'ਸਾਹਿਤ ਸੰਵਾਦ ਤੇ ਸਰੋਕਾਰ' ਲੋਕ ਅਰਪਣ
(ਖ਼ਬਰਸਾਰ)
ਲੁਧਿਆਣਾ -- ਸਿਰਜਣਧਾਰਾ ਵੱਲੋਂ ਪ੍ਰੋ: ਕ੍ਰਿਸ਼ਨ ਸਿੰਘ ਦੀ ਪੁਸਤਕ 'ਸਾਹਿਤ ਸੰਵਾਦ ਤੇ ਸਰੋਕਾਰ' ਲੋਕ ਅਰਪਣ ਕੀਤੀ ਗਈ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਮਿੱਤਰ ਸੈਨ ਮੀਤ ਸ਼ਾਮਿਲ ਸਨ | ਪ੍ਰਧਾਨਗੀ ਮੰਡਲ ਵਿੱਚ ਸਿਰਜਣਧਾਰਾ ਦੇ ਪ੍ਰਧਾਨ ਕਰਮਜੀਤ ਸਿੰਘ ਔਜਲਾ, ਪ੍ਰੀਤਮ ਪੰਧੇਰ, ਤਰਲੋਚਨ ਸਿੰਘ ਨਾਟਕ ਕਾਰ, ਡਾ. ਗੁਲਜ਼ਾਰ ਪੰਧੇਰ ਤੇ ਡਾ. ਕੁਲਵਿੰਦਰ ਕੌਰ ਮਿਨਹਾਸ ਸ਼ਾਮਿਲ ਸਨ | ਇਸ ਮੌਕੇ ਪੁਸਤਕ 'ਤੇ ਪੇਪਰ ਪੜ੍ਹਦਿਆਂ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਪ੍ਰੋ: ਕ੍ਰਿਸ਼ਨ ਸਿੰਘ ਪੰਜਾਬੀ ਦੀ ਆਲੋਚਨਾ ਦੀ ਉਸ ਧਾਰਾ ਦਾ ਚਿੰਤਕ ਹੈ ਜਿਸ ਨੂੰ ਸੇਖੋਂ ਬਨਾਮ ਕਿਸ਼ਨ ਸਿੰਘ ਨੇ ਤੋਰਿਆ ਸੀ | ਇਸ ਪੁਸਤਕ ਨੂੰ ਪੜ੍ਹਦਿਆਂ ਪੰਜਾਬੀ ਦੇ ਚਿੰਤਕਾਂ ਲਈ ਸੋਚਣ ਤੇ ਸਮਝਣ ਦੀ ਸਮਝ ਪੈਂਦੀ ਹੈ | ਇਸ ਮੌਕੇ ਡਾ. ਕੁਲਵਿੰਦਰ ਕੌਰ ਮਿਨਹਾਸ, ਬੁੱਧ ਸਿੰਘ ਨੀਲੋਂ, ਕਰਮਜੀਤ ਸਿੰਘ ਔਜਲਾ ਨੇ ਵੀ ਪੁਸਤਕ 'ਤੇ ਪੇਪਰ ਪੜ੍ਹੇ | ਪੰਜਾਬੀ ਨਾਵਲਕਾਰ ਮਿੱਤਰਸੈਨ ਮੀਤ ਨੇ ਇਸ ਮੌਕੇ ਆਪਣਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਕਿਹਾ ਕਿ ਪੰਜਾਬੀ ਵਿੱਚ ਅਜਿਹੇ ਆਲੋਚਕਾਂ ਦੀ ਬਹੁਤ ਸ਼ਿੱਦਤ ਨਾਲ ਘਾਟ ਮਹਿਸੂਸ ਕੀਤੀ ਜਾ ਰਹੀ ਹੈ, ਜਿਹੜੇ ਆਪਣੀ ਆਲੋਚਨਾ ਦੇ ਰਾਹੀਂ ਸਾਹਿਤਕਾਰ ਨੂੰ ਪਾਠਕ ਦੇ ਨਾਲ ਜੋੜਦੇ ਹਨ | ਅੱਜ ਕੱਲ ਅਜਿਹੇ ਆਲੋਚਕਾਂ ਦੀ ਭਰਮਾਰ ਹੈ ਜਿਨ੍ਹਾਂ ਨੂੰ ਪੜ੍ਹਦਿਆਂ ਪਾਠਕ ਸ਼ਬਦਕੋਸ਼ਾਂ ਦਾ ਸਹਾਰਾ ਲੈਂਦਾ ਹੈ | ਇਸ ਮੌਕੇ ਪ੍ਰੀਤਮ ਸਿੰਘ ਪੰਧੇਰ, ਤਰਲੋਚਨ ਸਿੰਘ ਨਾਟਕਕਾਰ, ਸੁਖਚਰਨਜੀਤ ਕੌਰ, ਹਰਭਜਨ ਫੱਲੇਵਾਲਵੀ,ਦਵਿੰਦਰ ਸਿੰਘ ਸੇਖਾ, ਜਨਮੇਜਾ ਜੌਹਲ, ਅਮਰਜੀਤ ਸ਼ੇਰਪੁਰੀ, ਰਵਿੰਦਰ ਦੀਵਾਨਾ, ਰਵਿੰਦਰ ਰਵੀ, ਦਲਵੀਰ ਸਿੰਘ ਕਲੇਰ ਸਮੇਤ ਬਹੁਤ ਸਾਰੇ ਸਾਹਿਤਕਾਰ ਹਾਜ਼ਰ ਸਨ |
ਪੁਸਤਕ ਰਿਲੀਜ਼ ਕਰਦੇ ਹੋਏ ਸਰਵ ਸ੍ਰੀ ਕ੍ਰਿਸ਼ਨ ਸਿੰਘ,ਕਰਮਜੀਤ ਔਜਲਾ,ਮਿੱਤਰ ਸੈਨ ਮੀਤ ਅਤੇ ਦਵਿੰਦਰ ਸਿੰਘ ਸੇਖਾ