ਪਾਕਿਸਤਾਨ ਯਾਤਰਾ - ਕਿਸ਼ਤ 10 (ਸਫ਼ਰਨਾਮਾ )

ਬਲਬੀਰ ਮੋਮੀ   

Email: momi.balbir@yahoo.ca
Phone: +1 905 455 3229
Cell: +1 416 949 0706
Address: 9026 Credit View Road
Brampton L6X 0E3 Ontario Canada
ਬਲਬੀਰ ਮੋਮੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸ਼ਹੀਦ ਭਗਤ ਸਿੰਘ ਚੌਕ ਲਾਹੌਰ/ਚੌਕ ਸ਼ਾਦਮਾਨ


ਇਸ ਤੋਂ ਬਾਅਦ ਇਕਬਾਲ ਕੈਸਰ ਮੈਨੂੰ ਓਸ ਚੌਕ ਤੇ ਲੈ ਗਿਆ ਜਿਸ ਥਾਂ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਦਿਤੀ ਗਈ ਸੀ। ਜੇਲ੍ਹ ਢਾਹ ਕੇ ਇਹ ਥਾਂ ਆਬਾਦੀ ਵਿਚ ਆ ਗਿਆ ਸੀ ਅਤੇ 23 ਮਾਰਚ, 2010 ਨੂੰ ਇਕ ਭਾਰੀ ਇਕੱਠ ਕਰ ਕੇ ਇਸ ਚੌਕ ਦਾ ਨਾਂ ਚੌਕ ਦਾ ਸ਼ਹੀਦ ਭਗਤ ਸਿੰਘ ਚੌਕ ਰੱਖਿਆ ਗਿਆ। ਇਕ ਪਾਸੇ ਐਂਗਲ ਆਇਰਨ ਗੱਡ ਕੇ ਲੋਹੇ ਦੇ ਸਾਈਨ ਬੋਰਡ ਉਤੇ ਸ਼ਹੀਦ ਭਗਤ ਸਿੰਘ ਚੌਕ ਲਿਖ ਦਿਤਾ। ਭਾਵੇਂ ਪਾਕਿਸਤਾਨ ਵਿਚ ਭਗਤ ਸਿੰਘ ਦੀ ਸੋਚ ਵਾਲਿਆਂ ਨੇ ਇਕ ਨਵਾਂ ਇਤਿਹਾਸ ਸਿਰਜ ਦਿਤਾ ਸੀ ਪਰ ਚੌਕ ਵਿਚ ਜਾ ਕੇ ਇਹ ਵੇਖ ਕੇ ਬੜੀ ਨਿਰਾਸਤਾ ਹੋਈ ਕਿ ਭਗਤ ਸਿੰਘ ਦੇ ਵਿਰੋਧੀ ਗਰੁੱਪ ਭਾਵ ਪਰ ਮਜ਼੍ਹਬੀ ਜਨੂਨੀਆਂ ਨੇ ਸਾਈਨ ਬੋਰਡ ਉਤੇ ਲਾਲ ਰੰਗ ਫੇਰ ਕੇ ਇਸ ਚੌਕ ਦਾ ਨਾਂ ਚੌਧਰੀ ਰਹਿਮਤ ਅਲੀ ਸ਼ਹੀਦ ਲਿਖ ਦਿਤਾ ਸੀ। ਇਹ ਉਹ ਬੰਦਾ ਸੀ ਜਿਸ ਨੇ 1938 ਵਿਚ ਪਾਕਿਸਤਾਨ ਦਾ ਨਾਅਰਾ ਲਾਇਆ ਸੀ। ਮੈਂ ਇਸ ਸਾਈਨ ਬੋਰਡ ਦੀ ਵੀ ਫੋਟੋ ਖਿਚ ਲਈ।

ਅਸੀਂ ਇਸ ਸਾਈਨ ਬੋਰਡ ਦੀਆਂ ਅਤੇ ਚੌਕ ਦੀਆਂ ਫੋਟੋਜ਼ ਖਿਚੀਆਂ ਅਤੇ ਗੁਰਦਵਾਰਾ ਡੇਰਾ ਸਾਹਿਬ ਆ ਗਏ। ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੀਆਂ ਫੋਟੋਜ਼ ਖਿਚੀਆਂ ਜੋ ਹੁਣ ਪਹਿਲਾਂ ਵੇਖੀ ਸਮਾਧ ਨਾਲੋਂ ਮੁਖਤਲਿਫ ਸੀ। ਹੁਣ ਮਹਾਰਾਜਾ ਰਣਜੀਤ ਸਿੰਘ ਦੀ ਮਿਰਤਕ ਦੇਹ ਨਾਲ ਸਤੀ ਹੋਣ ਵਾਲੀਆਂ ਰਾਣੀਆਂ ਦੇ ਛੋਟੇ ਛੋਟੇ ਗੋਲ ਨਿਸ਼ਾਨ ਚੁਕ ਦਿਤੇ ਗਏ ਸਨ। ਕਾਫੀ ਮੁਰੰਮਤ ਵਗੈਰਾ ਕੀਤੀ ਹੋਈ ਸੀ। ਫਿਰ ਗੁਰਦਵਾਰਾ ਡੇਰਾ ਸਾਹਿਬ ਮੱਥਾ ਟੇਕਿਆ ਅਤੇ ਉਸ ਥਾਂ ਦੀਆਂ ਵੀ ਫੋਟੋਜ਼ ਵੀ ਖਿਚੀਆਂ ਜਿਸ ਥਾਂ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ ਸੀ। ਪਾਕਿਸਤਾਨੀ ਸਿੱਖ ਜੋ ਗੁਰਦਵਾਰੇ ਦੀ ਸਾਂਭ ਸੰਭਾਲ ਕਰਦੇ ਹਨ, ਉਹਨਾਂ ਦਾ ਵਤੀਰਾ ਵੀ ਬਿਲਕੁਲ ਮਿਲਵਰਤਣ ਵਾਲਾ ਨਹੀਂ ਸੀ। ਮੈਂ ਇਕ ਭਾਰਤੀ ਜਾਂ ਕੈਨੇਡੀਅਨ ਸਿੱਖ ਇਥੇ ਆਇਆ ਸਾਂ, ਉਹਨਾਂ ਲਈ ਜਿਵੇਂ ਮੇਰਾ ਵਜੂਦ ਕੋਈ ਅਰਥ ਨਹੀਂ ਰਖਦਾ ਸੀ। ਗੁਰਦਵਾਰਾ ਡੇਰਾ ਸਾਹਿਬ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਅਤੇ ਬਾਕੀ ਕੰਪਲੈਕਸ ਦੀ ਫੋਟੋਗਰਾਫੀ ਕਰ ਕੇ ਵਿਹਲੇ ਹੋਏ ਤਾਂ ਇਕਬਾਲ ਇਕ ਨੌਜਵਾਨ ਪਾਕਿਸਤਾਨੀ ਸਿੱਖ ਨਾਲ ਗੱਲਾਂ ਕਰਨ ਲਗ ਪਿਆ ਜੋ ਪਾਕਿਸਤਾਨ ਦੇ ਕਿਸੇ ਟੀ ਵੀ ਚੈਨਲ ਲਈ ਕੰਮ ਕਰਦਾ ਸੀ। ਇਕਬਾਲ ਨੇ ਉਹਦੇ ਨਾਲ ਮੇਰੀ ਮੁਲਾਕਾਤ ਕਰਾਈ ਪਰ ਨਾ ਓਸ ਨੇ ਨਾ ਹੱਥ ਮਿਲਾਇਆ, ਨਾ ਸਤਿ ਸ੍ਰੀ ਅਕਾਲ ਆਖੀ ਤੇ ਨਾ ਹੀ ਇਕੋ ਧਰਮ ਨਾਲ ਸਬੰਧ ਰੱਖਣ ਕਾਰਨ ਕੋਈ ਅਪਣੱਤ ਵਿਖਾਈ। ਜਦ ਮੈਂ ਉਸ ਨੂੰ ਵਾਸ਼ਰੂਮ ਦੇ ਰਾਹ ਬਾਰੇ ਪੁਛਿਆ ਤਾਂ ਓਸ ਬੜੇ ਰੁੱਖੇ ਢੰਗ ਨਾਲ ਆਖਿਆ, "ਅਹੁ ਪਰ੍ਹਾਂ ਥੱਲੇ ਵਾਲੇ ਪਾਸੇ ਚਲਾ ਜਾ"। ਉਸ ਦਾ ਇਸ ਤਰ੍ਹਾਂ ਦਾ ਰਵਈਆ ਵੇਖ ਕੇ ਮੇਰਾ ਜੀ ਕੀਤਾ ਕਿ ਇਹਦੇ ਮੂੰਹ ਤੇ ਚਪੇੜ ਮਾਰਾਂ। ਪਿਛੋਂ ਕਿਸੇ ਨੇ ਦਸਿਆ ਕਿ ਪਾਕਿਸਤਾਨ ਦੇ ਗੁਰਦਵਾਰਿਆਂ ਵਿਚ ਕੰਮ ਕਰਨ ਵਾਲੇ ਇਹ ਕੋਈ ਸਿੱਖ ਨਹੀਂ ਹਨ, ਸਗੋਂ ਸਿੱਖੀ ਰੂਪ ਵਿਚ ਮੁਸਲਮਾਨ ਹਨ ਅਤੇ ਪਾਕਿਸਤਾਨ ਦੀ ਸੀ ਆਈ ਡੀ ਅਤੇ ਹੋਰ ਏਜੰਸੀਆਂ ਦੇ ਬੰਦੇ ਹਨ। ਜੇ ਇਹ ਗੱਲ ਮੰਨ ਵੀ ਲਈ ਜਾਵੇ ਤਾਂ ਉਹਦਾ ਇਸ ਤਰ੍ਹਾਂ ਦਾ ਰਵਈਆ ਫਿਰ ਵੀ ਨਿੰਦਣ ਯੋਗ ਸੀ। ਮੈਂ ਇਸ ਗੁਰਦਵਾਰੇ ਵਿਚ 1975 ਵਿਚ ਆਇਆ ਸਾਂ ਅਤੇ ਹੁਣ ਓਸ ਵੇਲੇ ਨਾਲੋਂ ਕਾਫੀ ਕੁਝ ਬਦਲ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੀ ਵੱਖੀ ਵਿਚ ਅਗਲੇ ਪਾਸੇ ਕੁਝ ਰਿਹਾਇਸ਼ੀ ਥਾਵਾਂ ਬਣ ਗਈਆਂ ਸਨ। ਉਹ ਬਦਤਮੀਜ਼ ਪਾਕਿਸਤਾਨੀ ਸਿੱਖ ਨੌਜਵਾਨ ਮੁੰਡਾ ਓਸ ਪਾਸੇ ਚਲਾ ਗਿਆ ਸੀ ਜਿਥੇ ਪਤਾ ਲੱਗਾ ਉਹ ਫਰੀ ਵਿਚ ਰਹਿੰਦਾ ਸੀ। ਗੁਰਦਵਾਰਾ ਸਾਹਿਬ ਤੋਂ ਵਿਹਲੇ ਹੋ ਕੇ ਬਾਹਰ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਦੇ ਗੇਟਾਂ ਦੀਆਂ ਫੋਟੋਜ਼ ਖਿਚੀਆਂ ਅਤੇ ਨਾਲ ਲਗਦੀ ਸ਼ਾਹੀ ਮਸਜਿਦ ਵਿਚ ਜਾ ਕੇ ਬਾਰਾਂ ਦਰੀ ਦੀਆਂ ਫੋਟੋਜ਼ ਵੀ ਖਿਚੀਆਂ। ਜਦ ਵਾਪਸ ਕਾਰ ਕੋਲ ਆਏ ਤਾਂ ਮੈਂ ਇਕਬਾਲ ਨੂੰ ਦਸਿਆ ਕਿ ਕਿਲੇ ਦੇ ਬੂਹੇ ਅਗੇ ਜਿਥੇ ਆਪਾਂ ਖੜ੍ਹੇ ਹਾਂ, ਮੇਰੀ ਮਸ਼ਹੂਰ ਕਹਾਣੀ "ਕੌੜੀ ਗਿਰੀ" ਇਸ ਥਾਂ ਤੋਂ ਸ਼ੁਰੂ ਹੋਈ ਸੀ। ਇਕਬਾਲ ਕਹਿਣ ਲੱਗਾ ਕਿ ਮੈਨੂੰ ਪਤਾ ਹੈ, ਮੈਂ ਉਹ ਕਹਾਣੀ ਕਈ ਵਾਰ ਪੜ੍ਹੀ ਹੈ ਅਤੇ ਇਹ ਕਹਾਣੀ ਪਾਕਿਸਤਾਨ ਵਿਚ ਕਈ ਵਾਰ ਛਪ ਚੁਕੀ ਹੈ।

ਸ਼ਾਮ ਹੋ ਰਹੀ ਸੀ ਅਤੇ ਇਕਬਾਲ ਨੂੰ ਲਾਹ ਕੇ ਅਸੀਂ ਵਾਪਸ ਗੁਲਬਰਗ ਆ ਗਏ ਜਿਥੇ ਰਾਤ ਨੂੰ ਸਾਂਝ ਪਬਲੀਕੇਸ਼ਨਜ਼ ਦੇ ਮਾਲਕ ਕਾਮਰੇਡ ਅਮਜਦ ਸਲੀਮ ਮਿਨਹਾਸ ਦੇ ਘਰ ਸ਼ਾਮ ਦੇ ਖਾਣੇ ਤੇ ਜਾਣ ਦਾ ਪਰੋਗਰਾਮ ਸੀ। ਉਹਨੇ ਸਥਾਣਕ ਪੰਜਾਬੀ ਲੇਖਕ ਸੱਦੇ ਹੋਏ ਸਨ। ਇਥੇ ਹੀ ਰਾਤ ਨੂੰ ਪਾਕਿਸਤਾਨ ਦਾ ਸ਼ਿਵ ਕੁਮਾਰ ਬਟਾਲਵੀ ਅਫਜ਼ਲ ਸਹਿਰਾ ਵੀ ਆਸਫ ਰਜਾæ ਨੂੰ ਲੈ ਕੇ ਆ ਗਿਆ। ਮੇਜ਼ਬਾਨ ਅਮਜਦ ਨੇ ਬਗੈਰ ਇਜਾਜ਼ਤ ਦੇ ਆਸਫ ਰਜ਼ਾ ਨੂੰ ਲੈ ਕੇ ਆਉਣ ਤੇ ਉਹਦੀ ਚੰਗੀ ਲਾਹ ਭਾ ਕੀਤੀ ਅਤੇ ਆਖਰ ਆਸਫ ਰਜ਼ਾ ਨੇ ਸਭ ਦੇ ਸਾਹਮਣੇ ਰਾਤ ਨੂੰ ਸੁਤਿਆਂ ਮੇਰੀ ਜੇਬ ਵਿਚੋਂ ਪਾਸਪੋਰਟ ਕਢਣ ਦੀ ਆਪਣੀ ਗਲਤੀ ਦੀ ਮੁਆਫੀ ਮੰਗੀ ਅਤੇ ਮਾਹੌਲ ਕੂਲ ਹੋ ਗਿਆ। ਅਫਜ਼ਲ ਬਹੁਤ ਜ਼ੋਰ ਦਿੰਦਾ ਰਿਹਾ ਕਿ ਮੈਂ ਉਹਦੇ ਰੇਡੀਓ ਸ਼ੋਅ ਵਿਚ ਆਵਾਂ ਜੋ ਰਾਤ ਨੂੰ ਬਾਰਾਂ ਵਜੇ ਤੋਂ ਸਵੇਰ ਦੇ ਚਾਰ ਵਜੇ ਤਕ ਚਲਦਾ ਸੀ ਤੇ ਜਿਸ ਨੂੰ ਕਰੋੜਾਂ ਲੋਕ ਦੁਨੀਆ ਵਿਚ ਸੁਣਦੇ ਹਨ ਪਰ ਮੇਰੇ ਲਈ ਰਾਤ ਦਾ ਇਹ ਸਮਾਂ ਅਢੁਕਵਾਂ ਸੀ। ਇਸ ਰਾਤ ਕਾਫੀ ਅਦਬੀ ਗੱਲਾਂ ਵੀ ਹੋਈਆਂ ਅਤੇ ਸਲੀਮ ਨੇ ਦਸਿਆ ਕਿ ਕੱਲ ਤੱਕ ਲਾਹੌਰ ਵਿਚ ਮੇਰੀ ਕਿਤਾਬ ਰੀਲੀਜ਼ ਕਰਨ ਦੀ ਡੇਟ ਪਕੀ ਹੋ ਜਾਵੇਗੀ।

ਜਾਣਾ ਨੌਲੱਖਾ ਬਾਜ਼ਾਰ (ਲੰਡਾ ਬਾਜ਼ਾਰ) ਲਾਹੌਰ


ਮੈਂ ਮੁਨੀਰ ਨੂੰ ਕਿਹਾ ਕਿ ਆਪਾਂ ਲਾਹੌਰ ਰੇਲਵੇ ਸਟੇਸ਼ਨ ਦੇ ਕੋਲ ਪੈਂਦੇ ਨੌਲੱਖਾ ਬਾਜ਼ਾਰ ਜਿਸ ਨੂੰ ਲੰਡਾ ਬਾਜ਼ਾਰ ਵੀ ਕਹਿੰਦੇ ਹਨ। ਪਾਕਿਸਤਾਨ ਬਨਣ ਤੋਂ ਪਹਿਲਾਂ ਇਹ ਬੜਾ ਭੀੜਾ ਬਾਜ਼ਾਰ ਸੀ ਅਤੇ ਹੁਣ ਹੋਰ ਵੀ ਭੀੜਾ ਹੋ ਗਿਆ ਹੈ, ਓਥੇ ਚੱਲੀਏ ਅਤੇ ਸ਼ਹੀਦ ਸਿੰਘਣੀਆਂ ਅਤੇ ਭਾਈ ਤਾਰੂ ਸਿੰਘ ਦੀ ਸਮਾਧ ਦੇ ਦਰਸ਼ਨ ਕਰ ਆਈਏ। ਬਚਪਨ ਵਿਚ ਮੈਂ ਬਹੁਤ ਵਾਰ ਆਪਣੇ ਬਾਪੂ ਜਾਂ ਮਾਂ ਨਾਲ ਏਥੇ ਆਇਆ ਕਰਦਾ ਸਾਂ। ਇਥੇ ਸਵਾ ਸਵਾ ਮਨ ਦੇ ਗੋਲੇ ਅਤੇ ਤਸੀਹੇ ਦੇਣ ਵਾਲੇ ਹੋਰ ਹਥਿਆਰ ਪਏ ਹੁੰਦੇ ਸਨ ਜਿਨ੍ਹਾਂ ਨਾਲ ਬਹਾਦਰ ਸਿੰਘਣੀਆਂ ਅਤੇ ਉਹਨਾਂ ਦੇ ਬੱਚਿਆਂ ਨੂੰ ਮਾਰ ਮਾਰ  ਕੇ ਇਕ ਖੂਹ ਵਿਚ ਸੁਟ ਦਿਤਾ ਜਾਂਦਾ ਸੀ। ਗੁਰਦਵਾਰੇ ਦੀ ਥਾਂ ਬੜੀ ਖੁਲ੍ਹੀ ਹੁੰਦੀ ਸੀ ਜਿਥੇ ਇਕ ਪਾਸੇ ਉਪਰ ਚਾਨਣੀ ਤਾਣੀ ਹੁੰਦੀ ਅਤੇ ਥਲੇ ਅਸੀਂ ਦਰੀਆਂ ਤੇ ਸੁਟੀ ਪਰਾਲੀ ਤੇ ਹੀ ਸੌਂ ਜਾਂਦੇ ਹੁੰਦੇ ਸਾਂ। ਪਿਛਲੇ ਪਾਸੇ ਲੰਗਰ ਲਈ ਬੜੀ ਖੁਲ੍ਹੀ ਥਾਂ ਸੀ ਇਸ ਥਾਂ ਦਾ ਮੁਸਲਮਾਨਾਂ ਨਾਲ ਝਗੜਾ ਵੀ ਚਲਦਾ ਸੀ। ਕਈ ਵਾਰ ਫਸਾਦ ਵੀ ਹੋਏ ਸਨ। ਅੱਲਾ ਹੂ ਅਕਬਰ ਦੇ ਨਾਅਰੇ ਤਾਂ ਮੈਂ ਕਈ ਵਾਰ ਸੁਣੇ ਸਨ। ਪਾਕਿਸਤਾਨ ਬਨਣ ਤੋਂ ਬਾਅਦ ਮੈਂ ਇਕ ਵਾਰ 1961 ਵਿਚ ਏਥੇ ਆਇਆ ਤਾਂ ਇਥੇ 1947 ਤੋਂ ਪਹਿਲਾਂ ਵਾਲਾ ਕੁਝ ਵੀ ਨਹੀਂ ਸੀ। ਦੋ ਸਿਪਾਹੀ ਖੜ੍ਹੇ ਸਿਗਰਟਾਂ ਪੀ ਰਹੇ ਸਨ। ਮੈਨੂੰ ਵੇਖ ਕੇ ਉਹਨਾਂ ਨੇ ਸਿਗਰਟਾਂ ਬੁਝਾ ਦਿਤੀਆਂ ਸਨ। ਜਦ ਮੈਂ ਉਹਨਾਂ ਨੂੰ ਪੁਛਿਆ ਕਿ ਇਥੇ ਸਿੱਖ ਬੀਬੀਆਂ ਨੂੰ ਤਸੀਹੇ ਦੇਣ ਵਾਲਾ ਬਹੁਤ ਕੁਝ ਪਿਆ ਹੁੰਦਾ ਸੀ ਅਤੇ ਲਾਸ਼ਾਂ ਸੁਟਣ ਲਈ ਇਕ ਖੂਹ ਸੀ, ਸਭ ਕਿਧਰ ਗਿਆ ਤਾਂ ਉਹਨਾਂ ਦਾ ਜਵਾਬ ਸੀ ਕਿ ਸਾਨੂੰ ਤਾਂ ਸਰਦਾਰ ਸਾਹਿਬ ਕੁਝ ਪਤਾ ਨਹੀਂ। ਅਸੀਂ ਤਾਂ ਇਸ ਥਾਂ ਨੂੰ ਇੰਜ ਹੀ ਵੇਖਿਆ ਹੈ। ਦਸਦੇ ਹਨ ਕਿ ਸੈਂਕੜੇ ਸਾਲ ਪਹਿਲਾਂ ਇਥੇ ਬਹੁਤ ਸਿੰਘਾਂ, ਸਿੰਘਣੀਆਂ ਅਤੇ ਉਹਨਾਂ ਦੇ ਬੱਚਿਆਂ ਨੂੰ ਕੋਹ ਕੋਹ ਕੇ ਮਾਰ ਉਹਨਾਂ ਦੀਆਂ ਲਾਸ਼ਾਂ ਨੂੰ ਖੂਹ ਵਿਚ ਸੁੱਟ ਦਿਤਾ ਜਾਂਦਾ ਸੀ। ਹੁਣ ਉਹ ਖੂਹ ਪੂਰ ਦਿਤਾ ਗਿਆ ਸੀ। ਪਰ ਅਜ ਜਦ ਮੈਂ ਪੰਜਾਹ ਸਾਲ ਬਾਅਦ 24 ਮਾਰਚ, 2010 ਨੂੰ ਲਾਹੌਰ ਵਿਚ ਇਸ ਥਾਂ ਤੇ ਖੜ੍ਹਾ ਸਾਂ ਤਾਂ ਬਹੁਤ ਕੁਝ ਬਦਲ ਚੁਕਾ ਸੀ। ਇੰਗਲੈਂਡ ਦੀਆਂ ਸੰਗਤਾਂ ਨੇ ਇਥੇ ਇਕ ਸ਼ਾਨਦਾਰ ਗੁਰਦਵਾਰੇ ਦੀ ਇਮਾਰਤ ਖੜ੍ਹੀ ਕਰ ਦਿਤੀ ਸੀ। ਇਕ ਬਹੁਤ ਡੂੰਘਾ ਪੱਕਾ ਖੂਹ ਵੀ ਬਣਾ ਦਿਤਾ ਸੀ। ਇਕ ਪਾਸੇ ਸੇਵਾਦਾਰਾਂ ਲਈ ਕਮਰੇ ਵੀ ਬਣਾ ਦਿਤੇ ਸਨ ਅਤੇ ਕੁਝ ਥਾਂ ਲੰਗਰ ਲਈ ਵੀ ਬਣੀ ਹੋਈ ਸੀ। ਖੈਰ ਮੈਂ ਏਥੇ ਗੁਰਦਾਵਰੇ ਦੇ ਅੰਦਰ ਜਾ ਕੇ ਮੱਥਾ ਟੇਕਿਆ। ਮਹਾਰਾਜ ਦੀ ਦੇਹ ਦੇ ਖਬੇ ਪਾਸੇ ਹਾਰਮੋਨੀਅਮ ਅਤੇ ਤਬਲਾ ਵੀ ਪਿਆ ਸੀ ਜਿਸ ਦਾ ਮਤਲਬ ਸੀ ਕਿ ਏਥੇ ਕੀਰਤਨ ਵੀ ਹੁੰਦਾ ਸੀ। ਨਵੇਂ ਬਣੇ ਗੁਰਦਵਾਰੇ ਦਾ ਮਾਡਲ ਵੀ ਬਣਾ ਕੇ ਰਖਿਆ ਹੋਇਆ ਸੀ। ਮੈਂ ਦੋਵੇਂ ਸੇਵਾਦਾਰਾਂ ਪਾਕਿਸਤਾਨੀ ਸਿੱਖ ਮੁੰਡੇ ਅਤੇ ਆਜ਼ਾਦ ਕਸ਼ਮੀਰ ਦੇ ਮੁਸਲਮਾਨ ਮੁੰਡੇ ਨੂੰ ਪੁਛਿਆ ਕਿ ਏਥੇ ਨਾਲ ਹੀ ਇਕ ਭੀੜੀ ਗਲੀ ਵਿਚ ਭਾਈ ਤਾਰੂ ਸਿੰਘ ਦੀ ਸਮਾਧ ਵੀ ਹੁੰਦੀ ਸੀ। ਮੈਂ ਇਥੋਂ ਦੀਆਂ ਫੋਟੋਜ਼ ਖਿਚ ਲਵਾਂ, ਫਿਰ ਮੈਂ ਉਹ ਸਮਾਧ ਵੀ ਵੇਖਣਾ ਚਾਹਾਂਗਾ।

ਗੁਰਦਵਾਰਾ ਸ਼ਹੀਦ ਗੰਜ ਵਿਚ ਰਹਿੰਦੇ ਮੁੰਡਿਆਂ ਨੇ ਲੰਗਰ ਛਕਣ ਲਈ ਬੜਾ ਜ਼ੋਰ ਲਾਇਆ ਪਰ ਭੁੱਖ ਨਾ ਹੋਣ ਕਾਰਨ ਮੈਂ ਨਾਂਹ ਕਰ ਦਿਤੀ। ਬਹੁਤ ਭੀੜ ਵਿਚੋਂ ਲੰਘ ਕੇ ਉਹ ਮੈਨੂੰ ਭਾਈ ਤਾਰੂ ਸਿੰਘ ਦੀ ਸਮਾਧ ਵਾਲੀ ਗਲੀ ਵਿਚ ਲੈ ਗਏ। ਗੁਰਦਵਾਰਾ ਸ਼ਹੀਦ ਸਿੰਘਣੀਆਂ ਤੋਂ ਇਹ ਥਾਂ ਕੋਈ ਬਹੁਤੀ ਦੂਰ ਨਹੀਂ ਸੀ ਪਰ ਲੋਕਾਂ ਦੀ ਭੀੜ ਅਤੇ ਨਿਕੀਆਂ ਨਿਕੀਆਂ ਬਹੁਤ ਸਾਰੀਆਂ ਦੁਕਾਨਾਂ ਹੋਣ ਕਾਰਨ ਗਲੀ ਤਕ ਪਹੁੰਚਣਾ ਮੁਸ਼ਕਲ ਹੋ ਰਿਹਾ ਸੀ। ਜੇ ਇਹ ਕਹਿ ਦਿਤਾ ਜਾਵੇ ਕਿ ਭਾਈ ਤਾਰੂ ਸਿੰਘ ਦੀ ਸਮਾਧ ਨੂੰ ਜਾਂਦੀ ਗਲੀ ਰੋਕ ਹੀ ਦਿਤੀ ਗਈ ਸੀ ਤਾਂ ਇਹ ਅਤਿਕਥਣੀ ਨਹੀਂ ਹੋਵੇਗੀ। ਖੈਰ ਔਖੇ ਸੌਖੇ ਹੋ ਕੇ ਮੈਂ, ਮੁਨੀਰ ਅਤੇ ਦੋਵੇਂ ਸੇਵਾਦਾਰ ਓਥੇ ਪਹੁੰਚ ਗਏ। ਇਹ ਵੇਖ ਕੇ ਬੜੀ ਨਿਰਾਸਤਾ ਹੋਈ ਕਿ ਭਾਈ ਤਾਰੂ ਸਿੰਘ ਦੀ ਸਮਾਧ ਅਤੇ ਨਾਲ ਲਗਦੇ ਬੰਦ ਕਮਰਿਆਂ ਦੀ ਹਾਲਤ ਬੜੀ ਮਾੜੀ ਸੀ। ਸਾਫ ਲਗਦਾ ਸੀ ਕਿ ਨਾਲ ਬਣੀਆਂ ਕੁਝ ਮਸਜਿਦਾਂ ਹੋ ਸਕਦਾ ਹੈ ਭਾਈ ਤਾਰੂ ਸਿੰਘ ਦੇ ਗੁਰਦਵਾਰੇ ਦੀ ਜਾਇਦਾਦ ਵਿਚੋਂ ਹੋਣ ਪਰ ਇਸ ਵੇਲੇ ਤਾਂ ਉਹ ਮਸੀਤਾਂ ਦੀ ਸ਼ਕਲ ਅਖਤਿਆਰ ਕਰ ਗਈਆਂ ਸਨ। ਮੈਂ ਇਥੇ ਕਾਫੀ ਫੋਟੋ ਖਿਚੀਆਂ। ਠੀਕ ਹੈ ਪੁਰਾਣੀ ਇਤਿਹਾਸਿਕ ਯਾਦਗਾਰ ਬਣੀ ਹੋਈ ਸੀ ਪਰ ਹਾਲਤ ਮਾੜੀ ਸੀ। ਥਾਂ ਥਾਂ ਜਾਨਵਰਾਂ ਦੀਆਂ ਬਿੱਠਾਂ ਪਈਆਂ ਸਨ ਜੋ ਕਦੇ ਸਾਫ ਨਹੀਂ ਕੀਤੀਆਂ ਗਈਆਂ। ਨਿਰਾਸ ਜਹੇ ਮਨ ਨਾਲ ਅਸੀਂ ਬਾਹਰ ਆ ਗਏ ਅਤੇ ਵਾਪਸ ਸ਼ਹੀਦ ਸਿੰਘਣੀਆਂ ਦੇ ਗੁਰਦਵਾਰੇ ਜਾਣ ਦੀ ਬਜਾਏ ਭੀੜੇ ਲੰਡਾ ਬਾਜ਼ਾਰ ਜਾਂ ਨੌਲੱਖਾ ਬਾਜ਼ਾਰ ਵਿਚ ਕਾਫੀ ਫੋਟੋ ਖਿੱਚੀਆਂ ਜੋ ਲਾਹੌਰ ਦੀ ਅਜ ਦੀ ਇਸਲਾਮੀ ਕਲਚਰ ਦੀ ਤਰਜਮਾਨੀ ਕਰਦੀਆਂ ਸਨ। ਮੈਨੂੰ ਬਾਰ ਬਾਰ ਯਾਦ ਆ ਰਿਹਾ ਸੀ ਕਿ ਪਾਕਿਸਤਾਨ ਬਨਣ ਤੋਂ ਪਹਿਲਾਂ ਵੀ ਇਸ ਬਾਜ਼ਾਰ ਵਿਚ ਬਹੁਤ ਭੀੜ ਹੁੰਦੀ ਸੀ ਅਤੇ ਹੁਣ ਆਬਾਦੀ ਵਧਣ ਨਾਲ ਭੀੜ ਹੋਰ ਵਧ ਗਈ ਸੀ। ਬਚਪਨ ਵਿਚ ਵੀ ਜਦ ਮੈਂ ਆਪਣੇ ਮਾਪਿਆਂ ਨਾਲ ਲਾਹੌਰ ਦੇ ਵਡੇ ਸਟੇਸ਼ਨ ਤੋਂ ਏਸ ਬਾਜ਼ਾਰ ਵਿਚ ਤੁਰ ਕੇ ਗੁਰਦਵਾਰੇ ਆਇਆ ਕਰਦਾ ਸਾਂ। ਇਹ ਥਾਂ ਮੇਰੀਆਂ ਯਾਦਾਂ ਵਿਚ ਖੁਭੀ ਹੋਈ ਸੀ ਜੋ ਅਜ ਤਕ ਵੀ ਨਹੀਂ ਨਿਕਲੀ ਸੀ। ਸਟੇਸ਼ਨ ਤੋਂ ਬਾਹਰ ਆ ਕੇ ਇਸ ਬਾਜ਼ਾਰ ਵਿਚ ਦਾਖਲ ਹੋਣ ਤੋਂ ਪਹਿਲਾਂ ਨੁੱਕਰ ਤੇ ਇਕ ਬਹੁਤ ਵਡੀ ਫਲਾਂ ਦੀ ਦੁਕਾਨ ਹੁੰਦੀ ਸੀ ਜੋ 1961-62 ਵਿਚ ਤਾਂ ਕਾਇਮ ਸੀ ਪਰ ਹੁਣ ਨਹੀਂ ਸੀ। ਸ਼ਾਇਦ ਨੁਕਰ ਤੇ ਬਣਿਆ ਨੌਲੱਖਾ ਸਿਨਮਾ ਜਿਥੇ 1961 ਵਿਚ ਮੈਂ ਨਵਾਜ਼ ਨਾਲ ਇਕ ਪੰਜਾਬੀ ਪਿਕਚਰ ਵੇਖੀ ਸੀ, ਉਹ ਵੀ ਹੁਣ ਦਿਸ ਨਹੀਂ ਰਿਹਾ ਸੀ। ਵਾਪਸ ਲਾਹੌਰ ਰੇਲਵੇ ਸਟੇਸ਼ਨ ਤੋਂ ਲੰਘਦਿਆਂ ਮੈਂ ਬਾਹਰ ਨੁਮਾਇਸ਼ ਲਈ ਰੱਖੇ ਬਹੁਤ ਪੁਰਾਣੇ ਰੇਲਵੇ ਇੰਜਣ ਦੀਆਂ ਫੋਟੋ ਖਿਚੀਆਂ ਅਤੇ ਕੁਝ ਫੋਟੋ ਲਾਹੌਰ ਰੇਲਵੇ ਸਟੇਸ਼ਨ ਦੀਆਂ ਵੀ ਖਿਚੀਆਂ ਅਤੇ ਵਾਪਸ ਆਪਣੀ ਗੱਡੀ ਕੋਲ ਆ ਗਏ। ਮਨ ਵਿਚ ਇਕ ਹਸਰਤ ਨੇ ਜਨਮ ਲਿਆ ਕਿ ਇਸ ਸਟੇਸ਼ਨ ਨਾਲ ਮੇਰਾ ਬਚਪਣ ਕਿੰਨਾ ਜ਼ਿਆਦਾ ਜੁੜਿਆ ਹੋਇਆ ਸੀ ਅਤੇ ਅਜ ਮੈਂ 1975 ਤੋਂ ਬਾਅਦ ਪੂਰੇ 35 ਸਲਾਂ ਬਾਅਦ ਲਾਹੌਰ ਆਇਆ ਸਾਂ। ਸ਼ਾਇਦ ਲਾਹੌਰ ਦੀ ਇਹ ਮੇਰੀ ਆਖਰੀ ਫੇਰੀ ਸੀ। ਹੋ ਸਕਦਾ ਹੈ ਕਿ ਮੈਂ ਦੋਬਾਰਾ ਪਾਕਿਸਤਾਨ ਨਾ ਆ ਸਕਾਂ। ਮਨ ਹਸਰਤਾਂ ਨਾਲ ਭਰਦਾ ਜਾ ਰਿਹਾ ਸੀ ਅਤੇ ਸ਼ਾਮ ਵੀ ਪੈਣੀ ਸ਼ੁਰੂ ਹੋ ਗਈ ਸੀ।

ਮੈਂ ਮੁਨੀਰ ਨੂੰ ਕਿਹਾ ਕਿ ਮੈਂ ਕੁਝ ਡਰਾਈ ਫਰੂਟ ਜਿਵੇਂ ਨਿਓਜ਼ੇ, ਬਾਦਾਮ, ਸੌਗੀ, ਛੁਹਾਰੇ ਆਦਿਖਰੀਦ ਕੇ ਪਾਕਿਸਤਾਨ ਦੀ ਸੌਗਾਤ ਵਜੋਂ ਨਾਲ ਲੈ ਕੇ ਜਾਣਾ ਚਹੁੰਦਾ ਹਾਂ। ਇਸਲਾਮਾਬਾਦ ਤਾਂ ਨੇਜ਼ੇ ਬਹੁਤ ਮਹਿੰਗੇ ਸਨ ਮਤਲਬ ਦੋ ਹਜ਼ਾਰ ਰੁਪੈ ਕਿੱਲੋ ਸਨ। ਮਹਿੰਗੇ ਹੋਣ ਦਾ ਕਾਰਨ ਜਿਥੋਂ ਇਹ ਡਰਾਈ ਫਰੂਟ ਆਉਂਦਾ ਸੀ, ਉਹ ਇਲਾਕਾ ਗੜਬੜ ਵਾਲਾ ਹੋਣ ਕਾਰਨ ਓਧਰੋਂ ਡਰਾਈ ਫਰੂਟ ਆਉਣੋਂ ਬਹੁਤ ਘਟ ਗਿਆ ਸੀ। ਇਸ ਲਈ ਨਿਓਜ਼ਿਆਂ ਦਾ ਭਾਅ ਦੋ ਹਜ਼ਾਰ ਰੁਪੈ ਕਿੱਲੋ ਸੀ ਜੋ ਕਿ ਬਹੁਤ ਜ਼ਿਆਦਾ ਸੀ। ਮੁਨੀਰ ਕਹਿਣ ਲੱਗਾ ਕਿ ਜਿਸ ਪਾਸੇ ਆਪਾਂ ਗਏ ਸਾਂ, ਨਿਓਜ਼ਿਆਂ ਅਤੇ ਡਰਾਈ ਫਰੂਟ ਦੀ ਦੁਕਾਨਾਂ ਤਾਂ ਓਸ ਪਾਸੇ ਸਨ ਅਤੇ ਜੇ ਤੁਸੀਂ ਓਦੋਂ ਯਾਦ ਕਰਾ ਦੇਂਦੇ ਤਾਂ ਵਡਾ ਚੱਕਰ ਬਚ ਜਾਣਾ ਸੀ। ਓਥੇ ਜਾਣ ਤੇ ਕਾਫੀ ਵਕਤ ਲਗ ਜਾਵੇਗਾ। ਮੈਂ ਕਿਹਾ ਮੁਨੀਰ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਸੀ ਪਰ ਜਿਵੇਂ ਵੀ ਹੈ, ਆਪਾਂ ਨੂੰ ਜਾਣਾ ਪੈਣਾ ਹੈ ਕਿਉਂਕਿ ਵਕਤ ਘਟਦਾ ਜਾ ਰਿਹਾ ਹੈ। 27 ਮਾਰਚ ਨੂੰ ਕਿਤਾਬ ਰੀਲੀਜ਼ ਹੋ ਜਾਣੀ ਹੈ ਅਤੇ ਮੈਂ 28 ਮਾਰਚ ਨੂੰ ਪਾਕਿਸਤਾਨ ਵਿਚੋਂ ਚਲੇ ਜਾਣਾ ਹੈ। ਮੁਨੀਰ ਜਿਸ ਦੀ ਡਰਾਈਵਰੀ, ਇਮਾਨਦਾਰੀ, ਮੁਹਬੱਤ ਅਤੇ ਸੇਵਾ ਨੂੰ ਮੈਂ ਕਦੇ ਭੁੱਲ ਨਹੀਂ ਸਕਦਾ, ਨੇ ਅਗਲੀ ਗੱਲ ਕਹਿਣ ਤੋਂ ਪਹਿਲਾਂ ਗੱਡੀ ਲਾਹੌਰ ਦੇ ਭੀੜ ਭੜੱਕੇ ਵਿਚ ਫਿਰ ਓਸ ਪਾਸੇ ਮੋੜ ਲਈ ਜਿਥੇ ਲਾਹੌਰ ਵਿਚ ਡਰਾਈ ਫਰੂਟ ਦੀਆਂ ਦੁਕਾਨਾਂ ਸਨ। ਵਕਤ ਤਾਂ ਬਹੁਤ ਲੱਗਾ ਅਤੇ ਹਨੇਰਾ ਵੀ ਹੋ ਗਿਆ ਪਰ ਮੁਨੀਰ ਨੇ ਡਰਾਈ ਫਰੂਟ ਦੀ ਮੰਡੀ ਦੀਆਂ ਦੁਕਾਨਾਂ ਜਾ ਹੀ ਲਭੀਆਂ। ਨਾਲ ਨਾਲ ਕਈ ਦੁਕਾਨਾਂ ਸਨ। ਮੈਂ ਮੁਨੀਰ ਨੂੰ ਕਿਹਾ ਕਿ ਮੈਂ ਤਾਂ ਗੱਡੀ ਵਿਚ ਹੀ ਬੈਠਾਂਗਾ ਤੇ ਤੂੰ ਜਾ ਕੇ ਕੁਝ ਦੁਕਾਨਾਂ ਤੋਂ ਭਾਅ ਦਾ ਪਤਾ ਕਰ ਕੇ ਆ। ਉਹਨੇ ਦਸ ਮਿੰਟਾਂ ਵਿਚ ਸਾਰੀ ਰਿਪੋਰਟ ਲੈ ਆਂਦੀ ਕਿ ਨੇਜ਼ੇ ਦੋ ਹਜ਼ਾਰ ਰੁਪੈ ਕਿੱਲੋ ਤੋਂ ਘੱਟ ਨਹੀਂ ਹਨ। ਬਾਕੀ ਫਰੂਟ ਦੇ ਭਾਅ ਵੀ ਲੈ ਆਇਆ। ਮੈਂ ਓਸ ਨੂੰ ਕਿਹਾ ਕਿ ਕਿੱਲੋ ਕਿੱਲੋ ਨੇਜ਼ੇ, ਸੌਗੀ, ਛੁਹਾਰੇ, ਗਿਰੀਆਂ ਵਗੈਰਾ ਲੈ ਲਾ ਤੇ ਵੇਖ ਲਵੀਂ ਕਿ ਨੇਜ਼ੇ ਵਿਚੋਂ ਖਾਲੀ ਜਾਂ ਸੜੇ ਨਾ ਹੋਣ। ਉਹ ਮੁਠ ਭਰ ਕੇ ਕਈ ਨਮੂਨੇ ਲੈ ਆਇਆ ਤੇ ਦੁਕਾਨਦਾਰਾਂ ਨੇ ਵੀ ਮੈਨੂੰ ਗੱਡੀ ਵਿਚ ਬੈਠੇ ਨੂੰ ਵੇਖ ਲਿਆ ਅਤੇ ਉਹਨਾਂ ਦੇ ਕਾਰਿੰਦੇ ਹੋਰ ਨਮੂਨੇ ਲੈ ਕੇ ਆ ਗਏ। ਨਮੂਨੇ ਸਭ ਬਿਹਤਰ ਸਨ ਅਤੇ ਅਸੀਂ ਪੰਜ ਛੇ ਹਜ਼ਾਰ ਰੁਪੈ ਦਾ ਡਰਾਈ ਫਰੂਟ ਖਰੀਦ ਲਿਆ ਪਰ ਸਾਰੇ ਡਰਾਈ ਫਰੂਟ ਦੇ ਦੋ ਦੋ ਪੈਕਟ ਬਣਵਾ ਲਏ ਕਿਉਂਕਿ ਹਰ ਡਰਾਈ ਫਰੂਟ ਦਾ ਇਕ ਇਕ ਪੈਕਟ ਮੈਂ ਅੰਮ੍ਰਿਤਸਰ ਆਪਣੇ ਰਿਸ਼ਤੇਦਾਰਾਂ ਨੂੰ ਗਿਫਟ ਕਰਨਾ ਸੀ।

ਜਦ ਵਾਪਸ ਗੁਲਬਰਗ ਪਹੁੰਚੇ ਤਾਂ ਰਾਤ ਵੀ ਕਾਫੀ ਹੋ ਗਈ ਸੀ ਅਤੇ ਥਕ ਵੀ ਕਾਫੀ ਗਏ ਸਾਂ। ਚੌਧਰੀ ਮੁਹੰਮਦ ਨਵਾਜ਼ ਦਾ ਇਕ ਵਕੀਲ ਦੋਸਤ ਕੰਵਰ ਮੁਹੰਮਦ ਇਦਰੀਸ ਖਾਂ ਮੁਲਤਾਨ ਤੋਂ ਆਇਆ ਹੋਇਆ ਸੀ। ਉਹ ਐਂਟੀ ਟੀ ਬੀ ਐਸੋਸੀਏਸ਼ਨ ਪਾਕਿਸਤਾਨ ਦਾ ਸੈਕਰਟਰੀ ਸੀ ਤੇ ਵੰਡ ਵੇਲੇ ਜ਼ਿਲਾ ਗੁੜਗਾਉਂ ਤੋਂ ਉਜੜ ਕੇ ਪਾਕਿਸਤਾਨ ਚਲਾ ਗਿਆ ਸੀ। ਏਧਰ ਹਿੰਦੋਸਤਾਨ ਵਿਚ ਉਹਦੀ ਕਾਫੀ ਜ਼ਮੀਨ ਸੀ ਅਤੇ ਉਸ ਦੇ ਬਦਲੇ ਉਹਨੂੰ ਪਾਕਿਸਤਾਨ ਵਿਚ ਪੂਰੀ ਜ਼ਮੀਨ ਅਲਾਟ ਨਹੀਂ ਸੀ ਹੋਈ। ਪਿਛੇ ਛਡੀ ਜ਼ਮੀਨ ਦੇ ਕਲੇਮਾਂ ਦੇ ਉਸ ਦੇ ਕਈ ਮੁਕਦਮੇ ਪਾਕਿਸਤਾਨ ਦੀਆਂ ਕੋਰਟਾਂ ਵਿਚ ਚਲਦੇ ਸਨ। ਖੁਦ ਨਾਮਵਰ ਵਕੀਲ ਹੋਣ ਕਰ ਕੇ ਉਹ ਕਈ ਮੁਕਦਮੇ ਜਿੱਤੀ ਜਾਂਦਾ ਸੀ ਅਤੇ ਹੋਰ ਜ਼ਮੀਨਾਂ ਵੀ ਖਰੀਦੀ ਜਾਂਦਾ ਸੀ। ਉਹ ਮੈਨੂੰ ਮਿਲ ਕੇ ਬਹੁਤ ਖੁਸ਼ ਹੋਇਆ ਅਤੇ ਦੱਸਣ ਲੱਗਾ ਉਹ ਕਈ ਵਾਰ ਹਿੰਦੋਸਤਾਨ ਗਿਆ ਸੀ ਅਤੇ ਆਪਣੇ ਘਰ ਅਤੇ ਜਮæੀਨਾਂ ਵੇਖ ਕੇ ਆਇਆ ਸੀ। ਜਦ ਮੈਂ ਉਸ ਨੂੰ ਆਪਣੀ ਸ਼ਾਹਮੁਖੀ ਵਿਚ ਛਪੀ ਸਵੈ ਜੀਵਨੀ ਕਿਹੋ ਜਿਹਾ ਸੀ ਜੀਵਨ ਦਿਤੀ ਤਾਂ ਉਹ ਵੰਡ ਵੇਲੇ ਦਾ ਚੈਪਟਰ ਪੜ੍ਹ ਕੇ ਰੋ ਪਿਆ ਅਤੇ ਮੈਨੂੰ ਘੁੱਟ ਕੇ ਜਫੀ ਪਾ ਲਈ। ਉਮਰ ਵਿਚ ਉਹ ਮੇਰੇ ਨਾਲੋਂ ਥੋੜ੍ਹਾ ਵਡਾ ਸੀ। ਮੁਨੀਰ ਸਾਡੇ ਦੋਹਾਂ ਲਈ ਰਾਤ ਦੇ ਖਾਣੇ ਦਾ ਇੰਤਜ਼ਾਮ ਕਰਨ ਲੱਗ ਪਿਆ। ਚੌਧਰੀ ਮੁਹਮੰਦ ਨਵਾਜ਼ ਰੋਜ਼ ਵਾਂਗ ਮਹਿਫਲ ਸਜਾਉਣ ਅਤੇ ਸਾਨੂੰ ਖਾਣਾ ਖਵਾਉਣ ਤੋਂ ਬਾਅਦ ਰਾਤ ਪੈਣ ਤੇ ਕਸੂਰ ਤੋਂ ਅਗੇ ਬਾਰਡਰ ਤੇ ਪੈਂਦੇ ਆਪਣੇ ਪਿੰਡ ਬੁਰਜ ਕਲਾਂ ਨੂੰ ਚਲੇ ਗਏ ਸਨ। 

----ਚਲਦਾ----