'ਦੀਵਾ ਬਲੇ ਸਾਰੀ ਰਾਤ' ਕਾਵਿ ਮਹਿਫ਼ਲ ਦਾ ਹੋਇਆ ਸਫ਼ਲ ਆਯੋਜਨ
(ਖ਼ਬਰਸਾਰ)
ਹਰਿਆਣਾ ਪੰਜਾਬੀ ਸਾਹਿਤ ਸਭਾ ਵੱਲੋਂ ਕੁਰੂਕਸ਼ੇਤਰ ਯੂਨੀਵਰਸਿਟੀ ਸੱਥਿਤ ਡਾ. ਰਜਿੰਦਰ ਸਿੰਘ ਭੱਟੀ ਦੇ ਗ੍ਰਹਿ ਵਿਖੇ 'ਦੀਵਾ ਬਲੇ ਸਾਰੀ ਰਾਤ' ਕਾਵਿ ਮਹਿਫ਼ਲ ਦਾ ਆਯੋਜਨ ਕੀਤਾ ਗਿਆ। ਇਸ ਕਾਵਿ ਮਹਿਫ਼ਲ ਵਿਚ ਕੁਰੂਕਸ਼ੇਤਰ ਤੋਂ ਇਲਾਵਾ ਕੈਥਲ, ਚੰਡੀਗੜ੍ਹ, ਸਿਰਸਾ, ਕਰਨਾਲ ਅਤੇ ਯਮੁਨਾਨਗਰ ਤੋਂ ਕਵੀਆਂ ਨੇ ਹਿੱਸਾ ਗਿਆ।
ਸਭ ਤੋਂ ਪਹਿਲਾਂ ਡਾ. ਜਸਵਿੰਦਰ ਸਿੰਘ ਗੁਰਾਇਆ ਨੇ ਆਪਣੇ ਇਸ ਸ਼ਿਅਰ ਨਾਲ 'ਸੱਚ ਦਾ ਪੰਛੀ ਲੱਭਦਾ ਨਾਹੀਂ, ਇੱਥੇ ਝੂਠ ਦੇ ਕਾਂ ਬਥੇਰੇ ਨੇ, ਰਾਜੇ ਸੀਂਹ ਮੁਕੱਦਮ ਕੁੱਤੇ, ਸਾਡੇ ਬੈਠੇ ਚਾਰ ਚੁਫੇਰੇ ਨੇ' ਰਾਹੀਂ ਕਾਵਿ ਮਹਿਫ਼ਲ ਦਾ ਆਗਾਜ਼ ਕੀਤਾ। ਇਹਨਾਂ ਤੋਂ ਬਾਅਦ ਨਿਸ਼ਾਨ ਸਿੰਘ ਰਾਠੌਰ ਨੇ ਆਪਣੀ ਕਵਿਤਾ 'ਰੁੱਖ ਹਾਂ ਮੈਂ ਚੁੱਪ ਹਾਂ ਸਦੀਆਂ ਤੋਂ, ਅੱਜ ਬੋਲਣ ਨੂੰ ਮੇਰਾ ਜੀਅ ਕਰਦਾ, ਐ ਕਲਜੁੱਗ ਦੇ ਇਨਸਾਨਾਂ ਵੇ, ਤੇਰੇ ਭੇਦ ਖੋਲਣ ਨੂੰ ਜੀਅ ਕਰਦਾ' ਰਾਹੀਂ ਚੰਗੀ ਵਾਹ-ਵਾਹੀ ਖੱਟੀ।
ਨਿਸ਼ਾਨ ਸਿੰਘ ਰਾਠੌਰ ਤੋਂ ਬਾਅਦ ਜੋਗਿੰਦਰ ਸਿੰਘ ਨੇ 'ਠੰਡੀ ਹਵਾ ਤਾਂ ਵੱਗ ਰਹੀ ਸੀ, ਮੇਰੀਆਂ ਰਾਤਾਂ ਹੀ ਪ੍ਰੇਸ਼ਾਨ ਸੀ' ਰਾਹੀਂ ਆਪਣੀ ਹਾਜ਼ਰੀ ਲਗਵਾਈ। ਇਹਨਾਂ ਤੋਂ ਬਾਅਦ ਡਾ. ਕੁਲਦੀਪ ਸਿੰਘ ਨੇ 'ਮੈਂ ਨੀਂ ਮਰਨਾ ਮਾਰ ਨਾ ਮਾਏ' ਅਤੇ 'ਬੰਦੇ ਬੋਲ ਨਾ ਮੰਦੇ' ਕਵਿਤਾ ਰਾਹੀਂ ਕਾਵਿ ਮਹਿਫ਼ਲ ਵਿਚ ਖੂਬ ਰੰਗ ਬੰਨਿਆ।
ਇਹਨਾਂ ਤੋਂ ਬਾਅਦ ਦਵਿੰਦਰ ਬੀਬੀਪੁਰੀਆ ਨੇ 'ਗ਼ਜ਼ਲ ਨੂੰ ਇਸ਼ਕ, ਹੁਸਨ, ਜਾਮ ਦੀ ਮਹਿਫ਼ਲ'ਚੋਂ ਚਾ ਕੇ, ਮੈਂ ਇਸ ਨੂੰ ਦੇਖਦਾਂ ਹਾਂ ਰੋਜ ਪਸੀਨੇ'ਚ ਪਾ ਕੇ' ਆਪਣੀ ਗ਼ਜ਼ਲ ਪੇਸ਼ ਕੀਤੀ। ਡਾ. ਰਜਿੰਦਰ ਸਿੰਘ ਭੱਟੀ ਨੇ 'ਮੈਂ ਨਹੀਂ ਸੁਕਰਾਤ ਬਣਨਾ ਦੋਸਤੋ, ਜ਼ਿੰਦਗੀ ਨੂੰ ਜ਼ਹਿਰ ਵਿਚ ਜੋ ਪੀ ਲਵਾਂ' ਰਾਹੀਂ ਹਾਜ਼ਰ ਸਰੋਤਿਆ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ।
ਰਘਬੀਰ ਈਸ਼ਰ ਨੇ ਸਿਰਾਇਕੀ ਰੰਗ ਵਾਲੀ ਗ਼ਜ਼ਲ 'ਮੈਂਡੇ ਹਾਂ ਬਹੂੰ ਸੀ ਭਾਏ ਉਹ, ਤਾਂਹੀਉਂ ਸਿਰ ਮੱਥੇ ਮੈਂ ਚਾਏ ਉਹ' ਪੇਸ਼ ਕੀਤੀ। ਦੀਦਾਰ ਸਿੰਘ ਕਿਰਤੀ ਨੇ ਹਾਸ ਵਿਅੰਗ ਪੇਸ਼ ਕਰਦਿਆਂ ਕਿਹਾ 'ਕਈ ਕੱਲ ਜੰਮੇਂ, ਕਈ ਅੱਜ ਜੰਮੇ, ਜੰਮਣ ਵਾਸਤੇ ਕਈ ਤਿਆਰ ਬੈਠੇ।' ਬਲਵਿੰਦਰ ਸਿੰਘ ਨਿਵਾਰਸੀ ਨੇ ਕਿਹਾ 'ਚਲਦੇ ਚਲਦੇ ਰਾਹ ਦੇ ਵਿਚ ਖਲੋ ਜਾਵਾਂ, ਜੀਅ ਕਰਦਾ ਹੈ ਮੇਰਾ, ਮੈਂ ਰੁੱਖ ਹੋ ਜਾਵਾਂ' ਅਤੇ ਜਸਪਾਲ ਸਿੰਘ ਬਸੰਤਪੁਰ ਨੇ ਕਿਹਾ 'ਗ਼ਜ਼ਲ ਮੇਰੀ ਜੇ ਮਨ ਤੇਰੇ ਨੂੰ ਛੋਹ ਜਾਂਦੀ, ਸੱਚੀ ਮੇਰੀ ਸ਼ਾਇਰੀ ਸੰਪੰਨ ਹੋ ਜਾਂਦੀ' ਰਾਹੀਂ ਆਪਣੇ ਮਨੋਭਾਵਾਂ ਨੂੰ ਸ਼ਬਦੀ ਰੂਪ ਦਿੱਤਾ। ਕਾਵਿ ਮਹਿਫ਼ਲ ਵਿਚ ਸਟੇਜ ਸਕੱਤਰ ਦੀ ਡਿਊਟੀ ਡਾ. ਚੂਹੜ ਸਿੰਘ ਨੇ ਬਾਖੂਬੀ ਨਿਭਾਈ।
ਅੰਤ ਵਿਚ ਹਰਿਆਣਾ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਡਾ. ਰਜਿੰਦਰ ਸਿੰਘ ਭੱਟੀ ਨੇ ਕਿਹਾ ਕਿ ਡਾ. ਅਮਰਜੀਤ ਸਿੰਘ ਕਾਂਗ ਦੇ ਦਿਹਾਂਤ ਤੋਂ ਬਾਅਦ ਇਹ ਕਾਵਿ ਮਹਿਫ਼ਲ ਲਗਭਗ ੨ ਸਾਲ ਬਾਅਦ ਮੁੜ ਸਜਾਈ ਗਈ ਹੈ। ਉਨ੍ਹਾਂ ਕਿਹਾ ਕਿਹਾ ਕਿ ਹਰਿਆਣੇ ਦੇ ਨਵੇਂ ਸ਼ਾਇਰਾਂ ਲਈ ਇਹ ਇਕ ਅਜਿਹਾ ਮੰਚ ਹੈ ਜੋ ਨੌਜਵਾਨ ਸ਼ਾਇਰਾਂ ਨੂੰ ਉਤਸ਼ਾਹਤ ਕਰਕੇ ਕਵਿਤਾ ਦੇ ਖੇਤਰ ਵਿਚ ਕਾਮਯਾਬੀ ਦਵਾਉਣ ਵਿਚ ਚੰਗੀ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਕਾਵਿ ਮਹਿਫ਼ਲ ਦੁਬਾਰਾ ਫਿਰ ਹਰ ਮਹੀਨੇ ਕਿਸੇ ਨਾ ਕਿਸੇ ਸਾਹਿਤਕਾਰ ਦੇ ਗ੍ਰਹਿ ਵਿਖੇ ਸਜਾਈ ਜਾਇਆ ਕਰੇਗੀ ਅਤੇ ਹਰਿਆਣੇ ਵਿਚ ਨਵੇਂ ਸ਼ਾਇਰਾਂ ਨੂੰ ਉਤਸ਼ਾਹਤ ਕੀਤਾ ਜਾਵੇਗਾ।
ਨਿਸ਼ਾਨ ਸਿੰਘ ਰਾਠੌਰ