ਜਦ ਅਸੀ ਕਿਸੇ ਨੂੰ ਖੁਸ਼ੀ ਦਿੰਦੇ ਹਾਂ ਤਾਂ ਉਸਦਾ ਕੁਝ ਹਿੱਸਾ ਮੁੜ ਕਿ ਸਾਡੇ ਕੋਲ ਵੀ ਵਾਪਿਸ ਪਹੁੰਚਦਾ ਹੈ। ਸਾਨੂੰ ਆਪ ਨੂੰ ਵੀ ਖੁਸ਼ੀ ਮਿਲਦੀ ਹੈ। ਇਸੇ ਲਈ ਕਿਹਾ ਗਿਆ ਹੈ ਕਿ ਖੁਸ਼ੀ ਵੰਡਣ ਨਾਲ ਦੂਗਣੀ ਹੁੰਦੀ ਹੈ।ਸਡੇ ਮਨ ਨੂੰ ਇਕ ਸਕੂਨ ਮਿਲਦਾ ਹੈ। ਦੂਜੇ ਪਾਸੇ ਜਦ ਅਸੀ ਕਿਸੇ ਦਾ ਦੁੱਖ ਵੰਡਦੇ ਹਾਂ ਤਾਂ ਉਸਦਾ ਦੁੱਖ ਅੱਧਾ ਰਹਿ ਜਾਂਦਾ ਹੈ। ਇਸ ਨਾਲ ਵੀ ਸਾਡੇ ਮਨ ਨੂੰ ਇਕ ਸਕੂਨ ਮਿਲਦਾ ਹੈ ਕਿ ਅਸੀ ਕਿਸੇ ਦੇ ਕੰਮ ਆਏ ਹਾਂ।
ਹਰ ਕੋਈ ਆਪਣੇ ਪਰਿਵਾਰ ਦਾ, ਆਪਣੇ ਸ਼ੁਭਚਿੰਤਕਾਂ ਦਾ, ਆਪਣੇ ਮਜ੍ਹਬ ਦਾ ਅਤੇ ਆਪਣੀ ਕੌਮ ਦਾ ਭਲਾ ਚਾਹੁੰਦਾ ਹੈ। ਪਰ ਇਕ ਸੱਚਾ ਮਨੱਖ ਇਸ ਤੋਂ ਵੀ ਉੱਚਾ ਉਠ ਕੇ ਸਰਬੱਤ ਦਾ ਭਲਾ ਮੰਗਦਾ ਹੈ। ਭਾਵ ਉਹ ਸਾਰੀ ਮਨੁੱਖਤਾ ਦਾ ਹੀ ਨਹੀਂ ਸਗੋਂ ਸਾਰੀ ਸ੍ਰਿਸ਼ਟੀ ਦਾ ਭਲਾ ਮੰਗਦਾ ਹੈ। ਇਸ ਸਰਬੱਤ ਵਿਚ ਸਾਰੇ ਮਨੁੱਖ ਹੀ ਨਹੀਂ ਸਗੋਂ ਸਾਰੇ ਜੀਵ ਭਾਵ ਕੀੜੇ ਮਕੌੜੇ ਵੀ ਆ ਜਾਂਦੇ ਹਨ। ਇਸ ਤਰਾਂ ਅਸੀ ਖੁਦ ਬਖੁਦ ਵੀ ਇਸ ਭਲੇ ਵਿਚ ਸ਼ਾਮਲ ਹੋ ਜਾਂਦੇ ਹਾਂ। ਭਾਵ ਆਪਣੇ ਆਪ ਹੀ ਸਾਡਾ ਭਲਾ ਹੋ ਜਾਂਦਾ ਹੈ।
ਅਸੀ ਕਿਸੇ ਦਾ ਭਲਾ ਕਰਦੇ ਹਾਂ ਭਾਵ aੇਸਨੂੰ ਆਰਥਿਕ, ਸਰੀਰਕ ਜਾਂ ਮਾਨਸਿਕ ਮਦਦ ਕਰਦੇ ਹਾਂ। ਇਸ ਤੋਂ ਵੀ ਅੱਗੇ ਜਾਈਏ ਤਾਂ ਅਸੀ ਉਸ ਲਈ ਸ਼ੁਭ ਇੱਛਾਵਾਂ ਵੀ ਰੱਖਦੇ ਹਾਂ ਅਤੇ ਉਸਦਾ ਸੁੱਖ ਮੰਗਦੇ ਹਾਂ। ਅਸੀ ਚਾਹੁੰਦੇ ਹਾਂ ਕਿ ਉਸ ਉੱਤੇ ਕਿਸੇ ਕਿਸਮ ਦਾ ਕਸ਼ਟ ਨਾਂ ਆਵੇ। ਅਸੀ ਚਾਹੁੰਦੇ ਹਾਂ ਕਿ ਉਹ ਹਰ ਤਰਾਂ ਦੀਆਂ ਮੁਸੀਬਤਾਂ ਤੋਂ ਬਚਿਆ ਰਹੇ। ਉਹ ਖੁਸ਼ ਅਤੇ ਖੁਸ਼ਹਾਲ ਰਹੇ।
ਕੁਦਰਤ ਦਾ ਨਿਯਮ ਹੈ ਕਿ ਹਮੇਸ਼ਾਂ ਵੱਡੀ ਮਛਲੀ ਛੋਟੀ ਮੱਛਲੀ ਨੂੰ ਖਾਂਦੀ ਹੈ। ਸਾਰੇ ਜੀਵ ਆਪਣਾ ਪੇਟ ਭਰਨ ਲਈ ਆਪਣੇ ਤੋਂ ਕਮਜੋਰ ਜੀਵ ਨੂੰ ਆਪਣਾ ਆਹਾਰ ਬਣਾਉਂਦੇ ਹਨ। ਕਿਸੇ ਜੀਵ ਨੂੰ ਜਿੰਦਾ ਰਹਿਣ ਲਈ ਆਪਣੇ ਸ਼ਿਕਾਰੀਆਂ ਤੋਂ ਬਚਣਾ ਪੈਂਦਾ ਹੈ।ਹਰ ਜੀਵ ਨੂੰ ਮਾਰਨ ਲਈ ਉਸਤੋਂ ਤਕੜਾ ਜੀਵ ਘਾਤ ਲਾ ਕਿ ਬੈਠਾ ਹੈ। ਇਥੇ ਸੇਰਵਵਿaਲ ੋਡ ਟਹe ਡਟਿਟeਸਟ (ਭਾਵ ਤੱਕੜਾ ਹੀ ਜਿੰਦਾ ਰਹਿ ਸਕਦਾ ਹੈ) ਦਾ ਅਸੂਲ ਕੰਮ ਕਰਦਾ ਹੈ। ਇਹ ਹੀ ਅਸੂਲ ਕਾਫੀ ਹੱਦ ਤੱਕ ਮਨੁੱਖ ਦੀ ਮਾਨਸਿਕਤਾ ਦੇ ਪਿੱਛੇ ਵੀ ਕੰਮ ਕਰ ਰਿਹਾ ਹੈ। ਹਰ ਤਕੜਾ ਆਦਮੀ ਮਾੜੇ ਆਦਮੀ ਤੇ ਛਾ ਜਾਣਾ ਚਾਹੁੰਦਾ ਹੈ। ਉਸਤੇ ਆਪਣੀ ਵੱਡਪਣ ਦਾ ਦਬਦਬਾ ਬਣਾਈ ਰੱਖਣਾ ਚਾਹੁੰਦਾ ਹੈ। ਅਪਰਤੱਖ ਰੂਪ ਵਿਚ ਉਸਦੀ ਹੱਸਤੀ ਨੂੰ ਲਿਤਾੜ ਕਿ ਉਸਨੂੰ ਨਿਗਲ ਜਾਣਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਜੇ ਮਾੜੇ ਆਦਮੀ ਨੇ ਜਿਉਣਾ ਹੈ ਤਾਂ ਉਹ ਉਸਦੀ ਈਨ ਮੰਨਦੇ ਹੋਏ ਉਸਦਾ ਗੁਲਾਮ ਬਣ ਕਿ ਰਹੇ।ਅੱਜ ਕੱਲ ਜੇ ਕੋਈ ਵੱਡਾ ਅਫਸਰ ਬਣ ਜਾਂਦਾ ਹੈ ਤਾਂ ਉਹ ਸੇਵਾ ਭਾਵ ਨੂੰ ਭੁੱਲ ਜਾਂਦਾ ਹੈ। ਉਹ ਆਪਣੇ ਆਪ ਨੂੰ ਉੱਚਾ ਦਿਖਾਉਣ ਲਈ ਸਭ ਤੋਂ ਪਹਿਲਾਂ ਆਪਣੇ ਦੋਸਤਾਂ ਮਿੱਤਰਾਂ ਤੇ ਹੀ ਅਫਸਰੀ ਝਾੜਦਾ ਹੈ। ਆਪਣੀ ਝੂਠੀ ਸ਼ਾਨ ਦਿਖਾਉਣ ਲਈ ਉਨਾਂ ਨੂੰ ਠਿੱਠ ਕਰਦਾ ਹੈ। ਆਪਣੇ ਮਹਿਤਾਤਾਂ ਨੂੰ ਤੰਗ ਕਰਦਾ ਹੈ। ਜਨਤਾ ਦੇ ਜਾਇਜ ਕੰਮ ਵੀ ਨਾ ਕਰਕੇ ਉਨਾਂ ਨੂੰ ਪ੍ਰੇਸ਼ਾਨ ਕਰਦਾ ਹੈ।ਲੋਕਾਂ ਨੂੰ ਰਿਸ਼ਵਤ ਦੇਣ ਲਈ ਮਜਬੂਰ ਕਰਦਾ ਹੈ।
ਪਰ ਅਸੀ ਮਨੁੱਖ ਹਾਂ ਸਾਨੂੰ ਉਪਰੋਕਤ ਵਹਿਸ਼ੀ ਅਤੇ ਜਾਲਮਾਨਾ ਵਿਉਹਾਰ ਸ਼ੋਭਾ ਨਹੀਂ ਦਿੰਦਾ। ਹਾਲੀ ਵੀ ਧਰਤੀ ਤੇ ਕੁਝ ਮਨੁੱਖ ਹਨ ਜੋ—"ਮਾਨਸ ਕੀ ਜਾਤ ਸਬੈ ਏਕੇ ਪਹਚਾਨਬੋ"- ਦਾ ਹੌਕਾ ਦਿੰਦੇ ਹਨ। ਉਹ ਜੀਓ ਅਤੇ ਜੀਣੇ ਦੋ ਦੇ ਸਿਧਾਂਤ
ਵਿਚ ਵਿਸ਼ਵਾਸ ਰੱਖਦੇ ਹਨ।ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀ ਉੱਚੀ ਕੁਰਸੀ ਤੇ ਬੈਠ ਕਿ ਕਿੰਨਿਆਂ ਨੂੰ ਤੰਗ ਕੀਤਾ ਹੈ ਸਗੋਂ ਇਹ ਹੋਣਾ ਚਾਹੀਦਾ ਹੈ ਕਿ ਉੱਚੀ ਕੁਰਸੀ ਤੇ ਬੈਠ ਕਿ ਤੁਸੀ ਕਿਨਿਆਂ ਦਾ ਭਲਾ ਕੀਤਾ ਹੈ।
ਅੱਜ ਕੱਲ ਆਮ ਤੋਰ ਤੇ ਕਈੇ ਲੋਕ ਸਰਕਾਰੀ ਨੌਕਰੀ ਵਿਚ ਆ ਜਾਂਦੇ ਹਨ ਤਾਂ ਉਹ ਮਨੁੱਖਵਾਦੀ ਦ੍ਰਿਸ਼ਟੀਕੌਣ ਨੂੰ ਭੁੱਲ ਜਾਂਦੇ ਹਨ। ਇਨਾਂ ਦੇ ਲੀਡਰ ਵੀ ਟਰੇਡ ਯੁਨੀਅਨ ਦੀ ਆੜ ਹੇਠ ਹੜਤਾਲਾਂ ਕਰਦੇ ਹਨ। ਜਨਤਾ ਨੂੰ ਪ੍ਰੇਸ਼ਾਨ ਕਰਦੇ ਹਨ। ਇਨਾਂ ਨੇਤਾਵਾਂ ਨੇ ਕਦੀ ਇਹ ਨਹੀਂ ਕਿਹਾ ਕਿ ਜਨਤਾ ਨੂੰ ਪ੍ਰੇਸ਼ਾਨ ਨਾ ਕਰੋ । ਤੁਹਾਡੀ ਤਨਖਾਹ ਜਨਤਾ ਦੇ ਟੈਕਸਾਂ ਵਿਚੋਂ ਹੀ ਆਉਂਦੀ ਹੈ। ਇਸ ਲਈ ਤਨੋ ਮਨੋਂ ਜਨਤਾ ਦੀ ਸੇਵਾ ਕਰੋ। ਕਦੀ ਡਿਉਟੀ ਸਮੇ ਆਪਣੀ ਸੀਟ ਤੋਂ ਗੈਰ ਹਾਜਰ ਨਾਂ ਰਹੋ। ਜਨਤਾ ਦੇ ਕੰਮਾਂ ਵਿਚ ਸਹਾਈ ਹੋਵੋ। ਰਿਸ਼ਵਤ ਨਾਂ ਲਉ। ਜੇ ਸਾਡੇ ਲੀਡਰ ਇਹ ਨਹੀਂ ਕਰ ਸਕਦੇ ਤਾਂ ਉਨਾਂ ਵਿਚ ਮਨੁੱਖਵਾਦੀ ਦ੍ਰਿਸ਼ਟੀਕੌਣ ਨਹੀਂ। ਉਹ ਝੂਠੇ ਅਤੇ ਫੋਕੇ ਲੀਡਰ ਹਨ। ਉਹ ਜਨਤਾ ਦੇ ਸ਼ੁਭਚਿੰਤਕ ਨਹੀਂ। ਇਹ ਲੋਕ ਹੜਤਾਲਾਂ ਕਰਨ ਲਈ ਨਿੱਤ ਨਵੇਂ ਬਹਾਨੇ ਘੜਦੇ ਹਨ। ਉਹ ਕਦੀ ਮੁਲਾਜਮਾ ਨੂੰ ਜਨਤਾ ਦਾ ਭਲਾ ਕਰਨ ਨੂੰ ਨਹੀਂ ਕਹਿੰਦੇ।
ਇਕ ਵਾਰੀ ਦੀ ਗੱਲ ਹੈ ਕਿ ਇੱਕ ਕਾਰਖਾਨੇਦਾਰ ਮੁਲਾਜਮਾਂ ਦੀਆਂ ਨਿੱਤ ਨਿੱਤ ਦੀਆਂ ਹੜਤਾਲਾਂ ਤੋਂ ਤੰਗ ਆ ਗਿਆ। ਉਸਨੇ ਅੱਕ ਕੇ ਉਨਾਂ ਨੂੰ ਕਹਿ ਦਿੱਤਾ –ਠੀਕ ਹੈ ਹੈ ਤੁਹਾਨੂੰ ਕੱਲ ਤੋਂ ਕੰਮ ਤੇ ਆਉਣ ਦੀ ਕੋਈ ਲੋੜ ਨਹੀਂ। ਮਹੀਨੇ ਵਿਚ ਇਕ ਵਾਰੀ ਆ ਕਿ ਆਪਣੀ ਤਨਨਖਾਹ ਲੈ ਜਾਇਆ ਕਰੋ। ਇਸ ਤੇ ਇਕ ਨੇਤਾ ਬੋਲਿਆ—" ਕੀ ਸਾਨੂੰ ਹਰ ਮਹੀਨੇ ਹੀ ਤਨਖਾਹ ਲੈਣ ਆਉਣਾ ਪਵੇਗਾ? ਇਹ ਸਾਡੇ ਨਾਲ ਬਹੁਤ ਬੇਇੰਸਾਫੀ ਹੈ ਕਿ ਸਾਰੇ ਸਾਲ ਵਿਚ ਸਾਨੂੰ ਕੋਈ ਛੁੱਟੀ ਹੀ ਨਾਂ ਹੋਵੇ।"ਭਾਵ ਉਹ ਨੇਤਾ ਸਾਲ ਵਿਚ ੨੫੩ ਦਿਨ ਛੁੱਟੀ ਕਰਕੇ ਵੀ ਖੁਸ਼ ਨਹੀਂ।
ਅਸੀ ਮਨੁੱਖ ਹਾਂ ਯਾਨੀ ਪ੍ਰਮਾਤਮਾ ਦੀ ਸ੍ਰਿਸ਼ਟੀ ਦੇ ਸਭ ਤੋਂ ਉੱਤਮ ਜੀਵ। ਸਾਡਾ ਦ੍ਰਿਸ਼ਟੀਕੌਣ ਹਮੇਸ਼ਾਂ ਮਨੁੱਖਵਾਦੀ ਹੋਣਾ ਚਾਹੀਦਾ ਹੈ। ਇਸ ਲਈ ਸਾਨੂੰ ਮਨੁੱਖ ਹੋਣ ਦਾ ਸਬੂਤ ਵੀ ਦੇਣਾ ਚਾਹੀਦਾ ਹੈ।ਜੇ ਅੱਜ ਅਸੀ ਕਿਸੇ ਨੂੰ ਪ੍ਰੇਸ਼ਾਨ ਕਰਦੇ ਹਾਂ ਤਾਂ ਕੱਲ ਨੂੰ ਅਸੀ ਖੁਦ ਵੀ ਕਿਸੇ ਨਾ ਕਿਸੇ ਪ੍ਰੇਸ਼ਾਨੀ ਵਿਚ ਘਿਰ ਸਕਦੇ ਹਾਂ। ਕਹਿੰਦੇ ਹਨ ਕਿ ਚੋਰ ਨੂੰ ਐਸ਼ ਕਰਦੇ ਨਾਂ ਦੇਖੋ ਸਗੋਂ ਉਸਨੂੰ ਮਾਰ ਪੈਂਦੀ ਦੇਖੋ। ਜ਼ਿੰਦਗੀ ਹਿਸਾਬ ਮੰਗਦੀ ਹੈ। ਸਾਡੇ ਚੰਗੇ ਮਾੜੇ ਕੰਮਾਂ ਦਾ ਫੈਸਲਾ ਇੱਥੇ ਹੀ ਹੋ ਜਾਣਾ ਹੈ। ਸਾਡਾ ਰਿਸ਼ਵਤਾਂ ਵਿਚ ਲਿਆ ਹੋਇਆ ਧੰਨ ਸਾਨੂੰ ਔਖਾ ਕਰਕੇ ਹੀ ਨਿਕਲੇਗਾ। ਅਜਿਹਾ ਪੈਸਾ ਸਾਡੀ ਹੱਕ ਹਲਾਲ ਦੀ ਕਮਾਈ ਵੀ ਨਾਲ ਹੀ ਰੌੜ੍ਹ ਕਿ ਲੈ ਜਾਵੇਗਾ। ਸਾਨੂੰ ਪੂਰੀ ਤਰਾਂ ਡੁਬੋ ਦੇਵੇਗਾ।
ਅਸੀ ਬੁੱਧੀ ਵਾਦੀ ਜੀਵ ਹਾਂ। ਰੱਬ ਨੇ ਸਾਨੂੰ ਇਤਨੀ ਬੁੱਧੀ ਦਿੱਤੀ ਹੈ ਜਿਤਨੀ ਕਿਸੇ ਹੋਰ ਜੀਵ ਨੂੰ ਨਹੀਂ ਦਿੱਤੀ। ਰੱਬ ਨੇ ਸਾਨੂੰ ਕਈ ਨਿਆਮਤਾਂ ਦਿੱਤੀਆਂ ਹਨ ਜੋ ਕਿਸੇ ਹੋਰ ਜੀਵ ਦੇ ਹਿੱਸੇ ਨਹੀਂ ਆਈਆਂ। ਰੱਬ ਨੇ ਸਾਨੂੰ ਹੱਸਣ ਅਤੇ ਰੌਣ ਦਾ ਗੁਣ ਦਿੱਤਾ ਹੈ। ਸਾਨੂੰ ਹੱਥ ਦਿੱਤੇ ਹਨ, ਦਿਮਾਗ ਦਿੱਤਾ ਹੈ। ਸਭ ਤੋਂ ਵੱਡੀ ਚੀਜ ਰੱਬ ਨੇ ਸਾਨੂੰ ਬੋਲੀ ਦਿੱਤੀ ਹੈ। ਬੋਲੀ ਨਾਲ ਅਸੀ ਦੂਸਰੇ ਕੋਲ ਆਪਾ ਪ੍ਰਗਟ ਰ ਸਕਦੇ ਹਾਂ। ਪਰ ਕਈ ਲੋਕ ਇਸ ਬੋਲੀ ਦਾ ਦੁਰਉਪਯੋਗ ਆਪਾ ਲੁਕਾਉਣ ਲਈ ਕਰਦੇ ਹਨ। ਉਹ ਹਰ ਸਮੇ ਆਪਣੇ ਚਿਹਰੇ ਤੇ ਸ਼ਰਾਫਤ ਦਾ ਮੁਖੌਟਾ ਲਗਾਈ ਰੱਖਦੇ ਹਨ।
ਕੁਦਰਤ ਦੀਆਂ ਦਿੱਤੀਆਂ ਨਿਆਮਤਾਂ ਕਰਕੇ ਹੀ ਮਨੁੱਖ ਨੇ ਇਤਨੀ ਤੱਰਕੀ ਕੀਤੀ ਹੈ। ਉਸਨੇ ਕੁਦਰਤ ਦੇ ਗੁੱਝੇ ਭੇਦ ਖੋਲ੍ਹੇ ਹਨ ਅਤੇ ਆਪਣਾ ਹੀ ਇਕ ਸੰਸਾਰ ਰਚਿਆ ਹੈ। ਸਾਨੂੰ ਸੰਸਾਰ ਵਿਚ ਜੋ ਵੀ ਰਚਨਾ ਨਜ਼ਰ ਆ ਰਹੀ ਹੈ ਉਸ ਵਿਚ ਕੁਦਰਤ ਦੇ ਨਾਲ ਨਾਲ ਮਨੁੱਖ ਦੀ ਸਿਰਜਨਾ ਦਾ ਵੀ ਵਿਸ਼ੇਸ਼ ਹਿੱਸਾ ਹੈ। ਅੱਜ ਮਨੁੱਖ ਇਸ ਦੁਨੀਆਂ ਦਾ ਰੱਬ ਬਣ ਬੈਠਾ ਹੈ। ਉਸਨੇ ਖੁਂਖਾਰ ਜੀਵਾਂ ਤੇ ਕਾਬੂ ਪਾ ਲਿਆ ਹੈ। ਕਰੀਬ ਕਰੀਬ ਸਾਰੇ ਜੀਵਾਂ ਨੂੰ ਆਪਣੇ ਵੱਸ ਵਿਚ ਲੈ ਆਉਂਦਾ ਹੈ। ਉਸਨੇ ਘੋੜੇ ਤੇ ਕਾਠੀ ਪਾ ਕਿ ਉਸਤੋਂ ਸਵਾਰੀ ਦਾ ਕੰਮ ਲਿਆ। ਹਾਥੀ ਜਿਹੇ ਵੱਡ ਅਕਾਰੀ ਜੀਵ ਨੂੰ ਕਾਬੂ ਕਰਕੇ ਉਸਤੋਂ ਭਾਰ ਢੋਣ ਅਤੇ ਸਵਾਰੀ ਦਾ ਕੰਮ ਲਿਆ। ਸ਼ੇਰ ਜਹੇ ਖੁੰਖਾਰ ਜਾਨਵਰ ਨੂੰ ਕਾਬੂ ਕਰਕੇ ਉਸਨੂੰ ਪਿੰਜਰੇ ਵਿਚ ਬੰਦ ਕਰ
ਦਿੱਤਾ। ਰਿੰਗ ਮਾਸਟਰ ਦੇ ਇਸ਼ਾਰੇ ਤੇ ਉਸਤੋਂ ਤਰਾਂ ਤਰਾਂ ਦੇ ਨਾਚ ਨਚਾਏ। । ਇੱਥੇ ਹੀ ਬੱਸ ਨਹੀਂ ਉੇਸਨੇ ਤਰਾਂ ਤਰਾਂ ਦੀਆਂ ਕਾਢਾਂ ਕੱਢ ਕਿ ਆਪਣੇ ਸੁੱਖ ਅਰਾਮ ਦੀ ਇਕ ਨਵੀਂ ਦੁਨੀਆਂ ਵਸਾ ਲਈ। ਜਿਹੜਾ ਮਨੁਖ ਗੱਡੇ ਦੀ ਰਫਤਾਰ ਨਾਲ ਜ਼ਿੰਦਗੀ ਸ਼ੁਰੂ ਕਰੀ ਬੈਠਾ ਸੀ ਉਸਨੇ ਮੋਟਰਕਾਰਾਂ ਅਤੇ ਹਵਾਈ ਜਹਾਜਾਂ ਤੋਂ ਬਾਅਦ ਅਵਾਜ ਨਾਲੋਂ ਵੀ ਤੇਗ਼ ਰਫਤਾਰ ਨਾਲ ਚੱਲਣ ਵਾਲੇ ਰਾਕਟ ਬਣਾ ਲਏ। ਇੰਟਰਨੈਟ ਦੀ ਖੌਜ ਨੇ ਮਨੁੱਖ ਦੇ ਦਿਮਾਗ ਨੂੰ ਬੁਲੰਦੀਆਂ ਤੇ ਪਹੁੰਚਾ ਦਿੱਤਾ। ਇਨਾਂ ਸਭ ਸੱਖ ਸਹੁਲਤਾਂ ਦੇ ਬਾਵਜੂਦ ਵੀ ਮਨੁੱਖ ਸੁੱਖੀ ਨਹੀਂ। ਉਸ ਵਿਚ ਮਾਨਵਵਾਦੀ ਸੋਚ ਘਟਦੀ ਜਾ ਰਹੀ ਹੈ। ਦੂਸਰੇ ਨੂੰ ਦਬਾਉਣ ਲਈ ਉਸਨੇ ਤਰਾਂ ਤਰਾਂ ਦੇ ਮਾਰੂ ਹਥਿਆਰ ਵੀ ਬਣਾ ਲਏ ਹਨ ਜਿਨਾਂ ਦੇ ਇਸਤੇਮਾਲ ਨਾਲ ਪਲਕ ਝਪਕਦੇ ਹੀ ਸਾਰੀ ਮਨੁੱਖਤਾ ਖਤਮ ਹੋ ਸਕਦੀ ਹੈ। ਇਸੇ ਲਈ ਸਭ ਐਸ਼ੋ ਅਰਾਮ ਹੋਣ ਦੇ ਬਾਵਜੂਦ ਵੀ ਮਨੁੱਖ ਮੇਲੇ ਵਿਚ ਗੁਆਚੇ ਬੱਚੇ ਦੀ ਤਰਾਂ ਭਟਕ ਰਿਹਾ ਹੈ। ਭਟਕਿਆ ਹੋਇਆ ਪਾਂਧੀ ਕਦੀ ਮੰਜਿਲ ਤੇ ਨਹੀਂ ਪਹੁੰਚ ਸਕਦਾ।
ਅੱਜ ਮਨੁੱਖ ਰੱਬ ਨੂੰ ਅਤੇ ਕੁਦਰਤ ਨੂੰ ਭੁਲਦਾ ਜਾ ਰਿਹਾ ਹੈ। ਸਾਡੀ ਭਗਤੀ ਵੀ ਕਾਫੀ ਹੱਦ ਤੱਕ ਦਿਖਾਵੇ ਦਾ ਅਡੰਬਰ ਬਣ ਕਿ ਰਹਿ ਗਈ ਹੈ। ਮਨੁੱਖ ਦੀ ਹਉਮੇ ਨੇ ਹੀ ਉਸ ਨੂੰ ਮਾਰ ਲਿਆ ਹੈ। ਕੁਦਰਤ ਨੇ ਸ੍ਰਿਸ਼ਟੀ ਦੀ ਰਚਨਾ ਮਨੁੱਖ ਨੂੰ ਕਿਸੇ ਸਜਾ ਦੇਣ ਲਈ ਨਹੀਂ ਕੀਤੀ। ਕੁਦਰਤ ਨੇ ਮਨੁੱਖ ਨੂੰ –"ਜੀਓ ਅਤੇ ਜੀਨੇ ਦੋ "—ਦੇ ਸਿਧਾਂਤ ਨੂੰ ਮੁੱਖ ਰੱਖ ਕਿ ਖੇੜ੍ਹੇ ਵਿਚ ਵਿਚਰਨ ਲਈ ਬਣਾਇਆ ਹੈ। ਇਸ ਲਈ ਸਾਨੂੰ ਮਾਨਵਵਾਦੀ ਦ੍ਰਿਸ਼ਟੀਕੌਣ ਰਖਦੇ ਹੋਏ ਸਹਿਨਸ਼ੀਲਤਾ ਅਤੇ ਭਾਈਚਾਰਕ ਸਾਂਝ ਪੈਦਾ ਕਰਨੀ ਚਾਹੀਦੀ ਹੈ। ਸਾਨੂੰ ਵਿਹਾਰਕ ਜ਼ਿੰਦਗੀ ਅਪਣਾਉਂਦੇ ਹੋਏ ਸੱਚਾਈ ਅਤੇ ਇਮਾਨਦਾਰੀ ਦੇ ਗੁਣਾਂ ਦਾ ਧਾਰਨੀ ਬਣਨਾ ਚਾਹੀਦਾ ਹੈ।ਸਾਨੂੰ ਸੋਚਣਾ ਚਾਹੀਦਾ ਹੈ ਕਿ:
ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ
ਕਿਆ ਤੁਧੁ ਕਰਮ ਕਮਾਇਆ॥
ਸਾਨੂੰ ਦੂਸਰੇ ਦੇ ਰਸਤੇ ਵਿਚ ਕੰਡੇ ਨਹੀਂ ਬੀਜਣੇ ਚਾਹੀਦੇ। ਦੂਸਰੇ ਦੇ ਲਈ ਮੁਸ਼ਕਲਾਂ ਨਹੀਂ ਪੈਦਾ ਕਰਨੀਆਂ ਚਾਹੀਦੀਆਂ। ਆਪਣੇ ਸਾਥੀ ਨੰੂੰ ਸੁੱਖ ਦੇ ਕੇ ਹੀ ਅਸੀ ਆਪ ਸੁਖੀ ਰਹਿ ਸਕਦੇ ਹਾਂ। ਸਾਨੂੰ ਲਾਲਚ ਦਾ ਤਿਆਗ ਕਰਨਾ ਚਾਹੀਦਾ ਹੈ ਜੇ ਸਾਨੂੰ ਧੰਨ ਦੀ ਜਾਂ ਕਿਸੇ ਹੋਰ ਚੀਜ਼ ਦੀ ਜਰੂਰਤ ਹੈ ਤਾਂ ਉਸਦੀ ਪ੍ਰਾਪਤੀ ਲਈ ਇਮਾਨਦਾਰੀ ਨਾਲ ਮਿਂਹਨਤ ਕਰਨੀ ਚਾਹੀਦੀ ਹੈ। ਸਾਨੂੰ ਈਰਖਾ, ਹੰਕਾਰ ਅਤੇ ਗੁੱਸੇ ਤੋਂ ਦੂਰ ਰਹਿਣਾ ਚਾਹੀਦਾ ਹੈ। ਸਾਨੂੰ ਸੁਹਿਰਦਤਾ, ਸਹਿਣਸ਼ੀਲਤਾ, ਸੱਚਾਈ ਅਤੇ ਨਿਮਰਤਾ ਦੇ ਗੁਣਾ ਦਾ ਧਾਰਨੀ ਹੋਣਾ ਚਾਹੀਦਾ ਹੈ। ਸਭ ਨੂੰ ਪਿਆਰ ਵੰਡਦੇ ਰਹਿਣਾ ਚਾਹੀਦਾ ਹੈ। ਤਪਦੇ ਹਿਰਦਿਆਂ ਨੂੰ ਠਾਰਨਾ ਚਾਹੀਦਾ ਹੈ। "ਮਾਨਸ ਕੀ ਜਾਤ ਸਬੈ ਏਕੇ ਪਹਚਾਨਬੋ" ਦੇ ਸਿਧਾਂਤ ਨਾਲ ਹੀ ਇਕ ਸੁੰਦਰ ਅਤੇ ਸੁੱਖੀ ਸੰਸਾਰ ਦੀ ਸਿਰਜਨਾ ਹੋ ਸਕਦੀ ਹੈ।