ਕਿਸੇ ਵੀ ਲੀਜੇਂਡ ਨੂੰ, ਮਹਾਨ ਸ਼ਖਸੀਅਤ ਨੂੰ, ਉਸਦੇ ਸਮੁੱਚੇ ਜੀਵਨ ਕਾਲ ਨੂੰ, ਉਸਦੀ ਸੋਚ ਨੂੰ, ਉਨ੍ਹਾਂ ਦੀ ਸਮਾਜ ਨੂੰ ਦਿੱਤੀ ਅਦੁੱਤੀ ਦੇਣ ਨੂੰ, ਉਸਦੇ ਆਦਰਸ਼ਾਂ ਨੂੰ, ਸਮੁੱਚੀ ਜੀਵਨ ਘਾਲਣਾ ਨੂੰ ਇੱਕ ਦਸਤਾਵੇਜ ਦੇ ਰੂਪ 'ਚ ਸਾਂਭਣ ਦਾ ਕਾਰਜ ਕੋਈ ਛੋਟਾ ਕਾਰਜ ਨਹੀਂ ਹੁੰਦਾ ਸਗੋਂ ਇਕ ਅਤਿਅੰਤ ਮਹੱਤਵਪੂਰਨ ਜਿੰਮੇਵਾਰੀ ਵਾਲਾ ਕਾਰਜ ਹੁੰਦਾ ਹੈ। ਖਾਸ ਕਰ ਉਦੋਂ ਇਹ ਹੋਰ ਵੱਧ ਮਹੱਤਤਾ ਹਾਸਲ ਕਰ ਜਾਂਦਾ ਹੈ ਜਦੋਂ ਤੁਸੀਂ ਇੱਕ ਅਤਿਅੰਤ ਬਹੁਮੁੱਖੀ ਤੇ ਬਹੁਪਾਸਾਰੀ ਸ਼ਖਸੀਅਤ, ਜਿਸ ਨੇ ਸਾਰੀ ਉਮਰ ਲੋਕਾਈ ਨੂੰ ਆਪਣੇ ਵਿਰਸੇ, ਵਰਤਮਾਨ ਤੇ ਭਵਿੱਖ ਬਾਰੇ ਸੱਚਮੁੱਚੀ ਜਿੰਮੇਵਾਰ ਬਨਣ ਦਾ ਹੀ ਪਾਠ ਸਿਖਾਇਆ ਹੋਵੇ, ਬਾਰੇ ਇੱਕ ਦਸਤਾਵੇਜ਼ ਦੇ ਨਿਰਮਾਣ ਦਾ ਜ਼ਿੰਮਾ ਓਟਦੇ ਹੋ। ਬਚਪਨ ਤੋਂ ਲੈ ਕੇ ਅੰਤ ਤੱਕ, ਇਥੋਂ ਤੱਕ ਕਿ ਆਪਣੇ ਅੰਤਮ ਸਵਾਸਾਂ ਤੱਕ ਜਿਸ ਵਿਅਕਤੀ ਨੇ ਆਪਣਾ ਪਲ-ਪਲ ਲੋਕਾਂ ਲਈ ਅਰਪਿਤ ਕੀਤਾ ਹੋਵੇ, ਜਿਸਨੇ ਨਿੱਜੀ ਖਾਹਸ਼ਾਂ ਨੂੰ, ਫੋਕੀ ਟੌਹਰ ਨੂੰ, ਧਨ ਦੌਲਤ ਨੂੰ ਸਦਾ ਟਿੱਚ ਜਾਣਿਆ ਹੋਵੇ। ਜਿਸ ਨੇ ਆਪਣਾ ਘਰ ਪਰਿਵਾਰ, ਸਾਰੀ ਕਮਾਈ ਲੋਕਮੁਕਤੀ ਲਹਿਰ ਨੂੰ ਸੌਂਪ ਦਿੱਤੀ ਹੋਵੇ ਉਸ ਦੇ ਸਮੁੱਚ ਨੂੰ ਇਕ ਘੰਟੇ ਦੀ ਫਿਲਮ 'ਚ ਸਮਾਉਣਾ ਸੱਚਮੁੱਚ ਸਮੁੰਦਰ ਨੂੰ ਕੁੱਜੇ 'ਚ ਬੰਦ ਕਰਨਾ ਵਰਗਾ ਜੋਖਮ ਭਰਿਆ ਕਾਰਜ ਹੈ।
ਪੰਜਾਬੀ ਇਨਕਲਾਬੀ ਰੰਗਮੰਚ ਦੇ ਸਰਤਾਜ, ਇਨਕਲਾਬੀ ਜਮਹੂਰੀ ਲਹਿਰ ਦੀ ਸਿਰਮੌਰ ਕਲਗੀ, ਕਮਿਊਨਿਸਟ ਇਨਕਲਾਬੀ ਲਹਿਰ ਦੇ ਜਨਤਕ ਹਰਕਾਰੇ ਭਾਅ ਜੀ ਗੁਰਸ਼ਰਨ ਸਿੰਘ ਸਿੰਘ ਦਾ ਬੀਤੀ 27 ਸਤੰਬਰ 2011 ਨੂੰ ਸਰੀਰਕ ਤੌਰ 'ਤੇ ਸਦਾ ਸਦਾ ਲਈ ਵਿਛੜ ਜਾਣਾ ਸੱਚਮੁੱਚ ਪਰਬਤੋਂ ਭਾਰੀ ਸਦਮਾ ਸੀ। ਭਾਅ ਜੀ ਦੇ ਕਠਿਨ ਜੀਵਨ ਘਾਲਣਾ ਘਾਲਦਿਆਂ ਤੁਰ ਜਾਣ ਤੋਂ ਬਾਅਦ ਪੈਦਾ ਹੋਏ ਖਲਾਅ ਨੂੰ ਹੋਰਨਾਂ ਅਨੇਕਾਂ ਵਾਂਗ ਪੰਜਾਬ ਲੋਕ ਸੱਭਿਆਚਾਰ ਮੰਚ ਨੇ ਕਿਤੇ ਵੱਧ ਗਹਿਰਾਈ ਨਾਲ ਮਹਿਸੂਸ ਕੀਤਾ। ਪ.ਲ.ਸ. ਮੰਚ ਦੇ ਫਾਊਂਡਰ ਪ੍ਰਧਾਨ, ਜੋ ਅੰਤਲੇ ਸਮੇਂ ਤੱਕ ਇਸ ਅਹੁਦੇ ਤੇ ਰਹੇ, ਨੂੰ ਇਕ ਸਜੀਵ ਸ਼ਰਧਾਂਜਲੀ ਦੇਣ ਦਾ ਜੁੰਮਾ, ਉਨ੍ਹਾਂ ਦੀ ਸੱਭਿਆਚਾਰਕ ਫਰੰਟ ਦੀ, Îਨਿਵੇਕਲੀ ਪਛਾਣ ਬਣਾ ਚੁੱਕੀ ਜੱਥੇਬੰਦੀ ਨੇ ਓਟਿਆ। ਸੂਬਾ ਕਮੇਟੀ ਮੀਟਿੰਗ 'ਚ ਵਿਚਾਰ ਚਰਚਾ ਤੋਂ ਬਾਅਦ ਇਸ ਕੰਮ ਦੀ ਜ਼ਿੰਮੇਵਾਰੀ ਸੂਬਾ ਕਮੇਟੀ ਮੈਂਬਰ ਮਾਸਟਰ ਤਰਲੋਚਨ ਸਿੰਘ ਨੂੰ ਸੌਂਪੀ ਗਈ। ਮਾਸਟਰ ਤਰਲੋਚਨ ਸਿੰਘ ਨੇ ਭਾਅ ਜੀ ਦੇ ਸਮੁੱਚੇ ਜੀਵਨ ਕਰਮ ਨੂੰ ਇਕ ਰੀਲ 'ਚ ਪਰੋਣ ਦੇ ਕਾਰਜ ਨੂੰ ਪੂਰੀ ਸ਼ਿਦੱਤ ਨਾਲ ਮਹਿਸੂਸ ਹੀ ਨਹੀਂ ਕੀਤਾ, ਸਗੋਂ ਮਾੜੀ ਸਿਹਤ ਦੇ ਚਲਦਿਆਂ ਸਫਲ ਅੰਜਾਮ ਤੇ ਵੀ ਪਹੁੰਚਾਇਆ। ਸੈਂਕੜੇ ਮੀਲਾਂ ਦਾ ਸਫ਼ਰ, ਦਰਜਨਾਂ ਥਾਵਾਂ ਤੇ ਮੁਲਾਕਾਤਾਂ, ਚੰਡੀਗੜ੍ਹ ਵਾਲੇ ਪਰਿਵਾਰ ਤੋਂ ਲੈ ਕੇ ਹਰ ਖੂੰਝੇ 'ਚ ਵਸਦੇ ਵੱਡੇ ਪਰਿਵਾਰ ਦੀਆਂ ਵੱਖ ਵੱਖ ਖੇਤਰਾਂ 'ਚ ਸਰਗਰਮ ਸਖਸ਼ੀਅਤਾਂ, ਮੁਰੀਦਾਂ, ਨਾਟਕਰਮੀਆਂ, ਲੇਖਕਾਂ ਨਾਲ ਗੱਲਬਾਤ ਕਰਨ, ਪ੍ਰਤੀਕਰਮ ਇਕੱਠ ਕਰਨ, ਵਾਚਣ ਪਰਖਣ ਤੇ ਦਸਤਾਵੇਜ਼ ਦਾ ਹਿੱਸਾ ਬਣਾਉਣ ਲਈ ਮਾਸਟਰ ਤਰਲੋਚਨ ਸਿੰਘ ਨੇ ਨਿਰੰਤਰ ਦੋ ਮਹੀਨੇ ਸਖ਼ਤ ਕੰਮ ਕੀਤਾ। ਇਸ ਸਖ਼ਤ ਮਿਹਨਤ ਦਾ ਸਿੱਟਾ ਬਣੀ ਦਸਤਾਵੇਜੀ ਫਿਲਮ 'ਸਦਾ ਸਫਰ 'ਤੇ.... ਭਾਅ ਜੀ ਗੁਰਸ਼ਰਨ ਸਿੰਘ'। ਪਹਿਲੀ ਮਈ 2012 ਨੂੰ ਪੰਜਾਬੀ ਭਵਨ ਲੁਧਿਆਣਾ ਦੇ ਸਾਰੀ ਰਾਤ ਦੇ ਸੱਭਿਆਚਾਰਕ ਸਮਾਗਮ ਮੌਕੇ, ਇਸ ਫਿਲਮ ਨੂੰ ਹਜ਼ਾਰਾਂ ਦਰਸ਼ਕਾਂ ਸਾਹਮਣੇ ਪ੍ਰਦਰਸ਼ਿਤ ਕੀਤਾ ਗਿਆ ਤਾਂ ਆਪਣੇ ਨਾਇਕ ਨੂੰ ਸਕਰੀਨ ਤੇ ਸਜੀਵ ਹੁੰਦਾ ਵੇਖ, ਦਰਸ਼ਕਾਂ ਨੇ ਘੰਟਾ ਭਰ ਸਾਹ ਰੋਕ ਕੇ ਇਸ ਦਸਤਾਵੇਜ਼ ਨੂੰ ਪ੍ਰਣਾਮਿਕ ਮਨਜੂਰੀ ਦਿੱਤੀ।
''...ਸਾਡੀ ਜੰਗ ਇਕ ਐਸੇ ਸਮਾਜ ਨੂੰ ਬਣਾਉਣ ਵਾਸਤੇ ਹੈ, ਜਿਸ ਸਮਾਜ ਵਿੱਚ ਅਮੀਰ ਤੇ ਗਰੀਬ ਦਾ ਵਿਤਕਰਾ ਖ਼ਤਮ ਹੋਏਗਾ, ਜਿਸ ਸਮਾਜ ਵਿਚ ਬਰਾਬਰੀ ਹੋਏਗੀ (ਹਸਤਾਖ਼ਰ ਗੁਰਸ਼ਰਨ ਸਿੰਘ) ਦੇ ਹਲਫ਼ੀਆ ਬਿਆਨ ਨਾਲ ਸ਼ੁਰੂ ਹੁੰਦੀ, ਅਮੁੱਕ ਸਫਰ ਦੀ ਇਹ ਦਾਸਤਾਨ ਸਤਲੁਜ ਦੇ ਪਾਣੀਆਂ ਨਾਲ ਗਲ਼ਵਕੜੀ ਪਾਉਣ ਦੇ ਸਮੇਂ ਤੱਕ ਦੇ ਇਤਿਹਾਸ ਰਾਹੀਂ ਸਾਡੇ ਅੰਦਰ ਚੰਗੇਰੀ ਜ਼ਿੰਦਗੀ ਜਿਉਣ ਜੋਗੇ ਸਮਾਜ ਦੀ ਉਸਾਰੀ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਮਜਬੂਤ ਬਲ ਭਰਨ 'ਚ ਸਫਲ ਹੋ ਨਿਬੜਦੀ ਹੈ।
ਨਾਮਵਰ ਕਵੀ ਸੁਰਜੀਤ ਪਾਤਰ ਦੇ ਹਵਾ 'ਚ ਗੂੰਜਦੇ ਮਿੱਠੜੇ ਬੋਲ 'ਮੈਂ ਉਨ੍ਹਾਂ ਲੋਕਾਂ 'ਚੋਂ ਹਾਂ ਜੋ ਸਦਾ ਸਫ਼ਰ 'ਚ ਰਹੇ, ਜਿਨ੍ਹਾਂ ਦੇ ਸਿਰ ਤੇ ਸਦਾ ਤਾਰਿਆਂ ਦਾ ਥਾਲ ਰਿਹਾ' ਜਾਪਦਾ ਹੈ ਜਿਵੇਂ ਭਾਅ ਜੀ ਲਈ ਹੀ ਲਿਖੇ ਗਏ ਹੋਣ। ਆਰਟ ਸੈਂਟਰ ਸਮਰਾਲਾ ਦੀ ਹਰਮਨ ਪਿਆਰੀ ਕਲਾਕਾਰ ਬਲਜਿੰਦਰ ਕੌਰ ਤੇ ਖੁਦ ਮਾਸਟਰ ਤਰਲੋਚਨ ਸਿੰਘ ਦੀ ਦਰਦ ਭਰੀ ਆਵਾਜ ਦਾ ਸੁਹਜ ਇਸ ਦਸਤਾਵੇਜ ਨੂੰ ਅਮਰ ਬਣਾਉਣ 'ਚ ਯਾਦਗਾਰੀ ਭੂਮਿਕਾ ਨਿਭਾ ਗਿਆ। ਜਦੋਂ ਤਰਲੋਚਨ ਕਹਿੰਦਾ ਹੈ, ''...ਬਿਨਾਂ ਰੁਕੇ, ਬਿਨਾਂ ਥੱਕੇ, ਬਿਨਾਂ ਅੱਕੇ ਇਹ ਪਹੁਤਾ ਪਾਂਧੀ, ਪੰਜਾਬੀ ਰੰਗਮੰਚ ਦਾ ਵਾਸਕੋਡਿਗਾਮਾ ਜੋ ਨਿਸ਼ਾਨ ਛੱਡ ਗਿਆ, ਜੋ ਲੱਭਤਾਂ ਲੱਭ ਗਿਐ ਜਿਹਨਾਂ ਰਾਹਾਂ ਦੇ ਭੇਤ ਦੇ ਗਿਆ ਉਹ ਸਾਡੇ ਕਿਰਤੀ ਵਰਗ ਦਾ ਅਮੁੱਲ ਸਰਮਾਇਆ ਹੈ।''
16 ਸਤੰਬਰ 1929 ਤੋਂ 27 ਸਤੰਬਰ 2011 ਤੱਕ ਦੇ 82 ਵਰ੍ਹਿਆਂ ਦੀ ਹਰ ਸ਼ਾਮ ਸਵੇਰ ਕੁਝ ਨਾ ਕੁਝ ਨਵਾਂ ਸਿਰਜਦੇ, ਨਵਾਂ ਸੋਚਦੇ, ਖੋਜਦੇ, ਫਿਕਰਜ਼ਦਾ ਭਾਅ ਜੀ ਗੁਰਸ਼ਰਨ ਸਿੰਘ ਦੇ ਨੰਗਲ ਡੈਮ ਤੋਂ 1245, 43-ਬੀ ਚੰਡੀਗੜ੍ਹ ਤੱਕ ਦੇ ਸਫ਼ਰ ਨੂੰ ਇਸ ਫਿਲਮ ਨੇ ਹਰ ਕੋਨ ਤੋਂ, ਹਰ ਮੋੜ ਤੋਂ ਹਰ ਚੁਰਾਹੇ ਤੋਂ ਫੜਨ ਦੀ ਸਫ਼ਲ ਕੋਸ਼ਿਸ਼ ਕੀਤੀ ਹੈ। ਇਕ ਥਾਂ ਭਾਅ ਜੀ ਰੈਲੀ ਨੂੰ ਸੰਬੋਧਨ ਕਰ ਰਹੇ ਹਨ, ਰੈਲੀ 'ਚ ਨਾਅਰੇ ਗੂੰਜ ਰਹੇ ਹਨ 'ਸ਼ਹੀਦੋ ਤੁਹਾਡੀ ਸੋਚ ਤੇ, ਪਹਿਰਾ ਦਿਆਂਗੇ ਠੋਕ ਕੇ' ਤਾਂ ਭਾਅ ਜੀ ਬੋਲਦੇ ਹਨ 'ਸਾਨੂੰ ਸੋਚਣਾ ਹੋਵੇਗਾ-ਪਹਿਰਾ ਦੇਣਾ ਕੋਈ ਸੌਖਾ ਕੰਮ ਨਹੀਂ, ਸੋਚੋ ਅਸੀਂ ਹੁਣ ਤੱਕ ਕਿਨਾਂ ਕੁ ਪਹਿਰਾ ਦੇ ਸਕੇ ਹਾਂ, ਪਹਿਰੇਦਾਰ ਵਾਲੇ ਕਿੰਨੇ ਕੁ ਗੁਣ ਪੈਦਾ ਕਰ ਸਕੇ ਹਾਂ- ਸਾਥੀਓ, ਪਹਿਰਾ ਦੇਣ ਲਈ ਸ਼ਹੀਦਾਂ ਦੇ ਰਾਹ ਤੇ ਤੁਰਨਾ ਪੈਂਦਾ ਹੈ।'' ਉਹ ਜਿਵੇਂ ਕੱਚਿਆਂ ਨੂੰ ਤਰਨ ਦਾ ਵਲ ਦੱਸ ਰਹੇ ਹਨ।
ਭਾਅ ਜੀ ਗੁਰਸ਼ਰਨ ਸਿੰਘ ਦੇ ਜੀਵਨ ਦਾ ਹਰ ਕਰਮ, ਹਰ ਕਿਰਤ, ਹਰ ਰਚਨਾ, ਹਰ ਸਿਰਜਣਾ ਲੁੱਟ ਰਹਿਤ ਸਮਾਜ ਦੀ ਉਸਾਰੀ ਦੇ ਪਵਿੱਤਰ ਮਿਸ਼ਨ ਨੂੰ ਸਮਰਪਿਤ ਸੀ। ਇਸ ਫਿਲਮ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਆਪਣੀਆਂ ਬਹੁਤੀਆਂ ਗੱਲਾਂ ਦੀ ਪ੍ਰਮਾਣਿਕਤਾ ਕਿਤਿਓ ਮੰਗਣੀ ਨਹੀਂ ਪਈ ਸਗੋਂ ਉਹ ਖੁਦ ਹਾਜ਼ਰ ਹਨ। ਉਂਝ ਭਾਅ ਜੀ ਦੀ ਰਾਜਨੀਤਿਕ ਪ੍ਰਤੀਬੱਧਤਾ, ਕਿਸੇ ਪ੍ਰਮਾਣ ਜਾਂ ਸਬੂਤ ਦੀ ਮੁਥਾਜ ਵੀ ਨਹੀਂ। ਇਕ ਨਿਰਛਲ, ਨਿਰਸਵਾਰਥ, ਗਤੀਸ਼ੀਲ, ਪ੍ਰਤੀਬੱਧ ਜੀਵਨਗਾਥਾ ਦੀ ਸੰਪੂਰਨਤਾ ਨਾਲ ਇਸ ਦਸਤਾਵੇਜ਼ ਰਾਹੀਂ ਮਾਸਟਰ ਤਰਲੋਚਨ ਸਿੰਘ ਨੇ ਪੂਰਾ ਨਿਆਂ ਕਰਨ ਦੀ ਸਫਲ ਕੋਸ਼ਿਸ਼ ਕੀਤੀ ਹੈ। ਸਮਤਾ, ਸਰਦਲ, ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ, ਹਜ਼ਾਰਾਂ ਲੱਖਾਂ ਸਸਤੀਆਂ ਕਿਤਾਬਾਂ ਦਾ ਘਰਾਂ ਤੱਕ ਸੰਚਾਰ, ਖਾਲਿਸਤਾਨੀ ਫਿਰਕੂ ਤੇ ਹਕੂਮਤੀ ਦਹਿਸ਼ਤਗਰਦੀ, ਐਮਰਜੈਂਸੀ ਦਾ ਸਾਹਮਣਾ, ਸਮਾਜ ਤੇ ਰਾਜ ਬਦਲੀ ਦੀਆਂ ਤਾਕਤਾਂ ਨੂੰ ਇਕ ਮੰਚ ਇਨਕਲਾਬੀ ਕੇਂਦਰ ਪੰਜਾਬ ਤੇ ਇਕੱਠਾ ਕਰਨ, ਮੁਹਿੰਮਾਂ ਤੇ ਹਰ ਸੰਘਰਸ਼ ਦੀ ਅਗਵਾਈ ਕਰਨ ਤੋਂ ਲੈ ਕੇ ਘਰੇਲੂ ਫਰੰਟ ਤੇ ਵੀ ਇਕ ਕਮਾਲ ਦੇ ਆਦਰਸ਼ ਪਤੀ ਤੇ ਬਾਪ ਦੀ ਭੂਮਿਕਾ-ਫਿਲਮ ਵੇਖ ਕੇ ਨਵੀਂ ਸੰਵੇਦਨਸ਼ੀਲ ਪੀੜੀ ਸੁਭੈਕੀ ਆਖਣ ਲਈ ਮਜਬੂਰ ਹੋਏਗੀ ਕਿ ਇਹ ਬੰਦਾ ਆਮ ਬੰਦਾ ਨਹੀਂ ਸਗੋਂ ਲੀਜੇਂਡ ਹੈ। ਮਾਸਟਰ ਤਰਲੋਚਨ ਸਿੰਘ ਦੀ ਸਖ਼ਤ ਘਾਲਣਾ ਦਾ ਨਤੀਜਾ, ''.. ਸਦਾ ਸਫ਼ਰ ਤੇ ... ਭਾਅ ਜੀ ਗੁਰਸ਼ਰਨ ਸਿੰਘ'' ਸਮਕਾਲੀਆਂ ਲਈ ਤਾਂ ਹੈ ਹੀ, ਨਵੀਂ ਪਨੀਰੀ ਲਈ ਵੀ ਸਮਿਆਂ ਦੇ ਪਰਾਂ ਤੇ ਲਿਖੀ ਇਕ ਅਜਿਹੀ ਅਮਰ ਇਬਾਰਤ ਹੈ, ਜੋ ਨਵੀਂ ਸਵੇਰ, ਨਵੀਂ ਜ਼ਿੰਦਗੀ, ਬਰਾਬਰਤਾ ਦੀ ਜ਼ਿੰਦਗੀ ਦੀ ਪ੍ਰਾਪਤੀ ਦਾ ਮੋਹ ਤੇ ਕਸਕ ਸਦੀਆਂ ਸਦੀਆਂ ਤੱਕ ਕਾਇਮ ਰੱਖੇਗੀ।
------------------------------------------------------------