ਰਾਹਾਂ ਉਤੇ ਧੂੜ ਪਈ ਉੱਡੇ
ਵਿੱਚ ਦਰਵਾਜ਼ੇ ਮੈਂ ਖੜੀ ਹਾ
ਨੀਝ ਲਾਕੇ ਦੇਖ ਰਹੀਂ ਹਾਂ
ਖਾਥਾਂ ਦੇ ਨਾਲ ਖੇਡ ਰਹੀਂ ਹਾਂ ।
ਪਿੱਛੇ ਮੁੜਕੇ ਵਿਹੜਾ ਤੱਕਾਂ
ਚੁੱਪ ਦੇ ਰੁਖ ਦੀ ਛਾਂ ਹੈ ਗੂੜੀ
ਟੁੱਟੇ ਵਾਣ ਦੀ ਮੰਜੀ ਡਾਹ ਕੇ
ਸਮੇਂ ਨੂੰ ਸੁੱਤਾ ਦੇਖ ਰਹੀਂ ਹਾਂ ।
ਗਵਾਂਡ ਮੇਰੇ ਦਾ ਬੂਹਾ ਖੜਕੇ
ਸੁਣ ਕੇ ਮੇਰਾ ਅੰਦਰ ਧੜਕੇ
ਜਿੰਦਗੀ ਦੇ ਚੌੰਕੇ ਵਿੱਚ ਬਹਿਕੇ
ਬੁਝਿਆ ਚੁੱਲਾ ਸੇਕ ਰਹੀਂ ਹਾਂ ।
ਨਿੱਘੀ ਧੁੱਪ ਤਾਂ ਛੱਤ 'ਤੇ ਖੇਡੇ
ਅੰਦਰ ਘਰ ਦੇ ਠੰਡੀਆਂ ਕੰਧਾਂ
ਠੰਡ ਦੇ ਮਾਰੇ ਖਾਬਾਂ ਦੇ ਲਈ
ਧੁੱਪਾਂ ਨੂੰ ਮੈਂ ਵੇਚ ਰਹੀਂ ਹਾਂ ।
ਜੁੜਦੀ ਵੀ ਏ ਟੁਟਦੀ ਵੀ ਏ
ਖੇਡ ਕੱਦੀ ਇਹ ਮੁਕਦੀ ਨਹੀਂ ਏ
ਆਪਣੇ ਲੇਖ ਆਪ ਹੀ ਲਿਖਕੇ
ਖੁਦ ਨੂੰ ਖ਼ੁੱਦ ਹੀ ਭੇਜ ਰਹੀ ਹਾਂ ।
ਇੱਟਾਂ ਦੀ ਇੱਕ ਚਾਰਦੀਵਾਰੀ
ਅੰਦਰ ਬਹਿਕੇ ਰਿਸ਼ਤੇ ਢੂੰਡਾਂ
ਸਗਨਾਂ ਦੀ ਫੁਲਕਾਰੀ ਆਪਣੀ
ਕੱਚੇ ਰੰਗੀ ਠੇਕ ਰਹੀਂ ਹਾਂ ।