ਕਾਫ਼ਲਾ ਮੀਟਿੰਗ ਵਿੱਚ ਸਾਹਿਤ ਬਾਰੇ ਭਰਪੂਰ ਚਰਚਾ
(ਖ਼ਬਰਸਾਰ)
ਬਰੈਂਪਟਨ -- ਬਰੈਂਪਟਨ ਸਿਵਿਕ ਲਾਇਬਰੇਰੀ ਵਿਚ "ਪੰਜਾਬੀ ਕਲਮਾਂ ਦਾ ਕਾਫਲਾ ਟਰਾਂਟੋ" ਦੀ ਮਾਸਿਕ ਮੀਟਿੰਗ ਹੋਈ ਜਿਸ ਵਿੱਚ ਪੰਜਾਬੀ ਸਾਹਿਤ ਦੀ ਰਚਨਾ, ਵਿਸ਼ੇ, ਅਤੇ ਵੰਡ ਬਾਰੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਭ ਤੋਂ ਪਹਿਲਾਂ ਪੰਜਾਬ ਤੋਂ ਆਏ ਹੋਏ ਵਿਸ਼ੇਸ਼ ਮਹਿਮਾਨ ਸ: ਬਲਵਿੰਦਰ ਸਿੰਘ ਬਰਨਾਲਾ ਬਾਰੇ ਜਾਣਕਾਰੀ ਦੇਂਦਿਆਂ ਬਲਦੇਵ ਸਿੰਘ ਰਹਿਪਾ {ਕੁਆਰਡੀਨੇਟਰ ਤਰਕਸੀਲ ਸੁਸਾਇਟੀ ਟਰਾਂਟੋ} ਨੇ ਦੱਸਿਆ ਕਿ ਉਹ ਤਰਕਸ਼ੀਲ ਸੁਸਾਇਟੀ ਵਲੋਂ 10 ਨਵੰਬਰ ਨੂੰ ਕਰਵਾਏ ਜਾ ਰਹੇ ਸਮਾਗਮ ਵਿਚ ਹਿੱਸਾ ਲੈਣ ਲਈ ਵਿਸ਼ੇਸ਼ ਤੌਰ ਤੇ ਕਨੇਡਾ ਆਏ ਨੇ। ਉਹ ਕਿੱਤੇ ਵਜੋਂ ਅਧਿਆਪਕ ਰਿਟਾਇਰਡ ਹਨ ਤੇ 1984 ਤੋਂ ਪੰਜਾਬ ਵਿਚ ਤਰਕਸ਼ੀਲ ਸੁਸਾਇਟੀ ਦੇ ਮੁਢਲੇ ਮੈਂਬਰ ਹਨ ਅਤੇ ਇਸ ਵੇਲੇ ਉਹ ਪੰਜਾਬ ਦੀ ਨੈਸ਼ਨਲ ਇਕਾਈ ਦੇ ਵਾਈਸ ਪ੍ਰੈਜ਼ੀਡੈਂਟ ਹਨ। ਸ੍ਰੀ ਬਲਵਿੰਦਰ ਸਿੰਘ ਬਰਨਾਲਾ ਨੇ ਕਿਹਾ ਕਿ ਲੇਖਕ ਸਾਹਿਤ ਨੂੰ ਸਮਾਜ ਨਾਲ ਜੋੜਦਾ ਹੈ ਅਤੇ ਉਹੀ ਲਿਖਤ ਲੋਕਾਂ ਵਿੱਚ ਪ੍ਰਵਾਨ ਹੁੰਦੀ ਹੈ ਜਿਹੜੀ ਸਮਾਜੀ ਮਸਲਿਆਂ ਨਾਲ਼ ਜੁੜੀ ਹੋਈ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੁਰਸ਼ਰਨ ਭਾਅ ਜੀ ਅਤੇ ਤਰਕਸ਼ੀਲ ਸੋਸਾਇਟੀ ਵੱਲੋਂ ਛਪਵਾਏ ਜਾ ਰਹੇ ਸਾਹਿਤ ਦਾ ਸਭ ਤੋਂ ਵੱਧ ਵਿਕਣ ਦਾ ਇਹੋ ਹੀ ਕਾਰਨ ਹੈ ਕਿ ਉਹ ਲੋਕ ਹਿਤਾਂ ਦੀ ਅਤੇ ਲੋਕਾਂ ਦੇ ਮਸਲਿਆਂ ਦੀ ਗੱਲ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਲਿਖਤ (ਕੰਟੈਂਟ) ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ। ਕੁਲਵਿੰਦਰ ਖਹਿਰਾ ਨੇ ਕਿਹਾ ਕਿ ਤਰਕਸ਼ੀਲ ਸੁਸਾਇਟੀ ਸਮਾਜ ਨੂੰ ਸੁਧਾਰਨ ਦਾ ਪੱਖ ਨਿਭਾਅ ਰਹੀ ਹੈ। ਜਿਹੜੀਆਂ ਇਕਾਈਆਂ ਅਜਿਹੇ ਰੋਲ ਨਿਭਾਉਂਦੀਆਂ ਨੇ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ।
ਕੁਲਜੀਤ ਮਾਨ ਨੇ ਦੱਸਿਆ ਕਿ ਉਹ ਹਾਲ ਹੀ ਵਿੱਚ ਪੰਜਾਬ ਤੋਂ ਹਜ਼ਾਰ ਦੇ ਕਰੀਬ ਕਿਤਾਬਾਂ ਲੈ ਕੇ ਆਏ ਹਨ ਜਿਨ੍ਹਾਂ ਨਾਲ਼ ਉਹ ਆਪਣੇ ਤੌਰ 'ਤੇ ਲਾਇਬਰੇਰੀ ਚਲਾਉਣ ਦੀ ਕੋਸ਼ਿਸ਼ ਕਰਨਗੇ। ਕਿਤਾਬਾਂ ਦੀ ਸੂਚੀ ਛੇਤੀ ਹੀ ਵੈੱਬਸਾਈਟ ਤੇ ਪਾ ਦਿੱਤੀ ਜਾਵੇਗੀ। ਕੋਈ ਵਿਅਕਤੀ ਕਿਤਾਬ ਦੀ ਕੀਮਤ ਜਮ੍ਹਾਂ ਕਰਵਾ ਕੇ ਕਿਤਾਬ ਲਿਜਾ ਸਕੇਗਾ ਅਤੇ ਪੜ੍ਹਨ ਤੋਂ ਬਾਅਦ ਵਾਪਸ ਕਰਕੇ ਆਪਣੀ ਫ਼ੀਸ ਵਾਪਸ ਲੈ ਸਕੇਗਾ। ਜੇ ਕੋਈ ਕਿਤਾਬ ਖਰੀਦਣੀ ਚਾਹੇ ਤਾਂ ਖਰੀਦ ਵੀ ਸਕੇਗਾ। ਉਨ੍ਹਾਂ ਕਿਹਾ ਕਿ ਮੇਰਾ ਮੰਤਵ ਪੰਜਾਬੀ ਸਾਹਿਤ ਨੂੰ ਉਨ੍ਹਾਂ ਲੋਕਾਂ ਲਈ ਮੁਹੱਈਆ ਕਰਨਾ ਹੈ ਜੋ ਚੰਗਾ ਸਾਹਿਤ ਪੜ੍ਹਨਾ ਚਾਹੁੰਦੇ ਹਨ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਜੇ ਕੋਈ ਹੋਰ ਆਦਮੀ ਵੀ ਆਪਣੇ ਘਰ ਪਈਆਂ ਕਿਤਾਬਾਂ ਨੂੰ ਇਸ ਤਰ੍ਹਾਂ ਸਾਂਝੀਆਂ ਕਰਨਾ ਚਾਹੁੰਦਾ ਹੈ ਤਾਂ ਉਹ ਉਨ੍ਹਾਂ ਕਿਤਾਬਾਂ ਦੀ ਸੂਚੀ ਅਤੇ ਵਿਅਕਤੀ ਦਾ ਸੰਪਰਕ ਨੰਬਰ ਵੀ ਵੈੱਬਸਾਈਟ 'ਤੇ ਪਾ ਦੇਣਗੇ। ਜਿੱਥੇ ਹਾਜ਼ਰ ਮੈਂਬਰਾਂ ਵੱਲੋਂ ਕੁਲਜੀਤ ਮਾਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਓਥੇ ਇਹ ਸੁਝਾਅ ਵੀ ਦਿੱਤਾ ਗਿਆ ਕਿ ਉਨ੍ਹਾਂ ਨੂੰ ਥੋੜ੍ਹੀ ਬਹੁਤ ਫ਼ੀਸ ਜ਼ਰੂਰ ਰੱਖਣੀ ਚਾਹੀਦੀ ਹੈ ਤਾਂ ਕਿ ਕਿਤਾਬ ਲਿਜਾਣ ਵਾਲ਼ੇ ਨੂੰ ਮਹਿਸੂਸ ਵੀ ਨਾ ਹੋਵੇ ਅਤੇ ਅੱਗੇ ਤੋਂ ਕਿਤਾਬਾਂ ਦੀ ਲੜੀ ਬਰਕਰਾਰ ਰੱਖਣ ਲਈ ਥੋੜ੍ਹਾ ਬਹੁਤ ਪੈਸਾ ਵੀ ਜੁੜਦਾ ਰਹੇ।
ਇਸ ਤੋਂ ਬਾਅਦ ਜਰਨੈਲ ਸਿੰਘ ਕਹਾਣੀਕਾਰ ਨੇ ਆਪਣੀ ਕਹਾਣੀ 'ਟਾਵਰਜ਼' ਦੀ ਰਚਨਾਂ ਪ੍ਰਕਿਰਿਆ ਬਾਰੇ ਦੱਸਿਆ ਕਿ ਭਾਵੇਂ ਇਹ ਕਹਾਣੀ ਬਿਲਕੁਲ 9\11 ਅਮਰੀਕੀ ਹਮਲਿਆਂ ਦੀ ਬਾਤ ਪਾਉਂਦੀ ਕਹਾਣੀ ਹੈ ਪਰ ਇਸ ਦੇ ਕਿਰਦਾਰ ਉਨ੍ਹਾਂ ਦੇ ਆਪਣੇ ਸੰਪਰਕ ਵਿੱਚੋਂ ਉਦੋਂ ਪੈਦਾ ਹੋਏ ਸਨ ਜਦੋਂ ਉਹ ਏਅਰਪੋਰਟ 'ਤੇ ਕੰਮ ਕਰਦੇ ਸਨ। ਏਅਰਪੋਰਟ 'ਤੇ ਹੀ ਕੰਮ ਕਰਦੇ ਇੱਕ ਗੋਰੇ ਜੋੜੇ ਦੇ ਜਵਾਨ ਪੁੱਤ ਦੇ ਕਾਰ ਹਾਦਸੇ ਵਿੱਚ ਮਾਰੇ ਜਾਣ ਤੋਂ ਬਾਅਦ ਉਨ੍ਹਾਂ ਦੀ ਹਾਲਤ ਨੂੰ ਜਰਨੈਲ ਸਿੰਘ ਨੇ ਕਲਾਤਮਕ ਤਰੀਕੇ ਨਾਲ਼ 9\11 ਦੇ ਹਾਦਸੇ ਨਾਲ਼ ਜੋੜਦਿਆਂ ਹੋਇਆਂ ਵਿਲੀਅਮਜ਼ ਅਤੇ ਐਂਜਲਾ ਦੇ ਕਿਰਦਾਰ ਸਿਰਜੇ ਹਨ ਜਿਨ੍ਹਾਂ ਦੀ ਜਵਾਨ ਧੀ ਵਰਲਡ ਟਰੇਡ ਸੈਂਟਰ 'ਤੇ ਹੋਏ ਹਮਲੇ ਵਿੱਚ ਅਤੇ ਪੁੱਤ ਇਰਾਕੀ ਜੰਗ ਵਿੱਚ ਮਾਰੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਹਾਣੀ ਦਾ ਸਿਰਲੇਖ ਤਿੰਨ ਤਰ੍ਹਾਂ ਦੇ ਟਾਵਰਾਂ ਦਾ ਪ੍ਰਤੀਕ ਹੈ: ਇੱਕ ਟਾਵਰ ਸਮੇਂ ਦੇ ਹਾਕਮ ਹਨ ਮਨੁੱਖਤਾ ਦਾ ਘਾਣ ਕਰਦੇ ਹਨ; ਦੂਸਰੇ ਟਾਵਰ ਧਾਰਮਿਕ ਕਿਸਮ ਦੇ ਉਹ ਲੀਡਰ ਹਨ ਜੋ ਧਰਮ ਦੇ ਨਾਂ 'ਤੇ ਦਰਿੰਦਗੀ ਫੈਲਾਉਂਦੇ ਹਨ; ਪਰ ਤੀਸਰੀ ਕਿਸਮ ਦੇ ਟਾਵਰ ਵਿਲੀਅਮਜ਼ ਵਰਗੇ ਸਧਾਰਨ ਲੋਕ ਹਨ ਜੋ ਇਸ ਸਾਰੇ ਵਰਤਾਰੇ ਦਾ ਸਾਹਮਣਾ ਕਰਦੇ ਹੋਏ ਇਸ ਸਮਤਾਪ ਨੂੰ ਆਪਣੇ ਪਿੰਡਿਆਂ 'ਤੇ ਹੰਢਾਉਦੇ ਹਨ। ਉਨ੍ਹਾਂ ਕਿਹਾ ਕਿ ਵਿਲੀਅਮਜ਼ ਵਰਗੇ ਸਧਾਰਨ ਲੋਕ ਹੀ ਅਸਲੀ ਟਾਵਰ ਹਨ ਜਦਕਿ ਸਿਆਸੀ ਅਤੇ ਕੱਟੜ ਕਿਸਮ ਦੇ ਧਾਰਮਿਕ ਲੀਡਰ ਅਸਲ ਵਿੱਚ ਬਹੁਤ ਬੌਣੇ ਹਨ। ਅਸਿੱਧੇ ਰੂਪ ਵਿੱਚ ਕਹਾਣੀ ਵਿੱਚ ਧਾਰਮਿਕ ਅਤੇ ਸਿਆਸੀ ਟਾਵਰਾਂ (ਲੀਡਰਾਂ) ਦਾ ਬੌਣਾਪਨ ਅਤੇ ਜਨਤਾ ਦਾ ਵਡੱਪਣ ਵਿਖਾਉਣਾ ਇਸ ਕਹਾਣੀ ਦੀ ਕਲਾਤਮਕ ਪ੍ਰਪਾਤੀ ਹੈ। 'ਟਾਵਰਜ਼' ਕਹਾਣੀ ਦਾ ਅੰਗਰੇਜ਼ੀ ਭਾਸ਼ਾ ਵਿਚ ਅਨੁਵਾਦ 'ਟੌਵਰਜ਼-ਸਟੋਰੀਜ਼ ਬੀਯੌਂਡ ਬੌਰਡਰਜ਼' ਦੇ ਨਾਂ ਥੱਲੇ ਹੋ ਚੁੱਕਾ ਹੈ।
ਪ੍ਰੋ: ਜਗੀਰ ਸਿੰਘ ਕਾਹਲੋਂ ਨੇ ਕਿਹਾ ਕਿ ਸਾਹਿਤਕਾਰ ਨੂੰ ਲੋਕ ਪੱਖੀ ਹੋਣਾ ਚਾਹੀਦਾ ਹੈ। ਉਨ੍ਹਾਂ ਜਰਨੈਲ ਸਿੰਘ ਕਹਾਣੀਕਾਰ ਦੀ ਰਚਨਾ ਕਿਰਿਆ ਦੀ ਸ਼ਲਾਘਾ ਕੀਤੀ। ਬਲਦੇਵ ਦੂਹੜੇ ਨੇ ਕਿਹਾ ਕਿ ਲੇਖਕ ਨੇ ਇੱਕ ਦਰਦਨਾਕ ਵਿਸ਼ਾ ਲੈ ਕੇ ਪਾਤਰਾਂ ਨਾਲ ਵਾਪਰੇ ਦੁਖਾਂਤ ਨੂੰ ਬਹੁਤ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਇਸ ਕਹਾਣੀ ਵਿੱਚ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਨੂੰ ਘਟਾਇਆ ਵੀ ਜਾ ਸਕਦਾ ਸੀ। ਡਾæ ਜਸਵਿੰਦਰ ਸੰਧੂ ਨੇ ਜਿੱਥੇ 'ਟਾਵਰਜ'æ ਕਹਾਣੀ ਦੀ ਤਾਰੀਫ ਕੀਤੀ ਉਥੇ ਸ੍ਰੀ ਬਰਨਾਲਾ ਵੱਲੋਂ ਕੀਤੀ ਗਈ ਗੱਲਬਾਤ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਕਵਿਤਾ ਦੇ ਦੌਰ ਵਿਚ ਜਰਨੈਲ ਸਿੰਘ ਬੁੱਟਰ, ਡਾæ ਗੁਰਬਖਸ਼ ਭੰਡਾਲ, ਪ੍ਰੋ: ਜਗੀਰ ਸਿੰਘ ਕਾਹਲੋਂ, ਡਾæ ਚੋਪੜਾ, ਰਾਜਪਾਲ ਬੋਪਾਰਾਏ ਅਤੇ ਗੁਰਦਾਸ ਮਿਨਹਾਸ ਨੇ ਆਪੋ ਆਪਣੀਆਂ ਰਚਨਾਵਾਂ ਸੁਣਾ ਕੇ ਸ੍ਰੋਤਿਆਂ ਨੂੰ ਨਿਹਾਲ ਕੀਤਾ। ਕਿਰਪਾਲ ਸਿੰਘ ਪੰਨੂੰ ਨੇ ਪੰਜਾਬੀ ਫੌਟਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਚਾਹ-ਪਾਣੀ ਦੀ ਸੇਵਾ ਦੀ ਜੁਮੇਵਾਰੀ ਗੁਰਦਾਸ ਮਿਨਹਾਸ ਨੇ ਨਿਭਾਈ ਜਦਕਿ ਸਟੇਜ ਦੀ ਜੁਮੇਵਾਰੀ ਕੁਲਵਿੰਦਰ ਖਹਿਰਾ ਨੇ ਨਿਭਾਈ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ, ਸੁਦਾਗਰ ਬਰਾੜ ਲੰਡੇ, ਜਸਵਿੰਦਰ ਸੰਧੂ, ਸ਼ਿਵਰਾਜ ਸੰਨੀ, ਜਸਪਾਲ ਢਿਲੋਂ ਆਦਿ ਦੇ ਨਾਂ ਸ਼ਾਮਲ ਹਨ।
ਗੁਰਜਿੰਦਰ ਸੰਘੇੜਾ