ਗੁਰ-ਇਤਿਹਾਸ ਚ ਵਿਪਰਵਾਦੀ ਮਿਲਾਵਟ (ਪੁਸਤਕ ਪੜਚੋਲ )

ਉਜਾਗਰ ਸਿੰਘ   

Email: ujagarsingh48@yahoo.com
Cell: +91 94178 13072
Address:
India
ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਲੈ ਕਰਨਲ ਗੁਰਦੀਪ ਸਿੰਘ ਰਿਟਾਇਰਡ ਨੇ ਆਪਣੀ ਪੁਸਤਕ ਗੁਰ-ਇਤਿਹਾਸ ਚ ਵਿਪਰਵਾਦੀ ਮਿਲਾਵਟ-1 ਵਿੱਚ ਸਿੱਖ ਸੰਗਤਾਂ ਨੂੰ ਦਲੀਲਾਂ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖ ਸੰਗਤ ਨੂੰ ਸਿਰਫ ਤੇ ਸਿਰਫ ਦਸ ਗੁਰੂ ਸਾਹਿਬਾਨ ਦੀ ਪਵਿਤਰ ਵਿਚਾਰਧਾਰਾ ਜੋ ਕਿ ਗੁਰਬਾਣੀ ਦੇ ਰੂਪ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਨੂੰ ਹੀ ਗੁਰੂ ਮੰਨਕੇ ਜੀਵਨ ਬਸਰ ਕਰਨਾ ਚਾਹੀਦਾ ਹੈ ਨਾਕਿ ਗੁਰ ਇਤਿਹਾਸ ਦੇ ਨਾਂ ਤੇ ਲਿਖੀਆਂ ਗਈਆਂ ਅਜਿਹੀਆਂ ਪੁਸਤਕਾਂ ਜਿਹੜੀਆਂ ਗੁਰੂਆਂ ਦੀ ਵਿਚਾਰਧਾਰਾ ਤੇ ਕਿੰਤੂ ਪ੍ਰੰਤੂ ਕਰਦੀਆਂ ਹੋਣ ਤੇ ਗੁਰੂਆਂ ਦੀ ਵਿਚਾਰਧਾਰਾ ਤੇ ਪਹਿਰਾ ਨਾਂ ਦਿੰਦੀਆਂ ਹੋਣ।ਉਹਨਾਂ ਇਹ ਵੀ ਸ਼ਪਸ਼ਟ ਕੀਤਾ ਹੈ ਕਿ ਗੁਰੂ ਸਾਹਿਬਾਨ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਉਹਨਾਂ ਦੀ  ਪ੍ਰ੍ਰਸ਼ੰਸ਼ਾ ਵਿੱਚ ਬਹੁਤ ਸਾਰੀਆਂ ਪੁਸਤਕਾਂ ਲੇਖਕਾਂ ਨੇ ਸਾਖੀਆਂ ਦੇ ਰੂਪ ਵਿੱਚ ਲਿਖੀਆਂ।ਗੁਰੂ ਸਾਹਿਬ ਦੀ ਉਸਤਤ ਕਰਦਿਆਂ ਲੇਖਕਾਂ ਨੇ ਜਾਣੇ ਜਾਂ ਅਣਜਾਣੇ ਕੁਝ ਕਰਾਮਾਤਾਂ ਅਤੇ ਕਰਮਕਾਂਡਾਂ ਦੇ ਵਿਰਤਾਂਤ ਗੁਰੂ ਸਾਹਿਬ ਨੂੰ ਵਡਿਆਉਣ ਲਈ ਦਿੱਤੇ। ਅਸਲ ਵਿੱਚ ਗੁਰੂ ਸਾਹਿਬ ਤਾਂ ਕਰਾਮਾਤਾਂ ਤੇ ਕਰਮਕਾਂਡਾਂ ਵਿੱਚ ਵਿਸ਼ਵਾਸ਼ ਹੀ ਨਹੀਂ ਰੱਖਦੇ ਸਨ।ਇਹ ਵਿਰਤਾਂਤ ਹੀ ਸਾਡੇ ਗੁਰ ਇਤਿਹਾਸ ਨੂੰ ਵਿਪਰਵਾਦੀ ਮਿਲਾਵਟ ਰਾਹੀਂ ਦੂਸ਼ਿਤ ਕਰਨ ਦੇ ਕੋਝੇ ਹਥਿਆਰ ਤੇ ਹੱਥਕੰਡੇ ਸਨ।ਉਹਨਾਂ ਅੱਗੋਂ ਲਿਖਿਆ ਹੈ ਕਿ ਗੁਰੂ ਸਾਹਿਬ ਦੀ ਸਾਰੀ ਬਾਣੀ ਹੀ ਕਰਮ ਕਾਂਡਾਂ ਵਿੱਚੋਂ ਲੋਕਾਂੌ ਨੂੰ ਕੱਢਣ ਦੀ ਪ੍ਰੇਰਨਾ ਦਿੰਦੀ ਹੋਈ ਸੱਚ ਦੇ ਮਾਰਗ ਤੇ ਚਲਣ ਦੀ ਨਸੀਹਤ ਦਿੰਦੀ ਹੈ। ਇਹ ਪੁਸਤਕ ਉਹਨਾਂ ਬ੍ਰਾਹਮਣਵਾਦੀ ਵਿਚਾਰਧਾਰਾ ਵਾਲੇ ਲੋਕਾਂ ਦੀ ਸ਼ਾਜਸ਼ ਨੂੰ ਬੇਪਰਦ ਕਰਦੀ ਹੈ ਜਿਹਨਾ ਤੋਂ ਗੁਰੂ ਸਾਹਿਬ ਲੋਕਾਈ ਦਾ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਪੰਡਤਾਂ ਅਤੇ ਪਾਂਧਿਆਂ ਨੇ ਇੱਕ ਗਿਣੀ ਮਿਥੀ ਸ਼ਾਜਸ਼ ਤਹਿਤ ਗੁਰ ਇਤਿਹਾਸ ਨੂੰ ਵਿਗਾੜਨ ਦੇ ਇਰਾਦੇ ਨਾਲ ਆਪਣਾ ਅਸਰ ਰਸੂਖ ਵਰਤਦਿਆਂ ਇਹ ਮਿਲਾਵਟ ਕਰਾਈ ਸੀ ਤਾਂ ਜੋ ਉਹਨਾਂ ਦੀ ਦੁਕਾਨਦਾਰੀ ਚਲਦੀ ਰਹੇ ਅਤੇ ਉਹ ਪੰਜਾਬ ਦੇ ਭੋਲੇ ਭਾਲੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡ ਸਕਣ।ਇਉਂ ਲਗਦਾ ਹੈ ਕਿ ਗੁਰਦੀਪ ਸਿੰਘ ਨੇ ਗੁਰ ਇਤਿਹਾਸ ਨਾਲ ਸੰਬੰਧਤ ਪੁਸਤਕਾਂ ਦੀ ਬੜੀ ਨੀਂਝ ਤੇ ਸੂਝ ਬੂਝ ਨਾਲ ਖੋਜ ਕਰਕੇ ਗੁਰਬਾਣੀ ਦੀਆਂ ਤੁਕਾਂ ਦੀ ਵਿਆਖਿਆ ਕਰਕੇ ਤੇ ਇਹ ਤੁਕਾਂ ਗੁਰੂ ਸਾਹਿਬ ਨੇ ਕਿਸ ਸੰਧਰਵ ਵਿੱਚ ਕਿਹਨਾਂ ਹਾਲਾਤਾਂ ਉਚਾਰੀਆਂ ਸਨ ਦਾ ਵਿਸ਼ਲੇਸ਼ਣ ਤੇ ਵਿਆਖਿਆ ਨਾਲ ਸਿੱਧ ਕਰਨ ਦਾ ਉਪਰਾਲਾ ਕੀਤਾ ਹੈ ਤਾਂ ਜੋ ਕੁਝ ਖੁਦਗਰਜ ਲੋਕਾਂ ਜਿਹਨਾਂ ਨੇ ਇਹ ਮਿਲਾਵਟ ਕਰਨ ਦੀ ਕੋਸ਼ਿਸ਼ ਕੀਤੀ ਹੈ ਦਾ ਪਾਜ ਉਘਾੜਿਆ ਜਾ ਸਕੇ ਅਤੇ ਉਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਲਵਾੜ ਨਾ ਕਰ ਸਕਣ। ਕਿਸੇ ਹੱਦ ਤੱਕ ਗੁਰਦੀਪ ਸਿੰਘ ਠੀਕ ਵੀ ਲਗਦਾ ਹੈ ਕਿਉਂਕਿ ਇਹ ਮਿਲਾਵਟ ਤਾਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਹੀ ਉਲਟ ਹੈ।ਗੁਰੂ ਸਾਹਿਬ ਨੇ ਤਾਂ ਹਮੇਸ਼ਾ ਹੀ ਕਰਮ ਕਾਂਡਾਂ ਅਤੇ ਪੰਡਤਾਂ ਦੀ ਵਿਚਾਰਧਾਰਾ ਦਾ ਖੰਡਨ ਕਰਦਿਆਂ ਅਮਲੀ ਰੂਪ ਵਿੱਚ ਇਨਸਾਨੀਅਤ ਦੀ ਬਿਹਤਰੀ ਅਤੇ ਭਲਾਈ ਨੂੰ ਮੁੱਖ ਰੱਖਣ ਤੇ ਜ਼ੋਰ ਦਿੱਤਾ ਹੈ।ਪੰਡਤਾਂ ਨੇ ਕਰਮ ਕਾਂਡਾਂ ਵਿੱਚ ਪਾਉਂਦਿਆਂ ਕਿਹਾ ਕਿ ਧਰਤੀ ਬਲਦ ਦੇ ਸਿੰਗਾਂ ਤੇ ਖੜ੍ਹੀ ਹੈ ਪ੍ਰੰਤੂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਧਰਤੀ ਜੇ ਬਲਦ ਦੇ ਸਿੰਗਾਂ ਤੇ ਖੜ੍ਹੀ ਹੈ ਤਾਂ ਬਲਦ ਕਿਸ ਉਪਰ ਖੜ੍ਹਾ ਹੈ, ਉਹਨਾਂ ਜਪੁਜੀ ਸਾਹਿਬ ਵਿੱਚ ਲਿਖਿਆ- ਧਵਲੈ ਉਪਰਿ ਕੇਤਾ ਭਾਰ£ ਧਰਤੀ ਹੋਰੁ ਪਰੈ ਹੋਰੁ £ਤਿਸ ਤੇ ਭਾਰੁ ਤਲੈ ਕਵਣੁ ਜੋਰ

ਭਾਵ ਧਰਤੀ ਦਾ ਕੋਈ ਅੰਤ ਨਹੀਂ। ਪੰਡਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਵੀ ਨਹੀਂ ਲੱਗਣ ਦਿੱਤੀ ਅਤੇ ਆਪਣੀ ਗੱਲ ਵੀ ਕਹਿ ਦਿੱਤੀ।ਦੁਨਿਆਵੀ ਪਖੰਡਾਂ,ਤੀਰਥ ਨਹਾਉਣ ਆਦਿ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਗੁਰੂ ਸਾਹਿਬ ਨੇ ਕਿਹਾ-

ਭਰੀਐ ਹਥੁ ਪੈਰੁ ਤਨੁ ਦੇਹ। ਪਾਣੀ ਧੋਤੈ ਉਤਰਸੁ ਖੇਹ£

ਮੂਤ ਪਲੀਤੀ ਕਪੜੁ ਹੋਇ£ਦੇ ਸਾਬੂਣੁ ਲਈਐ ਧੋਇ

ਭਰੀਐ ਮਤਿ ਪਾਪਾ ਕੈ ਸੰਗਿ£ ਓਹ ਧੋਪੈ ਨਾਵੈ ਕੈ ਰੰਗਿ£

ਗੰਦੇ ਕਪੜੇ ਤਾਂ ਸਾਬਣ ਨਾਲ ਧੋਤੇ ਜਾ ਸਕਦੇ ਹਨ ਪ੍ਰੰਤੂ ਗੰਦਾ ਮਨ ਤਾਂ ਵਾਹਿਗੁਰੂ ਦੇ ਨਾਂਮ ਨਾਲ ਹੀ ਸਾਫ ਕੀਤਾ ਜਾ ਸਕਦਾ ਹੈ।ਗੁਰੂ ਨਾਨਕ ਦੇਵ ਜੀ ਨੇ ਵਿਹਲੜਾਂ ਨੂੰ ਕੰਮ ਕਰਨ ਦਸਾਂ ਨਹੁੰਾਂ ਦੀ ਕਿਰਤ ਕਰਨ ਦੀ ਸਿਖਿਆ ਦਿੰਦਿਆਂ ਭੇਖ ਤੇ ਪਖੰਡ ਕਰਨ ਤੋਂ ਵਰਜਿਆ ਸੀ ਤੇ ਭੇਖੀਆਂ ਦੇ ਮਗਰ ਲੱਗਣ ਤੋਂ ਵਰਜਿਆ ਸੀ। ਉਹਨਾ ਗ੍ਰਹਿਸਤ ਵਿੱਚ ਰਹਿੰਦਿਆਂ ਵਾਹਿਗੁਰੂ ਦਾ ਸਿਮਰਨ ਕਰਨ ਦੀ ਤਾਕੀਦ ਕੀਤੀ ਸੀ।ਮਲਕ ਭਾਗੋ ਅਤੇ ਭਾਈ ਲਾਲੋ ਦੀ ਸਾਖੀ ਵੀ ਬਿਲਕੁਲ ਹੀ ਕਰਾਮਾਤ ਦਿਖਾਉਣ ਵਾਲੀ ਗੱਲ ਹੈ। ਇਸੇ ਤਰ੍ਹਾਂ ਆਪਜੀ ਦੇ ਪਿਤਾ ਵਲੋਂ ਸੱਚਾ ਸੌਦਾ ਕਰਨ ਵਾਲੀ ਗੱਲ ਨੂੰ ਵੀ ਕਰਾਮਾਤੀ ਬਣਾਇਆ ਹੈ ਕਿਉਂਕਿ ਗੁਰੂ ਜੀ ਐਨੇ ਲਾਪ੍ਰਵਾਹ ਨਹੀਂ ਸੀ ਕਿ ਉਹ ਆਪਣੇ ਪਿਤਾ ਵਲੋਂ ਦਿੱਤੇ ਰੁਪਿਆਂ ਨੂੰ ਐਵੇਂ ਹੀ ਉਜਾੜ ਦਿੰਦੇ। ਇਹ ਹੋ ਸਕਦਾ ਹੋਵੇ ਕਿ ਚੰਗੇ ਵਪਾਰੀ ਹੋਣ ਤੇ ਆਪਣੇ ਵਪਾਰ ਵਿੱਚੋਂ ਦਸਾਉਂਧ ਕੱਢਕੇ ਭੁਖੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ ਹੋਵੇ। ਇਸ ਲਈ ਇਹ ਕਰਾਮਾਤਾਂ ਪਾਂਧਿਆਂ ਦੀ ਵਿਪਰਵਾਦੀ ਰੁਚੀ ਦਾ ਪ੍ਰਤੀਕ ਹਨ। ਉਹਨਾਂ ਨੇ ਤਾਂ ਭੇਖੀ ਤੇ ਢੌਂਗੀ ਸਾਧੂਆਂ ਸੰਤਾਂ ਦੇ ਡੇਰਿਆਂ ਤੇ ਜਾ ਕੇ ਪੂਜਾ ਕਰਨ ਤੋਂ ਰੋਕਣ ਲਈ ਹੀ ਤਾਂ ਘਰ ਘਰ ਧਰਮੁਸਾਲ ਦੀ ਗੱਲ ਕੀਤੀ ਸੀ ,ਕਹਿਣ ਤੋਂ ਭਾਵ ਉਹ ਚਾਹੁੰਦੇ ਸਨ ਕਿ ਆਪੋ ਆਪਣੇ ਘਰਾਂ ਵਿੱਚ ਵੀ ਤੁਸੀਂ ਪਾਠ ਕਰ ਸਕਦੇ ਹੋ ਤਾਂ ਜੋ ਪੰਡਤ ਤੁਹਾਡੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਨਾ ਕਰ ਸਕਣ।ਮੱਸਿਆ ਪੂਰਨਮਾਸ਼ੀ ਅਦਿ ਦੇ ਮੌਕਿਆਂ ਤੇ ਘਰੋਂ ਭੱਜਣ ਦੀ ਲੋੜ ਨਹੀਂ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਵਿਪਰਵਾਦੀਆਂ ਨੇ ਤਾਂ ਆਪਣਾ ਮਕਸਦ ਪੂਰਾ ਕਰਨ ਲਈ ਅਜਿਹੀਆਂ ਘਿਨਾਉਣੀਆਂ ਹਰਕਤਾਂ ਕੀਤੀਆਂ ਜਿਹੜੀਆਂ ਅੱਜ ਤੱਕ ਵੀ ਸਾਡੇ ਗਲੋਂ ਨਹੀਂ ਲਹਿ ਰਹੀਆਂ ਤੇ ਅਸੀਂ ਖਾਮਖਾਹ ਡੇਰਿਆਂ ਦੇ ਧੱਕੇ ਖਾ ਰਹੇ ਹਾਂ। ਇਹ ਸਾਰਾ ਕੁਝ ਸਿੱਖੀ ਨੂੰ ਕਮਜੋਰ ਕਰਨ ਲਈ ਕੀਤਾ ਗਿਆ ਸੀ।ਸੂਰਜ ਪ੍ਰਕਾਸ਼ ਕ੍ਰਿਤ ਭਾਈ ਸੰਤੋਖ ਸਿੰਘ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਸਿੱਖੀ ਦੇ ਸਿਧਾਂਤਾਂ ਦੇ ਖਿਲਾਫ ਹਨ।ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪ੍ਰਸਿਧ ਇਤਿਹਾਸਕਾਰ ਕਿਰਪਾਲ ਸਿੰਘ ਤੋਂ ਦੁਬਾਰਾ ਸੰਪਾਦਿਤ ਕਰਵਾਕੇ ਸੋਧਾਂ ਟਿਪਣੀਆਂ ਦੇ ਰੂਪ ਵਿੱਚ ਦਿੱਤੀਆਂ ਹਨ ਪ੍ਰੰਤੂ ਹੋਰ ਸ਼ਪਸ਼ਟੀਕਰਨ ਦੀ ਲੋੜ ਅਜੇ ਬਾਕੀ ਹੈ।ਇਸੇ ਸੰਧਰਵ ਵਿੱਚ ਗੁਰਦੀਪ ਸਿੰਘ ਨੇ ਇਹ ਕੋਸ਼ਿਸ਼ ਕੀਤੀ ਹੈ ਵਿਦਵਾਨਾਂ ਨੂੰ ਹੋਰ ਅੱਗੇ ਆਕੇ ਸਿੱਖ ਸੰਗਤਾਂ ਦਾ ਮਾਰਗ ਦਰਸ਼ਨ ਕਰਨ ਲਈ ਕਿਹਾ ਹੈ।ਗੁਰਦੀਪ ਸਿੰਘ ਇਹ ਵੀ ਮਹਿਸੂਸ ਕਰਦੇ ਹਨ ਕਿ ਉਸ ਸਮੇਂ ਛਾਪੇਖਾਨੇ ਦੀ ਅਣਹੋਂਦ ਕਰਕੇ ਹੋ ਸਕਦਾ ਸਾਖੀਆਂ ਦੀ ਨਕਲ ਕਰਨ ਲੱਗਿਆਂ ਇ ਮਿਲਾਵਟ ਕੀਤੀ ਹੋਵੇ।ਉਹਨਾ ਨੂੰ ਇਹ ਵੀ ਹੰਦੇਸ਼ਾ ਹੈ ਕਿਭਾਈ ਸੰਤੋਖ ਸਿੰਘ ਖੁਦ ਵਿਪਰਵਾਦੀ ਨਿਰਮਲਾ ਸੰਪਰਦਾਇ ਨਾਲ ਸੰਬੰਧ ਰਖਦੇ ਸਨ।ਭਾਈ ਬਾਲੇ ਵਾਲੀ ਜਨਮ ਸਾਖੀ ਵੀ ਨਹੀਂ ਮਿਲਦੀ ਕਿਹਾ ਜਾਂਦਾ ਹੈ ਕਿ ਉਹ ਗੁਰੂ ਅੰਗਦ ਦੇਵ ਜੀ ਨੇ ਲਿਖਵਾਈ ਸੀ ਪ੍ਰੰਤੂ ਉਸਨੂੰ ਭਾਈ ਗੁਰਦਾਸ ਅਨੁਸਾਰ ਬਿਆਸ ਦਰਿਆ ਵਿੱਚ ਸੁੱਟ ਦਿੱਤਾ ਗਿਆ ਸੀ। ਉਸ ਸਾਖੀ ਦੀਆਂ ਨਕਲਾਂ ਮਿਲਦੀਆਂ ਹਨ ਜਿਹਨਾਂ ਵਿੱਚ ਹਰ ਨਕਲ ਸਮੇਂ ਵਾਧਾ ਹੋਇਆ ਮਿਲਦਾ ਹੈ।ਹੰਦਾਲੀਆਂ ਨੇ ਜਨਮ ਸਾਖੀਆਂ ਆਪਣੀ ਪ੍ਰਸ਼ੰਸ਼ਾ ਵਿੱਚ ਲਿਖਵਾਈਆਂ ਜਿਹਨਾਂ ਵਿੱਚ ਆਪਣੇ ਆਪ ਨੂੰ ਗੁਰੂ ਸਾਹਿਬ ਤੋਂ ਵੀ ਸ਼ਕਤੀਸ਼ਾਲੀ ਦਰਸਾਇਆ।ਪ੍ਰਹਿਲਾਦ ਭਗਤ ਵਾਲੀ ਸਾਖੀ,ਧ੍ਰੂ ਭਗਤ ਵਾਲੀ ਸਾਖੀ,ਸਿੱਧਾਂ ਵਾਲੀ ਸਾਖੀ,ਪੰਡਤ ਦੀਨਾਂ ਨਾਥ ਵਾਲੀ ਸਾਖੀ ਅਤੇ ਘੋਹੇ ਜੱਟ ਵਾਲੀ ਸਾਖੀ ਆਦਿ ਸਾਰੀਆਂ ਹੀ ਝੂਠ ਦਾ ਪੁਲੰਦਾ ਹਨ।ਕਰਾਮਾਤ ਜਾਂ ਚਮਤਕਾਰ ਧਰਮ ਵਿੱਚ ਵਿਸ਼ਵਾਸ਼ ਅਤੇ ਸ਼ਰਧਾ ਪੈਦਾ ਕਰਦੇ ਹਨ ਇਸ ਕਰਕੇ ਸਾਖੀਆਂ ਨੂੰ ਸਹੀ ਸਾਬਤ ਕਰਨ ਲਈ ਕਰਾਮਾਤਾਂ ਸ਼ਾਮਲ ਕਰ ਦਿੰਦੀਆਂ। ਪਾਈ ਗੁਰਦਾਸ ਨੇ ਵੀ ਕਈ ਥਾਵਾਂ ਤੇ ਜੋਗੀਆਂ ਦੀਆਂ ਕਰਾਮਾਤਾਂ ਦਾ ਜਿਕਰ ਕੀਤਾ ਹੈ।ਅਸਲ ਵਿੱਚ ਸਿੱਖ ਧਰਮ ਵਿੱਚ ਕਰਾਮਾਤਾਂ ਦਾ ਕੋਈ ਸਥਾਨ ਨਹੀਂ ਹੈ।ਉਸ ਜ਼ਮਾਨੇ ਵਿੱਚ ਲੋਕਾਂ ਦੇ ਧੱਟ ਪੜ੍ਹੇ ਲਿਖੇ ਹੋਣ ਕਰਕੇ ਕਰਾਮਾਤਾਂ ਪ੍ਰਚਲਤ ਹੋ ਗਈਆਂ।

ਇਸ ਸਾਰੀ ਪ੍ਰੀਚਰਚਾ ਦਾ ਨਤੀਜਾ ਇਹ ਨਿਕਲਦਾ ਹੈ ਕਿ ਧਰਮ ਇੱਕ ਪਵਿਤਰ ਵਿਸ਼ਾ ਹੈ ਇਸਦੀ ਆੜ ਵਿੱਚ ਲਪੇਟਕੇ ਕੁਝ ਵੀ ਪ੍ਰੋਸਿਆ ਜਾ ਸਕਦਾ ਹੈ ਇਸੇ ਕਰਕੇ ਉਸ ਸਮੇਂ ਦੇ ਪੰਡਤਾਂ ਨੇ ਆਪਣੇ ਪਰਿਵਾਰਾਂ ਦੇ ਰੁਜ਼ਗਾਰ ਦੇ ਰਸਤੇ ਵਿੱਚ ਨਵੇਂ ਸਿੱੰਖ ਧਰਮ ਦੀਆਂ ਸਿਖਿਆਵਾਂ ਨੂੰ ਰੋੜਾ ਸਮਝਦਿਆਂ ਗੁਰ ਇਤਿਹਾਸ ਵਿੱਚ ਮਿਲਾਵਟ ਕੀਤੀ ਹੋਵੇਗੀ।ਗੁਰਦੀਪ ਸਿੰਘ ਦੀ ਪੁਸਤਕ ਪੜ੍ਹਨ ਤੋਂ ਬਾਅਦ ਇਉਂ ਲੱਗ ਰਿਹਾ ਹੈ ਕਿ ਮਿਲਾਵਟ ਠਾਣਕੇ ਤਾਂ ਕੀਤੀ ਨਹੀਂ ਲਗਦੀ ਪ੍ਰੰਤੂ ਇਸ ਦੇ ਪਿਛੇ ਸੋਚ ਇਹ ਹੋ ਸਕਦੀ ਹੈ।ਜਿੰਨੀਆਂ ਵੀ ਸਾਖੀਆਂ ਪ੍ਰਕਾਸ਼ਤ ਹੋਕੇ ਜਾਂ ਹੱਥ ਖਰੜਿਆਂ ਦੇ ਰੂਪ ਵਿੱਚ ਸਾਹਮਣੇ ਆਈਆਂ ਹਨ ਉਹ ਸਾਰੀਆਂ ਹੀ ਗੁਰੂਆਂ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੀਆਂ।ਪੁਸਤਕ ਪੜ੍ਹਨ ਤੋ ਇਹ ਵੀ ਮਹਿਸੂਸ ਹੋ ਰਿਹਾ ਹੈ ਕਿ ਗੁਰਦੀਪ ਸਿੰਘ ਦੀ ਕੋਸ਼ਿਸ ਹੈ ਕਿ ਇਸ ਮਿਲਾਵਟ ਨੂੰ ਦੂਰ ਕਰਨ ਅਤੇ ਇਸਤੋਂ ਪਰਦਾ ਹਟਾਉਣ ਲਈ ਸਿੱਖ ਵਿਦਵਾਨਾਂ ਨੂੰ ਧੜੇਬੰਦੀ ਤੋਂ ਉਪਰ ਉਠਕੇ ਇੱਕਮੁਠਤਾ ਦਾ ਸਬੂਤ ਦਿੰਦੇ ਹੋਏ ਇਤਿਹਾਸਕਾਰਾਂ ਦੀ ਸਲਾਹ ਨਾਲ ਠੋਸ ਕਦਮ ਚੁੱਕਣੇ ਬਣਦੇ ਹਨ। ਇਥੇ ਗੁਰਦੀਪ ਸਿੰਘ ਦੇ ਉਦਮ ਅਤੇ ਸੋਚ ਦੀ ਸ਼ਲਾਘਾ ਕਰਨੀ ਬਣਦੀ ਹੈ ਪ੍ਰੰਤੂ ਨਾਲ ਹੀ ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਧਰਮ ਇੱਕ ਸੰਜੀਦਾ ਅਤੇ ਸੰਵੇਦਨਸ਼ੀਲ ਵਿਸ਼ਾ ਹੈ,ਇਸ ਬਾਰੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਿੱਖ ਸੰਗਤ ਨੂੰ ਵਿਸ਼ਵਾਸ਼ ਵਿੱਚ ਲੈਣਾ ਹੋਵੇਗਾ।