ਪਹਿਰ ਰਾਤ ਰਹਿੰਦਿਆਂ ਚੰਨੋ ਦਾ ਪਿਉ ਤੇ ਭਰਾ ਹਰਨਾਲੀਆਂ ਲੈ ਗਏ ਸਨ। ਕੱਤੇਂ ਦੀ ਬਿਜਾਈ ਤੇ ਦੇਸੀ ਕਪਾਹ ਦੀ ਚੁਗਾਈ ਸ਼ੁਰੂ ਸੀæ ਚੰਨੋ ਵੀ ਹਲਾਂ ਜਾਣ ਦੇ ਨਾਲ ਦੀ ਉੱਠੀ ਹੋਈ ਸੀ ਤੇ ਲੋਅ ਲੱਗਣ ਤੋਂ ਪਹਿਲਾਂ ਪਹਿਲਾਂ ਉਸ ਗੋਹਾ ਕੂੜਾ ਸੁੱਟ ਕੇ ਧਾਰਾਂ ਵੀ ਕੱਢ ਲਈਆਂ ਸਨ। ਅਜੇ ਉਹ ਚੌਂਕਾ ਚੁੱਲ੍ਹਾ ਬਹੁਕਰ ਈ ਰਹੀ ਸੀ ਕਿ ਉਹਦੀ ਮਾਂ ਵੀ ਉੱਠੀ। ਆਪਣੀ ਨੂੰਹ ਨੂੰ ਸੁੱਤੀ ਪਿਆਂ ਵੇਖ ਕੇ ਉਹਦੇ ਦਿਲ ਵਿਚ ਥੋੜ੍ਹਾ ਜਿਹਾ ਕ੍ਰੋਧ ਤਾਂ ਜ਼ਰੂਰ ਆਇਆ ਪਰ ਫੇਰ ਉਹਦੇ ਦਿਨਾਂ ਦਾ ਖ਼ਿਆਲ ਆਉਂਦਿਆਂ ਈ ਕ੍ਰੋਧ ਪਿਆਰ ਵਿਚ ਵੱਟ ਗਿਆ। ਮੂੰਹ ਹੱਥ ਧੋ ਕੇ ਉਹਨੇ ਦਾਣਿਆਂ ਦੀ ਕੌਲੀ ਬੁੱਕਲ ਵਿਚ ਲਈ ਅਤੇ ਗੁਰਦੁਆਰੇ ਜਾਂਦੀ ਜਾਂਦੀ ਚੰਨੋ ਨੂੰ ਕਹਿ ਗਈ, "ਜਦੋਂ ਤੇਰੀ ਭਾਬੀ ਜਾਗ ਪਈ ਤਾਂ ਉਹਨੂੰ ਦੁੱਧ ਰਿੜਕਣ ਲਾ ਦੇਈਂ ਤੇ ਆਪ ਸਲੂਣਾ ਚਾੜ੍ਹ ਕੇ ਆਟਾ ਗੁੰਨ੍ਹ ਲਵੀਂ। ਤੇਰਾ ਬਾਪੂ ਤੇ ਭਰਾ ਅੱਜ ਅਗਲੇ ਮੁਰੱਬੇ ਹਲ ਲੈ ਕੇ ਗਏ ਨੇ, ਰੋਟੀਆਂ ਤੇ ਲੱਸੀ ਤੁਸਾਂ ਦੋਹਾਂ ਨੇ ਖੜਨੀ ਆ ਤੇ ਨਾਲੇ ਦੇਸੀ ਦੀਆਂ ਫੁੱਟੀਆਂ ਚੁਗੀ ਲਿਆਇਓ।"
ਰੋਟੀਆਂ ਲਿਜਾਣ ਦੀ ਗੱਲ ਸੁਣ ਕੇ ਚੰਨੋ ਨੂੰ ਅੱਗ ਲੱਗ ਗਈ ਤੇ ਉਸ ਆਪਣੀ ਮਾਂ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ। ਮਾਂ ਮੂੰਹ ਵਿਚ ਚੰਨੋ ਦੀ ਚੁੱਪ ਬਾਰੇ ਬੁੜ ਬੁੜ ਕਰਦੀ ਦਰਵਾਜ਼ਿਓਂ ਬਾਹਰ ਨਿਕਲ ਗਈ। ਜਦੋਂ ਮਾਂ ਬਾਹਰ ਨਿਕਲ ਗਈ ਤਾਂ ਚੰਨੋ ਨੇ ਤੰਦੂਰ ਉੱਤੇ ਪੱਬ ਧਰ ਕੇ ਨਾਲ ਕੀ ਕੰਧ ਉਤੋਂ ਝਾਕ ਕੇ ਵੇਖਿਆ। ਮਾਸਟਰ ਅਜੇ ਤਾਈਂ ਚਿੱਟਾ ਖੇਸ ਤਾਣੀਂ ਬਰਾਂਡੇ ਵਿਚ ਸੁੱਤਾ ਪਿਆ ਸੀ। ਸੁੱਤਾ ਵੇਖ ਉਹਨੂੰ ਆਖਰਾਂ ਦਾ ਚਾਅ ਚੜ੍ਹ ਗਿਆ। ਉਸ ਕੰਧ ਤੋਂ ਈ ਇਕ ਵੱਡਾ ਸਾਰਾ ਰੋੜਾ ਉਖੇੜ ਕੇ ਜ਼ੋਰ ਦੀ ਉਹਦੇ ਮੰਜੇ ਤੇ ਮਾਰਿਆ। ਨਿਸ਼ਾਨਾ ਠੀਕ ਲੱਗਾ ਸੀ। ਜਦੋਂ ਉਹ ਅੱਭੜਵਾਹੇ ਉੱਠਿਆ ਤਾਂ ਚੰਨੋ ਮੁਸਕਰਾ ਕੇ ਕੰਧ ਤੋਂ ਨੀਵੀਂ ਹੋ ਗਈ। ਰੋੜਾ ਫੜ੍ਹ ਕੇ ਉਸ ਕੰਧ ਵੱਲ ਵੇਖਿਆ ਪਰ ਉਹਨੂੰ ਕੋਈ ਨਾ ਦਿੱਸਿਆ। ਖੇਸ ਤਾਣ ਕੇ ਉਹ ਫਿਰ ਉਵੇਂ ਈ ਸੌਂ ਗਿਆ। ਚੰਨੋਂ ਨੇ ਫਿਰ ਉਤਾਂਹ ਹੋ ਕੇ ਵੇਖਿਆ, "ਅੱਛਾ…ਮੁੜ ਸੌਂ ਗਿਆ ਏ, ਬੜੀ ਨੀਂਦਰ ਆਈ ਆ…ਰਾਤੀਂ ਪਾਣੀ ਜੁ ਲਾਉਂਦਾ ਰਿਹਾ ਏ…æ" ਚੰਨੋ ਨੇ ਦਿਲ ਈ ਦਿਲ ਵਿਚ ਆਖਿਆ। ਫੇਰ ਉਹ ਤੰਦੂਰ ਤੋਂ ਥੱਲੇ ਉੱਤਰ ਆਈ ਤੇ ਭੱਜ ਕੇ ਪਾਣੀ ਦਾ ਗਲਾਸ ਭਰ ਲਿਆਈ। ਉਹ ਅਜੇ ਵੀ ਸੁੱਤਾ ਪਿਆ ਸੀ। ਉਸ ਨਿਸ਼ਾਨਾ ਬੰਨ੍ਹ ਕੇ ਪਾਣੀ ਦਾ ਗਲਾਸ ਉਸ ਉੱਤੇ ਵਗਾਹ ਮਾਰਿਆ। ਉਹ ਫੇਰ ਭਰਿਆ ਪੀਤਾ ਉੱਠਿਆ ਤੇ ਕੰਧ ਵੱਲ ਘੂਰ ਕੇ ਵੇਖਿਆ। ਚੰਨੋ ਉਹਨੂੰ ਅੰਗੂਠਾ ਵਿਖਾਉਂਦੀ ਨੀਵੀਂ ਹੋ ਗਈ। ਉਹ ਗਿੱਲਾ ਖੇਸ ਪਵਾਂਦੀ ਸੁੱਟ ਕੇ ਬਾਹਰ ਨਿਕਲ ਗਿਆ।
ਮਹਿੰਦਰ ਕੌਰ, ਚੰਨੋ ਦੀ ਭਰਜਾਈ ਆਪੇ ਈ ਉੱਠ ਕੇ ਦੁੱਧ ਰਿੜਕਣ ਲੱਗ ਪਈ ਸੀ। ਚੰਨੋ ਨੇ ਉਹਨੂੰ ਆਟਾ ਗੁੰਨ੍ਹਣ ਲਈ ਆਖਿਆ ਤੇ ਆਪ ਦੁੱਧ ਰਿੜਕਣ ਲੱਗ ਪਈ। ਦੁੱਧ ਰਿੜਕਣ ਤੇ ਕੁਝ ਜ਼ਿਆਦਾ ਜ਼ੋਰ ਲੱਗਦਾ ਸੀ ਪਰ ਆਟਾ ਗੁੰਨ੍ਹਣਾ ਸੌਖਾ ਸੀ।
"ਕੱਟਾ ਬੰਨ੍ਹ ਆਵਾਂ, ਮੱਝ ਨੂੰ ਟਿਕਣ ਨਹੀਂ ਦਿੰਦਾ ਹੋਣਾ," ਇਹ ਆਖ ਚੰਨੋ ਅੰਦਰ ਵੜੀ ਤੇ ਬੁੱਕਲ ਵਿਚ ਅਧਰਿੜਕੇ ਦਾ ਵੱਡਾ ਗਲਾਸ, ਵਿਚ ਵੱਡਾ ਸਾਰਾ ਮੱਖਣ ਦਾ ਪੇੜਾ ਸੁੱਟ, ਲੁਕਾ ਕੇ ਹਵੇਲੀ ਵਿਚ ਚਲੀ ਗਈ।
ਮਾਸਟਰ ਦੀ ਬੈਠਕ ਏਸੇ ਹਵੇਲੀ ਵਿਚ ਈ ਸੀ, ਜਿੱਥੇ ਉਹ ਪਿੰਡ ਦੇ ਸਕੂਲ ਵਿਚ ਮੁੰਡੇ ਪੜ੍ਹਾ ਕੇ ਆ ਕੇ ਰਹਿੰਦਾ ਸੀ। ਅਜੇ ਉਹ ਬਾਹਰੋਂ ਪਰਤਿਆ ਨਹੀਂ ਸੀ। ਗਲਾਸ ਮੇਜ਼ ਤੇ ਰੱਖ ਕੇ ਚੰਨੋ ਨੇ ਮਾਸਟਰ ਦੀ ਕਿਤਾਬ ਨੂੰ ਮੇਜ਼ ਤੋਂ ਚੁੱਕ ਕੇ ਹਿੱਕ ਨਾਲ ਘੁੱਟ ਲਿਆ। ਕੁਝ ਚਿਰ ਉਹਦੇ ਕਮਰੇ ਵਿਚ ਇਕ ਚਾਅ ਦੇ ਅਸਰ ਹੇਠਾਂ ਖੜ੍ਹੀ ਰਹੀ ਤੇ ਫੇਰ ਅਤਿਅੰਤ ਖ਼ੁਸ਼ੀ ਵਿਚ ਬਰਾਂਡਾ ਟੱਪ ਕੇ ਡਿਉੜੀ ਵਿਚ ਆ ਗਈ। ਕੱਟਾ ਮੱਝ ਦੇ ਢੁੱਡਾਂ ਮਾਰ ਮਾਰ ਥਣਾਂ ਵਿਚੋਂ ਦੁੱਧ ਦੀਆਂ ਆਖ਼ਰੀ ਧਾਰਾਂ ਵੀ ਚੁੰਘਣ ਦੀ ਕੋਸ਼ਿਸ਼ ਕਰ ਰਿਹਾ ਸੀ।
"ਹਟ ਪਿੱਛੇ ਵੇ ਮਰ ਜਾਣਿਆਂ, ਐਵੇਂ ਵਿਚਾਰੀ ਨੂੰ ਦੁਖੀ ਕਰੀ ਜਾਂਦਾ ਏਂ," ਤੇ ਕੱਟੇ ਦਾ ਰੱਸਾ ਫੜ੍ਹ ਕੇ ਚੰਨੋ ਨੇ ਉਹਨੂੰ ਬਾਹਰ ਵਿਹੜੇ ਵਿਚ ਗੱਡੇ ਹੋਏ ਕਿੱਲੇ ਨਾਲ ਬੰਨ੍ਹ ਦਿੱਤਾ। ਜਦੋਂ ਉਹ ਡਿਉੜੀ ਦੇ ਵਿਹੜੇ ਵਾਲੇ ਦਰਵਾਜ਼ਿਓਂ ਅੰਦਰ ਵੜੀ ਤਾਂ ਗਲੀ ਵਾਲੇ ਦਰਵਾਜ਼ਿਓਂ ਮਾਸਟਰ ਵੀ ਅੰਦਰ ਆ ਗਿਆ। ਡਿਉੜੀ ਦੇ ਵਿਚਕਾਰ ਦੋਹਾਂ ਦਾ ਟਕਰਾ ਹੋਇਆ। ਮਾਸਟਰ ਉਹਦੇ ਵੱਲ ਬਿਨਾਂ ਵੇਖੇ ਅਗਾਂਹ ਹੋ ਗਿਆ। ਚੰਨੋ ਨੇ ਮੁੜ ਕੇ ਵਿੰਹਦਿਆਂ ਥੋੜ੍ਹਾ ਜਿਹਾ ਉੱਚੀ ਕਿਹਾ, "ਗੱਲ ਸੁਣ," ਉਹ ਗੱਲ ਸੁਣੀ ਅਣਸੁਣੀ ਕਰ ਕੇ ਵਿਹੜਾ ਤੇ ਬਰਾਂਡਾ ਟੱਪ ਅੰਦਰ ਆਪਣੀ ਬੈਠਕ ਵਿਚ ਪਹੁੰਚ ਗਿਆ। ਚੰਨੋ ਕੁਝ ਚਿਰ ਡਿਉੜੀ ਵਿਚ ਖੜ੍ਹੀ ਰਹੀ, ਖੜ੍ਹੀ ਰਹੀæ ਫੇਰ ਬਾਹਰ ਗਲੀ ਵਿਚ ਆ ਗਈ। ਫੇਰ ਗਲੀ ਵਿਚ ਡਿਉੜੀ ਦੇ ਨਾਲ ਲੱਗਦੇ ਬੂਹੇ ਵਿਚੋਂ ਚੌਂਕੇ ਵਿਚ ਨਿਗਾਹ ਮਾਰੀ। ਉਹਦੀ ਭਰਜਾਈ ਆਟਾ ਗੁੰਨ੍ਹ ਕੇ ਬੈਂਗਨ ਚੀਰ ਰਹੀ ਸੀ। ਉਹ ਧੜਕਦੇ ਦਿਲ ਨਾਲ ਕਾਹਲੀ ਕਾਹਲੀ ਫਿਰ ਡਿਊੜੀ ਤੇ ਵਿਹੜਾ ਟੱਪ ਕੇ ਅੰਦਰ ਬੈਠਕ ਵਿਚ ਪਹੁੰਚ ਗਈ। ਮਾਸਟਰ ਚੁੱਪ ਚੁਪੀਤਾ ਕੁਰਸੀ ਤੇ ਬੈਠਾ ਰਿਹਾ।
"ਤੂੰ ਗੱਲ ਕਿਉਂ ਨਹੀਂ ਕਰਦਾ?" ਚੰਨੋ ਨੇ ਬੜੇ ਤਰਲੇ ਨਾਲ ਉਹਦੀ ਕੁਰਸੀ ਪਿੱਛੇ ਖਲੋਤਿਆਂ ਉਹਦੇ ਗਲ ਵਿਚ ਬਾਹਾਂ ਪਾ ਕੇ ਆਖਿਆ।
"ਤੈਨੂੰ ਤਾਂ ਆਪਣੀ ਇੱਜ਼ਤ ਦਾ ਡਰ ਨਹੀਂ, ਮੈਨੂੰ ਤਾਂ ਹੈ ਨਾ," ਇਹ ਕਹਿੰਦਿਆਂ ਉਹਨੇ ਚੰਨੋ ਦੀਆਂ ਬਾਹਾਂ ਆਪਣੇ ਗਲੋਂ ਲਾਹ ਸੁੱਟੀਆਂ।
ਚੰਨੋ ਦੀਆਂ ਅੱਖਾਂ ਵਿਚ ਬੇਚਾਰਗੀ ਆ ਗਈ। "ਤੈਨੂੰ ਕੋਈ ਕੁਝ ਨਹੀਂ ਕਹਿ ਸਕਦਾ, ਤੂੰ ਡਰ ਨਾ, ਤੂੰ ਮਰਦ ਕਾਹਦਾ ਏਂ, ਡਰਦਾ ਏਂ?"
"ਤੈਨੂੰ ਤੇ ਕਿਸੇ ਕੁਝ ਨਹੀਂ ਆਖਣਾ, ਸਿਰ ਤੇ ਮੇਰਾ ਈ ਪਾਟਣਾ ਏਂ, ਮੇਰਾ ਤਾਂ ਪਰਦੇਸ ਵਿਚ ਹੈ ਵੀ ਕੋਈ ਨਹੀਂ।"
"ਮੈਂ ਜੁ ਤੇਰੀ ਆਂ--, ਇਹ ਕਹਿੰਦਿਆਂ ਚੰਨੋ ਦੀਆਂ ਅੱਖਾਂ ਭਰ ਆਈਆਂ ਤੇ ਆਵਾਜ਼ ਭਾਰੀ ਹੋ ਗਈ।
ਮਾਸਟਰ ਨੇ ਮੁੜ ਕੇ ਉਹਦੀਆਂ ਅੱਖਾਂ ਵੱਲ ਵਿੰਹਦਿਆਂ ਹੌਲੀ ਜਹੀ ਕਿਹਾ, "ਤੈਨੂੰ ਮੇਰੇ ਨਾਲ ਕਿੰਨਾ ਕੁ ਪਿਆਰ ਹੈ?"
ਚੰਨੋ ਦੀਆਂ ਅੱਖਾਂ ਵਿਚ ਇਕਦਮ ਚਮਕ ਆ ਗਈ ਤੇ ਕਹਿਣ ਲੱਗੀ, "ਦਿਲ ਚੀਰ ਕੇ ਵੇਖ, ਉੱਤੇ ਤੇਰਾ ਨਾਂ ਲਿਖਿਆ ਹੋਊਗਾ, ਫੀਮ ਦਾ ਗੋਲਾ ਆਪਣੇ ਹੱਥ ਨਾਲ ਦੇ ਦੇ, ਖਾ ਕੇ ਮਰ ਜੂੰਗੀ। ਵਿਆਹ ਲਈ ਮੰਨ, ਤਕਾਲਾਂ ਤੋਂ ਪਹਿਲਾਂ ਮਾਪਿਆਂ ਨੂੰ ਮਨਾ ਲਵਾਂਗੀ। ਨਿਕਲ ਜਾਣ ਲਈ ਕਹੁ, ਅੱਧੀ ਰਾਤੀਂ ਤੇਰੇ ਨਾਲ ਨਿਕਲ ਜਾਵਾਂਗੀ। ਭੁੱਖੀ ਰੱਖੀਂ, ਤਿਹਾਈ ਰੱਖੀਂ, ਜੇ ਕਦੀ ਕੂ ਗਈ ਤਾਂ ਭਾਵੇਂ ਜਾਨ ਕੱਢ ਦੇਵੀਂ।"
ਮਾਸਟਰ ਨੇ ਆਪਣੇ ਹੱਥ ਦੀਆਂ ਉਂਗਲਾਂ ਚੰਨੋ ਦੇ ਮੂੰਹ ਅੱਗੇ ਰੱਖ ਦਿੱਤੀਆਂ।
"ਜੇ ਤੈਨੂੰ ਮੇਰੇ ਨਾਲ ਏਨਾ ਈ ਪਿਆਰ ਹੈ ਤਾਂ ਮੇਰੀ ਇਕ ਗੱਲ ਮੰਨੇਂਗੀ?" ਮਾਸਟਰ ਨੇ ਚੰਨੋ ਦੀਆਂ ਅੱਖਾਂ ਵਿਚ ਦੂਰ ਤੱਕ ਉਤਰਦਿਆਂ ਕਿਹਾ।
"ਤੂੰ ਇਕ ਗੱਲ ਆਂਹਦਾ ਏਂ, ਮੈਂ ਤਾਂ ਤੇਰੀਆਂ ਸੌ ਗੱਲਾਂ ਮੰਨਣ ਲਈ ਤਿਆਰ ਹਾਂ। ਕੁਝ ਆਖੇ ਨਾ, ਤੂੰ ਤੇ ਆਂਹਦਾ ਈ ਕੁਝ ਨਹੀਂ।"
"ਮੈਂ ਤੈਨੂੰ ਇਕੋ ਈ ਗੱਲ ਆਂਹਦਾ ਹਾਂ ਤੇ ਉਹ ਇਹ ਹੈ ਕਿ ਤੂੰ ਏਥੋਂ ਛੇਤੀ ਤੋਂ ਛੇਤੀ ਚਲੀ ਜਾਹ।"
ਚੰਨੋ ਜਾਣ ਤੇ ਮਜਬੂਰ ਹੋ ਗਈ। ਅਜੇ ਉਹ ਘਰੇ ਪਹੁੰਚੀ ਈ ਸੀ ਕਿ ਉਹਦੀ ਮਾਂ ਵੀ ਗੁਰਦੁਆਰਿਓਂ ਆ ਗਈ। ਸਲੂਣਾ ਚੁੱਲ੍ਹੇ ਤੇ ਰਿੱਝ ਰਿਹਾ ਸੀ। ਚੰਨੋ ਤੇ ਉਹਦੀ ਮਾਂ ਨੇ ਲੋਹ ਤਾਅ ਕੇ ਰੋਟੀਆਂ ਲਾਹੁਣੀਆਂ ਸ਼ੁਰੂ ਕਰ ਦਿੱਤੀਆਂ। ਚੰਨੋ ਨੇ ਤਿੰਨ ਚਾਰ ਰੋਟੀਆਂ ਹੱਥ ਲਾ ਕੇ ਲਾਹ ਲਈਆਂ। ਲੱਸੀ ਮੱਘੇ ਵਿਚ ਪੈ ਗਈ। ਭਾਜੀ ਛੰਨੇ ਵਿਚ ਤੇ ਰੋਟੀਆਂ ਪੋਣੇ ਵਿਚ ਬੱਝ ਗਈਆਂ। ਚੰਨੋ ਅੰਦਰ ਜਾ ਕੇ ਮੰਜੇ ਤੇ ਪੈ ਗਈ। ਦਿਨ ਦੋ ਹੱਥ ਤੋਂ ਵੱਧ ਚੜ੍ਹ ਚੁੱਕਾ ਸੀ।
"ਚੰਨੋ ਕਿਧਰ ਮਰ ਗਈ ਏਂ, ਜਾਹ ਆਪਣੀ ਭਾਬੀ ਨਾਲ ਮੁਰੱਬੇ ਰੋਟੀ ਦੇ ਆæ" ਚੰਨੋ ਦੀ ਮਾਂ ਨੇ ਉੱਚੀ ਆਵਾਜ਼ ਵਿਚ ਸੱਦਿਆ।
"ਬੇਬੇ ਮੇਰੇ ਢਿੱਡ ਪੀੜ ਹੁੰਦੀ ਆ, ਤੂੰ ਚਲੀ ਜਾਹ।"
ਚੰਨੋ ਦੀ ਮਾਂ ਨੂੰ ਜਾਣਾ ਈ ਪਿਆ। ਜਾਂਦੀ ਜਾਂਦੀ ਉਹ ਕਹਿ ਗਈ, "ਚਾਹ ਬਣਾ ਕੇ ਨਾਲ ਜਵੈਣ ਦਾ ਫੱਕਾ ਮਾਰ ਲਈਂ।"
"ਚੰਗਾ," ਅੰਦਰੋਂ ਚੰਨੋ ਦੀ ਮਰੀ ਜਹੀ ਆਵਾਜ਼ ਆਈ।
ਜਦੋਂ ਮਾਂ ਤੇ ਭਰਜਾਈ ਚਲੀਆਂ ਗਈਆਂ ਤਾਂ ਚੰਨੋ ਉੱਠੀ। ਬਾਹਰ ਦਾ ਬੂਹਾ ਅੰਦਰੋਂ ਬੰਦ ਕੀਤਾ, ਪਸ਼ੂਆਂ ਅੱਗੇ ਪੱਠੇ ਸੁੱਟੇ ਤੇ ਕੰਧ ਟੱਪ ਕੇ ਮਾਸਟਰ ਕੋਲ ਚਲੀ ਗਈ। ਉਹ ਜਾਂਦਿਆਂ ਨੂੰ ਪੜ੍ਹ ਰਿਹਾ ਸੀ।
"ਕੀ ਪੜ੍ਹਦਾ ਏਂ?"
"ਮੈਂ ਇਕ ਕਵਿਤਾ ਪੜ੍ਹ ਰਿਹਾ ਹਾਂ"
"ਮੈਨੂੰ ਵੀ ਸੁਣਾ"
"ਤੇਰੀ ਸਮਝ ਵਿਚ ਨਹੀਂ ਆਉਣੀ"
"ਤੂੰ ਸੁਣਾ ਤੇ ਸਹੀ"
"ਲਿਖਿਆ ਏ, ਨਦੀ ਦੀਆਂ ਸ਼ਾਂਤ ਲਹਿਰਾਂ ਚੰਦ ਦੀਆਂ ਕਿਰਨਾਂ ਨਾਲ ਚਮਕ ਪਈਆਂ ਨੇ ਅਤੇ ਚਨਾਰ ਦੇ ਰੁੱਖਾਂ ਦੇ ਲੰਮੇ ਸਾਏ ਦੂਰ ਤਕ ਪਾਣੀ ਵਿਚ ਦਿਸ ਰਹੇ ਹਨ। ਪ੍ਰੀਤਮਾ, ਤੇਰੇ ਵਾਲਾਂ ਵਿਚੋਂ ਮੌਲਸਰੀ ਦੀ ਖ਼ੁਸ਼ਬੋ ਆ ਰਹੀ ਏ ਤੇ ਮੈਂ ਦਿਸਹੱਦੇ ਤੋਂ ਦੂਰ ਕਿਧਰੇ ਪਤਾ ਨਹੀਂ ਕੀ ਵੇਖ ਰਿਹਾ ਹਾਂ।"
"ਮੇਰੀ ਸਮਝ ਵਿਚ ਕੁਝ ਨਹੀਂ ਆਇਆ।" ਚੰਨੋ ਨੇ ਝੱਟ ਆਖਿਆ ਤੇ ਕਿਤਾਬ ਉਹਦੇ ਹੱਥੋਂ ਖੋਹ ਲਈ।
"ਮੈਂ ਤੈਨੂੰ ਕਿਹਾ ਸੀ ਨਾ ਕਿ ਤੂੰ ਮੁੜ ਕੇ ਨਾ ਆਈਂ।"
"ਤੈਨੂੰ ਤਾਂ ਖਵਰੇ ਕੀ ਹੋਇਆ ਹੋਇਆ ਏ। ਹਰ ਵੇਲੇ ਚੁੱਪ ਚਾਪ ਈ ਰਹਿੰਦਾ ਏਂ।"
"ਮੇਰੇ ਕੋਲ ਪਿਆਰ ਕਰਨ ਲਈ ਵਕਤ ਨਹੀਂ ਹੈ।"
"ਵਿਹਲਾ ਤਾਂ ਰਹਿੰਦਾ ਏਂ ਸਾਰਾ ਦਿਨ।"
"ਤੂੰ ਇਹਨਾਂ ਗੱਲਾਂ ਨੂੰ ਨਹੀਂ ਸਮਝ ਸਕਦੀ, ਜਾਹ ਚਲੀ ਜਾਹ।"
"ਚੰਗਾ ਮੈਂ ਤੇਰੇ ਲਈ ਰੋਟੀ ਲਿਆਉਂਦੀ ਹਾਂ।" ਮਾਸਟਰ ਚੁੱਪ ਰਿਹਾ ਤੇ ਸੋਚਣ ਲੱਗਾ, 'ਚਲੋ ਮਗਰੋਂ ਤਾਂ ਲੱਥੀ,' ਨਹਾ ਧੋ ਕੇ ਉਹ ਸਕੂਲ ਲਈ ਤਿਆਰ ਹੋ ਗਿਆ। ਚੰਨੋ ਨੇ ਮੇਜ਼ ਤੇ ਲਿਆ ਕੇ ਰੋਟੀ ਰੱਖ ਦਿੱਤੀ। ਸਲੂਣੇ ਵਿਚ ਨਿਰਾ ਮੱਖਣ, ਚੋਂਦੇ ਘਿਉ ਦੀ ਚੂਰੀ ਦੇ ਨਾਲ ਕੱਚੇ ਦੁੱਧ ਦਾ ਗਲਾਸ। ਮਾਸਟਰ ਦੇ ਮੂੰਹ ਵਿਚ ਚੂਰੀ ਦੀ ਬੁਰਕੀ ਪਾਉਂਦਿਆਂ ਚੰਨੋ ਨੇ ਆਖਿਆ, "ਹੀਰ ਬੇਲੇ ਵਿਚ ਜਾ ਕੇ ਰਾਂਝੇ ਦੇ ਮੂੰਹ ਵਿਚ ਇੰਜ ਈ ਚੂਰੀ ਪਾਉਂਦੀ ਹੋਵੇਗੀ।"
"ਚੰਨੋ, ਮੈਂ ਤੁਹਾਡੇ ਘਰ ਰਹਿੰਦਾ ਹਾਂ, ਜਦੋਂ ਤੇਰੇ ਘਰ ਵਾਲਿਆਂ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਦੇ ਦਿਲਾਂ ਨੂੰ ਕਿੰਨੀ ਸੱਟ ਵੱਜੇਗੀ ਕਿ ਮੈਂ ਤੁਹਾਡੇ ਘਰ ਵਿਚ ਰਹਿ ਕੇ, ਤੁਹਾਡੇ ਘਰ ਦਾ ਖਾ ਕੇ, ਉਸੇ ਭਾਂਡੇ ਵਿਚ ਈ ਛੇਕ ਕਰ ਦਿੱਤਾ। ਤੈਨੂੰ ਕੁਝ ਸਮਝ ਕਰਨੀ ਚਾਹੀਦੀ ਹੈ, ਮੈਂ ਤੈਨੂੰ ਪਿਆਰ ਨਹੀਂ ਕਰ ਸਕਦਾ ਤੇ ਨਾ ਹੀ ਝੂਠਾ ਲਾਰਾ ਈ ਲਾ ਸਕਦਾ ਹਾਂ।"
ਚੰਨੋ ਚੁੱਪ ਰਹੀ। ਮਾਸਟਰ ਨੇ ਰੋਟੀ ਖਾ ਲਈ ਤੇ ਸਕੂਲ ਲਈ ਚੱਲ ਪਿਆ। ਡਿਓੜੀ ਲੰਘਦਿਆਂ ਚੰਨੋ ਨੇ ਉਹਦੀ ਕੰਡ ਤੇ ਜ਼ੋਰ ਦੀ ਮੁੱਕਾ ਮਾਰਿਆ ਤੇ ਭੱਜ ਗਈ।
ਸ਼ਾਮੀ ਮਾਸਟਰ ਦੇਰ ਤੱਕ ਨਾ ਆਇਆ। ਤਕਾਲਾਂ ਪੈ ਗਈਆਂ। ਚੰਨੋ ਨੇ ਅਸ਼ਨਾਨ ਕੀਤਾ ਹੋਇਆ ਸੀ। ਕੰਘੀ ਪੱਟੀ ਕਰ ਕੇ ਚਾਂਦੀ ਦਾ ਕਲਿੱਪ ਚਮਕਾਇਆ ਹੋਇਆ ਸੀ। ਦੰਦਾਸੇ ਨਾਲ ਬੁੱਲ੍ਹ ਸੂਹੇ ਕੀਤੇ ਹੋਏ ਸਨ ਤੇ ਉਹਦੇ ਦੰਦਾਂ ਦੀ ਚਮਕ ਸੂਹੇ ਬੁੱਲ੍ਹਾਂ ਵਿਚੋਂ ਡੁਲ੍ਹ ਡੁਲ੍ਹ ਪੈ ਰਹੀ ਸੀ। ਹੱਥਾਂ ਤੇ ਮਹਿੰਦੀ ਦੇ ਟਿਮਕਣੇ ਲਾਏ ਹੋਏ ਸਨ। ਨਵਾਂ ਸੂਟ ਪਾਇਆ ਤੇ ਕੰਨਾਂ ਵਿਚ ਭਰਜਾਈ ਦੇ ਵਾਲੇ ਲਟਕਾਏ ਹੋਏ ਸਨ। ਫੁੱਟਦੀ ਲਗਰ ਆਪਣੇ ਆਪ ਵਿਚ ਮਿਉਂਦੀ ਤਕ ਨਹੀਂ ਸੀ।
ਸ਼ਾਮ ਦੇ ਘੁਸਮੁਸੇ ਵਿਚ ਮਾਸਟਰ ਆਇਆ। ਚੰਨੋ ਧਾਰ ਕੱਢਣ ਦੇ ਬਹਾਨੇ ਮਾਸਟਰ ਕੋਲ ਚਲੀ ਗਈ।
"ਸਾਰਾ ਸਾਰਾ ਦਿਨ ਬਾਹਰ ਰਹਿਣਾ ਕੋਈ ਚੰਗੀ ਗੱਲ ਆ, ਏਹ ਵੀ ਖ਼ਿਆਲ ਰੱਖਿਆ ਕਰ ਕਿ ਕੋਈ ਉਡੀਕਣ ਵਾਲੀ ਵੀ ਹੈ।"
ਮਾਸਟਰ ਚੁੱਪ ਰਿਹਾ।
"ਦੱਸ ਏਨਾ ਚਿਰ ਕਿੱਥੇ ਲਾ ਕੇ ਆਇਆ ਏਂ?"
"ਤੇਰਾ ਪਿਉ ਤੇ ਭਰਾ ਘਰ ਹਨ। ਜਾਹ ਚਲੀ ਜਾਹ, ਨਾਲੇ ਮੇਰਾ ਸਿਰ ਭੀ ਸਖ਼ਤ ਦਰਦ ਕਰ ਰਿਹਾ ਹੈ।"
"ਮੈਂ ਹੁਣੇ ਤੇਰੇ ਲਈ ਚਾਹ ਬਣਾ ਕੇ ਤੇ ਟਿੱਕੀ ਲੈ ਕੇ ਆਉਂਦੀ ਹਾਂ। ਬਾਪੂ ਤੇ ਭਰਾ ਤਾਂ ਆਏ ਮਾਮੇ ਨਾਲ ਦਾਰੂ ਪੀ ਰਹੇ ਹਨ।" ਇਹ ਕਹਿ ਕੇ ਉਹ ਚਲੀ ਗਈ। ਮਾਸਟਰ ਸਿਰ ਫੜ੍ਹ ਕੇ ਕੁਰਸੀ ਤੇ ਬੈਠ ਗਿਆ। ਦੋ ਦਿਨ ਦੀ ਛੁੱਟੀ ਉਸ ਮਨਜ਼ੂਰ ਕਰਾ ਲਈ ਸੀ। ਸ਼ਨਿੱਚਰ ਐਤ ਨਾਲ ਲੱਗਦੇ ਸਨ ਤੇ ਸਵੇਰੇ ਡਿਊਟੀ ਦੇ ਕੇ ਉਹਨੇ ਸ਼ਹਿਰ ਚਲੇ ਜਾਣਾ ਸੀ, ਜਿੱਥੇ ਉਹਦੀ ਮੰਗੇਤਰ ਬੇਸਿਕ ਕਰ ਰਹੀ ਸੀ।
ਕੁਝ ਚਿਰ ਪਿਛੋਂ ਚੰਨੋ ਦਾ ਛੋਟਾ ਭਰਾ ਚਾਹ ਦੀ ਗੜਵੀ ਤੇ ਐਸਪਰੋ ਦੀ ਗੋਲੀ ਫੜਾ ਗਿਆ। ਜਾਂਦੇ ਮੁੰਡੇ ਨੂੰ ਮਾਸਟਰ ਨੇ ਰੋਟੀ ਨਾ ਭੇਜਣ ਦੀ ਤਾਕੀਦ ਕਰ ਦਿੱਤੀ, ਉਹਨੂੰ ਭੁੱਖ ਨਹੀਂ ਸੀ।
ਜਦੋਂ ਰਾਤ ਦੇ ਬਾਰਾਂ ਵੱਜ ਗਏ, ਚੰਦ ਛਿਪ ਗਿਆ ਤਾਂ ਚੰਨੋ ਯਾਰ ਦੇ ਉਲਾਂਭੇ ਲਾਹੁਣ ਨਹੀਂ, ਸਗੋਂ ਯਾਰ ਨੂੰ ਉਲਾਂਭੇ ਦੇਣ ਲਈ ਕੰਧ ਟੱਪ ਗਈ। ਮਿੱਠੀ ਮਿੱਠੀ ਠੰਡ ਕਾਰਨ ਮਾਸਟਰ ਬਰਾਂਡੇ ਦੀ ਬਜਾਏ ਕਮਰੇ ਵਿਚ ਸੁੱਤਾ ਪਿਆ ਸੀ। ਚੰਨੋ ਨੇ ਉਸ ਨੂੰ ਜਗਾਇਆ। ਮਾਸਟਰ ਦਾ ਉਤਲਾ ਸਾਹ ਉਪਰ ਤੇ ਥੱਲੇ ਵਾਲਾ ਥੱਲੇ ਰਹਿ ਗਿਆ।
"ਜਾਹ ਚਲੀ ਜਾਹ ਨਹੀਂ ਤਾਂ…æ" ਮਾਸਟਰ ਨੇ ਗੁੱਸੇ ਵਿਚ ਪਰ ਉੱਚੀ ਆਵਾਜ਼ ਵਿਚ ਨਾ ਕਿਹਾ, ਤਾਂ ਜੋ ਆਵਾਜ਼ ਕਿਤੇ ਦੂਰ ਤੱਕ ਨਾ ਚਲੀ ਜਾਵੇ।
"ਨਹੀਂ ਤਾਂ ਕੀ ਕਰੇਂਗਾ?"
"ਤੇਰਾ ਗਲ ਘੁੱਟ ਦਿਆਂਗਾ"
"ਆਹ ਲੈ ਘੁੱਟ ਦੇ" ਉਹਨੇ ਮਾਸਟਰ ਦੇ ਹੱਥ ਫੜ੍ਹ ਕੇ ਆਪਣੇ ਗਲ ਦੁਆਲੇ ਵਲ ਦਿੱਤੇ।
"ਨਹੀਂ…ਨਹੀਂ…ਮੇਰੇ ਕੋਲੋਂ ਇਹ ਵੀ ਨਹੀਂ ਹੋ ਸਕਦਾ। ਦੱਸ ਤੂੰ ਕੀ ਚਾਹੁੰਦੀ ਏਂ?"
"ਮੇਰੀਆਂ ਹੱਡੀਆਂ ਤੋੜ ਦੇ, ਮੇਰੀਆਂ ਬਾਹਾਂ ਮਰੋੜ ਸੁੱਟ, ਵੇਖ ਮੇਰੀ ਜਵਾਨੀ, ਸਾਰੇ ਪਿੰਡ ਦੇ ਮੁੰਡੇ ਮੇਰੀਆਂ ਰਾਹਾਂ ਤੇ ਬੈਠੇ ਰਹਿੰਦੇ ਹਨ।"
"ਜਾਹ ਚਲੀ ਜਾਹ…æ" ਮਾਸਟਰ ਨੇ ਬੜੀ ਨਿਮਰਤਾਈ ਨਾਲ ਆਖਿਆ।
"ਮੈਂ ਨਹੀਂ ਜਾਵਾਂਗੀ, ਚੱਲ ਕਿਧਰੇ ਟੁਰ ਚੱਲੀਏ।"
"ਚਲੀ ਜਾ," ਮਾਸਟਰ ਨੇ ਉਹਨੂੰ ਬੂਹੇ ਵਿਚੋਂ ਬਾਹਰ ਧੱਕਦਿਆਂ ਕਿਹਾ।
"ਮੈਂ ਡਾਢੀ ਤਿਹਾਈ ਹਾਂ, ਰੱਬ ਦੇ ਵਾਸਤੇ ਮੇਰੇ ਬੁੱਲ੍ਹਾਂ ਨੂੰ ਪਾਣੀ ਦਾ ਗਲਾਸ ਲਾ ਦੇ"
"ਮੈਂ ਕਹਿੰਦਾਂ ਦਫ਼ਾ ਹੋ ਜਾ," ਮਾਸਟਰ ਨੇ ਉਹਨੂੰ ਧੱਕਾ ਦੇ ਕੇ ਆਖਿਆ।
"ਕਿਉਂ ਧੱਕੇ ਦਿਨਾਂ ਜ਼ਾਲਮਾ, ਮੈਂ ਤਾਂ ਤੇਰੀ ਹੋਈ ਮਰਦੀ ਆਂ। ਆਪਣੇ ਪੈਰਾਂ ਵਿਚ ਈ ਥਾਂ ਦੇ ਦੇ," ਚੰਨੋ ਮਾਸਟਰ ਦੇ ਪੈਰਾਂ ਨਾਲ ਚਿੰਬੜ ਗਈ। ਮਾਸਟਰ ਨੇ ਪੈਰਾਂ ਦਾ ਠੁੱਡਾ ਮਾਰਿਆ। ਚੰਨੋ ਦੀ ਹਿੱਕ ਕੋਲ ਵੱਜਾ। ਉਹਨੇ ਉਹਦਾ ਪੈਰ ਈ ਹਿੱਕ ਨਾਲ ਘੁੱਟ ਲਿਆ।
"ਹੋਰ ਮਾਰ ਜ਼ਾਲਮਾ, ਤੇਰੇ ਹੱਥੋਂ ਮਰਨ ਦਾ ਵੀ ਸਵਾਦ ਆਉਂਦਾ ਏਂ।"
ਮਾਸਟਰ ਨੇ ਚੰਨੋ ਨੂੰ ਉਤਾਂਹ ਚੁੱਕਿਆ ਤੇ ਆਪਣੇ ਦੋਹਾਂ ਹੱਥਾਂ ਨਾਲ ਉਹਦਾ ਗਲ ਘੁੱਟਣਾ ਸ਼ੁਰੂ ਕਰ ਦਿੱਤਾæ
"ਮਾਰ ਦੇ…ਮਾਰ ਦੇ…ਲੱਖ ਲਾਹਨਤ ਮੇਰੇ ਪਿਆਰ ਦੇ ਜੇ ਬੋਲ ਵੀ ਜਾਵਾਂ ਤਾਂ"
"ਹੁਣ ਤੂੰ ਚਲੀ ਜਾਹ…ਆਹ ਵੇਖ ਕਿਸੇ ਦੇ ਖੰਘਣ ਦੀ ਆਵਾਜ਼ ਆਉਂਦੀ ਏ"
"ਪਿਆਰ ਕਰਨ ਵਾਲੇ ਡਰਦੇ ਨਹੀਂ ਹੁੰਦੇ। ਸੋਹਣੀ ਯਾਰ ਮਹੀਂਵਾਲ ਨੂੰ ਮਿਲਣ ਲਈ ਕੱਚੇ ਘੜੇ ਤੇ ਠਿੱਲ ਗਈ ਸੀ"
ਮਾਸਟਰ ਚੁੱਪ ਚਾਪ ਆਪਣੇ ਬਿਸਤਰੇ ਤੇ ਲੰਮਾ ਪੈ ਗਿਆ। ਚੰਨੋ ਢੇਰ ਚਿਰ ਤਾਈਂ ਬੂਹੇ ਵਿਚ ਖੜ੍ਹੀ ਰਹੀ। ਮਾਸਟਰ ਦੇਰ ਤਕ ਉਸਲਵੱਟੇ ਭੰਨਦਾ ਰਿਹਾ। ਚੰਨੋ ਫੇਰ ਉਹਦੇ ਸਰਹਾਣੇ ਜਾ ਕੇ ਬੈਠ ਗਈ ਤੇ ਉਹਦੇ ਕੰਨਾਂ ਵਿਚ ਹੌਲੀ ਜਹੀ ਕਿਹਾ, "ਭੈੜਿਆ, ਫੋਕੇ ਪਿਆਰ ਦਾ ਝੂਠਾ ਦਿਲਾਸਾ ਈ ਦੇ ਛੱਡਦੋਂ,"
ਪਰ ਅੱਗੋਂ ਕੋਈ ਜਵਾਬ ਨਾ ਮਿਲਿਆ। ਸ਼ਾਇਦ ਉਹ ਸੌਂ ਗਿਆ ਸੀ। ਸੁੱਤੇ ਪਏ ਮਾਸਟਰ ਦੇ ਉਹਨੇ ਵਾਲ ਚੁੰਮੇ, ਅੱਖਾਂ ਚੁੰਮੀਆਂ, ਬੁੱਲ੍ਹ ਚੁੰਮੇ, ਹੱਥਾਂ ਦੀਆਂ ਉਂਗਲਾਂ ਤੇ ਪੈਰਾਂ ਦੇ ਪੱਬ ਚੁੰਮੇ। ਫਿਰ ਉਹ ਹੌਲੀ ਹੌਲੀ ਵਾਪਸ ਚਲੀ ਗਈ।
ਸਵੇਰੇ ਗੱਲੀਂ ਗੱਲੀਂ ਮਾਸਟਰ ਨੇ ਚੰਨੋ ਦੇ ਪਿਉ ਅੱਗੇ ਗੱਲ ਕਰ ਦਿੱਤੀ। "ਜਵਾਨ ਜਹਾਨ ਧੀਆਂ ਨੂੰ ਬਹੁਤਾ ਚਿਰ ਬਿਠਾਈ ਰੱਖਣਾ ਸਿਆਣਪ ਨਹੀਂ ਹੁੰਦੀ, ਪਰਾਇਆ ਧੰਨ ਹੋਇਆ, ਇਹਨਾਂ ਦਾ ਕਾਹਦਾ ਮਾਣ ਆ"
ਉਹਦਾ ਪਿਉ ਗੱਲ ਦੀ ਤਹਿ ਤੱਕ ਨਾ ਗਿਆ। ਐਵੇਂ ਸਰਸਰੀ ਜਿਹਾ ਜਵਾਬ ਦੇ ਦਿੱਤਾ, "ਐਤਕੀਂ ਸਿਆਲਾਂ ਵਿਚ ਕੋਈ ਮੁੰਡਾ ਵੇਖਾਂਗੇ।"
ਪਰ ਚੰਨੋ ਦੀ ਮਾਂ ਨੇ ਉਹਦੇ ਪਿਓ ਵੱਲੋਂ ਮਾਸਟਰ ਦੀ ਇਸ ਗੱਲ ਨੂੰ ਧਿਆਨ ਨਾਲ ਸੁਣਿਆ ਤੇ ਚੰਨੋ ਨੂੰ ਅੰਦਰ ਵਾੜ ਕੇ ਕਈ ਗੱਲਾਂ ਸਮਝਾਈਆਂ। ਮਾਸਟਰ ਦੇ ਹੁੰਦਿਆਂ ਬਹੁਤਾ ਹਵੇਲੀ ਵਿਚ ਨਾ ਜਾਣ ਦੀ ਤਾੜਨਾ ਵੀ ਕੀਤੀ।
ਸਕੂਲੋਂ ਪਰਤ ਜਦੋਂ ਮਾਸਟਰ ਆਪਣੇ ਕਮਰੇ ਵਿਚ ਸ਼ਹਿਰ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਚੰਨੋ ਪਸ਼ੂਆਂ ਲਈ ਗੁਤਾਵਾ ਕਰਨ ਦੇ ਬਹਾਨੇ ਉਹਦੇ ਕੋਲ ਚਲੀ ਗਈ ਤੇ ਬੜੇ ਨਿਹੋਰੇ ਵਿਚ ਕਹਿਣ ਲੱਗੀ, "ਮੇਰੇ ਘਰਦਿਆਂ ਅੱਗੇ ਗੱਲ ਕਰ ਕੇ ਕੀ ਲੈ ਲਿਆ ਈ, ਚਾਰ ਝਾੜਾਂ ਈ ਨੇ ਨਾ ਜਿਹੜੀਆਂ ਮਾਂ ਨੇ ਪਾ ਦਿੱਤੀਆਂ ਨੇ। ਧਰਮ ਨਾਲ ਤੂੰ ਏਨਾ ਬੇਕਦਰਾ ਏਂ, ਜੀਅ ਕਰਦਾ ਏ ਟੋਕਾ ਮਾਰ ਕੇ ਤੇਰੀ ਧੌਣ ਲਾਹ ਸੁੱਟਾਂ ਤੇ ਫੇਰ ਤੇਰੇ ਧੜ ਨਾਲ ਜੱਫੀ ਪਾ ਕੇ ਰੋਵਾਂ, "ਵੇ ਇਕ ਵਾਰਾਂ ਉੱਠ ਕੇ ਆਪਣੀ ਰੰਡੀ ਦੇ ਵੈਣ ਤਾਂ ਸੁਣ ਲਾ ਜ਼ਾਲਮਾ"।
-----------------------------------------------------------