ਡੈਲਟਾ: ਮੈਕੀ ਲਾਇਬ੍ਰਰੀ ਡੈਲਟਾ ਵੱਲੋਂ ਪੰਜਾਬੀ ਸ਼ਾਇਰੀ ਨੂੰ ਸਮਰਪਤ ਕੀਤੀ ਹਰ ਮਹੀਨੇ ਦੇ ਤੀਜੇ ਮੰਗਲਵਾਰ ਦੀ ਸ਼ਾਮ ਦਾ ਆਯੋਜਨ ਕੇਂਦਰੀ ਪੰਜਾਬੀ ਲੇਖਕ ਸਭਾ ਉਤਰੀ ਅਮਰੀਕਾ ਤੇ ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ, ਜਿਸ ਵਿਚ ਪੰਜਾਬੀ ਦੇ ਦੋ ਲੇਖਕ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕਰਦੇ ਹਨ। ਨਵੰਬਰ ਮਹੀਨੇ ਦੀ ਸ਼ਾਮ ਲਈ ਦੋ ਕਵੀਆਂ ਨੇ ਆਪਣੇ ਕਲਾਮ ਪੇਸ਼ ਕੀਤੇ। ਇਹ ਕਵੀ ਸਨ, ਪ੍ਰੌੜ ਸ਼ਾਇਰ ਜੀਵਨ ਸਿੰਘ ਮਾਂਗਟ ਰਾਮਪੁਰੀ ਅਤੇ ਗ਼ਜ਼ਲ ਵਿਚ ਨਵੀਆਂ ਪੈੜਾਂ ਪਾ ਰਿਹਾ ਨੌਜਵਾਨ ਗ਼ਜ਼ਲਗੋ ਰਾਜਵੰਤ ਸਿੰਘ ਬਾਗੜੀ।
ਸਭ ਤੋਂ ਪਹਿਲਾਂ ਮੋਹਨ ਗਿੱਲ ਨੇ ਲਾਇਬ੍ਰੇਰੀ ਡੈਲ਼ਟਾ ਤੇ ਆਏ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਸਰੋਤਿਆਂ ਨਾਲ ਇਹ ਦੁੱਖ ਭਰੀ ਖਬਰ ਸਰੋਤਿਆਂ ਨਾਲ ਸਾਂਝੀ ਕੀਤੀ ਕਿ ਐਡਮੰਟਨ ਨਿਵਾਸੀ ਦਾਰਸ਼ਨਿਕ ਲੇਖਕ ਦਲਜੀਤ ਸਿੰਘ ਰਖਰਾ ਸਾਡੇ ਵਿਚਕਾਰ ਨਹੀਂ ਰਹੇ। ਦਲਜੀਤ ਸਿੰਘ ਰਖਰਾ ਨੇ ਅਲੈਕਸ ਹੈਲੀ ਦਾ ਗ਼ੁਲਾਮਾਂ ਦੀ ਜ਼ਿੰਦਗੀ ਬਾਰੇ ਲਿਖਿਆ ਵੱਡ ਅਕਾਰੀ ਨਾਵਲ ਪੰਜਾਬੀ ਵਿਚ ਅਨਵਾਦ ਕੀਤਾ, ਡਾਰਵਿਨ ਦੀ ਵਿਚਾਰਧਾਰਾ ਨੂੰ ਪ੍ਰਗਟਾਉਂਦੀਆਂ ਦੋ ਪੁਸਤਕਾਂ ਅਤੇ ਮਨੁੱਖੀ ਜੀਵਨ ਨੂੰ ਸੇਧ ਦਿੰਦੀਆਂ ਵਾਰਤਕ ਦੀਆਂ ਤਿੰਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਜਰਨੈਲ ਸਿੰਘ ਸੇਖਾ ਨੇ ਰਖਰ ਜੀ ਦੇ ਜੀਵਨ ਤੇ ਸਮਾਜ ਪ੍ਰਤੀ ਕੀਤੇ ਕੰਮਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਸ ਮਗਰੋਂ ਦੋ ਮਿੰਟ ਦਾ ਮੋਨ ਧਾਰਨ ਕਰ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਸ਼ਰਧਾਂਜਲੀ ਦੀ ਕਾਰਵਾਈ ਪੂਰੀ ਕਰਨ ਮਗਰੋਂ ਜਰਨੈਲ ਸਿੰਘ ਸੇਖਾ ਨੇ ਜੀਵਨ ਰਾਮਪੁਰੀ ਜੀ ਦੇ ਲੰਮੇ ਸਾਹਿਤਕ ਸਫਰ ਬਾਰੇ ਸਰੋਤਿਆਂ ਨੂੰ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਸੱਠਵਿਆਂ ਤੋਂ ਹੀ ਸ਼ਾਂਤੀ ਦੂਤ ਬਣ ਕੇ ਅਨੇਕਾਂ ਦੇਸ਼ਾਂ ਦਾ ਭਰਮਣ ਕੀਤਾ ਅਤੇ ਉਥੋਂ ਪ੍ਰਾਪਤ ਕੀਤੇ ਅਨੁਭਵ ਨੂੰ ਆਪਣੀ ਰਚਨਾ ਦਾ ਸ਼ੰਗਾਰ ਬਣਾਇਆ। ਉਹਨਾਂ ਦੀਆਂ ਪੰਜਾਬੀ, ਹਿੰਦੀ, ਉਰਦੂ ਤੇ ਅੰਗ੍ਰੇਜ਼ੀ ਵਿਚ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇ ਕੇ ਰਾਮਪੁਰੀ ਜੀ ਨੂੰ ਸਰੋਤਿਆਂ ਦੇ ਸਨਮੁਖ ਹੋਣ ਲਈ ਬੇਨਤੀ ਕੀਤੀ। ਜੀਵਨ ਰਾਮਪੁਰੀ ਜੀ ਨੇ ਆਪਣੇ ਜੀਵਨ ਦੀਆਂ ਕੁਝ ਯਾਦਾਂ ਸਰੋਤਿਆਂ ਨਾਲ ਸਾਂਝੀਆਂ ਕਰਨ ਮਗਰੋਂ ਜ਼ਿੰਦਗੀ ਨੂੰ ਰੰਗਲਾ ਬਣਾਉਣਾ ਲੋਚਦੀ ਕਵਿਤਾ ਪੜ੍ਹੀ। ਉਹਨਾਂ ੧੯੫੩ ਵਿਚ ਲਿਖਿਆ ਆਪਣਾ ਰੋਮਾਂਟਿਕ ਗੀਤ 'ਓਦੋਂ ਵੀ ਸਨ ਕਣੀਆਂ ਪਈਆਂ' ਸੁਣਾਉਣ ਮਗਰੋਂ ਇਕ ਹੋਰ ਗੀਤ ਗਾ ਕੇ ਸੁਣਾਇਆ। ਕਵਿਤਾ 'ਜੀਵਨ ਰਮਜ਼ਾਂ' ਵਿਚ ਨਿਰਧਨ ਅਤੇ ਧਨਵਾਨ ਦੇ ਟਕਰਾ ਨੂੰ ਪੇਸ਼ ਕੀਤਾ ਗਿਆ ਸੀ। ਜਿਵੇਂ ਪੰਜਾਬੀ ਪਿਆਰਿਆਂ ਵਿਚ ਆਮ ਸੁਣਿਆ ਜਾਂਦਾ ਹੈ ਕਿ 'ਜਿਹੜਾ ਕੋਈ ਰਾਮ ਪੁਰ ਦਾ ਪਾਣੀ ਪੀ ਲੈਂਦਾ ਹੈ, ਉਹ ਸ਼ਾਇਰ ਬਣ ਜਾਂਦਾ ਹੈ', ਜੀਵਨ ਰਾਮਪੁਰੀ ਨੇ ਵੀ ਆਪਣੇ ਪਿੰਡ ਰਾਮਪੁਰ ਦੀ ਮਹੱਤਤਾ ਨੂੰ ਦਰਸਾਉਂਦੀ ਕਵਿਤਾ ਪੜ੍ਹੀ। 'ਰਿਸ਼ਤੇ' ਕਵਿਤਾ ਵਿਚ ਚੰਗੇ ਮੰਦੇ ਰਿਸ਼ਤਿਆਂ ਦੀ ਵੰਨਗੀ ਸੀ। 'ਮੋਹ ਦੇ ਬੋਲ' ਕਵਿਤਾ ਵਿਚ ਦਰਸਾਇਆ ਗਿਆ ਸੀ ਕਿ ਅਜੇਹੇ ਬੋਲ ਬੋਲੇ ਜਾਣ ਕਿ ਖਿਜ਼ਾਂ ਵੀ ਬਹਾਰ ਦਾ ਰੂਪ ਧਾਰਨ ਕਰ ਲਵੇ।ਅਖਰਿ ਵਿਚ ਦੋ ਗ਼ਜ਼ਲਾਂ 'ਕੌਣ ਤੁਰਿਆ ਹੈ ਨੇਰ੍ਹੇ ਦੀ ਬੁੱਕਲ ਮਾਰਕੇ' ਅਤੇ 'ਰੰਜ ਨਫਰਤ ਨੂੰ ਮਿਟਾ ਕੇ ਦੇਖ ਲੈ' ਕਹੀਆਂ। ਸਰੋਤਿਆਂ ਨੇ ਰਾਮਪੁਰੀ ਦੀ ਸ਼ਾਇਰੀ ਦਾ ਖੂਬ ਅਨੰਦ ਮਾਣਿਆ।

ਮੋਹਨ ਗਿੱਲ ਨੇ ਰਾਜਵੰਤ ਸਿੰਘ ਬਾਗੜੀ ਨੂੰ ਸਰੋਤਿਆਂ ਦੇ ਰੂ ਬ ਰੂ ਕਰਦਿਆਂ ਦੱਸਿਆ ਕਿ ਇਹ ਨੌਜਵਾਨ ਅਜੇਹਾ ਸ਼ਾਇਰ ਹੈ ਜਿਸ ਨੇ ਸ਼ਾਇਰੀ ਲਈ ਗ਼ਜ਼ਲ ਰੂਪ ਨੂੰ ਚੁਣਿਆ ਅਤੇ ਕ੍ਰਿਸ਼ਨ ਭਨੋਟ ਤੇ ਨਦੀਮ ਪਰਮਾਰ ਜਿਹੇ ਗ਼ਜ਼ਲ ਦੇ ਉਸਤਾਦਾਂ ਦੀ ਸੰਗਤ ਵਿਚ ਰਹਿ ਕੇ ਗ਼ਜ਼ਲ ਦੀ ਪਰਪੱਕਤਾ ਦੇ ਰਾਹ ਪੈ ਗਿਆ। ਆਮ ਸ਼ਾਇਰ ਦਿੱਤੇ ਹੋਏ ਸੁਝਾਵਾਂ ਉਪਰ ਘੱਟ ਹੀ ਅਮਲ ਕਰਦੇ ਹਨ। ਉਹ ਸੋਚਦੇ ਹਨ ਕਿ ਜੋ ਮੈਂ ਲਿਖ ਦਿੱਤਾ ਇਹੋ ਸਹੀ ਹੈ ਪਰ 'ਰਾਜ' ਉਸਤਾਦਾਂ ਕੋਲੋਂ ਸਲਾਹ ਲੈਂਦਾ ਵੀ ਹੈ ਅਤੇ ਉਸਤਾਦਾਂ ਦੀ ਸਹੀ ਸਲਾਹ ਨੂੰ ਮੰਨਦਾ ਵੀ ਹੈ। ਇਸੇ ਲਈ ਇਹ ਥੋੜੇ ਸਮੇਂ ਵਿਚ ਬਹੁਤ ਚੰਗੀ ਗ਼ਜ਼ਲ ਲਿਖਣ ਲੱਗ ਪਿਆ ਹੈ। ਇਹਦੀਆਂ ਗ਼ਜ਼ਲਾਂ ਦੀ ਇਕ ਪੁਸਤਕ ਛਪ ਗਈ ਹੈ ਜਿਹੜੀ ਛੇਤੀ ਹੀ ਇਥੋਂ ਦੇ ਪਾਠਕਾਂ ਦੇ ਹੱਥਾਂ ਵਿਚ ਪਹੁੰਚ ਜਾਵੇਗੀ।
ਰਾਜਵੰਤ ਬਾਗੜੀ ਨੇ ਆਪਣੀਆਂ ਗਿਆਰਾਂ ਗ਼ਜ਼ਲਾਂ ਸਰੋਤਿਆ ਨਾਲ ਸਾਂਝੀਆਂ ਕੀਤੀਆਂ। ਉਸਦੀਆਂ ਗ਼ਜ਼ਲਾਂ ਵਿਚੋਂ ਤਤਕਾਲੀ ਵਿਸ਼ਿਆਂ ਦੀ ਝਲਕ ਮਿਲਦੀ ਹੈ। ਉਸ ਨੇ ਗ਼ਜ਼ਲ ਦੇ ਕਲਾਤਮਿਕ ਪੱਖ ਨੂੰ ਵੀ ਅੱਖੋਂ ਪ੍ਰੋਖੇ ਨਹੀਂ ਕੀਤਾ। ਉਹ ਗ਼ਜ਼ਲ ਦੇ ਤਕਨੀਕੀ ਤੇ ਵਿਆਕਰਣਿਕ ਪੱਖ ਤੋਂ ਬਖੂਬੀ ਜਾਣੂ ਹੈ। ਉਸ ਦੇ ਸ਼ਿਅਰਾਂ ਵਿਚ ਵਸਲ, ਵਿਯੋਗ, ਤਨਜ਼, ਹਾਸ ਵਿਅੰਗ, ਰਮਜ਼, ਦਰਦ, ਸਿਮਲੀਆਂ, ਇਸ਼ਾਰੇ ਆਦਿ ਦੇ ਝਲਕਾਰੇ ਬਖੂਬੀ ਮਿਲਦੇ ਹਨ। ਵੰਨਗੀ ਲਈ ਕਾਵਿ-ਸ਼ਾਮ ਵਿਚ ਪੇਸ਼ ਕੀਤੀਆਂ ਗ਼ਜ਼ਲਾਂ ਵਿਚੋਂ ਕੁਝ ਸ਼ਿਅਰ ਹਾਜ਼ਰ ਹਨ;
ਚਿਰ ਵਿਛੁੱਨੇ ਸੱਜਣਾਂ ਨੂੰ ਉਹ ਵਿਸਾਰੇ ਕਿਸ ਤਰ੍ਹਾਂ
ਪੱਥਰਾਂ ਤੋਂ ਸ਼ੀਸ਼ਿਆਂ ਦੇ ਰਿਣ ਉਤਾਰੇ ਕਿਸ ਤਰ੍ਹਾਂ
ਕੁਈ ਸ਼ਗਨਾਂ ਦੀ ਮਹਿੰਦੀ ਨੂੰ ਮਿਲਾ ਆਪਣੇ ਲਹੂ ਅੰਦਰ
ਜਦੋਂ ਹੱਥਾਂ 'ਤੇ ਮਲਦਾ ਹੈ ਕਿਸੇ ਦੀ ਯਾਦ ਆਉਂਦੀ ਹੈ
ਭੰਨਾਇਆ 'ਰਾਜ' ਘਰ ਵੀ ਤੇ ਜ਼ਿੱਲਤ ਵੀ ਉਠਾਈ ਹੈ
ਬਰੀ ਹੋ ਕੇ ਅਦਾਲਤ 'ਚੋਂ ਬੜੈ ਹੀ ਚੋਰ ਨੱਚੇ ਨੇ
ਮੱਥੇ ਦਾ ਬਾਲ ਦੀਵਾ ਕਰਨੀ ਹੈ ਰਾਤ ਰੌਸ਼ਨ
ਕੀ ਹੋ ਗਿਆ ਜੇ ਹੋਏ ਤਾਰ ਹਲਾਲ ਸਾਡੇ
ਅੱਖਾਂ 'ਚ ਬਾਲ ਰੱਖੇ ਭਾਂਬੜ ਮੈਂ ਰਾਤ ਭਰ ਹੀ
ਫਿਰ ਵੀ ਇਹ ਖਾਬ ਮੇਰਾ ਪਾਲੇ 'ਚ ਠਰ ਗਿਆ ਹੈ
ਦੇਖ ਕੇ ਹੈਰਾਨ ਹੋਇਆ ਖੁੱਦ ਮਲਾਹ ਹੈ ਪੁੱਛਦਾ
ਡੋਬਿਆ ਤੈਨੂੰ ਵਿਚਾਲੇ ਤੂੰ ਕਿਨਾਰੇ ਕਿਸ ਤਰ੍ਹਾਂ
ਲੀਡਰਾਂ ਦੀ ਨੇੜਤਾ ਜੋ ਕੁਝ ਦਿਨਾਂ ਦੀ ਖੇਡ ਹੈ
ਪੰਜ ਸਾਲਾਂ ਵਾਸਤੇ ਫਿਰ ਨਿਰਬਲਾਂ ਤੋਂ ਫਾਸਲੇ
ਜੋਰ ਮਾੜੇ 'ਤੇ ਦਿਖਾਉਨੈ ਤੂੰ ਸਦਾ, ਇਹ ਤੇਰੀ ਮਰਦਾਨਗੀ ਹੈਰਾਨਕੁਨ
ਸ਼ਕਲ ਤੋਂ ਸੋਹਣਾ ਤੇ ਊਣਾ ਅਕਲ ਤੋਂ, ਆਦਮੀ ਦੀ ਉਮਦਗੀ ਹੈਰਾਨਕੁਨ
ਰਾਜਵੰਤ ਸਿੰਘ ਬਾਗੜੀ ਨੂੰ ਗ਼ਜ਼ਲ ਦੇ ਹਰ ਸ਼ਿਅਰ 'ਤੇ ਭਰਪੂਰ ਦਾਦ ਮਿਲੀ। ਉਸ ਨੇ ਕੁਝ ਗ਼ਜ਼ਲਾਂ ਤਰੰਨਮ ਵਿਚ ਵੀ ਕਹੀਆਂ, ਜਿਸ ਨਾਲ ਸੋਨੇ 'ਤੇ ਸੁਹਾਗੇ ਵਾਲੀ ਗੱਲ ਬਣ ਗਈ। ਸਮੇਂ ਦੀ ਸੀਮਾ ਸੀ ਨਹੀਂ ਤਾਂ ਸਰੋਤੇ ਹੋਰ ਗ਼ਜ਼ਲਾਂ ਸੁਣਨ ਦੀ ਫਰਮਾਇਸ਼ ਕਰ ਰਹੇ ਸਨ। ਅਖੀਰ ਵਿਚ ਮੋਹਨ ਗਿੱਲ ਨੇ ਦੋਹਾਂ ਸ਼ਾਇਰਾਂ ਅਤੇ ਆਏ ਸਰੋਤਿਆਂ ਦਾ ਧੰਨਵਾਦ ਕੀਤਾ