ਭਾਗ 1
1
ਰਾਜ ਖਾਲਸੇ ਦੀ ਗੁੱਡੀ ਜਾਂ ਚੜ੍ਹੀ ਸਿਖ਼ਰੇ,
ਟੁੱਟੀ ਡੋਰ ਆਸਮਾਨ ਤੋਂ ਲਹਿ ਗਈ ਸੀ।
ਬਦਲੀ ਨਿਗ੍ਹਾ ਜਦ ਉਸ ਪ੍ਰਮਾਤਮਾਂ ਦੀ,
ਕਿਸਮਤ ਬਣੀਂ ਬਣਾਈ ਅੱਜ ਢਹਿ ਗਈ ਸੀ।
ਸਾਗਰ ਵਿੱਚ ਸੀ ਅੱਜ ਤੂਫ਼ਾਨ ਆਇਆ,
ਤੇ ਕਿਸ਼ਤੀ ਬਿਨਾਂ ਖਵੱਈਏ ਤੋਂ ਬਹਿ ਗਈ ਸੀ।
ਘੋੜ-ਦੌੜ ਕਰਵਾਈ ਜਾਂ ਘੋੜਿਆਂ ਦੀ,
ਤੇ ਉਲਟੀ ਚਾਲ ਸ਼ਤਰੰਜ ਦੀ ਪੈ ਗਈ ਸੀ।
ਲੜੇ ਸੂਰਮੇਂ ਸਿਰਾਂ ਤੇ ਬੰਨ੍ਹ ਖੱਫ਼ਣ,
ਮਾਤ ਕੀਤੀ ਮਿਸਾਲ ਪ੍ਰਵਾਨਿਆਂ ਦੀ।
ਅੱਜ ਸ਼ੇਰੇ ਪੰਜਾਬ ਤੋਂ ਬਿਨਾਂ ਯਾਰੋ,
ਕਿਸੇ ਕਦਰ ਨਾ ਪਾਈ ਮਸਤਾਨਿਆਂ ਦੀ।
2
ਰੁੱਖ, ਮੋਹਰੇ, ਵਜ਼ੀਰ ਤੇ ਫੀਲ੍ਹ ਡਿੱਗੇ,
ਗਈ ਪੇਸ਼ ਨਾਂ ਇਹਨਾਂ ਬੇ-ਜ਼ੋਰਿਆਂ ਦੀ।
ਫੁੱਟ ਨਾਲ਼ ਹਕੂਮਤਾਂ ਡਿੱਗ ਪਈਆਂ,
ਕਾਬਜ਼ ਹੋ ਗਈ ਸੀ ਫੌਜ ਗੋਰਿਆਂ ਦੀ।
ਫੜ ਕੇ ਮਹਾਰਾਣੀਂ ਕਿਲਿਉਂ ਬਾਹਰ ਕੱਢੀ,
ਕਿਸੇ ਸੁਣੀਂ ਨਾਂ 'ਵਾਜ਼ ਹਟਕੋਰਿਆਂ ਦੀ।
ਤਾਕਤ ਨਹੀਂ ਸੀ ਤੁਰਨ ਦੀ ਵਿੱਚ ਜਿੰਦਾਂ,
ਖਾਧੀ ਪਈ ਸੀ ਪੁੱਤ ਦੇ ਝੋਰਿਆਂ ਦੀ।
ਖੋਹਿਆ ਗਿਆ ਦਲੀਪ ਸੀ ਪੁੱਤ ਪਿਆਰਾ,
ਆ ਕੇ ਬੈਠ ਗਈ ਸ਼ੇਰ ਦੀ ਮੜ੍ਹੀ ਉੱਤੇ।
ੜਹੇ ਰਾਵੀ ਚਨਾਬ ਸਨ ਅੱਖੀਆਂ 'ਚੋਂ,
ਕਿਧਰੇ ਸਾਵਣ ਦੀ ਲਾਈ ਸੀ ਝੜੀ ਉੱਤੇ।
3
ਸ਼ੇਰਾ!ਲੰਮੀਆਂ ਤਾਣ ਕੇ ਹੈਂ ਸੁੱਤਾ,
ਫਿਰਦੇ ਹੋਰ ਨੇ ਤੇਰਿਆਂ ਬੇਲਿਆਂ ਵਿੱਚ।
ਤੋਪਾਂ ਤੇਰੀਆਂ ਤੇ ਕਬਜ਼ਾ ਹੋਰ ਕਰ ਗਏ,
ਘੋੜੇ ਗ਼ੈਰਾਂ ਦੇ ਹਿਣਕਣ ਤਬੇਲਿਆਂ ਵਿੱਚ।
ਸ਼ੇਰਾ!ਅਣਖ ਤੇਰੀ ਕਿੱਥੇ ਦਫਨ ਹੋਈ ?
ਹਿੰਮਤ ਆ ਗਈ ਏ ਗਿੱਦੜ ਲੇਲਿਆਂ ਵਿੱਚ।
ਤੇਰੀਆਂ ਰਾਣੀਆਂ ਨੂੰ ਧੱਕੇ ਪੈਣ ਲੱਗੇ,
ਰਿਹਾ ਜ਼ੋਰ ਨਾਂ ਤੇਰਿਆਂ ਸੇਲਿਆਂ ਵਿੱਚ।
ਤੇਰੀ ਮਹਾਰਾਣੀਂ ਕਿਲਿਉਂ ਬਾਹਰ ਕੱਢੀ,
ਬਣੇ ਬਾਦਸ਼ਾਹ ਅੜਦਲੀ ਖੜ੍ਹਣ ਵਾਲੇ।
ਸਾਡੇ ਸਿਰਾਂ 'ਤੇ ਰੱਖਦੇ ਨੇ ਪੈਰ ਸ਼ੇਰਾ,
ਤੇਰੇ ਆ-ਆ ਕੇ ਪੈਰਾਂ ਨੂੰ ਫੜ੍ਹਣ ਵਾਲ਼ੇ।
4
ਤੇਰੀ ਇੱਕੋ ਨਿਸ਼ਾਨੀ ਸੀ ਕੋਲ਼ ਮੇਰੇ,
ਅੱਜ ਉਹ ਵੀ ਮੈਥੋਂ ਵਿਛੋੜਦੇ ਨੇ।
ਖੋਹਿਆ ਗਿਆ ਸੀ ਬਾਪ ਤੋਂ ਜਿਵੇਂ ਯੂਸਫ਼,
ਅੱਜ ਟਹਿਣੀਂ ਤੋਂ ਫੁੱਲ ਤਰੋੜਦੇ ਨੇ।
ਤੇਰੀ ਰਾਣੀਂ ਮਹੱਲਾਂ 'ਚ ਰਹਿਣ ਵਾਲ਼ੀ,
ਅੱਜ ਉੱਚੇ ਪਹਾੜ ਤੋਂ ਰੋੜ੍ਹਦੇ ਨੇ।
ਟੋਟਾ ਜਿਗਰ ਦਾ ਮਾਂ ਤੋਂ ਵੱਖ ਕੀਤਾ,
ਮੇਰੇ ਦਿਲ ਦਾ ਖੂਨ ਨਿਚੋੜਦੇ ਨੇ।
ਚੰਗਾ ਹੁੰਦਾ ਪੰਜਾਬ ਦਿਆ ਵੇ ਸ਼ੇਰਾ!
ਤੇਰੀ ਮੌਤ ਮੇਰੇ ਹਿੱਸੇ ਆ ਜਾਂਦੀ।
ਰੁਲ਼ਦਾ ਫਿਰਦਾ ਨਾਂ ਪੁੱਤ ਦਲੀਪ ਤੇਰਾ,
ਵੇ! ਮੈਂ ਮਰਨ ਲੱਗੀ ਝੋਲੀ ਪਾ ਜਾਂਦੀ।
5.
ਵੱਡੇ ਅੱਜ ਅੰਗਰੇਜ਼ ਜੋ ਬਣੇਂ ਯੋਧੇ,
ਤੇਰੇ ਨੌਕਰਾਂ ਤੋਂ ਪਏ ਧੜਕਦੇ ਸਨ।
ਕਦੇ ਵਕਤ ਸੀ ਸਾਡਾ ਪੰਜਾਬ ਅੰਦਰ,
ਝੰਡੇ ਝੂਲਦੇ ਤੇ ਖੰਡੇ ਖੜਕਦੇ ਸਨ।
ਬੱਗੇ ਹੁੰਦੇ ਸਨ ਮੂੰਹ ਫਰੰਗਣਾਂ ਦੇ,
ਜਦੋਂ ਸ਼ੇਰ ਮੈਦਾਨ ਵਿੱਚ ਗੜ੍ਹਕਦੇ ਸਨ।
ਕੋਈ ਰੜਕਿਆ ਫੜਕਿਆ ਵੇਖਿਆ ਨਾਂ,
ਜਦੋਂ ਸ਼ੇਰ-ਢੱਟੇ ਪਏ ਬੜ੍ਹਕਦੇ ਸਨ।
ਸ਼ੇਰਾ! ਮੌਤ ਨੇ ਗਿੱਦੜ ਬਣਾ ਦਿੱਤਾ,
ਬਣੀਂ ਕੈਦਣ ਲਹੌਰ 'ਚੋਂ ਜਾਣ ਲੱਗੀ।
ਮੁੱਖ ਪੁੱਤ ਦਾ ਦਿੱਸਦਾ ਨਹੀਂ ਕਿਤੇ ਮੈਨੂੰ,
ਜਿੰਦ ਬਾਹਰ ਕਲੇਜਿਓਂ ਆਣ ਲੱਗੀ।
6
ਮਹਾਰਾਣੀਂ ਪੰਜਾਬ ਦੀ , ਤੇ ਮਾਂ ਤੁਹਾਡੀ,
ਕੀਤੀ ਕੈਦ ਸੀ ਕਿਲ੍ਹੇ ਚਨਾਰ ਅੰਦਰ।
ਦੁੱਖ ਚਿਣ-ਚਿਣ ਕੇ ਰੱਖੇ ਢਿੱਡ ਅੰਦਰ,
ਦਾਣੇਂ ਹੁੰਦੇ ਨੇ ਜਿਵੇਂ ਅਨਾਰ ਅੰਦਰ।
ਗੰਗਾ ਨਹੀਂ ਜੋ ਕਿਲੇ ਦੇ ਕੋਲ਼ ਵਹਿੰਦੀ,
ਹੰਝੂ ਵਹੇ ਸੀ ਬੇਸ਼ੁਮਾਰ ਅੰਦਰ।
ਮੱਲੋ ਮੱਲੀ ਮੁਹੱਬਤਾਂ ਵਹਿੰਦੀਆਂ ਸਨ,
ਜਿਹੜਾ ਰੱਖਿਆ ਸੀ ਪੁੱਤ ਪਿਆਰ ਅੰਦਰ।
ਪੁੱਤ ਲਾਟ ਦਾ ਮਰੇ ਦਾ ਪਤਾ ਲੱਗੇ,
ਦੁੱਖ ਕਿਵੇਂ ਦਲੀਪ ਦੇ ਖਾਣ ਮੈਨੂੰ।
ਹਉਕੇ ਧੁਖ ਧੁਖ ਕੇ ਕਿਵੇਂ ਆਉਂਦੇ ਨੇ,
ਲੱਗਦੇ ਕਿਵੇਂ ਵਿਛੋੜੇ ਦੇ ਬਾਣ ਮੈਨੂੰ।
7
ਪੁੱਤ ਪਿਆਰੇ ਦਲੀਪ ਨੂੰ ਮਿਲਣ ਖਾਤਿਰ,
ਰਾਣੀਂ ਕੱਪੜੇ ਪਾਏ ਸੀ ਗੋਲੀਆਂ ਦੇ।
ਪੈਦਲ ਤੁਰਨ ਨੂੰ ਅੱਜ ਤਿਆਰ ਹੋਈ,
ਉੱਤੇ ਚੜ੍ਹਨ ਵਾਲੀ ਰੱਥਾਂ ਡੋਲੀਆਂ ਦੇ।
ਕਿੱਧਰੇ ਖ਼ੈਰ ਜੇ ਪੁੱਤਰ ਦੀ ਪੈ ਜਾਏ,
ਪੱਲੇ ਅੱਡੇ ਸੀ ਓਸਨੇਂ ਝੋਲੀਆਂ ਦੇ।
ਕਿੰਨਾਂ ਪੁੱਤ ਦੇ ਮੇਲ ਦਾ ਹੌਸਲਾ ਸੀ,
ਲੱਗੇ ਡਰ ਨਾਂ ਉਸ ਨੂੰ ਗੋਲ਼ੀਆਂ ਦੇ।
ਸਿਰ ਰੱਖਕੇ ਤਲ਼ੀ ਤੇ ਮਹਾਰਾਣੀਂ,
ਗੋਲੀ ਬਣ ਚਨਾਰ 'ਚੋਂ ਬਾਹਰ ਆਈ।
ਸਿਰ ਦਿੱਤਿਆਂ ਪੁੱਤ ਜੇ ਮਿਲੇ ਮੈਨੂੰ,
ਸੌਦਾ ਹੈ ਸਵੱਲਾ ਇਹ ਧਾਰ ਆਈ।
8.
ਹੋਈ ਸੁਬ੍ਹਾ ਅੰਗਰੇਜ਼ ਨੂੰ ਪਤਾ ਲੱਗਾ,
ਹੋਏ ਹੁਕਮ ਤੇ ਘੋੜ ਸਵਾਰ ਤੁਰ ਪਏ।
ਮਹਾਰਾਣੀਂ ਦੀ ਖ਼ਬਰ ਸੁਨਾਉਣ ਖਾਤਿਰ,
ਪਿੰਡੋ ਪਿੰਡ ਸਾਰੇ ਚੌਕੀਦਾਰ ਤੁਰ ਪਏ।
ਮਹਾਰਾਣੀਂ ਦਾ ਕਰਨ ਸ਼ਿਕਾਰ ਖਾਤਿਰ,
ਲੈ ਕੇ ਗਾਰਦਾਂ ਸੀ ਥਾਣੇਦਾਰ ਤੁਰ ਪਏ।
ਪੱਟੀ-ਬੂਟ ਸਜਾਕੇ, ਅਤੇ ਫੜ੍ਹ ਰਫ਼ਲਾਂ,
ਫੌਜਾਂ ਲੈ ਲੈ ਕੇ ਫੌਜਦਾਰ ਤੁਰ ਪਏ।
ਸਰਾਂ, ਕਾਨਿਆਂ ਦੇ ਵਿੱਚ ਜਾ ਵੜ੍ਹਦੀ,
ਤੇ ਖੱਡਾਂ ਖੋਡਿਆਂ ਦੇ ਵਿੱਚ ਰੁਕਦੀ ਸੀ।
ਸਿੱਧੀ ਭੱਜ ਪੈਂਦੀ ਤੇ ਕਦੇ ਝੁਕ ਜਾਂਦੀ,
ਹਰਨੀਂ ਜਿਵੇਂ ਸ਼ਿਕਰੀ ਤੋਂ ਲੁੱਕਦੀ ਸੀ।
9
ਜੋ ਸੀ ਲੱਖਾਂ ਦੀ ਕਿਸਮਤ ਬਨਾਉਣ ਵਾਲ਼ੀ,
ਅੱਜ ਉਹਦੀਆਂ ਕਿਸਮਤਾਂ ਫੁੱਟੀਆਂ ਸਨ।
ਵਿਛੀਆਂ ਮਖਮਲਾਂ 'ਤੇ ਜਿਹੜੀ ਚੱਲਦੀ ਸੀ।
ਪਾਈਆਂ ਜੁੱਤੀਆਂ ਓਸਦੇ ਟੁੱਟੀਆਂ ਸਨ।
ਕੇਸ ਅਤਰ ਫੁਲੇਲ ਵਿੱਚ ਰਹਿਣ ਵਾਲ਼ੇ,
ਅੱਜ ਖੁੱਲ੍ਹ ਖੁੱਲ੍ਹ ਕੇ ਬਣੀਆਂ ਜੁੱਟੀਆਂ ਸਨ।
ਗੰਗਾ ਮਾਈ ਦੇ ਵਿੱਚੋਂ ਜਾ ਸ਼ਕਲ ਵੇਖੀ,
ਭਰਿਆ ਦਿਲ ਉਹਨੇਂ ਹਿੰਝਾਂ ਸੁੱਟੀਆਂ ਸਨ।
ਰਾਓ ਤੋਂ ਰੰਕ ਤੇ ਰੰਕ ਤੋਂ ਰਾਓ ਕਰਦਾ,
ਵਾਕ ਬਾਣੀਆਂ ਦੇ ਚੇਤੇ ਆ ਰਹੇ ਸਨ।
ਲੱਭ ਭਾਣੇਂ ਦੇ ਵਿੱਚੋਂ ਮਿਠਾਸ ਜਿੰਦਾਂ,
ਵਾਕ ਗੁਰਾਂ ਦੇ ਇਹ ਸਮਝਾ ਰਹੇ ਸਨ।
10
ਕਿਤੇ ਖੜ੍ਹ ਜਾਂਦੀ ਕਿਤੇ ਭੱਜ ਪੈਂਦੀ,
ਹਰਨੀਂ ਜਿਵੇਂ ਪਈ ਥਾਰ ਵਿੱਚ ਨੱਸਦੀ ਸੀ।
ਕੰਡੇ ਪੈਰਾਂ ਦੇ ਕਿਤੇ ਖਲਿਆਰ ਲੈਂਦੇ,
ਕਿਧਰੇ ਸੂਲ ਪਈ ਪੈਰਾਂ ਵਿੱਚ ਧੱਸਦੀ ਸੀ।
ਛਾਲੇ ਓਸਦੇ ਪੈਰਾਂ ਤੇ ਪਏ ਕਿਧਰੇ,
ਅੱਡੀ ਪਿੰਜਣੀ ਓਸਦੀ ਰੱਸਦੀ ਸੀ।
ਨਾਲ਼ੇ ਤੜਫ਼ਦੀ ਸੀ ਨਾਲ਼ੇ ਲੁੱਛਦੀ ਸੀ,
ਵੈਣ ਪਾ ਰਣਜੀਤ ਦੇ ਦੱਸਦੀ ਸੀ।
ਕਿਤੇ ਲਾਲ ਦਲੀਪ ਜੇ ਮਿਲੇ ਕਿਧਰੇ,
ਸਾਰ ਲੱਭਦੀ ਇਹੋ ਜਿਹੀ ਖਾਣ ਦੀ ਹਾਂ।
ਮਾਰਾਂ ਟੱਕਰਾਂ ਪਰਬਤਾਂ ਨਾਲ ਕਿਧਰੇ,
ਕਿਧਰੇ ਘੱਟੇ ਮੈਦਾਨਾਂ ਦੇ ਛਾਣਦੀ ਹਾਂ।
---ਚਲਦਾ---