ਇੱਕ ਗੀਤ ਲਿਖਾਂ ਤੇਰੇ ਨਾਂ ਵਰਗਾ।
ਤੇ ਬੱਦਲਾਂ ਦੀ ਛਾਂ ਵਰਗਾ।
ਜੋ ਕੀਤਾ ਕੌਲ ਨਿਭਾਉਂਦਾ ਏ
ਉਸ ਸੱਜਣ ਦੀ ਹਾਂ ਵਰਗਾ।
ਸੂਰਜ ਵਰਗਾ ਮੇਰਾ ਗੀਤ ਬਣੇ।
ਪੋਣਾਂ ਵਰਗਾ ਸੰਗੀਤ ਬਣੇ।
ਜਿਹਨੂੰ ਸੁਣ ਕੇ ਲੋਰੀਆਂ ਭੁਲਣ ਨਾ
ਜੇ ਲਿਖ ਦੇਵੇਂ ਕੁਝ ਮਾਂ ਵਰਗਾ।
ਇੱਕ ਗੀਤ ਲਿਖਾਂ…………।
ਕੁਝ ਮਾਖਿਉਂ ਮਿਠੇ ਬੋਲ ਲਿਖਾਂ।
ਬਹਿ ਸੰਦਲੀ ਪੋਣਾਂ ਕੋਲ ਲਿਖਾਂ।
ਜੋ ਅਕਸਰ ਮੈਨੂੰ ਕਹਿੰਦੀਆਂ ਨੇ
ਤੂੰ ਲਗਦਾ ਜਿਵੇਂ ਝਨਾਂ ਵਰਗਾ।
ਇੱਕ ਗੀਤ ਲਿਖਾਂ…………।
ਨਫ਼ਰਤ ਨੂੰ ਦਿਲੋਂ ਭਜਾ ਦੇਈਏ।
ਆ ਵਾਅਦੇ ਤੋੜ ਨਿਭਾ ਦੇਈਏ।
ਜਿਸ ਦਿਲ ਵਿਚ ਭੋਰਾ ਪਿਆਰ ਨਹੀਂ
ਉਹ ਹੁੰਦੈ ਸੁੰਨੀ ਥਾਂ ਵਰਗਾ।
ਇੱਕ ਗੀਤ ਲਿਖਾਂ…………।
ਇਹ ਜੋਤ ਪਿਆਰ ਦੀ ਜਗਦੀ ਰਹੇ।
ਤੇ ਸਿੱਕ ਪਿਆਰਾਂ ਦੀ ਲਗਦੀ ਰਹੇ।
ਇਥੇ ਬੈਠ ਨਾ ' ਗੁਰਮਾਂ ' ਰਹਿਣਾ ਵੇ
ਜੱਗ ਹੁੰਦੈ ਸਮਝ ਸਰਾਂ ਵਰਗਾ।
ਇੱਕ ਗੀਤ ਲਿਖਾਂ…………।