ਦਸਤਾਰ ਨਹੀਂ ਦਸਤੂਰ ਨਹੀਂ
(ਕਵਿਤਾ)
ਮਾਂ, ਆਹ ਤਸਵੀਰ
ਸੰਭਾਲ ਰੱਖੀ ਤੂੰ
ਐਨੀ ਦੇਰ
ਹਾਂ ਪੁੱਤ
ਪਗੜੀ ਸੀ
ਦਾਹੜੀ ਸੀ
ਪਰ ਮਾਂ
ਮੈਂ ਸਾਂ ਓਦੋਂ
ਖੁਸ਼ੀ ਤੋਂ ਕੋਹਾਂ ਪਰੇ
ਦਰਦ ਦਰਿਆ 'ਚ
ਹੜ੍ਹ ਗਿਆ ਸਾਂ
ਡੁੱਬ ਰਿਹਾ ਸਾਂ
ਹਾਂ ਮਾਂ
ਵੜਿਆ ਸਾਂ
ਕੰਡਿਆਲੇ ਰਾਹਾਂ
ਚੁਭੇ, ਚੁਭਦੇ ਰਹੇ ਕੰਡੇ
ਜਿਓਂ ਜਿਓਂ ਕਦਮ ਧਰੇ
ਫਸਿਆ ਸਾਂ
ਭਵਸਾਗਰ ਦੇ
ਤੁਫਾਨ 'ਚ
ਭਟਕਿਆ ਫਿਰਿਆ
ਪਹਿਰਾ ਸੀ
ਭਾਵੀ ਦਾ
ਹਾਵੀ ਹੋਈ ਦਾ
ਆਹ ਤਸਵੀਰ ਮੈਨੂੰ
ਚੰਗੀ ਨਹੀਂ ਲਗਦੀ
ਰਤਾ ਵੀ
ਹਾਂ ਰਤਾ ਵੀ ਨਹੀਂ
ਤੈਨੂੰ ਵੀ ਤਾਂ ਨਹੀਂ
ਪਿਆਰੀ ਮਾਂ
ਹਾਂ ਪੁੱਤ
ਮਾਂ ਵੇਖ
ਆਹ ਤਸਵੀਰ
ਪਗੜੀ ਨਹੀਂ
ਦਾਹੜੀ ਨਹੀਂ
ਪਹਿਲਾਂ ਮੈਂ ਸਿੱਖ ਸਾਂ
ਹੁਣ ਮੈਨੂੰ
ਸਿੱਖ ਨਹੀਂ ਕਹਿੰਦੇ
ਬਹੁਤੇ ਕਹਿੰਦੇ ਨੇ
ਜੈਨੀ, ਹਿੰਦੂ
ਹੋਰ ਕਈ ਕੁਝ
ਪਰ ਮਾਂ ਹੁਣ
ਮੈਂ ਪੜ੍ਹਦਾ, ਸੁਣਦਾ ਹਾਂ
ਗੁਰਬਾਣੀ, ਗੀਤਾ ਵੀ
ਮੈਨੂੰ ਲਗਦਾ ਮੈਂ ਸਿੱਖਦਾ ਹਾਂ
ਹੁਣ ਸਿੱਖ ਕਿਉਂ ਨਹੀਂ?
ਦੁਨੀਆਂ ਅਜੀਬ, ਭੁਲੇਖਾ
ਹਾਂ ਪੁੱਤ
ਹੁਣ ਤੂੰ ਖੁਸ਼ ਹਂੈ
ਨਰਾਜ਼ ਤਾਂ ਨਹੀਂ
ਪਿਆਰੀ ਮਾਂ
ਇਹ ਕੀ?
ਨਾਂ ਮੀਟ ਅੱਖਾਂ
ਅਜੇ ਸਮਾਂ ਨਹੀਂ
ਕਿਉਂ ਤੁਰ ਗਈ?
ਬੋਲ ਇਕੇ'ਰ ਫੇਰ
ਹਾਂ ਪੁੱਤ
ਨਹੀਂ ਬੋਲੀ
ਨਰਾਜ਼ ਰਹੀ
ਨਰਾਜ਼ ਗਈ
ਕਿਉਂ?
ਜਾਣਦਾ ਹਾਂ
ਹੁਣ
ਦਾਹੜੀ ਨਹੀਂ
ਦਸਤਾਰ ਨਹੀਂ
ਸਿੱਖੀ ਦਾ
ਦਸਤੂਰ ਨਹੀਂ