ਜੰਗਲ ਬੇਲੇ ਮੁੱਕ ਰਹੇ ਨੇ
ਜਲ ਦੇ ਸੋਮੇ ਸੁੱਕ ਰਹੇ ਨੇ
ਵਿੱਚ ਹਵਾਵਾਂ ਜ.ਹਿਰ ਭਰੀ
ਨਾ ਤੈਨੂੰ ਕੋਈ ਪ੍ਰਵਾਹ
ਦੱਸ ਨੀ ਕੋਇਲੇ ਕਿਸ ਖੁਸ਼ੀ ਵਿੱਚ
ਗੀਤ ਰਹੀ ਤੂੰ ਗਾ
ਨਾ ਪੀਘਾਂ, ਨਾ ਦਿੱਸਣ ਤੀਆਂ
ਜੰਮਣੋ ਂਪਹਿਲਾਂ ਮਰੀਆਂ ਧੀਆਂ
ਕਾਵਾਂ ਬਾਝ ਬਨੇਰੇ ਸੁੰਞੇ
ਚੰਬ੍ਹੇ ਹੋਏ ਤਬਾਹ
ਦੱਸ ਨੀ ਕੋਇਲੇ ਕਿਸ ਖੁਸ਼ੀ ਵਿੱਚ
ਗੀਤ ਰਹੀ ਤੂੰ ਗਾ
ਦੁੱਧ ਪੀ ਲੋਕਾਂ, ਛੱਡੀਆਂ ਗਾਵਾਂ
ਰੁਲਦੇ ਪਏ ਨੇ, ਪਿਉ ਤੇ ਮਾਵਾਂ
ਕੰਮ ਗਿਰਝਾਂ ਦੇ ਸਾਂਭ ਲਏ ਬੰਦੇ
ਸਿਰ ਨੂੰ ਚੜ੍ਹੀ ਸੁ.ਦਾਅ
ਦੱਸ ਨੀ ਕੋਇਲੇ ਕਿਸ ਖੁਸ਼ੀ ਵਿੱਚ
ਗੀਤ ਰਹੀ ਤੂੰ ਗਾ
ਰੁੱਖ, ਜਿੰਨ੍ਹਾਂ ਤੇ ਬਹਿ ਕੇ ਗਾਵੇ
ਕੱਲ ਨਾ ਲੱਭਣੇ ਆਪਣੀ ਥਾਵੇ
ਆਰੇ ਫੜੀ ਜਲਾਦ ਨੇ ਫਿਰਦੇ
ਦੇਣੇ ਮੋਛੇ ਪਾ
ਦੱਸ ਨੀ ਕੋਇਲੇ ਕਿਸ ਖੁਸ਼ੀ ਵਿੱਚ
ਗੀਤ ਰਹੀ ਤੂੰ ਗਾ