਾਹਿਤ ਦੇ ਇਤਿਹਾਸ ਬਾਰੇ ਅੰਗ੍ਰੇਜ਼ੀ ਵਿਚ ਜਾਣਕਾਰੀ ਦਿੱਤੀ ਅਤੇ ਫਿਰ ਦੱਖਣੀ ਏਸ਼ੀਅਨ ਲੇਖਕਾਂ ਵੱਲੋਂ ਅੰਗ੍ਰੇਜ਼ੀ ਵਿਚ ਲਿਖੇ ਜਾ ਰਹੇ ਸਾਹਿਤ ਬਾਰੇ ਦੱਸ ਕੇ ਵੀਹਵੀਂ ਸਦੀ ਦੇ ਪਿਛਲੇ ਅੱਧ ਦੇ ਪੰਜਾਬੀ ਲੇਖਕਾਂ ਬਾਰੇ ਚਰਚਾ ਕੀਤੀ
ਕੀਨੀਆ ਵਿਚ ਜਨਮਿਆ ਬਿੱਲ ਸ਼੍ਰਮਬਰੁੱਕਰ ਅੰਗ੍ਰੇਜ਼ੀ ਭਾਸ਼ਾ ਦਾ ਗਲਪ ਲੇਖਕ ਹੈ ਅਤੇ ਬੀ. ਸੀ. ਵਿਚ ਸੈਟਰਨਾ ਆਈਲੈਂਡ 'ਤੇ ਰਹਿੰਦਾ ਹੈ। ਉਸ ਦੀਆਂ ਨਾਵਲ ਤੇ ਕਹਾਣੀਆਂ ਦੀਆਂ ਕਈ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਸ ਨੇ ਅੰਗ੍ਰੇਜ਼ੀ ਵਿਚ ਲਿਖੇ ਜਾ ਰਹੇ ਆਧੁਨਿਕ ਨਾਵਲ ਬਾਰੇ ਗੱਲ ਕੀਤੀ ਅਤੇ ਆਪਣੀ ਇਕ ਕਹਾਣੀ 'ਮੋਟਰ ਥੈਰਾਪੀ' ਪੜ੍ਹ ਕੇ ਸੁਣਾਈ, ਜਿਸ ਵਿਚ ਉਸ ਦੇ ਕੈਨੇਡੀਅਨ ਸਿਟੀਜ਼ਨਸ਼ਿਪ ਲੈਣ ਵਿਚ ਆਈਆਂ ਸਮੱਸਿਆਵਾਂ ਦਾ ਬਿਆਨ ਸੀ।
ਸਰੀ ਵਿਚ ਰਹਿੰਦੇ ਅਚਾਰੀਆ ਸ਼੍ਰੀ ਨਾਥ ਦਿਵੇਦੀ ਜੀ ਬ੍ਰਿਟਸ਼ ਕੁਲੰਬੀਆ ਦੇ ਜਾਣੇ ਪਛਾਣੇ ਹਿੰਦੀ ਲੇਖਕ ਹਨ। ਕਈ ਸਭਾ ਸੁਸਾਇਟੀਆਂ ਦੇ ਕਰਤਾ ਧਰਤਾ ਹਨ। ਦਿਵੇਦੀ ਜੀ ਨੇ ਹਿੰਦੀ ਦੇ ਕਲਾਸਿਕ ਤੇ ਆਧੁਨਿਕ ਸਾਹਿਤ ਬਾਰੇ ਸੰਖੇਪ ਜਾਣਕਾਰੀ ਦੇ ਕੇ ਕੁਝ ਕਵੀਆਂ ਦੀਆਂ ਕਵਿਤਾਵਾਂ ਪੜ੍ਹ ਕੇ ਸੁਣਾਈਆਂ।
ਮੁਹੰਮਦ ਰਫੀਕ ਜੀ ਉਰਦੂ ਦੇ ਨਾਮਵਰ ਲੇਖਕ ਹਨ। ਉਹ ਸਰੀ ਵਿਚ ਰਹਿੰਦੇ ਹਨ ਅਤੇ 'ਮਿਰੇਕਲ' ਨਾਮ ਦਾ ਬਹੁ-ਭਾਸ਼ਾਈ ਵੀਕਲੀ ਅਖਬਾਰ ਸੰਪਾਦਿਤ ਕਰਦੇ ਹਨ। ਉਹਨਾਂ ਉਰਦੂ ਜ਼ੁਬਾਨ ਦੇ ਨਿਕਾਸ ਤੇ ਵਿਕਾਸ ਬਾਰੇ ਚਰਚਾ ਕਰਦਿਆਂ ਉਰਦੂ ਸਾਹਿਤ ਦੀਆਂ ਰਵਾਇਤਾਂ ਤੇ ਰੁਝਾਨਾਂ ਬਾਰੇ ਵੀ ਗੱਲ ਕੀਤੀ।
ਦੂਜੇ ਸੈਸ਼ਨ ਵਿਚ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦਾ ਸੰਚਾਲਣ ਪੰਜਾਬੀ ਦੇ ਨਾਮਵਰ ਕਵੀ ਤੇ ਮੰਚ ਦੇ ਪ੍ਰਤੀਨਿਧ ਮੈਂਬਰ, ਅਮਰੀਕ ਪਲਾਹੀ ਨੇ ਕੀਤਾ। ਕਵੀ ਦਰਬਾਰ ਵਿਚ ੪੦ ਕਵੀਆਂ ਨੇ ਭਾਗ ਲਿਆ, ਜਿਨ੍ਹਾਂ ਵਿਚ ਲੋਇਰ ਮੇਨ ਲੈਂਡ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਦੇ ਨਾਮਵਰ ਕਵੀਆਂ ਤੋਂ ਬਿਨਾਂ ਟੁਰਾਂਟੋ ਤੇ ਵਰਨਨ ਤੋਂ ਆਏ ਕਵੀ ਵੀ ਸ਼ਾਮਿਲ ਸਨ, ਜਿਨ੍ਹਾਂ ਨੇ ਸਰੋਤਿਆਂ ਦੇ ਦਿਲਾਂ ਨੂੰ ਧੂਹ ਪਾਉਣ ਵਾਲੇ ਕਲਾਮ ਸੁਣਾਏ।
ਇਸ ਸਮਾਗਮ ਵਿਚ ਬਰਜਿੰਦਰ ਢਾਹਾਂ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਪੰਜਾਬੀ ਸਾਹਿਤ ਦੀ ਪਰਫੁਲਤਾ ਲਈ ਇਕ ਅੰਤ੍ਰਰਾਸ਼ਟਰੀ ਪੁਰਸਕਾਰ ਸਥਾਪਤ ਕਰਨ ਜਾ ਰਹੀ ਹੈ, ਜਿਸ ਦੀ ਰਾਸ਼ੀ ੨੫੦੦੦/੦੦ ਡਾਲਰ ਹੋਵੇਗੀ ਅਤੇ ਇਹ ਪੁਰਸਕਾਰ ਵਿਸ਼ਵ ਪੱਧਰ 'ਤੇ ਪੰਜਾਬੀ ਨੂੰ ਪਰਮੋਟ ਕਰਨ ਵਾਲੇ ਲੇਖਕ ਨੂੰ ਦਿੱਤਾ ਜਾਇਆ ਕਰੇਗਾ।
ਕੈਨੇਡਾ ਦੇ ਜੰਮ ਪਲ ਜਿਨ੍ਹਾਂ ਬੱਚਿਆਂ ਨੇ ਪਿਛਲੇ ਸਮਾਗਮ ਵਿਚ ਗਦਰ ਲਹਿਰ ਦੇ ਕਵੀਆਂ ਦੀਆਂ ਕਵਿਤਾਵਾਂ ਪੜ੍ਹੀਆਂ ਸਨ ਅਤੇ ਹੋਰ ਸ਼ਖਸੀਅਤਾਂ, ਜਿਨ੍ਹਾਂ ਨੇ ਮੰਚ ਦੇ ਸਮਾਗਮਾਂ ਵਿਚ ਬਹ-ਪੱਖੀ ਯੋਗਦਾਨ ਪਾਇਆ ਸੀ, ਨੂੰ ਇਸ ਸੈਸ਼ਨ ਵਿਚ ਮੰਚ ਦੇ ਲੋਗੋ ਵਾਲਾ ਪੈਨ, ਟੀਸ਼ਰਟ ਤੇ ਸਰਟੀਫੀਕੇਟ ਦੇ ਕੇ ਸਨਮਾਨਤ ਕੀਤਾ ਗਿਆ।
ਅਖੀਰ ਵਿਚ ਦੋਹਾਂ ਕੁਆਰਡੀਨੇਰਾਂ, ਜਰਨੈਲ ਸਿੰਘ ਸੇਖਾ ਦੇ ਅਚਾਨਕ ਟੁਰਾਂਟੋ ਚਲੇ ਜਾਣ ਤੇ ਜਰਨੈਲ ਸਿੰਘ ਆਰਟਿਸਟ ਦੇ ਜ਼ਰੂਰੀ ਰੁਝੇਵੇਂ ਕਾਰਨ ਤੀਸਰੇ ਕੁਆਰਡੀਨੇਟਰ ਨਦੀਮ ਪਰਮਾਰ ਨੇ ਸਾਰੇ ਬੁਲਾਰਿਆਂ, ਆਏ ਸਰੋਤਿਆਂ, ਸਪਾਂਸਰ ਸ਼ਖਸੀਅਤਾਂ, ਮੰਚ ਮੈਂਬਰਾਂ ਅਤੇ ਦਿਨ ਰਾਤ ਇਕ ਕਰ ਕੇ ਸਾਰੇ ਸਮਾਗਮਾਂ ਨੂੰ ਸਫਲ ਬਣਾਉਣ ਵਾਲੇ ਸਵੈਸੇਵੀ ਕਾਮਿਆਂ ਦਾ ਧੰਨਵਾਦ ਕੀਤਾ ਅਤੇ ਪੰਜਾਬੀ ਪਿਆਰਿਆਂ ਨੂੰ ਯਕੀਨ ਦਵਾਇਆ ਕਿ ਭਾਵੇਂ ਪੰਜਾਬੀ ਲੇਖਕ ਮੰਚ ਦੇ ਚਾਲੀਵੇਂ ਸਥਾਪਨਾ ਦਿਵਸ ਦੇ ਸਮਾਗਮ ਖਤਮ ਹੋ ਗਏ ਹਨ, ਫਿਰ ਵੀ ਲੇਖਕ ਮੰਚ ਅਜੇਹੇ ਸਮਾਗਮ ਆਯੋਜਤ ਕਰਦਾ ਰਹੇਗਾ ਅਤੇ ਪੰਜਾਬੀ ਬੋਲੀ ਤੇ ਪੰਜਾਬੀ ਸਾਹਿਤ ਵਿਚ ਆਪਣਾ ਭਰਪੂਰ ਯੋਗਦਾਨ ਪਾਉਂਦਾ ਰਹੇਗਾ।
----------------------
ਪੰਜਾਬੀ ਲੇਖਕ ਮੰਚ ਦੀ ਬਹੁਰੰਗੀ ਸਾਹਿਤਕ ਇਕੱਤ੍ਰਤਾ
ਸਰੀ -- ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਅਕਤੂਬਰ ਮਹੀਨੇ ਦੀ ਇਕੱਤ੍ਰਤਾ ਨਿਊਟਨ ਲਾਇਬ੍ਰੇਰੀ ਸਰੀ ਵਿਚ ਨਦੀਮ ਪਰਮਾਰ ਅਤੇ ਜਰਨੈਲ ਸਿੰਘ ਸੇਖਾ ਦੀ ਸੰਚਾਲਣਾ ਹੇਠ ਹੋਈ। ਪਹਿਲਾਂ ਇਕ ਘੰਟੇ ਲਈ ਜਗਦੇਵ ਸਿੰਘ ਸੰਧੂ ਦੀ ਦੂਸਰੀ ਪੁਸਤਕ 'ਕੈਨੇਡਾ ਦੀ ਮੱਸਿਆ ਤੇ ਪੁੰਨਿਆ' ਦਾ ਰੀਲੀਜ਼ ਸਮਾਰੋਹ ਹੋਇਆ। ਪੁਸਤਕ ਉਪਰ ਦੋ ਪਰਚੇ ਪੜ੍ਹੇ ਗਏ। ਪਹਿਲਾ ਪਰਚਾ ਪ੍ਰੋ. ਕਰਮਜੀਤ ਸਿੰਘ ਗਿੱਲ ਦਾ ਸੀ, ਜਿਸ ਦਾ ਸਾਰ ਤੱਤ ਇਹ ਸੀ ਕਿ ਕੈਨੇਡਾ ਦੇ ਧੁੰਦਲੇ ਤੇ ਚਾਨਣੇ ਪੱਖ ਦਾ ਵਰਨਣ ਕਰਦੀ ਹੋਈ ਇਹ ਪੁਸਤਕ, ਪਰਵਾਸੀਆਂ ਨੇ ਏਥੇ ਆ ਕੇ ਕੀ ਖੱਟਿਆ ਤੇ ਕੀ ਗਵਾਇਆ ਬਾਰੇ ਭਰਪੂਰ ਚਾਨਣਾ ਪਾਉਂਦੀ ਹੈ। ਪ੍ਰੋ. ਗਿੱਲ ਦੇ ਕਥਨ ਅਨੁਸਾਰ ਕੈਨੇਡਾ ਪਹੁੰਚਣ ਦੀ ਤਾਂਘ ਵਿਚ ਬੈਠੇ ਵਿਅਤੀਆਂ ਲਈ ਇਹ ਪੁਸਤਕ ਲਾਭਦਾਇਕ ਹੋ ਸਕਦੀ ਹੈ। ਦੂਸਰਾ ਪਰਚਾ ਗੁਰਦੀਸ਼ ਕੌਰ ਗਰੇਵਾਲ ਦਾ ਸੀ, ਜਿਸ ਵਿਚ ਉਹਨਾਂ ਦੱਸਿਆ ਕਿ ਪੁਸਤਕ ਜਿੱਥੇ ਸਮਾਜ ਦੀਆਂ ਕੌੜੀਆਂ ਸਚਾਈਆਂ ਨੂੰ ਪੇਸ਼ ਕਰਦੀ ਹੈ ਓਥੇ ਇਹ ਪੁਸਤਕ ਕੈਨੇਡਅਨ ਸਮਾਜ ਤੇ ਸਭਿਆਚਾਰ ਦੇ ਹਰ ਪੱਖ ਦੀ ਜਾਣਕਾਰੀ ਪ੍ਰਦਾਨ ਕਰਦੀ ਹੈ। ਇਸ ਨੂੰ ਹਵਾਲਾ ਪੁਸਤਕ ਦੇ ਤੌਰ 'ਤੇ ਵਰਤਿਆ ਜਾ ਕਸਦਾ ਹੈ। ਗੁਰਚਰਨ ਟੱਲੇਵਾਲੀਆ ਨੇ ਪੁਸਤਕ ਦੀ ਨਮਕੀਨ ਭੁਰਪੁਰੇ ਬਿਸਕੁਟਾਂ ਨਾਲ ਤੁੱਲਨਾ ਕਰਦਿਆਂ ਇਸ ਨੂੰ ਪੜ੍ਹਨ ਯੋਗ ਪੁਸਤਕ ਕਿਹਾ।
ਤਿੰਨ ਬੁਲਾਰਿਆਂ ਮਗਰੋਂ ਨਦੀਮ ਪਰਮਾਰ, ਜਰਨੈਲ ਸਿੰਘ ਸੇਖਾ, ਨਵਤੇਜ ਭਾਰਤੀ, ਸੁੱਖੀ ਬਾਠ, ਜਗਦੇਵ ਸਿੰਘ ਸੰਧੂ, ਮਿਸਜ਼ ਸੰਧੂ, ਗਰਿਦੀਸ਼ ਕੌਰ ਗਰੇਵਾਲ, ਕਰਮਜੀਤ ਸਿੰਘ ਗਿੱਲ, ਹਰਦਮ ਸਿੰਘ ਮਾਨ ਅਤੇ ਗੁਰਚਰਨ ਟੱਲੇਵਾਲੀਆ ਨੇ ਪੁਸਤਕ 'ਕੈਨੇਡਾ ਦੀ ਮੱਸਿਆ ਤੇ ਪੁੰਨਿਆ' ਨੂੰ ਰੀਲੀਜ਼ ਕਰ ਕੇ ਸਰੋਤਿਆਂ ਦੇ ਸਨਮੁਖ ਕੀਤਾ।
ਪੰਜਾਬੀ ਬੋਲੀ ਤੇ ਸਾਹਿਤ ਨੂੰ ਪ੍ਰਫੁਲਤ ਕਰਨ ਵਿਚ ਯੋਗਦਾਨ ਪਾਉਣ ਵਾਲੇ ਉੱਘੇ ਬਿਜਨਸਮੈਨ, ਸੁੱਖੀ ਬਾਠ ਨੇ ਜਿੱਥੇ ਜਗਦੇਵ ਸਿੰਘ ਸੰਧੂ ਨੂੰ ਇਸ ਪੁਸਤਕ ਰੀਲੀਜ਼ ਸਮੇਂ ਕੁਝ ਰਾਸ਼ੀ ਤੇ ਪਲੇਕ ਦੇ ਕੇ ਸਨਮਾਨਤ ਕੀਤਾ ਉੱਥੇ ਉਹਨਾਂ ਇਹ ਐਲਾਨ ਵੀ ਕੀਤਾ ਕਿ ਉਹ ਲੋੜਵੰਦ ਲੇਖਕ ਦੀ ਨਵੀਂ ਪੁਸਤਕ ਛਪਵਾਉਣ ਵਿਚ ਸਹਾਇਤਾ ਵੀ ਕਰਦੇ ਰਹਿਣਗੇ ਅਤੇ ਇੱਥੋਂ ਦੇ ਲੇਖਕਾਂ ਦੀਆਂ ਸਾਰੀਆਂ ਪੁਸਤਕਾਂ ਖਰੀਦ ਕੇ ਆਪਣੀ ਲਾਇਬ੍ਰੇਰੀ ਵਿਚ ਰੱਖਣਾ ਚਾਹੁਣਗੇ। ਉਸ ਤੋਂ ਮਗਰੋਂ ਜਗਦੇਵ ਸਿੰਘ ਸੰਧੂ ਨੇ ਪੁਸਤਕ ਲਿਖਣ ਦੇ ਕਾਰਨ ਬਾਰੇ ਚਾਨਣਾ ਪਾਉਂਦਿਆਂ ਇਸ ਨੂੰ ਆਪਣੇ ਵਿਹਲੇਪਨ ਤੇ ਇਕੱਲੇਪਨ ਦੀ ਪੂਰਤੀ ਕਰਨਾ ਦੱਸਿਆ। ਅਖੀਰ ਵਿਚ ਉਹਨਾਂ ਪੰਜਾਬੀ ਲੇਖਕ ਮੰਚ, ਸੁੱਖੀ ਬਾਠ ਅਤੇ ਰੀਲੀਜ਼ ਸਮਾਰੋਹ ਵਿਚ ਆਏ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ।
ਦੂਸਰੇ ਸੈਸ਼ਨ ਵਿਚ ਸਭ ਤੋਂ ਪਹਿਲਾਂ ਟੀਵੀ ਹੋਸਟ ਤੇ ਡਾਕੂਮੈਂਟਰੀ ਫਿਲਮਕਾਰ ਨਵਲਪ੍ਰੀਤ ਰੰਗੀ ਨੇ ਸੂਚਨਾ ਦਿੱਤੀ ਕਿ ਉਹ ੨੯ ਅਕਤੂਬਰ ਦੀ ਸ਼ਾਮ ਨੂੰ ਮਾਂ ਦੇ ਨਾਮ ਵਾਲੀ ਪੰਜਾਬੀ ਫਿਲਮ ਦਾ ਪ੍ਰੀਮੀਅਰ ਸ਼ੋਅ ੧੫੨ ਸਟਰੀਟ ੮੮ ਐਵਨਿਊ, ਫਰੇਜ਼ਰ ਹਾਈਵੇਅ ਦੇ ਹਾਲ ਵਿਚ ਕਰਵਾ ਰਹੇ ਹਨ ਅਤੇ ਓਥੇ ਹੀ 'ਪੰਜਾਬੀ ਸਨੇਮੇ ਵਿਚ ਔਰਤ ਦਾ ਯੋਗਦਾਨ' ਬਾਰੇ ਸੈਮੀਨਾਰ ਵੀ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਸਭ ਨੂੰ ਆਉਣ ਦਾ ਖੁੱਲ੍ਹਾ ਸੱਦਾ ਹੈ।

ਵਿਸ਼ੇਸ਼ ਸੱਦੇ 'ਤੇ ਆਏ ਬਹੁਪੱਖੀ ਸਾਹਿਤਕਾਰ ਨਵਤੇਜ ਭਾਰਤੀ ਨੇ ਆਪਣੇ ਭਾਸ਼ਣ ਵਿਚ ਦੱਸਿਆ ਕਿ ਹਰ ਰਚਨਾ ਵਿਚ ਪ੍ਰਵਾਸ ਦਾ ਅੰਸ਼ ਹੁੰਦਾ ਹੈ। ਲੇਖਕ ਨੇ ਨਿਰਾ ਯਥਾਰਥ ਹੀ ਨਹੀਂ ਲਿਖਣਾ ਹੁੰਦਾ। ਲੇਖਕ ਦਾ ਦੇਖਣ ਦਾ ਨਜ਼ਰੀਆ ਸਧਾਰਨ ਮਨੁੱਖ ਨਾਲੋਂ ਵੱਖਰਾ ਹੁੰਦਾ ਹੈ। ਉਸ ਨੇ ਹਰ ਵਸਤ ਵਿਚੋਂ ਰਹੱਸ ਦੇਖਣਾ ਹੁੰਦਾ ਹੈ। ਦੁਨੀਆ ਖੂਬਸੂਰਤ ਹੈ ਤੇ ਸਾਹਿਤਕਾਰ ਨੇ ਹੀ ਇਸ ਖੂਬਸੂਰਤੀ ਦੀ ਪਹਿਚਾਣ ਕਰਵਾਉਣੀ ਹੁੰਦੀ ਹੈ। ਸਾਹਿਤਕਾਰ ਨੂੰ ਆਪਣੀਆਂ ਪਰਵਾਰਕ ਰਹੁ ਰੀਤਾਂ ਤੋਂ ਵਿਦਰੋਹ ਵੀ ਕਰਨਾ ਪੈ ਸਕਦਾ ਹੈ। ਸਾਹਿਤਕਾਰ ਨੂੰ ਲਿਖਣ ਵਿਚ ਅਨੇਕ ਚਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਹਿਲੀ ਚਣੌਤੀ ਤਾਂ ਭਾਸ਼ਾ ਦੀ ਹੀ ਹੁੰਦੀ ਹੈ। ਬਾਜ਼ਾਰ ਦੀ ਭਾਸ਼ਾ ਸਾਹਿਤ ਦੀ ਭਾਸ਼ਾ ਨਹੀਂ ਹੁੰਦੀ। ਮੈਲ਼ੀ ਭਾਸ਼ਾ ਮੈਲ਼ਾ ਸੰਸਾਰ ਪੈਦਾ ਕਰਦੀ ਹੈ। ਸਾਹਿਤਕਾਰ ਨੂੰ ਸੰਜਮ ਦੀ ਭਾਸ਼ਾ ਵਰਤੋਂ ਵਿਚ ਲਿਆਉਣੀ ਚਾਹੀਦੀ ਹੈ। ਨਵਤੇਜ ਭਾਰਤੀ ਨੇ ਆਪਣੇ ਪੋਲਿਸ਼ ਗੁਆਂਢੀ ਬਾਰੇ ਲਿਖੀ ਜਾ ਰਹੀ 'ਜਾਰਜ ਜਗੋਰਾ ਦੀ ਵਾਰ' ਦੀ ਉਦਾਹਰਣ ਦਿੰਦਿਆਂ ਕਿਹਾ ਕਿ ਕੰਮ ਦੀ ਵੀ ਇਕ ਭਾਸ਼ਾ ਹੁੰਦੀ ਹੈ। ਉਹਨਾਂ ਲੇਖਕ ਨੂੰ ਆ ਰਹੀਆਂ ਚਣੌਤੀਆਂ ਵਿਚਲੇ ਰਹੱਸ ਨਾਲ ਆਪਣਾ ਭਾਸ਼ਨ ਸਮਾਪਤ ਕੀਤਾ।
ਡਾ. ਗੁਰਮਿੰਦਰ ਕੌਰ ਸਿੱਧੂ ਨੇ 'ਕੰਨਿਆ ਭਰੂਣ ਹੱਤਿਆ' ਬਾਰੇ ਗੱਲ ਕਰਦਿਆਂ ਕਿਹਾ ਕਿ ਉਹਨਾਂ ਆਪਣੇ ਪਤੀ, ਡਾ. ਬਲਦੇਵ ਸਿੰਘ ਖੈਰਾ ਨਾਲ ਮਿਲ ਕੇ ਕਿਵੇਂ ਅਨੇਕ ਹੀ ਕੰਨਿਆਵਾਂ ਦੀ ਭਰੂਣ ਹੱਤਿਆ ਹੋਣ ਤੋਂ ਬਚਾਈ। ਕੰਨਿਆ ਭਰੂਣ ਹੱਤਿਆਂ ਦੀ ਰੋਕ ਥਾਮ ਲਈ ਉਹਨਾਂ ਵੱਲੋਂ ਲਿਖੀ ਗਈ ਪੁਸਤਕ 'ਨਾ ਮੰਮੀ ਨਾ' ਅਤੇ ਇਕ ਪੋਸਟਰ ਛਪਵਾ ਕੇ ਵੰਡਣ ਦਾ ਹਵਾਲਾ ਵੀ ਦਿੱਤਾ। ਡਾ. ਸਿੱਧੂ ਨੇ ਆਪਣਾ ਭਾਸ਼ਣ ਖਤਮ ਕਰਨ ਮਗਰੋਂ ਇਕ ਕਵਿਤਾ 'ਮਚਦਾ ਹੋਇਆ ਕਾਗਜ਼' ਸੁਣਾਈ ਜਿਸ ਵਿਚ ਸੜਦੇ ਮਚਦੇ ਸੰਸਾਰ ਦੀ ਹੋਣੀ ਦਾ ਵਰਨਣ ਸੀ।
ਅਜਮੇਰ ਰੋਡੇ ਨੇ ਢਾਹਾਂ ਅੰਤ੍ਰਰਾਸ਼ਟਰੀ ਪੰਜਾਬੀ ਗਲਪ ਪੁਰਸਕਾਰ ਬਾਰੇ ਦਸ ਕੇ ਕੈਨੇਡੀਅਨ ਲੇਖਕਾ ਐਲਿਸ ਮੁਨਰੋ ਨੂੰ ਨੋਬਲ ਪੁਰਸਕਾਰ ਮਿਲਣ ਬਾਰੇ ਗੱਲ ਕੀਤੀ। ਕਿਸੇ ਕੈਨੇਡੀਅਨ ਲੇਖਕਾ ਨੂੰ ਪਹਿਲੀ ਵਾਰ ਨੋਬਲ ਪੁਰਸਕਾਰ ਮਿਲਣ 'ਤੇ ਮੰਚ ਵੱਲੋਂ ਖੁਸ਼ੀ ਦਾ ਇਜ਼ਹਾਰ ਵੀ ਕੀਤਾ ਗਿਆ। ਲੇਖਕ ਮੰਚ ਮੈਂਬਰਾਂ ਵੱਲੋਂ ਮੰਚ ਦੇ ਸਰਗਰਮ ਮੈਂਬਰ ਅਜਮੇਰ ਰੋਡੇ ਨੂੰ ਦਰਪਨ ਮੈਗਜ਼ੀਨ ਵੱਲੋਂ ਪਰਦਾਨ ਕੀਤੇ ਗਏ 'ਲਾਈਫ ਅਚੀਵਮਿੰਟ ਅਵਾਰਡ' ਦੀ ਵਧਾਈ ਦਿੱਤੀ ਗਈ।
ਫਿਰ ਰਚਨਾਵਾਂ ਦਾ ਦੌਰ ਸ਼ੁਰੂ ਹੋਇਆ। ਪਹਿਲੀ ਵਾਰ ਮੰਚ ਮੀਟਿੰਗ ਵਿਚ ਆਏ ਗ਼ਜ਼ਲਗੋ ਹਰਦਮ ਸਿੰਘ ਮਾਨ ਨੇ ਗ਼ਜ਼ਲ ਸੁਣਾਈ। ਉਸ ਦਾ ਮਤਲਾਅ ਸੀ;
ਉਹਨਾਂ ਨੇ ਇਸ ਤਰ੍ਹਾਂ ਪਾਈ ਮੇਰੇ ਵਿਸ਼ਵਾਸ਼ ਦੀ ਕੀਮਤ
ਸਮੁੰਦਰ ਲਈ ਨਹੀਂ ਹੁੰਦੀ ਕਿਸੇ ਵੀ ਲਾਸ਼ ਦੀ ਕੀਮਤ
ਰਾਜਵੰਤ ਬਾਗੜੀ ਦੀ ਗ਼ਜ਼ਲ ਵਿਚ ਅੱਗ ਦੀਆਂ ਪੈੜਾਂ ਦੀ ਗੱਲ ਕੀਤੀ ਗਈ ਸੀ। ਅਮਰੀਕ ਪਲਾਹੀ ਦੀ ਗ਼ਜ਼ਲ ਵਿਚ ਕਟਾਕਸ਼ ਸੀ;
ਤੂੰ ਮੇਰਾ ਰੁਤਬਾ ਵਧਾ ਸਕਦਾ ਨਹੀਂ, ਮੈਂ ਜੋ ਹਾਂ ਉਸ ਤੋਂ ਘਟਾ ਸਕਦਾ ਨਹੀਂ।
ਦੱਸ ਭਲਾ ਕੀ ਕੋਲ ਤੇਰੇ ਦੇਣ ਲਈ, ਭੁੱਖ ਤੂੰ ਆਪਣੀ ਮਿਟਾ ਸਕਦਾ ਨਹੀਂ।
ਸ਼ਬਦਾਂ ਦੇ ਬੂਹੇ 'ਤੇ ਅਰਥਾਂ ਦੀ ਸਲੀਬ, ਦੇਖਦਾ ਹਾਂ ਹਟਾ ਸਕਦਾ ਨਹੀਂ।
ਕ੍ਰਿਸ਼ਨ ਭਨੋਟ ਦੇ ਦੋਹਿਆਂ ਵਿਚ ਧਰਮ ਤੇ ਬੋਲੀ ਰਲਗਡ ਨਾ ਕਰਨ ਗੱਲ ਕੀਤੀ ਗਈ ਸੀ। ਇੰਦਰਜੀਤ ਸਿੰਘ ਧਾਮੀ ਦੀ ਕਵਿਤਾ 'ਕਲਾ ਦਾ ਮੰਤਵ' ਵਿਚ ਬਿਆਨਿਆ ਗਿਆ ਸੀ ਕਿ ਕਲਾ ਮਨੁੱਖ ਉਪਰ ਕਿਵੇਂ ਪਰਭਾਵ ਪਾਉਂਦੀ ਹੈ। ਗੁਚਰਨ ਗਿੱਲ ਮਨਸੂਰ ਦੀ ਨਜ਼ਮ 'ਜੀ ਕਰਦਾ' ਵਿਚ ਖਿਆਲ ਸੀ ਕਿ ਇਹ ਦੁਨੀਆ ਨੂੰ ਕਿਵੇਂ ਹੋਰ ਸੁੰਦਰ ਬਣਾਇਆ ਜਾ ਸਕਦਾ ਹੈ। ਰੁਪਿੰਦਰ ਰੂਪੀ ਨੇ ਸੁਰੀਲੀ ਤਾਨ ਵਿਚ ਗੀਤ ਗਾਇਆ ਜਿਹੜਾ ਦਿਵਾਲੀ ਦੀ ਮੁਬਾਰਕਬਾਦ ਦਿੰਦਾ ਹੋਇਆ ਦੁਖ ਤੇ ਸੁਖ ਦੀ ਬਾਤ ਪਾਉਂਦਾ ਸੀ। ਬਰਜਿੰਦਰ ਢਿੱਲੋਂ ਨੇ ਆਪਣੀ ਕਹਾਣੀ ਸੁਣਾਉਣ ਦੀ ਥਾਂ ੪੫ ਸਾਲ ਪਹਿਲਾਂ ਵਿਕਟੋਰੀਆਂ ਵਿਚ, ਨਵਤੇਜ ਭਾਰਤੀ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਅੰਤ ਵਿਚ ਨਦੀਮ ਪਰਮਾਰ ਨੇ ਫੁੱਲ ਦਾ ਕ੍ਰਮ ਰਗ, ਖੁਸ਼ਬੂ ਤੇ ਖੇੜਾ ਵੰਡਣ ਵਾਲੀ ਉਰਦੂ ਨਜ਼ਮ 'ਏਕ ਫੂਲ' ਸੁਣਾ ਕੇ ਆਏ ਸਾਹਿਤਕਾਰਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਤੇ ਸਭਾ ਅਗਲੀ ਮਿਲਣੀ ਤਕ ਮਹਿਫਲ ਉਠਾ ਦਿੱਤੀ।