ਹਰ ਰੋਜ਼ ਦੀ ਤਰ੍ਹਾਂ ਜਗਨ ਸਵੇਰੇ ਪੰਜ ਵਜੇ ਉੱਠ ਗਿਆ, ਨਹਾ ਧੋ ਕੇ ਧੂਫ ਬੱਤੀ ਕਰਕੇ ਆਪਣੇ ਘਰ ਦੇ ਬਾਹਰਲੇ ਪਾਸੇ ਗੇਟ ਦੇ ਕੋਲ ਬਣੀ ਆਪਣੀ ਦੁਕਾਨ ਖੋਲ੍ਹ ਲਈ। ਦੁਕਾਨ 'ਤੇ ਪਾਨ, ਬੀੜੀ, ਟੌਫੀਆਂ, ਜਰਦਾ, ਸਿਗਰਟਾਂ ਤੇ ਹੋਰ ਬਹੁਤ ਸਾਰਾ ਸਾਮਾਨ ਵੇਚਦਾ ਸੀ। ਫੈਕਟਰੀਆਂ ਵਾਲਾ ਇਲਾਕਾ ਹੋਣ ਕਰਕੇ ਸਵੇਰੇ ਸਾਜਰੇ ਹੀ ਗਾਹਕ ਆਉਣੇ ਸ਼ੁਰੂ ਹੋ ਗਏ। ਇੰਨੇ ਨੂੰ ਉਸਦੀ ਘਰਵਾਲੀ ਸ਼ਾਂਤੀ ਵੀ ਉੱਠ ਗਈ ਚਾਹ ਬਣਾ ਕੇ ਜਗਨ ਕੋਲ ਹੀ ਦੁਕਾਨ 'ਤੇ ਆ ਗਈ। ਇਕੱਠੇ ਬੈਠ ਕੇ ਚਾਹ ਪੀਂਦੇ, ਗੱਲਾਂ ਕਰਦਿਆਂ ਨੇ ਸ਼ਾਂਤੀ ਨੇ ਕਿਹਾ ਕਿ ਉਹ ਘਟਦਾ ਸਾਮਾਨ ਫੈਕਟਰੀ ਤੋਂ ਵਾਪਸ ਆਉਣ ਲੱਗਿਆ ਲੈ ਆਵੇ। ਜਗਨ ਦੁਕਾਨ 'ਤੇ ਗਾਹਕਾਂ ਨੂੰ ਭੁਗਤਾਉਂਦਾ ਰਿਹਾ ਤੇ ਇੰਨੇ ਨੂੰ ਸ਼ਾਂਤੀ ਨੇ ਆਪਣੀਆਂ ਦੋਵੇਂ ਬੱਚੀਆਂ ਰਾਧਾ ਅਤੇ ਪਿੰਕੀ ਨੂੰ ਉਠਾ ਦਿੱਤਾ। ਰੋਟੀ ਪਕਾ ਕੇ, ਖੁਆ ਕੇ ਉਨ੍ਹਾਂ ਨੂੰ ਸਕੂਲ ਜਾਣ ਨੂੰ ਤਿਆਰ ਕਰ ਦਿੱਤਾ। ਰਾਧਾ ਤੇ ਪਿੰਕੀ ਤਿਆਰ ਹੋ ਕੇ ਆਪਣੇ ਪਿਤਾ ਜਗਨ ਕੋਲ ਦੁਕਾਨ 'ਤੇ ਹੀ ਆ ਗਈਆਂ। ਜਗਨ ਨਾਲ ਗਲਵੱਕੜੀ ਪਾਉਂਦੀਆਂ, ਪਿਆਰ ਕਰਦੀਆਂ। ਜਗਨ ਨੇ ਉਨ੍ਹਾਂ ਨੂੰ ਦੋ-ਦੋ ਟੌਫੀਆਂ ਵੀ ਦਿੱਤੀਆਂ ਤੇ ਪਿਆਰ ਨਾਲ ਮੱਥਾ ਚੁੰਮਿਆ। ਰਾਧਾ ਪੰਜਵੀਂ ਜਮਾਤ ਵਿੱਚ ਪੜ੍ਹਦੀ ਸੀ ਤੇ ਪਿੰਕੀ ਚੌਥੀ ਜਮਾਤ ਵਿਚ। ਜਗਨ ਦਾ ਦੋ ਸਾਲਾਂ ਦਾ ਇੱਕ ਮੁੰਡਾ ਵੀ ਸੀ ਜਿਸਨੂੰ ਕਈ ਵਾਰ ਉਹ ਗੋਦੀ ਵਿਚ ਪਾ ਕੇ ਹੀ ਸੌਦੇ ਵੇਚਦਾ ਹੁੰਦਾ ਸੀ। ਰਾਧਾ ਤੇ ਪਿੰਕੀ ਜਗਨ ਦੇ ਗਲਵੱਕੜੀ ਪਾ ਕੇ ਕਹਿਣ ਲੱਗੀਆਂ, ''ਪਾਪਾ ਅੱਜ ਜਲਦੀ ਘਰ ਆ ਜਾਇਓ।'' ਜਗਨ ਪੁੱਛਿਆ, ''ਕਿਉਂ ਬੇਟਾ?'' ''ਪਾਪਾ ਅੱਜ ਅਸੀਂ ਸਰਕਸ ਦੇਖਣ ਜਾਣਾ ਹੈ ਕਿਉਂਕਿ ਐਤਵਾਰ ਨੂੰ ਤੁਸੀਂ ਫੈਕਟਰੀ ਚਲੇ ਗਏ ਸੀ। ਸਾਡੇ ਸਕੂਲ ਦੀਆਂ ਸਾਰੀਆਂ ਕੁੜੀਆਂ ਸਰਕਸ ਦੇਖ ਆਈਆਂ, ਪਰ ਅਸੀਂ ਨਹੀਂ ਦੇਖਣ ਜਾ ਸਕੀਆਂ। ਇਸ ਲਈ ਅਸੀਂ ਵੀ ਸਰਕਸ ਦੇਖਣ ਜਾਣਾ ਹੈ। ਤੁਸੀਂ ਰੋਜ਼ ਹੀ ਕਹਿ ਦਿੰਦੇ ਹੋ ਕਿ ਅੱਜ ਤਿਆਰ ਰਹਿਓ ਪਰ ਦੇਖਣ ਲੈ ਕੇ ਨਹੀਂ ਜਾਂਦੇ।'' ਜਗਨ ਬੋਲਿਆ, ''ਕੋਈ ਗੱਲ ਨਹੀਂ ਬੇਟਾ। ਅੱਜ ਮੈਂ ਪੰਜ ਵਜੇ ਘਰ ਵਾਪਸ ਆ ਜਾਵਾਂਗਾ, ਆਪਾਂ ਛੇ ਵਜੇ ਸਰਕਸ ਦੇਖਣ ਚੱਲਾਂਗੇ। ਕੁੜੀਆਂ ਬੋਲੀਆਂ, ਪਾਪਾ ਅੱਜ ਪੱਕਾ।'' ਉਸਨੇ ਕਿਹਾ, ''ਹਾਂ ਪੱਕਾ ਚੱਲਾਂਗੇ।'' ਪਿੰਕੀ ਤੇ ਰਾਧਾ ਦੋਵੇਂ ਖੁਸ਼ ਹੋ ਗਈਆਂ। ਸ਼ਾਂਤੀ ਜਗਨ ਦੀ ਰੋਟੀ ਲੈ ਆਈ। ਰੋਟੀ ਵਾਲਾ ਡੱਬਾ, ਉਸਦੇ ਸਾਈਕਲ ਨਾਲ ਪਹਿਲਾਂ ਹੀ ਬੰਨ੍ਹ ਦਿੱਤਾ ਸੀ। ਜਗਨ ਰੋਟੀ ਖਾਂਦਾ-ਖਾਂਦਾ ਸੋਚ ਰਿਹਾ ਸੀ ਕਿ ਚੱਲ ਅੱਜ ਤਾਂ ਨਾਲੇ ਤਨਖਾਹ ਵੀ ਮਿਲ ਜਾਣੀ ਹੈ। ਦੁਕਾਨ ਤੇ ਬੈਠਾ ਸੋਚਣ ਲੱਗਿਆ ਕਿ ਉਹ ਸਭ ਕੁਝ ਛੱਡ ਕੇ ਪਿੰਡ ਨੂੰ ਚਲੇ ਜਾਵੇ, ਜਾਂ ਆਪਣੇ ਬੁੱਢੇ ਮਾਂ-ਬਾਪ ਨੂੰ ਆਪਣੇ ਕੋਲ ਬੁਲਾ ਲਵੇ। ਇਕ ਵਾਰ ਉਸ ਨੇ ਆਪਣੇ ਬੁੱਢੇ ਮਾਂ-ਪਿਓ ਨੂੰ ਇਧਰ ਬੁਲਾਇਆ ਸੀ ਪਰ ਉਸ ਦੀ ਘਰਵਾਲੀ ਸ਼ਾਂਤੀ ਨੇ ਘਰ ਵਿਚ ਕਲੇਸ਼ ਰੱਖਣਾ ਸ਼ੁਰੂ ਕਰ ਦਿੱਤਾ ਸੀ, ਤੇ ਅਕਸਰ ਕਹਿੰਦੀ ਸੀ ਖ਼ਰਚਾ ਬਹੁਤ ਹੋ ਰਿਹਾ ਹੈ ਇਹ ਕਦ ਇਥੋਂ ਜਾਣਗੇ, ਕਦ ਇਥੋਂ ਜਾਣਗੇ ਇਹ ਸ਼ਬਦ ਕੰਨਾਂ ਵਿਚ ਗੂੰਜਣ ਲੱਗੇ। ਕਲੇਸ਼ ਦੇ ਡਰ ਕਾਰਨ ਉਨ੍ਹਾਂ ਨੂੰ ਆਪਣੇ ਕੋਲ ਵੀ ਨਹੀਂ ਸੀ ਬੁਲਾ ਸਕਦਾ। ਫਿਰ ਰਾਧਾ ਤੇ ਪਿੰਕੀ ਵੱਲ ਦੇਖ ਕੇ ਸੋਚਦਾ ਇੱਧਰ ਇਹ ਵਿਚਾਰੀਆਂ ਪੜ੍ਹ ਲਿਖ ਕੇ ਕੁਝ ਬਣ ਜਾਣਗੀਆਂ, ਆਪਣੇ ਪੈਰਾਂ 'ਤੇ ਖੜ੍ਹੀਆਂ ਹੋ ਜਾਣਗੀਆਂ। ਮੁੰਡੇ ਨੂੰ ਵੀ ਉਹ ਬਹੁਤ ਪੜ੍ਹਾਉਣਾ ਚਾਹੁੰਦਾ ਸੀ। ਇਸ ਸੋਚ ਨੇ ਉਸਦਾ ਪਿੰਡ ਜਾਣ ਦਾ ਵਿਚਾਰ ਮਨੋਂ ਹੀ ਕੱਢ ਦਿੱਤਾ ਸੀ। ਇੱਕ ਦਮ ਪਾਣੀ ਦਾ ਗਿਲਾਸ ਥੱਲੇ ਰੱਖਦਾ ਬੋਲਿਆ, ''ਪਿੰਕੀ ਬੇਟਾ ਤੂੰ ਬੜੀ ਹੋ ਕੇ ਕਿਆ ਬਣੇਗੀ?'' ਪਿੰਕੀ ਤੋਤਲੀ ਆਵਾਜ਼ 'ਚ ਬੋਲੀ, ''ਪਾਪਾ ਮੈਂ ਡਾਕਟਰ ਬਣੂੰਗੀ, ਥੋਡੇ ਵੀ ਟੀਕਾ ਲਾਇਆ ਕਰੂੰਗੀ। ਰਾਧਾ ਬੇਟਾ ਤੂੰ? ਪਾਪਾ ਮੈਂ! ਹੱਥ ਨੂੰ ਜਹਾਜ਼ ਬਣਾ ਕੇ ਕਹਿੰਦੀ, ''ਮੈਂ ਜਹਾਜ਼ ਚਲਾਇਆ ਕਰੂੰਗੀ।'' ਖੁਸ਼ ਹੋ ਜਾਂਦੇ। ਇੰਨੇ ਨੂੰ ਸ਼ਾਂਤੀ ਵੀ ਲਾਲ ਪੀਲੇ ਗੂੜੇ ਫੁੱਲਾਂ ਵਾਲੀ ਸਾੜ੍ਹੀ, ਵਾਲਾਂ ਦੇ ਚੀਰ 'ਚ ਪਿੱਛੋਂ ਤੀਕ ਸਿੰਦੂਰ ਭਰ ਕੇ ਮੱਥੇ 'ਤੇ ਬੜੀ ਸਾਰੀ ਬਿੰਦੀ ਲਗਾ ਕੇ, ਗੂੜੀ ਲਿਪਸਟਿਕ ਲਾ ਕੇ ਦੁਕਾਨ 'ਤੇ ਬੈਠਣ ਲਈ ਆ ਗਈ ਤੇ ਕਹਿਣ ਲੱਗੀ, ''ਅਬ ਇਨ ਕੇ ਸਕੂਲ ਕਾ ਟਾਇਮ ਹੋ ਗਿਆ ਔਰ ਆਤੇ ਵਕਤ ਸਿਗਰਟਾਂ ਵਾਲੋਂ ਕੋ ਬੋਲ ਦੇਨਾ ਔਰ ਸਬਜ਼ੀ ਲਾਨਾ ਮਤ ਭੂਲ ਜਾਨਾ।'' ਤੇ ਸ਼ਾਂਤੀ ਨੇ ਮੁੰਡੇ ਨੂੰ ਆਪਣੀ ਗੋਦੀ ਦੇ ਵਿਚ ਪਾ ਲਿਆ ਤੇ ਚੌਂਕੜੀ ਮਾਰ ਕੇ ਬੈਠ ਗਈ। ਜਗਨ ਕਹਿਣ ਲੱਗਿਆ ਰਾਧਾ ਔਰ ਪਿੰਕੀ ਕੋ ਤਿਆਰ ਰੱਖਨਾ ਸ਼ਾਮ ਕੋ ਸਰਕਸ ਦੇਖਨੇ ਜਾਨਾ ਹੈ। ਸ਼ਾਂਤੀ ਸਰਕਸ ਦਾ ਨਾਂ ਸੁਣ ਕੇ ਮੁਸਕਰਾਉਂਦੀ ਸੋਚਦੀ ਰੋਜ਼ ਹੀ ਬੋਲ ਦੇਤੇ ਹੈਂ ਕਿ ਸਰਕਸ ਦੇਖਨੇ ਜਾਨਾ ਹੈ। ਬੱਚੀਆਂ ਖੁਸ਼ ਹੋ ਜਾਂਦੀਆਂ ਹਨ। ਕੋਈ ਬਾਤ ਨਹੀਂ ਜੀ ਆਪਨਾ ਖਿਆਲ ਰਖਨਾ। ਜਗਨ ਰਾਧਾ ਨੂੰ ਸਾਈਕਲ ਦੇ ਡੰਡੇ 'ਤੇ ਬਿਠਾ ਲੈਂਦਾ ਤੇ ਪਿੰਕੀ ਨੂੰ ਪਿੱਛੇ ਕੈਰੀਅਰ 'ਤੇ ਬਿਠਾ ਕੇ ਸਕੂਲ ਛੱਡਣ ਲਈ ਤੁਰ ਪੈਂਦਾ ਹੈ। ਜਗਨ ਨੇ ਬੱਚੀਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਇਆ ਹੋਇਆ ਸੀ। ਉਹਨਾਂ ਦੀ ਪੰਜਾਬੀ ਦੇਖ ਕੇ ਕੋਈ ਇਹ ਨਹੀਂ ਸੀ ਕਹਿ ਸਕਦਾ ਕਿ ਉਹ ਯੂ.ਪੀ. ਤੋਂ ਹਨ। ਸਾਈਕਲ ਚਲਾਉਂਦਾ ਹੱਸਦਾ-ਹੱਸਦਾ ਉਨ੍ਹਾਂ ਨਾਲ ਗੱਲਾਂ ਕਰਦਾ, ਕਦੇ ਮੱਥਾ ਚੁੰਮਦਾ, ਕਦੇ ਸਿਰ 'ਤੇ ਹੱਥ ਫੇਰਦਾ। ਦੋਵੇਂ ਬੱਚੀਆਂ ਖੁਸ਼ ਸਨ ਕਿ ਅੱਜ ਉਹ ਪੱਕਾ ਸਰਕਸ ਦੇਖਣ ਜਾਣਗੀਆਂ। ਸਕੂਲ ਨੂੰ ਜਾਂਦਿਆਂ ਲੱਗੀ ਸਰਕਸ ਦੇ ਤੰਬੂ, ਪੋਸਟਰ ਤੇ ਝੂਲੇ ਦੇਖਕੇ ਬੱਚੀਆਂ ਦਾ ਉਤਸ਼ਾਹ ਹੋਰ ਵੀ ਵੱਧ ਗਿਆ ਸੀ। ਤੰਬੂਆਂ ਦੇ ਬਾਹਰ ਬੰਨ੍ਹੇ ਹੋਏ ਜਾਨਵਰਾਂ ਨੂੰ ਦੇਖ ਦੇਖ ਮਨੋ-ਮਨ ਖੁਸ਼ ਹੋ ਰਹੀਆਂ ਤੇ ਜੋਕਰਾਂ ਦੀਆਂ ਫੋਟੋਆਂ ਨੂੰ ਵਾਰ ਵਾਰ ਪਿਛੇ ਮੁੜ ਮੁੜ ਕੇ ਦੇਖ ਰਹੀਆਂ ਸਨ। ਜਗਨ ਸਕੂਲ ਦੇ ਅੱਗੇ ਉਨ੍ਹਾਂ ਨੂੰ ਉਤਾਰਦਾ ਤੇ ਉਨ੍ਹਾਂ ਨੂੰ ਇਕ-ਇਕ ਟੌਫੀ ਦਿੰਦਾ ਤੇ ਬਾਏ-ਬਾਏ ਕਹਿੰਦੀਆਂ ਦੋਵੇਂ ਬੱਚੀਆਂ ਸਕੂਲ ਅੰਦਰ ਦਾਖ਼ਲ ਹੁੰਦੀਆਂ ਹੋਈਆਂ ਬੋਲੀਆਂ, ਪਾਪਾ ਅੱਜ ਜਲਦੀ ਘਰ ਆ ਜਾਇਓ। ਜਗਨ ਮੁਸਕਰਾ ਪੈਂਦਾ ਤੇ ਸਾਈਕਲ 'ਤੇ ਸਵਾਰ ਹੋ ਕੇ ਫੈਕਟਰੀ ਵੱਲ ਰਵਾਨਾ ਹੋ ਗਿਆ। ਫੈਕਟਰੀ ਸਕੂਲ ਤੋਂ ਦੋ ਕੁ ਕਿਲੋਮੀਟਰ ਸੀ। ਸੜਕਾਂ 'ਤੇ ਧੂੰਆਂ ਅਤੇ ਬੱਸਾਂ-ਕਾਰਾਂ ਦੀ ਟ੍ਰੈਫਿਕ ਆਦਿ ਨੇ ਉਸਦਾ ਮਨ ਕਾਹਲਾ ਪਾ ਦਿੱਤਾ ਤੇ ਉਹ ਬੈਚੇਨੀ ਜਿਹੀ ਮਹਿਸੂਸ ਕਰਨ ਲੱਗਿਆ। ਧੁੱਪ ਤੇਜ਼ ਹੋ ਰਹੀ ਸੀ ਉਸਦੀ ਕਮੀਜ਼ ਪਸੀਨੇ ਨਾਲ ਪੂਰੀ ਤਰ੍ਹਾਂ ਭਿੱਜ ਗਈ ਸੀ। ਅਚਾਨਕ ਦਿਲ ਵਿੱਚ ਖਿਆਲ ਆਇਆ ਕਿ ਉਹ ਆਪਣੇ ਮਾਂ-ਬਾਪ ਨੂੰ ਯੂ. ਪੀ. ਫੋਨ ਕਰ ਲਵੇ। ਮਹੀਨਾ ਹੋ ਗਿਆ ਸੀ। ਉਸਨੇ ਗੱਲ ਨਹੀਂ ਸੀ ਕੀਤੀ। ਮਾਂ-ਪਿÀ ਦੀ ਉਸਨੂੰ ਯਾਦ ਜ਼ਿਆਦਾ ਆਉਣ ਲੱਗ ਪਈ ਸੀ। ਕਈ ਵਾਰੀ ਉਨ੍ਹਾਂ ਬਾਰੇ ਸੋਚ ਕੇ ਉਦਾਸ ਵੀ ਰਹਿੰਦਾ। ਕਿਸੇ ਨਾਲ ਕੋਈ ਗੱਲ ਵੀ ਨਹੀਂ ਸੀ ਕਰਦਾ। ਸੋਚ ਰਿਹਾ ਸੀ ਕਿ ਆਪਣੀ ਮਾਂ ਦੀ ਗੋਦੀ ਵਿੱਚ ਸਿਰ ਰੱਖ ਕੇ ਆਪਣੀ ਉਮਰਾਂ ਦੀ ਥਕਾਵਟ ਲਾਉਣਾ ਚਾਹੁੰਦਾ ਸੀ। ਰਸਤੇ ਵਿੱਚ ਉਹ ਇਕ ਪੀ. ਸੀ. ਓ. ਤੇ ਰੁਕਿਆ, ਫੋਨ ਤੇ ਗੱਲ ਕਰਦਾ ਬੋਲਿਆ ''ਪਾਊਂ ਲਾਗੂ ਮਾਂ ਜਗਨ ਬੋਲ ਰਹਾਂ ਹੂੰ, ਮਾਂ ਠੀਕ ਏਂ। ਬੱਸ ਆਪਨਾ ਸੁਨਾਓ ਸੇਹਤ ਠੀਕ ਹੈ ਨਾ, ਇਧਰ ਤੋਂ ਸਭ ਠੀਕ ਹੈ, ਚਿੰਤਾ ਨਹੀਂ ਕਰਨੇ ਕਾ, ਦੀਵਾਲੀ ਤੱਕ ਵਾਪਸ ਆਵਾਂਗਾ ਔਰ ਪਿਤਾ ਜੀ ਕਾ ਕਿਆ ਹਾਲ ਹੈ, ਆਪਨਾ ਖਿਆਲ ਰਖਨਾ ਮਾਂ। ਚਿੰਤਾ ਮਤ ਕਰੋ ਸਭ ਠੀਕ ਹੈ। ਰਾਧਾ, ਪਿੰਕੀ, ਸ਼ਾਂਤੀ ਯਾਦ ਕਰਤੇ ਰਹਿਤੇ ਹੈਂ ਮੋਨੂੰ ਵੀ ਠੀਕ ਹੈ, ਫਿਰ ਕਰੂੰਗਾ ਫੋਨ ਮਾਂ-'' ਗੱਲ ਕਰਦਾ-ਕਰਦਾ ਮੀਟਰ ਵੱਲ ਵੀ ਦੇਖ ਰਿਹਾ ਸੀ। ਉਸ ਨੇ ਫੋਨ ਰੱਖ ਦਿੱਤਾ। ਮਾਂ ਨਾਲ ਫੋਨ ਤੇ ਗੱਲ ਕਰਕੇ ਉਸਨੇ ਰਾਹਤ ਮਹਿਸੂਸ ਕੀਤੀ। ਪੀਲੇ ਰੰਗ ਤੇ ਲਾਲੀ ਆਉਣ ਲੱਗੀ। ਫਿਰ ਉਸਨੇ ਆਪਣਾ ਸਾਈਕਲ ਫੈਕਟਰੀ ਵੱਲ ਨੂੰ ਕਰ ਦਿੱਤਾ। ਸਾਈਕਲ ਹੁਣ ਥੋੜਾ ਜਿਹਾ ਤੇਜ਼ ਚਲਾ ਰਿਹਾ ਸੀ। ਮਾਂ-ਪਿਉ ਬਾਰੇ ਸੋਚਦਾ-ਸੋਚਦਾ ਪਤਾ ਨਹੀਂ ਲੱਗਿਆ ਕਿ ਉਹ ਫੈਕਟਰੀ ਕਦੋਂ ਪਹੁੰਚ ਗਿਆ। ਸਾਈਕਲ ਸਟੈਂਡ ਤੇ ਲਗਾ ਕੇ ਉਹ ਫੈਕਟਰੀ ਦੇ ਗੇਟ ਵੱਲ ਨੂੰ ਹੋ ਗਿਆ। ਗੇਟਮੈਨ ਨੇ ਤਲਾਸ਼ੀ ਲੈਣ ਵਾਲੇ ਯੰਤਰ ਨਾਲ ਤਲਾਸ਼ੀ ਲਈ। ਜਗਨ ਬੋਲਿਆ 15 ਸਾਲ ਹੋ ਗਏ ਹੈਂ ਇਸ ਫੈਕਟਰੀ ਮੇਂ ਕਾਮ ਕਰਤੇ ਕੋ, ਹਰ ਰੋਜ਼ ਤਲਾਸ਼ੀ ਦੇਣੀ ਪੜਤੀ ਹੈ। ਗੇਟਮੈਨ ਵੀ ਉਸਨੂੰ ਕਈ ਸਾਲਾਂ ਤੋਂ ਜਾਣਦਾ ਸੀ, ਲੋਗੋ ਨੇ ਤੋਂ ਰਾਜੀਵ ਗਾਂਧੀ ਜੈਸੇ ਨਹੀਂ ਛੋੜੇ, ਸਭ ਤਲਾਸ਼ੀਆਂ ਧਰੀ ਧਰਾਈ ਰਹਿ ਜਾਤੀ ਹੈਂ। ਦੋਵੇਂ ਹੱਸਣ ਲੱਗੇ। ਜਗਨ ਦੇ ਕੰਮ ਕਰਦਿਆਂ ਕਿੰਨੇ ਹੀ ਗੇਟਮੈਨ ਬਦਲ ਚੁੱਕੇ ਸਨ। ਜਗਨ ਜਦ ਫੈਕਟਰੀ ਵਿੱਚ ਲੱਗਿਆ ਸੀ ਤਾਂ ਉਸਦੀ ਤਨਖਾਹ 600 ਰੁਪਏ ਸੀ। 15 ਸਾਲਾਂ ਵਿੱਚ ਵੱਧ ਦੇ 6000 ਰੁਪਏ ਹੋ ਗਈ ਸੀ।
ਫੈਕਟਰੀ ਦੇ ਅੰਦਰ ਵੜਦਿਆਂ ਹੀ ਵਿਸ਼ਕਰਮਾ ਦੀ ਬੜੀ ਸਾਰੀ ਮੂਰਤੀ ਲੱਗੀ ਹੋਈ ਸੀ। ਹਰੇਕ ਮਜ਼ਦੂਰ ਮੂਰਤੀ ਅੱਗੇ ਮੱਥਾ ਟੇਕ ਕੇ ਹੀ ਆਪਣਾ ਕੰਮ ਸ਼ੁਰੂ ਕਰਦਾ। ਮਾਲਿਕ ਵੀ ਉੱਥੇ ਆ ਕੇ ਮੱਥਾ ਟੇਕਦੇ ਸਨ। ਜਗਨ ਵੀ ਬੜੀ ਰੀਝ ਨਾਲ ਜਾ ਕੇ ਮੱਥਾ ਟੇਕਣ ਲੱਗਿਆ। ਪਤਾ ਨਹੀਂ ਕੀ ਫਰਿਆਦ ਕਰਦਾ। ਕਹਿਣ ਲੱਗਿਆ ਅਗਰ ਕੋਈ ਗਲਤੀ ਹੋ ਗਈ ਹੋ ਮੁਆਫ ਕਰਨਾ, ਹੱਥ ਜੋੜਦਾ ਸਿਰ ਝੁਕਾ ਕੇ ਮੱਥਾ ਟੇਕਦਾ। ਫਿਰ ਭੱਠੀ ਵੱਲ ਨੂੰ ਹੋ ਗਿਆ। ਰਸਤੇ ਵਿੱਚ ਕਿਸੇ ਨੂੰ ਰਾਮ-ਰਾਮ ਕਹਿੰਦਾ, ਕਿਸੇ ਨੂੰ ਸਾਸਰੀ ਕਾਲ ਕਹਿੰਦਾ, ਕਿਸੇ ਨਾਲ ਹੱਥ ਮਿਲਾਉਂਦਾ, ਲੋਹਾ ਤਿਆਰ ਕਰਨ ਵਾਲੀ ਭੱਠੀ ਕੋਲ ਚਲਾ ਗਿਆ। ਕੱਪੜੇ ਬਦਲਕੇ, ਕੰਮ ਕਰਨ ਵਾਲੇ ਕੱਪੜੇ ਪਾ ਲੈਂਦਾ। ਹੂਟਰ ਵੱਜਦਾ ਫੈਕਟਰੀ ਚਾਲੂ ਹੋ ਜਾਂਦੀ। ਖੜਕਾ ਹੋਣ ਲੱਗਦਾ। ਲੋਹੇ ਕਿਧਰੇ ਥੱਲੇ ਡਿੱਗਦਾ, ਕਿਧਰੇ ਕੱਟਿਆ ਜਾਂਦਾ, ਖੜ-ਖੜ ਹੁੰਦੀ ਰਹਿੰਦੀ। ਧੂੰਆ ਹੀ ਧੂੰਆ ਸੀ। ਉਸ ਭੱਠੀ ਤੇ ਜਗਨ ਨਾਲ ਕਈ ਹੋਰ ਵੀ ਮਜ਼ਦੂਰ ਕੰਮ ਕਰਦੇ ਸਨ। ਮਸ਼ੀਨਾਂ ਚੱਲਦੀਆਂ ਸਨ। ਜਗਨ ਭੱਠੀ ਦੇ ਕੋਲ ਕੰਮ ਕਰਦਾ ਕਦੇ ਭੱਠੀ ਵਾਲਾ ਗੇਟ ਖੋਲ੍ਹਦਾ ਅਤੇ ਕਦੇ ਬੰਦ ਕਰਦਾ। ਸਕਰੈਪ ਤੋਂ ਲੋਹਾ ਤਿਆਰ ਕਰਦਾ। ਟਰੱਕ ਫੈਕਟਰੀ ਦੇ ਦੂਸਰੇ ਗੇਟ ਰਾਹੀਂ ਭੱਠੀ ਦੇ ਕੋਲ ਆ ਜਾਂਦਾ। ਉਥੋਂ ਲਿਫਟ ਮਸ਼ੀਨਾਂ ਨਾਲ ਸਕਰੈਪ ਨੂੰ ਚੁੱਕ ਕੇ ਭੱਠੀ ਵਿੱਚ ਪਵਾ ਦਿੰਦਾ। ਸਾਂਚਾ ਤਿਆਰ ਕਰਵਾਉਂਦਾ, ਸਾਇਜ਼ ਮੁਤਾਬਿਕ ਹੀ ਲੋਹਾ ਤਿਆਰ ਕਰਦਾ ਉਸ ਨੂੰ ਤਜ਼ਰਬਾ ਸੀ। ਉਸ ਤੋਂ ਬਿਨਾਂ ਹੋਰ ਕੋਈ ਵੀ ਇਸ ਕੰਮ ਨੂੰ ਹੱਥ ਨਹੀਂ ਸੀ ਪਾਉਂਦਾ। ਮਾਲ ਤਿਆਰ ਹੋ ਰਿਹਾ ਸੀ। ਉਸਨੇ ਬੀੜੀ ਲਾਈ। ਟਾਈਮ ਦੇਖਿਆ 12 ਵੱਜ ਚੁੱਕੇ ਸਨ। ਇੱਕ ਭੱਠੀ ਦੀ ਗਰਮੀ, ਸਿਖਰ ਦੁਪਹਿਰ, ਸ਼ੈੱਡ ਤਪ ਰਿਹਾ ਸੀ। ਉਸਦੇ ਕੋਲ ਚੱਲਦਾ ਪੱਖਾ ਵੀ ਗਰਮ ਹਵਾ ਦੇ ਰਿਹਾ ਸੀ। ਇਸ ਤਰ੍ਹਾਂ ਜਿਵੇਂ ਉਸ ਜਗ੍ਹਾ ਤੇ ਅੱਗ ਹੀ ਬਰਸ ਰਹੀ ਹੋਵੇ। ਉਸਦਾ ਰੰਗ ਧੂੜ ਤੇ ਧੂੰਏ ਨਾਲ ਕਾਲਾ ਹੋ ਚੁੱਕਿਆ ਸੀ। ਕੱਪੜੇ ਤਾਂ ਪਹਿਲਾਂ ਹੀ ਕਾਲੇ ਸਨ। ਬੱਸ ਦਾੜ੍ਹੀ ਤੇ ਅੱਖਾਂ ਹੀ ਚਮਕਦੀਆਂ ਨਜ਼ਰ ਆ ਰਹੀਆਂ ਸਨ। ਟਾਈਮ ਦੇਖਕੇ ਉਹ ਮਾਲਕਾਂ ਦੇ ਦਫਤਰ ਵੱਲ ਨੂੰ ਹੋ ਗਿਆ। ਕਾਲੇ ਸ਼ੀਸ਼ਿਆਂ ਵਾਲੇ ਦਫਤਰ ਅੰਦਰੋਂ ਬਾਹਰ ਸਭ ਕੁਝ ਨਜ਼ਰ ਆ ਰਿਹਾ ਸੀ, ਬਾਹਰੋਂ ਅੰਦਰ ਕੁਝ ਵੀ ਨਹੀਂ। ਦਰਵਾਜਾ ਖੋਲ੍ਹਿਆ ਅੰਦਰ ਏ. ਸੀ. ਚੱਲ ਰਿਹਾ ਸੀ ਜਿਵੇਂ ਕਿਸੇ ਠੰਡੇ ਦੇਸ਼ ਵਿੱਚ ਆ ਗਿਆ ਹੋਵੇ। ਮਾਲਿਕ ਵੱਡੀ ਸਾਰੀ ਕੁਰਸੀ ਤੇ ਬੈਠਾ ਆਪਣੇ ਕੰਪਿਊਟਰ ਤੇ ਕੰਮ ਕਰਦਾ ਬੋਲਿਆ, ''ਕੈਸੇ ਆਨਾ ਹੂਆ ਜਗਨ ਲਾਲ। ਬੱਸ ਮਾਲਿਕ ਚਾਰ ਵਜੇ ਜਾਨਾ ਥਾ, ਘਰ ਕਾਮ ਥਾ। ਕਿਆ ਕਾਮ ਹੋ ਗਿਆ ਬਈ। ਮਾਲਿਕ ਕਾਮ ਥਾ। ਨਈ ਬਈ ਆਜ ਤੋਂ ਨਹੀਂ ਜਾ ਸਕਤੇ। ਆਜ ਤੋਂ ਬਹੁਤ ਕਾਮ ਹੈ। ਪਾਰਟੀਓ ਕੋ ਮਾਲ ਦੇਨਾ ਹੈ। ਸੀਜਨ ਕੇ ਦਿਨ ਹੈਂ ਯਾਰ। ਮਾਲਿਕ ਐਤਵਾਰ ਕੋ ਭੀ ਕਾਮ ਥਾ, ਆਪਨੇ ਬੁਲਾ ਲਿਆ ਥਾ। ਵੋ ਬਾਤ ਤੋਂ ਠੀਕ ਹੈ ਉਸਕੇ ਹਮ ਆਪਕੋ ਪੈਸੇ ਭੀ ਦੇਤੇ ਹੈ। ਐਤਵਾਰ ਨੂੰ ਜਗਨ ਜਦ ਘਰੋ ਨਹੀਂ ਸੀ ਆਇਆ ਕਿ ਅੱਜ ਉਹ ਬੱਚਿਆਂ ਨੂੰ ਸਰਕਸ ਦਿਖਾਉਣ ਲੈ ਜਾਵੇਗਾ, ਲੇਕਿਨ ਮਾਲਕ ਨੇ ਆਪਣੇ ਕਰਿੰਦਿਆਂ ਨੂੰ ਉਸ ਦੇ ਘਰ ਭੇਜ ਕੇ ਉਸ ਨੂੰ ਫੈਕਟਰੀ ਬੁਲਾ ਲਿਆ ਸੀ। ਜਗਨ ਮਾਲਕਾਂ ਦੀ ਗੱਲ ਸੁਣ ਕੇ ਚੁੱਪ ਕਰ ਗਿਆ ਤੇ ਉਦਾਸ ਜਿਹਾ ਹੋ ਜਾਂਦਾ ਹੈ। ਚਲੋ ਜਗਨ ਕਾਮ ਕਰੋ, ਫਿਰ ਦੇਖਤੇ ਹੈ ਕਿਆ ਕਰਨਾ ਹੈ। ਜਗਨ ਮੱਥੇ ਤੇ ਹੱਥ ਫੇਰਦਾ ਬਾਹਰ ਆ ਗਿਆ। ਮਾਲਿਕ ਫੈਕਟਰੀ ਅੰਦਰ ਲੱਗੇ ਕੈਮਰਿਆਂ ਰਾਹੀਂ ਟੀ. ਵੀ. ਤੇ ਸਭ ਦੀ ਨਿਗਰਾਨੀ ਰੱਖਦੇ ਕਿਹੜਾ ਬੰਦਾ ਕੰਮ ਕਰ ਰਿਹਾ ਹੈ ਕਿਹੜਾ ਨਹੀਂ। ਜਗਨ ਸੋਚਾਂ ਵਿੱਚ ਡੁੱਬਾ ਹੋਲੀ-ਹੋਲੀ ਤੁਰਦਾ ਭੱਠੀ ਤੇ ਚਲਾ ਗਿਆ ਤੇ ਕੰਮ ਸ਼ੁਰੂ ਕਰ ਦਿੱਤਾ। ਖੜਕਾ ਹੋ ਰਿਹਾ ਸੀ। ਭੱਠੀ ਤੋਂ ਅੱਗ ਬਾਹਰ ਨਿਕਲ ਰਹੀ ਸੀ। ਮਸ਼ੀਨਾਂ ਦੀ ਠੱਕ-ਠੱਕ ਨੇ ਉਸ ਦਾ ਮਨ ਅੰਦਰੋ ਕਾਹਲਾ ਪਾ ਦਿੱਤਾ ਸੀ ਤੇ ਉਹ ਬੇਚੈਨੀ ਮਹਿਸੂਸ ਕਰਨ ਲੱਗਿਆ। ਉਸ ਨੇ ਇੱਕ ਦਮ ਬੀੜੀ ਕੱਢ ਕੇ ਲਗਾ ਕੇ ਧੂੰਏ ਨੂੰ ਇਸ ਤਰ੍ਹਾਂ ਬਾਹਰ ਕੱਢ ਰਿਹਾ ਸੀ ਜਿਸ ਤਰ੍ਹਾਂ ਆਪਣੇ ਭਰੇ ਮਨ ਦਾ ਗੁਬਾਰ ਬਾਹਰ ਕੱਢ ਰਿਹਾ ਹੋਵੇ ਤੇ ਸੋਚ ਰਿਹਾ ਸੀ ਕਿ ਅੱਜ ਵੀ ਬੱਚੀਆਂ ਉਸਨੂੰ ਸਰਕਸ ਲਈ ਉਡੀਕਣਗੀਆਂ। ਲੰਚ ਟਾਇਮ ਦਾ ਹੂਟਰ ਵੱਜ ਗਿਆ। ਸਾਰੇ ਆਪਣੇ-ਆਪਣੇ ਡੱਬੇ ਚੁੱਕ ਕੇ ਰੋਟੀ ਖਾਣੀ ਸ਼ੁਰੂ ਕਰ ਦਿੰਦੇ ਹਨ। ਫੈਕਟਰੀ ਬੰਦ ਹੋ ਜਾਂਦੀ ਹੈ। ਸਭ ਕੁਝ ਸ਼ਾਂਤ ਸੀ, ਜਗਨ ਵੀ ਸ਼ਾਂਤ ਸੀ, ਚੁੱਪ ਸੀ। ਫਿਰ ਕੰਮ ਸ਼ੁਰੂ ਹੋ ਗਿਆ। ਉਹ ਅੱਜ ਕਿਸੇ ਨਾਲ ਵੀ ਗੱਲ ਨਹੀਂ ਸੀ ਕਰ ਰਿਹਾ। ਲਿਫਟ ਮਸ਼ੀਨ ਰਾਹੀਂ ਸਕਰੈਪ ਚੁੱਕਾ ਕੇ ਭੱਠੀ ਵਿੱਚ ਪਵਾਉਂਦਾ, ਗੇਟ ਬੰਦ ਕਰਦਾ। ਭੱਠੀ ਸ਼ੁਰੂ ਕਰ ਦਿੰਦਾ। ਅਚਾਨਕ ਭੱਠੀ ਵਿੱਚ ਇੱਕ ਧਮਾਕਾ ਹੋ ਜਾਂਦਾ ਹੈ। ਧੂੰਆਂ ਅਸਮਾਨ ਨੂੰ ਛੂਹਣ ਲੱਗ ਪਿਆ ਸੀ। ਜਿਵੇਂ ਕਾਲਾ ਦਰਿਆ ਵਗ ਰਿਹਾ ਹੋਵੇ। ਸ਼ੈੱਡ ਪਾੜ ਗਏ ਸਨ। ਫੈਕਟਰੀ ਵਿੱਚ ਹਫੜਾ-ਦਫੜੀ ਮੱਚ ਗਈ ਸੀ। ਮਜ਼ਦੂਰ ਬੋਲਣ ਲੱਗੇ ਜਗਨ ਨਹੀਂ ਬੱਚਦਾ, ਜਗਨ ਨਹੀਂ ਬੱਚਦਾ। ਮਾਲਿਕ ਵੀ ਬਾਹਰ ਆ ਗਏ। ਜਗਨ ਵੀ ਇੱਕ ਪਾਸੇ ਖੜ੍ਹਾ ਬੱਚ ਗਿਆ ਸੀ। ਜਗਨ ਬਹੁਤ ਘਬਰਾ ਗਿਆ ਉਸ ਦੀਆਂ ਅੱਖਾਂ ਬਾਹਰ ਨੂੰ ਆ ਗਈਆਂ ਹੋਰ ਮਜ਼ਦੂਰਾਂ ਨੇ ਉਸ ਨੂੰ ਸੰਭਾਲਿਆ ਪਾਣੀ ਪਿਲਾਇਆ। ਦੋ-ਤਿੰਨ ਮਜਦੂਰ ਜ਼ਖ਼ਮੀ ਹੋ ਗਏ। ਜਗਨ ਦੇ ਸਿਰ ਤੇ ਵੀ ਮਾਮੂਲੀ ਜਿਹੀ ਸੱਟ ਲੱਗੀ ਸੀ। ਮਾਲਿਕ ਬੋਲੇ ਕਿਸੇ ਦੀ ਜਾਨ ਤਾਂ ਨਹੀਂ ਗਈ। ਸਾਰੀ ਸਥਿਤੀ ਦਾ ਜਾਇਜਾ ਲਿਆ। ਘਬਰਾਏ ਹੋਏ ਮਜ਼ਦੂਰ ਬੋਲੇ ਨਾ ਜੀ। ਏਨੇ ਨੂੰ ਫਾਇਰ ਬ੍ਰਿਗੇਡ ਵਾਲੀ ਗੱਡੀ ਵੀ ਆ ਗਈ ਸੀ। ਮਾਲਿਕ ਨੇ ਹੋਰ ਮਜਦੂਰਾਂ ਨੂੰ ਕਿਹਾ, ''ਚਲੋ ਬਈ ਅੱਗ ਤੇ ਕਾਬੂ ਪਾਓ।'' ਸਾਰੇ ਹਾਂ ਜੀ ਕਹਿੰਦੇ ਫਾਇਰ ਬ੍ਰਿਗੇਡ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗੇ, ਪੁਲਿਸ ਵੀ ਆ ਗਈ ਸੀ। ਧਮਾਕੇ ਕਿਵੇਂ ਹੋਇਆ, ਕੀ ਕਾਰਣ ਸੀ- ਕਿਤੇ ਸਕਰੈਪ 'ਚ ਕੋਈ ਬੰਬ ਤਾਂ ਨਹੀਂ ਸੀ ਆਇਆ- ਜਾਂਚ ਕਰਨ ਲੱਗ ਪਏ। ਕਾਗਜ਼ ਤੇ ਲਿਖਦੇ ਲਿਖਦੇ ਸਭ ਦਫ਼ਤਰ ਵੱਲ ਚਲੇ ਗਏ ਕਈ ਮਜਦੂਰ ਆਪਸ ਵਿਚ ਘੁਸਰ ਮੁਸਰ ਕਰ ਰਹੇ ਸੀ ਕਿ ਕੇਸ ਬਣੇਗਾ, ਕੋਈ ਕਹਿ ਰਿਹਾ ਸੀ ਫੈਕਟਰੀ ਬੰਦ ਹੋ ਜਾਵੇਗੀ। ਦਫ਼ਤਰ ਅੰਦਰ ਸਭ ਦੀਆਂ ਜੇਬਾਂ ਗਰਮ ਕਰ ਦਿੱਤੀਆਂ ਸਨ। ਕਾਰਵਾਈ ਖਤਮ ਹੋ ਗਈ ਸੀ। ਮਾਲਿਕ ਬਾਹਰ ਆ ਕਿ ਕਹਿਣ ਲੱਗੇ ਚਲੋ ਆਪੋ ਆਪਣੇ ਕੰਮ ਸ਼ੁਰੂ ਕਰ ਦਿਓ। ਭੱਠੀ ਠੀਕ ਕਰਦਿਆਂ ਜਗਨ ਅਤੇ ਹੋਰ ਮਜਦੂਰਾਂ ਨੂੰ ਸੱਤ ਵੱਜ ਚੁੱਕੇ ਸਨ। ਜਗਨ ਦਾ ਧਿਆਨ ਵਾਰ ਵਾਰ ਬੱਚਿਆਂ ਵੱਲ ਜਾ ਰਿਹਾ ਸੀ ਕਿ ਉਹ ਅੱਜ ਵੀ ਉਡੀਕਦੇ ਹੋਣਗੇ ਅਤੇ ਉੱਧਰ ਬੱਚੀਆਂ ਵੀ ਜਗਨ ਨੂੰ ਉਡੀਕ ਰਹੀਆਂ ਸਨ। ਅਖ਼ੀਰਲੇ ਸ਼ੋਅ ਦਾ ਸਮਾਂ ਵੀ ਲੰਘ ਗਿਆ ਸੀ। ਸਾਰੇ ਕੰਮ ਤੋਂ ਵਿਹਲਾ ਹੋ ਕੇ ਥੱਕਿਆ ਹਾਰਿਆ ਜਗਨ ਜਦ ਘਰ ਜਾ ਰਿਹਾ ਸੀ ਸਰਕਸ ਅੱਗੇ ਅਖ਼ੀਰਲਾ ਸ਼ੋਅ ਵੀ ਖ਼ਤਮ ਹੋ ਗਿਆ ਸੀ। ਲੋਕ ਬਾਹਰ ਆ ਰਹੇ ਸਨ, ਇਹ ਦੇਖ ਕੇ ਜਗਨ ਉਦਾਸ ਹੋ ਗਿਆ ਕਿ ਅੱਜ ਸਰਕਸ ਦਾ ਅਖ਼ੀਰਲਾ ਦਿਨ ਸੀ, ਥੱਕਿਆ ਹਾਰਿਆ ਜਗਨ ਸਾਈਕਲ ਤੇ ਘਰੇ ਪਹੁੰਚਿਆ ਤਾਂ ਬੱਚੀਆਂ ਉਸ ਨੂੰ ਦੇਖਕੇ ਰੋਣ ਲੱਗ ਪਈਆਂ। ਉਹਨਾਂ ਦੇ ਫੁੱਲਾਂ ਵਰਗੇ ਚਿਹਰੇ ਮੁਰਝਾਏ ਪਏ ਸਨ। ਰੋਦੀਆਂ ਰੌਦੀਆਂ ਕਹਿ ਰਹੀਆਂ ਸਨ ਕਿ ਪਾਪਾ ਅੱਜ ਤੁਸੀਂ ਫਿਰ ਨਹੀਂ ਆਏ, ਅੱਜ ਤਾਂ ਅਖ਼ੀਰਲਾ ਦਿਨ ਸੀ ਸਰਕਸ ਦਾ। ਅੱਜ ਤਾਂ ਉਸਦੀ ਘਰਵਾਲੀ ਸ਼ਾਂਤੀ ਵੀ ਜਗਨ ਵੱਲ ਗੁੱਸੇ ਨਾਲ ਦੇਖ ਰਹੀ ਸੀ। ਜਦ ਜਗਨ ਨੇ ਫੈਕਟਰੀ ਵਾਲਾ ਸਾਰਾ ਬਿਰਤਾਂਤ ਦੱਸਿਆ ਤਾਂ ਬੱਚੇ ਦਹਿਲ ਗਏ ਸਨ। ਸਰਕਸ ਦੇਖਣਾ ਭੁੱਲ ਗਏ ਅਤੇ ਚੁਪਚਾਪ ਜਾ ਕੇ ਸੌ ਗਏ।