ਦੀਵਾਕਰ ਅਤੇ ਮਨਜੀਤ, ਅਮਰੀਕਾ ਦੇ ਸ਼ਹਿਰ, ਸੇਂਟਪਾਲ ਵਿੱਚ ਕੰਮ ਕਰਦੇ ਸਨ। ਦੁਪਿਹਰ ਵੇਲੇ ਕਈ ਵੇਰ ਦੋਵੇਂ ਕਿਸੇ ਰੈਸਟੋਰੈਂਟ ਤੇ ਮਿਲ ਬਹਿੰਦੇ। ਐਤਵਾਰ ਨੂੰ, ਕੋਈ ਨਾ ਕੋਈ, ਮਨੋਰੰਜਨ ਦਾ ਉਪਰਾਲ਼ਾ ਵੀ ਕਰ ਹੀ ਲੈਂਦੇ। ਮਿੱਤਰਤਾ ਪੱਕੀ ਹੋ ਗਈ। ਉਨਹੀਂ ਦਿਨੀਂ, ਯੁਨੀਵਰਸਟੀ ਦੇ ਇੱਕ ਥਿਏਟਰ ਵਿੱਚ, ਮਹੀਨੇ ਦੇ ਤੀਜੇ ਐਤਵਾਰ ਨੂੰ, ਹਿੰਦੀ ਫਿਲਮ ਵਿਖਾਈ ਜਾਂਦੀ ਸੀ।
ਉਸ ਦਿਨ ਭੀੜ ਇਕੱਠੀ ਤਾਂ ਹੋ ਗਈ ਪਰ ਫਿਲਮ ਮਿੱਥੇ ਸਮੇਂ ਤੇ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਸੀ। " ਫਿਲਮ ਲਿਆਉਣ ਵਾਲਾ ਸ਼ਿਕਾਗੋ ਤੋਂ ਆਉਂਦਾ ਹੈ। ਕਿਸੇ ਕਾਰਨ ਲੇਟ ਹੋ ਗਿਆ ਹੈ।" ਅਜੇਹਾ ਸੰਦੇਸ਼ਾ ਦਿੱਤਾ ਸੀ, ਇੰਤਜ਼ਾਮ ਕਰਨ ਵਾਲਿਆਂ।
ਅਨੀਤਾ ਅਤੇ ਬੰਦਨੀ ਦੋਵੇਂ ਖੜ੍ਹੀਆਂ ਗੱਲਾਂ ਕਰ ਰਹੀਆਂ ਸਨ। ਯੁਨੀਵਰਸਟੀ ਵਿੱਚ ਪੜ੍ਹਦੀਆਂ ਸਨ। ਵਿਦਿਆਰਥਣਾ ਦੀ ਦੋਸਤੀ ਹੋ ਗਈ। ਦਿਵਾਕਰ ਅਤੇ ਮਨਜੀਤ ਵੀ, ਉਹਨਾਂ ਤੋਂ ਥੋੜ੍ਹੀ ਦੂਰੀ ਤੇ ਅਪਣੇ ਵਾਰਤਾਲਾਪ ਸਾਂਝੇ ਕਰ ਰਹੇ ਸਨ। ਕਦੇ ਕਦੇ ਕੁੜੀਆਂ ਵੱਲ ਆਕਰਖ਼ਤ ਹੋ ਜਾਂਦੇ ਅਤੇ ਚੋਰੀ ਝਾਤ ਵੀ ਮਾਰ ਲੈਂਦੇ।
" ਯਾਰਾ, ਕੁੜੀਆਂ ਤਾਂ ਦੋਵੇਂ ਸੋਹਣੀਆਂ ਹਨ। ਡੀਲ ਡੌਲ ਵੀ ਦਿਲ ਖਿੱਚਵੀਂ ਹੈ। ਗੱਲ ਬਾਤ ਕਰਕੇ ਵੇਖੀਏ।" ਦੀਵਾਕਰ ਨੇ ਕਿਹਾ।
" ਜਿਹੜੀਆਂ ਅਮਰੀਕਾ ਆ ਵੜੀਆਂ, ਨਵੇਂ ਵਿਚਾਰਾਂ ਵਾਲੀਆਂ ਹੀ ਹੋਣਗੀਆਂ। ਬੋਲ ਚਾਲ ਅਰੰਭ ਕਰਨ 'ਚ ਝਿਜਕ ਕੇਹੀ। ਥੋੜ੍ਹਾ ਰਸ ਹੀ ਭਰਨਗੀਆਂ, ਅਪਣੀ ਗੱਲ ਬਾਤ ਵਿੱਚ।" ਮਨਜੀਤ ਜਿਵੇਂ ਅਜੇਹੇ ਮੌਕੇ ਦਾ ਇੰਤਜ਼ਾਰ ਹੀ ਕਰ ਰਿਹਾ ਹੋਵੇ, ਝੱਟ ਮੰਨ ਗਿਆ।
"ਹੈਲੋ ਜੀ, ਤੁਸੀਂ ਮੂਵੀ ਵੇਖਣ ਆਏ ਹੋ?" ਦੀਵਾਕਰ ਨੇ, ਸੁਆਲ ਦਾ ਜੁਆਬ ਜਾਣਦੇ ਹੋਏ ਵੀ, ਪੁੱਛ ਹੀ ਲਿਆ।
" ਆਹੋ, ਤੁਸੀਂ ਵੀ?" ਇੱਕ ਬੋਲੀ। ਮਨਜੀਤ ਨੂੰ ਆਹੋ ਸ਼ਬਦ ਵਿੱਚ ਕੁੱਝ ਰੁੱਖਾਪਣ ਮਹਿਸੂਸ ਹੋਇਆ ਪਰ " ਤੁਸੀਂ ਵੀ" ਸ਼ਬਦ ਵਿੱਚ ਨੱਮਰਤਾ ਵੀ ਬਹੁਤ ਦਿੱਸੀ।
" ਹਾਂ ਜੀ, ਅਸੀਂ ਲਗ ਭਗ ਹਰ ਤੀਜੇ ਐਤਵਾਰ ਮੂਵੀ ਵੇਖਣ ਪਹੁੰਚ ਹੀ ਜਾਂਦੇ ਹਾਂ। ਅਸੀਂ ਪੜ੍ਹਾਈ ਖ਼ਤਮ ਕਰ ਲਈ ਹੈ। ਦੀਵਾਕਰ ਥ੍ਰੀ ਐਮ 'ਚ ਅਤੇ ਮੈਂ ਹਨੀਵੈਲ 'ਚ ਕੰਮ ਕਰਦਾ ਹਾਂ।" ਮਨਜੀਤ ਨੇ ਉਤਰ ਦਿੱਤਾ। ਜਾਣ ਪਹਿਚਾਣ ਕਰਵਾਈ।
" ਮੈਂ ਅਨੀਤਾ ਹਾਂ। ਭਾਰਤ ਵਿੱਚ, ਐਮ ਐਸੀ ਕਰਕੇ, ਕਾਲਜ ਵਿੱਚ ਪ੍ਰੋਫੈਸਰ ਲਗੀ ਹੋਈ ਸਾਂ। ਐਥੇ ਵੀ ਐਮ ਐਸੀ ਵਿੱਚ ਦਾਖਲਾ ਮਿਲ ਗਿਆ। ਪੀ ਐਚ ਡੀ ਕਰਨ ਦੇ ਇਰਾਦੇ ਨਾਲ ਆਈ ਹਾਂ। ਇਹ ਬੰਦਨੀ ਹੈ। ਮੁੰਬਈ ਤੋਂ ਆਈ ਹੈ। ਇਹ ਵੀ ਮਾਸਟਰਜ਼ ਕਰ ਰਹੀ ਹੈ। ਇਕੱਠੀਆਂ ਮੂਵੀ ਵੇਖਣ ਆ ਜਾਂਦੀਆਂ ਹਾਂ।" ਅਨੀਤਾ ਨੇ, ਸ਼ਰੀਫ ਮੁੰਡੇ ਪਹਿਚਾਣਕੇ, ਮੁਲਾਕਾਤ ਕਰਵਾਈ।
" ਮੂਵੀ ਤਾਂ ਪਤਾ ਨਹੀਂ ਅਜੇ ਕਿੰਨੀ ਕੁ ਦੇਰ ਬਾਅਦ ਸ਼ੁਰੂ ਹੋਵੇਗੀ। ਕਿਉਂ ਨਾ ਅਸੀਂ ਸਾਹਮਣੇ ਚਲ ਕੇ ਕੌਫੀ ਹੀ ਪੀ ਲੱਈਏ, ਜੇ ਆਪ ਨੂੰ ਇਤਰਾਜ਼ ਨਾ ਹੋਵੇ, ਅਨੀਤਾ ਜੀ। ਤੁਸੀਂ ਵੀ ਸਾਥ ਦਿਓ, ਚੰਗਾ ਲਗੇਗਾ।" ਮਨਜੀਤ ਨੇ ਸਹੀ ਸਮੇ ਸਹੀ ਵਿਚਾਰ ਪ੍ਰਗਟਾਇਆ।
ਕੌਫੀ ਦਾ, ਚਾਰੇ ਜਨ, ਅਨੰਦ ਮਾਣਨ ਲਗ ਪਏ। " ਦੀਵਾਕਰ ਜੀ, ਤੁਸੀਂ ਪੱਕਾ ਵੀਸਾ ਲੈ ਕੇ ਆਏ ਸੋ?" ਅਨੀਤਾ ਨੇ ਚੁੱਪ ਤੋੜੀ।
" ਨਹੀਂ ਜੀ, ਮੈਂ ਵੀ ਆਪ ਵਾਂਗ ਪੜ੍ਹਨ ਲਈ ਹੀ ਆਇਆ ਸਾਂ। ਨੌਕਰੀ ਕਿਸਮਤ ਨਾਲ਼ ਹੀ ਮਿਲ ਗਈ। ਹੁਣ ਤੇ ਕੰਪਨੀ ਵਾਲਿਆਂ ਨੇ ਗਰੀਨ ਕਾਰਡ ਵੀ ਦਿਵਾ ਦਿੱਤਾ ਹੈ। ਐਦਾਂ ਹੀ ਮਨਜੀਤ ਦਾ ਵੀ ਦਾਅ ਲਗ ਗਿਆ। ਗਰੀਨ ਕਾਰਡ ਵੀ ਹੱਥ ਆ ਗਿਆ। ਇਹ ਲੋਗ ਸਾਨੂੰ, ਪੜ੍ਹਾ ਲੈਣ ਮਗਰੋਂ ਘੱਟ ਹੀ ਜਾਣ ਦਿੰਦੇ ਨੇ ਵਾਪਸ, ਦੇਸ਼। ਨੌਕਰੀ ਮਿਲ ਹੀ ਜਾਂਦੀ ਐ।"
ਫਿਲਮ ਸੁਰੂ ਹੋਣ ਦਾ ਸਮਾਂ ਪਹੁੰਚ ਗਿਆ। ਤਿੰਨ ਘੰਟੇ ਚੰਗੇ ਨਿਕਲੇ। ਜਦੋਂ ਸਿਨਮਾਂ ਹਾਲ ਤੋਂ ਬਾਹਰ ਆਏ ਤਾਂ ਬਾਰਸ਼ ਹੋ ਰਹੀ ਸੀ। ਕੁੜੀਆਂ ਘਬਰਾ ਗਈਆਂ। " ਬੱਸ ਵੀ ਮਿਲੇਗੀ ਕਿ ਨਹੀਂ! ਐਨੀ ਰਾਤ ਗਿਆਂ ਤਾਂ ਬੱਸਾਂ ਵੀ ਬੰਦ ਹੋ ਜਾਂਦੀਆਂ ਨੇ। ਇਹ ਵੀ ਮੁਸੀਬਤ ਹੀ ਐ।" ਇੱਕ ਨੇ ਅਪਣੀ ਦੂਜੀ ਸਾਥਣ ਨਾਲ ਪ੍ਰੇਸ਼ਾਨੀ ਸਾਂਝੀ ਕੀਤੀ। ਦੀਵਾਕਰ ਨੇ ਕੁੜੀਆਂ ਦੀ ਪ੍ਰੇਸ਼ਾਨੀ ਕੰਨੀਂ ਸੁਣ ਲਈ ਅਤੇ ਉਹਨਾਂ ਵੱਲ ਮੂੰਹ ਘੁਮਾ ਕਿਹਾ, " ਤੁਸੀਂ ਐਥੇ ਹੀ ਇੰਤਜ਼ਾਰ ਕਰੋ। ਰਾਤ ਬਹੁਤ ਹੋ ਚੁਕੀ ਹੈ। ਮਨਜੀਤ ਆਪ ਦੇ ਨਾਲ਼ ਖਲੋਤਾ ਹੈ, ਡਰਨ ਦੀ ਲੋੜ ਨਹੀਂ। ਮੈਂ ਕਾਰ ਲੈ ਕੇ ਆਉਂਦਾ ਹਾਂ। ਆਪ ਦੋਹਾਂ ਨੂੰ ਆਪਦੇ ਘਰ ਪਹੁੰਚਾ ਦਿਆਂਗਾ। "
ਜਲਦੀ ਹੀ ਕਾਰ ਪਹੁੰਚ ਗਈ। ਕੁੜੀਆਂ ਨੇ ਇੱਕ ਦੂਜੀ ਵੱਲ ਵੇਖਿਆ। ਅੱਖਾਂ ਦੇ ਇਸ਼ਾਰਿਆਂ ਨਾਲ਼ ਹੀ ਦੋਹਾਂ ਦੀ ਰਾਇ ਮਿਲ ਗਈ ਅਤੇ ਦੋਵੇਂ ਕਾਰ ਦੀ ਪਿਛਲੀ ਸੀਟ ਤੇ ਬੈਠ ਗੱਈਆਂ। ਇੱਕ ਨੇ ਘਰ ਦਾ ਪਤਾ ਦੱਸਿਆ।
" ਮਨਜੀਤ, ਤੈਨੂੰ ਕੁੱਝ ਅੰਦਾਜ਼ਾ ਹੈ ਜਲਦੀ ਕਿਵੇਂ ਪਹੁੰਚਾਂਗੇ?" ਦੀਵਾਕਰ ਨੇ ਕਾਰ ਵਿੱਚ ਛਾਈ ਖਾਮੋਸ਼ੀ ਤੋੜਨੀ ਚਾਹੀ।
" ਹਾਂ। ਹਾਈ ਵੇ 94 ਈਸਟ, 282 ਨੌਰਥ, ਕਾਉਂਟੀ ਬੀ ਦਾ ਨਿਕਾਸ। ਘਰ ਓਥੇ ਕਿਤੇ ਹੀ ਹੋਣਾ ਚਾਹੀਦਾ ਹੈ।"
" ਦੈ'ਟਸ ਰਾਈਟ।" ਬੰਦਨੀ ਬੋਲੀ।
" ਘਰ ਪਹੁੰਚ ਗਿਆ ਜੀ।" ਮਨਜੀਤ ਨੇ ਕਾਰ ਤੋਂ ਬਾਹਰ ਆ ਦਰਵਾਜ਼ਾ ਖੋਹਲਿਆ। ਕੁੜੀਆਂ ਨੇ ਸ਼ੁਕਰੀਆ ਬੋਲ ਅਪਣੇ ਘਰ ਦਾ ਬਜ਼ਰ ਦੱਬਿਆ। ਅਧਖੜ੍ਹ ਜਿਹੀ ਗੋਰੀ ਨੇ ਦਰਵਾਜ਼ਾ ਖੋਹਲਿਆ। ਕੁੜੀਆਂ ਨੇ ਕਾਰ ਵੱਲ ਵੇਖ ਹੱਥ ਹਿਲਾਏ ਅਤੇ ਅੰਦਰ ਜਾ ਵੜੀਆਂ। ਦਰਵਾਜ਼ਾ ਬੰਦ ਹੋ ਗਿਆ। ਮੁੰਡੇ ਕਾਰ ਲੈ ਤੁਰੇ।
" ਮਨਜੀਤ ਯਾਰ, ਅਨੀਤਾ ਮੈਨੂੰ ਬਹੁਤ ਪਸੰਦ ਹੈ ਜੇ ਵਿਆਹ ਲਈ ਰਜ਼ਾਮੰਦ ਹੋ ਜਾਵੇ ਤਾਂ ਜਿੰਦਗੀ ਦਾ ਮਜ਼ਾ ਹੀ ਆ ਜਾਵੇ। ਮੈਂ ਤਾਂ ਘਰਦਿਆਂ ਦਾ ਇੰਤਜ਼ਾਰ ਵੀ ਨਾ ਕਰਾਂ। ਐਧਰ ਹੀ ਰਸਮ ਪੂਰੀ ਕਰ ਲਵਾਂ।" ਦੀਵਾਕਰ ਨੇ ਮਨ ਦੀ ਕਹੀ। ਬੋਲਾਂ ਵਿੱਚ, ਮਨਜੀਤ ਲਈ ਪਿਆਰ ਭਰੀ ਚੇਤਾਵਨੀ ਵੀ ਸੀ, ਅਨੀਤਾ ਤੋਂ ਵਿੱਥ ਰੱਖਣ ਦੀ।
" ਸਹਿਜ ਪਕੇ ਸੋ ਮੀਠਾ ਹੋਏ, ਇਹ ਸਦੀਆਂ ਤੋਂ ਚਲੀ ਆ ਰਹੀ ਸਿਆਣਪ ਹੈ। ਸਹੀ ਸਮੇ ਦਾ ਇੰਤਜ਼ਾਰ ਕਰੋ। ਅਜੇ ਜਾਣ ਪਹਿਚਾਣ ਕੁੱਝ ਘੰਟਿਆਂ ਦੀ ਹੀ ਤੇ ਹੈ।" ਮਨਜੀਤ ਦੀ ਸਲਾਹ, ਦੀਵਾਕਰ ਨੂੰ, ਦਮਦਾਰ ਲਗੀ।
" ਕੁੜੀ ਦੂਜੀ ਵੀ ਕਮਾਲ ਹੈ। ਸਾਂਵਲਾ ਰੰਗ, ਸਿਰ ਦੇ ਘਣੇ ਵਾਲ਼ ਫਬਦੇ ਨੇ। ਮੰਨਿਆਂ ਕਿ ਥੋੜ੍ਹੀ ਲੰਬਾਈ ਦੇ ਹਿਸਾਬੋਂ ਤਾਂ ਪਤਲੀ ਹੈ ਪਰ ਮੈਨੂੰ ਓਹ ਵੀ ਪਸੰਦ ਹੈ। ਮਨਜੀਤ, ਤੈਨੂੰ ਬੰਦਨੀ ਪਸੰਦ ਨਹੀਂ ਆਈ। ਤੇਰੇ ਵੱਲ ਨਿਗਾਹ ਤਾਂ ਤਿੱਖੀ ਮਾਰਦੀ ਐ।" ਦੀਵਾਕਰ ਫੇਰ ਬੋਲਿਆ।
" ਦੀਵਾਕਰ ਜੀ, ਤੁਹਾਡੇ ਸ਼ਰੀਰ ਵਿੱਚ ਕੁੱਝ ਤੱਤ ਅੱਜ ਜ਼ਿਆਦਾ ਭਖੇ ਲਗਦੇ ਨੇ। ਪ੍ਰਭੂ ਦਾ ਨਾਂਅ ਲੈ ਕੇ ਠੰਢੇ ਕਰੋ।" ਮਨਜੀਤ ਨੇ ਮਜ਼ਾਕ ਕੀਤਾ।
ਕਈ ਹਫਤੇ ਹੋਰ ਬੀਤ ਗਏ। ਅਨੀਤਾ ਅਪਣੀ ਹੋਸਟ ਨਾਲ਼ ਕੋਮੋ ਪਾਰਕ ਵਿੱਚ ਘੁੰਮ ਰਹੀ ਸੀ। ਮਨਜੀਤ, ਜੋ ਅਕਸਰ ਓਥੇ ਜੌਗਿੰਗ ਕਰਨ ਜਾਂਦਾ ਸੀ, ਆ ਟੱਕਰਿਆ। ਉਸਨੇ ਦੋਹਾਂ ਨੂੰ ਕੌਫੀ ਲਈ ਸੱਦ, ਅਪਣੇ ਨਾਲ਼ ਮੇਜ਼ ਤੇ ਬੈਠਾ ਲਿਆ। ਜਾ ਕੇ ਕੌਫੀ ਲੈ ਆਇਆ।
" ਮਨਜੀਤ, ਇਹ ਅਮੈਂਡਾ ਹੈ। ਇਹ ਮੇਰੀ ਹੋਸਟ ਹੈ। ਮੈਂ ਇਸੇ ਦੇ ਘਰ 'ਚ ਰਹਿੰਦੀ ਹਾਂ। ਬਹੁਤ ਚੰਗੀ ਔਰਤ ਹੈ। ਇਕੱਲੀ ਹੈ, ਕਾਫੀ ਦੇਰ ਤੋਂ।" ਅਨੀਤਾ ਨੇ ਅਪਣੇ ਨਾਲ਼ ਵਾਲੀ ਗੋਰੀ ਦੀ ਜਾਣ ਪਹਿਚਾਣ ਕਰਵਾਈ।
" ਹਾਏ ਅਮੈਂਡਾ। ਤੁਹਾਡੀ ਮੁਲਾਕਾਤ ਕਿਵੇਂ ਹੋਈ, ਅਨੀਤਾ ਜੀ।" ਮਨਜੀਤ ਨੇ ਪੁੱਛਿਆ।
" ਅਮੈਂਡਾ ਯੁਨੀਵਰਸਟੀ ਵਿੱਚ, ਸਾਡੇ ਡਿਪਾਰਟਮੈਂਟ ਵਿੱਚ ਹੀ ਕੰਮ ਕਰਦੀ ਹੈ। ਮੈਂ ਅਤੇ ਬੰਦਨੀ ਇਹਨਾਂ ਦੇ ਘਰ ਇਕੱਠੀਆਂ ਹੀ ਰਹਿੰਦੀਆਂ ਹਾਂ। ਇਹ ਕਾਫੀ ਸਾਲਾਂ ਤੋਂ ਬਾਹਰੋਂ ਆਏ ਵਿਦਿਆਰਥੀਆਂ ਨੂੰ ਅਪਣੇ ਘਰ 'ਚ ਥਾਂ ਦੇ ਦਿੰਦੀ ਐ। ਇਸ ਦੀ ਕਰਾਏ ਨਾਲ਼ ਮਦਦ ਹੋ ਜਾਂਦੀ ਹੈ। ਸਾਨੂੰ ਬਾਹਰ ਨਾਲ਼ੋਂ ਸਸਤੇ ਦਾਮ ਤੇ ਰਿਹਾਇਸ਼ ਮਿਲ ਜਾਂਦੀ ਹੈ।" ਅਨੀਤਾ ਨੇ ਮਨਜੀਤ ਲਈ ਕਿਸੇ ਦੂਜੇ ਸੁਆਲ ਦੀ ਕੋਈ ਗੁੰਜਾਇਸ਼ ਹੀ ਨਾ ਛੱਡੀ। ਗੱਲ ਵਿਸਥਾਰ ਨਾਲ਼ ਸਮਝਾਈ।
ਸਹਿਜੇ ਸਹਿਜੇ ਅਨੀਤਾ, ਬੰਦਨੀ, ਮਨਜੀਤ ਅਤੇ ਦੀਵਾਕਰ ਵਿੱਚ, ਆਪਸੀ ਜਾਣ ਪਹਿਚਾਣ ਵਧਦੀ ਗਈ। ਦੀਵਾਕਰ ਚੰਚਲ ਦਿਮਾਗ਼ ਦਾ ਹੋਣ ਕਾਰਨ ਕਦੇ ਕਦੇ ਛੋਟੀ ਮੋਟੀ ਵਧੀਕੀ ਵੀ ਕਰ ਜਾਂਦਾ ਕਦੇ ਅਨੀਤਾ ਨਾਲ਼ ਤੇ ਕਦੇ ਬੰਦਨੀ ਨਾਲ਼। ਗੱਲ ਹਾਸੇ ਮਜ਼ਾਕ ਵਿੱਚ ਹੀ ਟਲ਼ ਜਾਂਦੀ। ਬੰਦਨੀ ਨੂੰ ਤਾਂ ਦੀਵਾਕਰ ਵਿੱਚ ਉਸਦੇ ਮਤਲਬ ਦੀ ਕੋਈ ਖਿੱਚ ਨਾ ਲੱਭੀ ਪਰ ਉਹ ਮਨਜੀਤ ਵੱਲ ਝੁਕਾ ਜ਼ਰੂਰ ਰੱਖਣ ਲਗ ਪਈ ਜੋ ਗੱਲਾਂ ਦੀ ਨੁਹਾਰ ਚੋਂ ਮਨਜੀਤ ਨੂੰ ਨਜ਼ਰ ਵੀ ਆਉਣ ਲਗ ਪਿਆ।
ਅੱਜ ਮੂਵੀ ਵੇਖਣ ਤੋਂ ਬਾਅਦ, ਬਹੁਸੰਮਤੀ ਨਾਲ਼, ਫੈਸਲਾ ਹੋਇਆ, ਇਕੱਠੇ ਬੈਠ ਕੇ ਪੇਟ ਪੂਜਾ ਕਰਨ ਦਾ, ਦੀਵਾਕਰ ਦੇ ਅਪਾਰਟਮੈਂਟ ਵਿੱਚ। ਪੀਜ਼ਾ ਹੀ ਮੰਗਵਾਇਆ ਗਿਆ। ਦੀਵਾਕਰ ਮਨਜੀਤ ਨਾਲ æਛੁਪ ਛੁਪਾ ਕੇ ਸਲਾਹ ਕਰਨ ਵਿੱਚ ਕਾਮਯਾਬ ਹੋ ਗਿਆ, " ਮਨਜੀਤ ਅੱਜ ਵਿਆਹ ਦਾ ਮੁੱਦਾ ਅਨੀਤਾ ਦੇ ਸਾਹਮਣੇ ਰੱਖ ਦਿਆਂ? ਤੇਰਾ ਕੀ ਵਿਚਾਰ ਹੈ?"
" ਪਹਿਲਾਂ ਇਹਨਾਂ ਦੀਆਂ ਗੱਲਾਂ ਸੁਣ। ਫੇਰ ਮੈਂ ਅਨੀਤਾ ਦੇ ਘਰ ਬਾਰ ਵਾਰੇ ਗੱਲ ਬਾਤ ਕਰਨ ਤੋਂ ਬਾਅਦ ਤੈਨੂੰ ਇਸ਼ਾਰਾ ਕਰਾਂਗਾ। ਉਸ ਤੋਂ ਬਾਅਦ ਹੀ ਪੁੱਛਣਾ ਸਹੀ ਹੋਵੇਗਾ।" ਮਨਜੀਤ ਨੇ ਕਿਹਾ।
ਗਰਮ ਪੀਜਾæ ਪਹੁੰਚ ਗਿਆ। ਦੀਵਾਕਰ ਨੇ ਪੀਜਾæ ਲਿਆਉਣ ਵਾਲ਼ੇ ਦਾ ਭੁਗਤਾਨ ਕਰ ਪੀਜ਼ਾ ਟੇਬਲ ਤੇ ਸਜਾ, ਮਹਿਮਾਨਾ ਨੂੰ ਟੇਬਲ ਤੇ ਆਉੁਣ ਦਾ ਸੱਦਾ ਦਿੱਤਾ। ਮੂੰਹ ਹਿੱੱਲਣ ਲਗ ਪਏ।
" ਅਨੀਤਾ, ਤੁਸੀਂ ਅਪਣੀ ਪ੍ਰੋਫੈਸਰੀ ਛੱਡ ਕੇ ਪੜ੍ਹਨ ਲਈ ਅਮਰੀਕਾ ਆਉਣ ਦਾ ਫੈਸਲਾ ਕਿਉਂ ਕੀਤਾ? ਮੇਰੇ ਹੱਥ ਨੌਕਰੀ ਨਹੀਂ ਸੀ ਲਗੀ ਇਸ ਕਰਕੇ ਬਾਹਰ ਹੀ ਖਿਸਕ ਆਇਆ।" ਮਨਜੀਤ ਨੇ ਗੱਲ ਬਾਤ ਆਰੰਭੀ।
" ਅਸਲ ਵਿੱਚ ਮੇਰੀ, ਵੱਡੀ ਮਜਬੂਰੀ ਸੀ, ਮੇਰੀ ਤਿੰਨ ਸਾਲ ਦੀ ਧੀ। ਉਸ ਦੇ ਬਦਨ ਵਿੱਚ ਬਲੱਡ ਕੈਂਸਰ ਦੀ ਬਿਮਾਰੀ ਅਰੰਭਕ ਹਾਲਤ ਵਿੱਚ ਪਾਈ ਗਈ। ਅਮਰੀਕਾ ਵਿੱਚ ਤਾਂ ਇਲਾਜ ਹੋ ਸਕਦਾ ਹੈ। ਅਗਲੇ ਕੁੱਝ ਮਹੀਨਿਆਂ ਵਿੱਚ ਮੇਰੇ ਪਤੀ ਧੀ ਨੂੰ ਲੈ ਕੇ ਐਥੇ ਆ ਜਾਣਗੇ। ਮੇਰੀ ਹੋਸਟ ਅਮੈਂਡਾ ਵੀ ਮੇਰੀ ਬਹੁਤ ਮਦਦ ਕਰ ਰਹੀ ਹੈ। ਮੈਂ ਨੌਕਰੀ ਲੱਭਣ ਦੀ ਕੋਸ਼ਿਸ਼ ਵੀ ਕਰਦੀ ਰਹਿੰਦੀ ਹਾਂ। ਇੱਕ ਥਾਂ ਮਿਲਣ ਦੀ ਆਸ ਵੀ ਹੈ। ਵੇਖੋ ਭਗਵਾਨ ਨੂੰ ਕੀ ਮਨਜ਼ੂਰ ਹੁੰਦਾ ਹੈ।" ਬੋਲ ਕੇ ਅਨੀਤਾ ਅੱਖਾਂ ਚੋਂ ਹੰਝੂ ਡੇਗਣ ਲਗ ਪਈ। ਵਾਤਾਵਰਣ ਗੰਭੀਰ ਹੋ ਗਿਆ, ਸੁਆਦਲਾ ਨਾ ਰਿਹਾ।
" ਸੁਣਕੇ ਬਹੁਤ ਅਫਸੋਸ ਹੋਇਆ। ਸਾਡੀ ਮਦਦ ਦੀ ਲੋੜ ਪਏ ਤਾਂ ਜ਼ਰੂਰ ਦੱਸਣਾ।" ਦੀਵਾਕਰ ਵੀ ਥੋੜ੍ਹਾ ਭਾਵਕ ਹੋ ਗਿਆ।
" ਹਾਂ ਜ਼ਰੂਰ ਦੱਸਾਂਗੀ। ਮੈਨੂੰ ਅਫਸੋਸ ਹੈ ਤੁਹਾਡੀ ਅਪਣੀ ਇਛਾ ਪੂਰੀ ਨਾ ਹੋ ਸਕੀ। ਮੈਂ ਮਜਬੂਰ ਹਾਂ। ਤੇਰੀਆਂ ਗੱਲਾਂ ਤੋਂ ਮੈਨੂੰ ਇਸ਼ਾਰਾ ਤਾਂ ਮਿਲ ਰਿਹਾ ਸੀ। ਸੋਚਿਆ ਹੁਣ ਤੈਨੂੰ ਅਸਲ ਗੱਲ ਦੱਸਣੀ ਹੀ ਠੀਕ ਹੋਵੇਗੀ। ਇਹ ਦੁਖਦਾਈ ਅਕੱਥ ਕਥਾ ਬਿਆਨ ਕਰਨ ਵਿੱਚ ਹੀ ਲਾਭ ਸੀ।" ਅਨੀਤਾ ਨੇ ਦੀਵਾਕਰ ਵੱਲ ਮੂੰਹ ਘੁਮਾ ਉਸ ਨੂੰ ਜਾਣੂ ਕਰਵਾਇਆ।
" ਇਹ ਤਾਂ ਬਾਹਲ਼ੀ ਪੀੜ ਭਰੀ ਗੱਲ ਸੁਣਾਈ, ਅਨੀਤਾ ਜੀ।" ਮਨਜੀਤ ਬੋਲ ਕੇ ਥੋੜ੍ਹਾ ਰੁਕਿਆ। ਚੁੱਪ ਛਾਈ ਰਹੀ। ਵਾਤਾਵਰਣ ਬਦਲਣ ਦੇ ਇਰਾਦੇ ਨਾਲ਼ ਮਨਜੀਤ ਮੁੜ ਬੋਲਿਆ," ਬੰਦਨੀ ਤੂੰ ਵੀ ਕਿਤੇ ---? " ਮਨਜੀਤ ਨੇ ਬੰਦਨੀ ਵੱਲ ਵੇਖਿਆ।
" ਨਹੀਂ, ਮੈਂ ਅਜੇ ਸੌ ਚੋਂ ਸੌ ਪੈਸੇ ਕੁਆਰੀ ਹਾਂ। ਵਧਾਵਾਂ ਹੱਥ, ਮਨਜੀਤ? ਸਾਂਭਂੇਗਾ?" ਬੰਦਨੀ ਨੇ ਸੱਚ ਮੁੱਚ ਹੀ ਮਨਜੀਤ ਵੱਲ ਹੱਥ ਵਧਾਇਆ। ਮਨਜੀਤ ਨੇ ਹੱਥ ਘੁੱਟ ਲਿਆ। ਬੰਦਨੀ ਨੇ ਅਧੂਰੀ ਕਸ਼ਮਕਸ਼ ਨੂੰ ਅਸਲ ਰੂਪ ਵਿੱਚ ਬਦਲ ਦਿੱਤਾ।
" ਮਨਜੀਤ ਤੈਨੂੰ ਤਾਂ ਅਮਰੀਕਾ ਪੱਥ ਆ ਗਿਆ। ਨਸੀਬ ਦੀ ਸਹੀ ਕਰਵਟ ਕਦੋਂ ਆਵੇ ਭਗਵਾਨ ਜੀ ਹੀ ਜਾਣਦੇ ਨੇ। ਵੇਖ ਕਿਵੇਂ ਜੁੜੇ ਬੰਦਨੀ ਨਾਲ਼ ਸੰਜੋਗ ਤੇਰੇ! ਇਹ ਧੁਰੋਂ ਲਿਖੇ ਸੰਜੋਗਾਂ ਦੇ ਹੀ ਪ੍ਰਭਾਵ ਨੇ। ਮਨਾਂ ਦਾ ਮਿਲੜ ਦਹਿਜੇ ਹੀ ਹੋ ਗਿਆ। ਖੁਸ਼ੀ ਦੀ ਗੱਲ ਹੈ। ਵਧਾਈਆਂ।" ਦੀਵਾਕਰ ਨੇ ਕਿਹਾ।
ਸਾਰੇ ਹੱਸ ਪਏ। ਦੀਵਾਕਰ ਦੀ ਮਾਯੂਸੀ ਮੱਠੀ ਪੈ ਗਈ। ਪੀਜ਼ਾ ਅਜੇ ਬਾਕੀ ਸੀ।
--------------------------------------------------------------