ਸ਼ਮਲ੍ਹੇ 'ਚ ਟੰਗ ਕੇ
ਸਰ੍ਹੋਂ ਫੁੱਲ ਦੇ ਪਰਾਗ ਕਣ
ਕਿਹੜੀ ਦੁਨੀਆਂ ਨੂੰ ਚੱਲਿਐਂ
ਫ਼ਾਂਸੀ ਤੋਂ ਅਗਾਂਹ ਦੀ ਦੁਨੀਆਂ
ਠੰਡੀ, ਹਨੇਰੀ, ਸੁੰਨੀ
ਤੇ ਬੇਹੱਦ ਜ਼ਰੂਰੀ ਹੈ
ਅਸੀਂ ਤੇਰੇ ਸ਼ਮਲ੍ਹੇ 'ਚੋਂ ਲਾਹ ਕੇ
ਪਰਾਗ ਕਣ
ਦੂਜੇ ਖੇਤਾਂ ਨੂੰ ਦੇ ਦਿੱਤੇ ਨੇ
ਹੁਣ ਇੱਥੇ
ਰੁੱਤ ਆਈ ਤੋਂ
ਖੁਸ਼ੀਆਂ ਦੇ ਫੁੱਲ ਖਿੜਿਆ ਕਰਨਗੇ।
2
ਫਾਂਸੀ ਵਾਲਾ ਖੂਹ
ਕੰਧਾਂ 'ਤੇ ਚੜ੍ਹੀ ਹਨੇਰੀ ਸਿੱਲ੍ਹ
ਰੀਂਗਦੇ ਕੀੜੇ
ਤਿਲਚਿੱਟੇ ਪਲਕ ਰਹਿਤ ਅੱਖਾਂ ਵਾਲ਼ੇ
ਮੌਤ ਦੇ ਦਰਸ਼ਕ
ਹੱਡੀਆਂ ਟੁੱਟਣ ਦੇ ਕੜਾਕ
ਪੈਰਾਂ ਦੇ ਕੜਵੱਲ
ਖੂਹ ਦੀ ਸਾਂ-ਸਾਂ
ਸਾਂਹ ਲੈਂਦੀ
ਸਾਂਹ ਪੀਂਦੀ
ਸ਼ਹੀਦ ਦੇ ਜਿਸਮ 'ਚੋਂ
ਫ਼ਾਹੇ ਲੱਗ ਕੇ
ਇਹ ਲੰਮਾ ਲੰਝਾ ਗੱਭਰੂ
ਗਿੱਠ ਉੱਚਾ ਹੋਰ ਹੋ ਗਿਆ।