ਹੁਣ ਜਨਮ ਦਿਨ ਤੇਰਾ ਮੈਂ ਕਿਸ ਤਰਾਂ ਮਨਾਵਾਂ।
ਤੂੰ ਮੌਤ ਡੋਲੀ ਗਈਂ ਮੈਂ ਗੀਤ ਕਿਹਦੇ ਗਾਵਾਂ।
ਇਹ ਜ਼ਿੰਦਗੀ ਤੇਰੀ ਦੀ ਹੈ ਡੋਰ ਟੁੱਟੀ ਅੱਧ ਚੋਂ
ਕੇਕ 'ਤੇ ਮੋਮ-ਬਤੀਆਂ ਮੈਂ ਸਭ ਬਾਲ ਕੇ ਬੁਝਾਵਾਂ।
ਅਣ-ਸੀਤਾ ਸੂਟ ਤੇਰਾ ਇਹ ਕੌਣ ਪਾਊ ਧੀਏ
ਤੂੰ ਦਸ! ਕਿਹੜਾ ਦਰਜੀ ਮੈਂ ਉਸ ਤੋਂ ਸੁਆਵਾਂ।
ਇਹ ਦੀਵੇ 'ਚ ਤੇਲ ਦੀ ਥਾਂ ਅੱਥਰੂ ਨੇ ਮੇਰੇ
ਤੂੰ ਜਨਮ ਕਿਹੜੇ ਦੀਆਂ ਮੈਨੂੰ ਦਿਤੀਆਂ ਸਜਾਵਾਂ।
ਵੇਖਾਂ ਮੈਂ ਗਲ ਤੇਰੇ, 'ਚ ਫ਼ੁਲਾਂ ਦੇ ਹਾਰ ਏਨੇ
ਤਸਵੀਰ ਤੇਰੀ ਉਤੇ, ਫ਼ੁੱਲ ਕਿਵੇਂ ਮੈਂ ਚੜਾਂ੍ਹਵਾਂ।
ਧੀਆਂ ਦੇ ਜਨਮ ਦਿਨ 'ਤੇ ਖੁਸ਼ੀਆਂ ਮਨਾਂਵਦੇ ਜੋ
ਧੰਨ ਨੇ ਉਹ ਮਾਪੇ ਅਤੇ ਧੰਨ ਨੇਂ ਉਹ ਮਾਵਾਂ।
ਇਹ ਹੋਣੀ ਨਹੀਂ ਸੀ ਪਰ! ਅਨਹੋਣੀ ਹੋ ਗਈ
ਮੰਨ ਤਪਦਾ ਕਰਨ ਠੰਡਾ,ਉਹ ਕਿਹੜੀਆਂ ਹਵਾਵਾਂ
ਉਮੀਦਾਂ ਦੇ ਖ਼ੰਭ ਟੁੱਟੇ ਮਮਤਾ ਦੀ ਆਸ ਮੁੱਕੀ
ਜਾਵਾਂ ਤਾਂ ਦਸੋ ਮਂੈ ! ਕਿਹੜੇ ਦੁਆਰ ਜਾਵਾਂ।
ਅੱਮੀਏਂ! ਬਚਾ ਲੈ ਅੱਜ , ਮੈਂ ਤੈਥੋ ਹਾਂ ਦੂਰ ਚੱਲੀ
ਇਹ ਬੋਲੇ ਸੀ ਬੋਲ ਮਾਂ ਨੂੰ, ਉਸ ਆਖਰੀ ਸਾ੍ਹਵਾਂ।
ਜੇ ਰੂਹ ਗਜ਼ਲ ਦੀ ਮੇਰੀ ਕਵਿਤਾ 'ਚ ਹੋ ਜਾਏ
ਮੈਂ ਗੋਦੀ 'ਚ ਲੈ ਕੇ ਉਹਨੂੰ ਰੱਜ-ਰੱਜ ਕੇ ਖਿਡਾਵਾਂ।
"ਸੁਹਲ" ਜਿਹੀ ਗਜ਼ਲ ਨੂੰ ਪੈਗ਼ਾਮ ਹੈ ਅਮਨ ਦਾ
ਜੁਝਾਰੂ ਸੋਚ ਵਾਲੀ ਦੇ ਦੀਪ ਕਈ ਜਗਾਵਾਂ।