ਰਾਮ ਸਰੂਪ ਅਣਖੀ ਸਮ੍ਰਿਤੀ ਕਹਾਣੀ ਗੋਸ਼ਟੀ ਡਲਹੌਜ਼ੀ 'ਚ ਸਪੰਨ
(ਖ਼ਬਰਸਾਰ)
ਪਿਛਲੇ ਸੋਲਾਂ ਸਾਲਾਂ ਤੋਂ ਪੰਜਾਬੀ ਦੇ ਨਾਮਵਰ ਲੇਖਕ ਰਾਮ ਸਰੂਪ ਅਣਖੀ ਦੀ ਪਾਈ ਪਿਰਤ ਤੇ ਚੱਲ ਰਹੀ ਅੰਤਰ-ਭਾਸ਼ੀ ਕਹਾਣੀ ਗੋਸ਼ਟੀ ਇਸ ਵਾਰ ਤਿੰਨ , ਚਾਰ , ਪੰਜ ਅਕਤੂਬਰ ਨੂੰ ਮਿਹਰ ਹੋਟਲ ਡਲਹੌਜ਼ੀ ਵਿਖੇ ਆਯੋਜਿਤ ਕੀਤੀ ਗਈ । ਇਸ ਵਿੱਚ ਲਗਭਗ ਵੀਹ ਲੇਖਕਾਂ , ਕਹਾਣੀ ਅਲੋਚਕਾਂ ਨੇ ਹਿੱਸਾ ਲਿਆ । ਇਸ ਕਹਾਣੀ ਗੋਸ਼ਟੀ 'ਚ ਹਰ ਭਾਸ਼ਾ ਦੀ ਕਹਾਣੀ ਸਿਰਫ ਹਿੰਦੀ ਭਾਸ਼ਾ 'ਚ ਪੜੀ ਜਾਂਦੀ ਹੈ ਤਾਂ ਕਿ ਵੱਧ ਲੋਕਾਂ ਨੂੰ ਸਮਝ ਆ ਸਕੇ ।
ਗੋਸ਼ਟੀ ਦੇ ਸ਼ੁਰੂ ਵਿੱਚ ਰਾਮ ਸਰੂਪ ਅਣਖੀ ਨੂੰ ਸ਼ਰਧਾਂਜਲੀ ਸਰੂਪ ਉਨਾਂ ਦੀ ਕਹਾਣੀ " ਲੋਹੇ ਕਾ ਗੇਟ " ਅਜੈ ਬਿਸਾਰੀਆ ਨੇ ਪੜ ਕੇ ਸੁਣਾਈ , ਵਿਛੜੇ ਪੰਜਾਬੀ ਕਹਾਣੀਕਾਰ ਮਨਿੰਦਰ ਕਾਂਗ ਨੂੰ ਵੀ ਯਾਦ ਕੀਤਾ ਗਿਆ । ਕਹਾਣੀ-ਪਾਠ ਦੇ ਦੌਰ ਵਿੱਚ ਇਸ ਵਾਰ ਪੰਜਾਬੀ ਵਿੱਚ ਕਹਾਣੀ ਲੈ ਕੈ ਹਾਜ਼ਰ ਸਨ ਮਹਮੋਹਨ ਬਾਵਾ ਜਿੰਨਾਂ ਨੇ ਆਪਣੀ ਕਹਾਣੀ " ਬੇਅਕਲੋਂ ਕਾ ਜਨਪਦ " ਪੜੀ , ਕੇਸਰਾ ਰਾਮ ਨੇ ਆਪਣੀ ਪੰਜਾਬੀ ਕਹਾਣੀ ਪੜੀ " ਖੁਸ਼ਬੂ ਖੁਸ਼ਬੂ " ਅਤੇ ਅਸਲੋਂ ਨਵੇਂ ਕਹਾਣੀਕਾਰ ਬਲਵਿੰਦਰ ਸਿੰਘ ਨੇ ਆਪਣੀ ਪੰਜਾਬੀ ਕਹਾਣੀ " ਆਟੇ ਦੀਆਂ ਚਿੜੀਆਂ " ਪੜ ਕੇ ਸੁਣਾਈ । ਪੀ. ਅਸ਼ੋਕ ਕੁਮਾਰ ਨੇ ਆਪਣੀ ਤੇਲੁਗੂ ਕਹਾਣੀ " ਕਲਸਾ ਭਰ ਪਾਨੀ " ਸੁਣਾਈ , ਸਾਈਨਾਥ ਪਾਚਾਰਾਣੇ ਨੇ ਆਪਣੀ ਮਰਾਠੀ ਕਹਾਣੀ " ਈਸ਼ਵਰ ਕਾ ਚਿੱਤਰ " ਪੜੀ । ਅਰੁਣ ਕੁਮਾਰ ਅਸਫਲ ਨੇ ਹਿੰਦੀ ਕਹਾਣੀ " ਪੱਥਰ ਦਰ ਪੱਥਰ " ਪੜੀ , ਪੰਜਾਬ ਦੇ ਹਿੰਦੀ ਲੇਖਕ ਸੁਰੇਸ਼ ਹੰਸ ਨੇ ਆਪਣੀ ਲੰਬੀ ਹਿੰਦੀ ਕਹਾਣੀ " ਦੰਸ਼ " ਪੜ ਕੇ ਸੁਣਾਈ ।
ਪੜੀਆਂ ਕਹਾਣੀਆਂ ਤੇ ਹਰ ਵਾਰ ਦੀ ਤਰਾਂ ਇਸ ਵਾਰ ਵੀ ਉਸਾਰੂ ਬਹਿਸ ਹੋਈ ਜਿਸ ਵਿੱਚ ਅਜੈ ਤਿਵਾਰੀ , ਅਜੈ ਬਿਸਾਰੀਆ , ਡਾ. ਵੇਦ ਪ੍ਰਕਾਸ਼ , ਨੀਰਜ ਕੁਮਾਰ , ਡਾ. ਆਸਿਮ ਸਿੱਦਕੀ , ਡਾ. ਕ੍ਰਾਂਤੀਪਾਲ ਆਦਿ ਵਿਦਵਾਨਾਂ ਨੇ ਭਰਵਾਂ ਹਿੱਸਾ ਲਿਆ । ਨਵੇਂ ਕਹਾਣੀਕਾਰਾਂ ਨੂੰ ਉਸਾਰੂ ਸੁਝਾਅ ਦਿੱਤੇ ਗਏ । ਸਾਰੇ ਹੀ ਕਹਾਣੀਕਾਰ ਇਸ ਉਸਾਰੂ ਅਲੋਚਨਾ ਤੋਂ ਬੇਹੱਦ ਉਤਸਾਹਿਤ ਨਜ਼ਰ ਆਏ । ਕਹਾਣੀ ਗੋਸ਼ਟੀ ਦਾ ਸੰਚਾਲਨ ਅਮਰਦੀਪ ਸਿੰਘ ਗਿੱਲ ਨੇ ਕੀਤਾ । ਹਾਜ਼ਰ ਲੇਖਕਾਂ ਨੇ ਅਮਰਦੀਪ ਨੂੰ ਰਾਮ ਸਰੂਪ ਅਣਖੀ ਦੀ ਕਹਾਣੀ " ਸੁੱਤਾ ਨਾਗ " ਤੇ ਫਿਲਮ ਬਣਾਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ । ਆਖਿਰ ਵਿੱਚ ਮਨਮੋਹਨ ਬਾਵਾ ਨੇ ਜੋ ਕਿ ਰਾਮ ਸਰੂਪ ਅਣਖੀ ਵਾਂਗ ਹੀ ਇਸ ਗੋਸ਼ਟੀ ਦੇ ਸਰਪ੍ਰਸਤ ਨੇ ਸਾਰੇ ਆਏ ਲੇਖਕਾਂ - ਅਲੋਚਕਾਂ ਦਾ ਧੰਨਵਾਦ ਕੀਤਾ । ਗੋਸ਼ਟੀ ਦੇ ਅਯੋਜਕ ਡਾ. ਕ੍ਰਾਂਤੀਪਾਲ ਨੇ ਵੀ ਆਉਣ ਵਾਲੇ ਸਮੇਂ ਵਿੱਚ " ਕਹਾਣੀ ਪੰਜਾਬ " ਵੱਲੋਂ ਉਲੀਕੇ ਕੁੱਝ ਪ੍ਰੋਗਰਾਮਾਂ ਸਬੰਧੀ ਨੁਕਤੇ ਸਾਂਝੇ ਕੀਤੇ । ਸਾਰੀ ਗੋਸ਼ਟੀ 'ਚ ਕਲਾ-ਫੋਟੋਗਰਾਫਰ ਤੁਸ਼ਾਰ ਫਿਰਾਨ ਨੇ ਆਪਣੇ ਕੈਮਰੈ ਦੀ ਅੱਖ ਨੂੰ ਕੰਮ ਤੇ ਲਾਈ ਰੱਖਿਆ । ਤ੍ਰੈਮਾਸਿਕ ਸਾਹਿਤਕ ਪਰਚੇ " ਕਹਾਣੀ ਪੰਜਾਬ " ਦੀ ਟੀਮ ਡਾ. ਕ੍ਰਾਂਤੀਪਾਲ , ਅਮਰਦੀਪ ਸਿੰਘ ਗਿੱਲ ਅਤੇ ਨਵਦੀਪ ਸਿੱਧੂ ਬਾਹਰੋਂ ਆਏ ਲੇਖਕਾਂ ਨੂੰ ਵਿਦਾ ਕਰ ਸਫਲਤਾ ਪੂਰਵਕ ਇਸ ਕਹਾਣੀ ਗੋਸ਼ਟੀ ਨੂੰ ਪੂਰ ਚੜਾ ਕੇ ਸਤੁੰਸ਼ਟੀ ਨਾਲ ਪੰਜਾਬ ਪਰਤ ਆਏ ।