ਰਾਤ ਨੇਰ੍ਹੀ ਦੇ ਵਿੱਚ ਤੁਰਿਆ ਮੌਸਮ ਖਰਾਬ ਹੋਇਆ
ਸੋਚ ਨਾ ਕਿ ਜਿੰਦਗੀ ਦਾ ਸੱਭ ਰੰਗ ਬਰਬਾਦ ਹੋਇਆ
ਤੁਰਨ ਵਾਲੇ ਨੂੰ ਮਿਲ ਹੀ ਜਾਂਦੀ ਕੋਈ ਠਾਹਰ ਆਖਰ
ਸਾਗਰ ਤੋਂ ਵੀ ਪਾਰ ਜਾ ਕੇ ਹੈ ਬੰਦਾ ਅਬਾਦ ਹੋਇਆ
ਨਿਕਲ ਪਏ ਜੋ ਬੰਨ ਮੰਡਾਸਾ ਰੱਖ ਮੰਜਲ ਦਾ ਖਿਆਲ
ਸੁਭਾਸ਼ ਭਗਤ ਸ਼ੇਖਰ ਸ਼ਹੀਦਾਂ ਦਾ ਖਿਤਾਬ ਹੋਇਆ
ਜਮਾਂ ਮਨਫੀ ਤਕਸੀਮ ਜਰਬ ਆਸਕਾਂ ਦੀ ਲੋੜ ਨਹੀਂ
ਸੇਵਾ ਕੀਤੀ ਜਿੰਦ ਵਾਰੀ ਤੇ ਪੂਰਾ ਹਿਸਾਬ ਹੋਇਆ
ਝਨਾ ਦੇ ਪਾਰਲਾ ਕਿਨਾਰਾ ਕਦ ਦਿਸਿਆ ਦੂਰ ਭਲਾਂ
ਦਿਲਾਂ ਦੇ ਵਣਜਾਰੇ ਸਾਹਵੇਂ ਝਨਾ ਲਾ ਜਵਾਬ ਹੋਇਆ
ਹੋਵੇ ਭਰੋਸਾ ਤਾਂ ਭੁਗਤ ਸਕਦਾ ਆਪਣੇ ਹੱਕ ਵਿਚ ਸਮਾਂ
ਕਿਸੇ ਵਕਤ ਗਊ ਦਾ ਮਾਸ ਵੀ ਰੱਬੀ ਪ੍ਰਸ਼ਾਦ ਹੋਇਆ
ਜਿੰਦਗੀ ਦੇ ਰਾਹ ਤੇ ਅਟਕਦੇ ਰਹੇ ਜੋ ਪੈਰ ਦਰ ਪੈਰ
ਸਮਾਂ ਬੇਮੁਥਾਜ ਉਨਾਂ੍ਹ ਲਈ ਜ਼ਾਲਮ ਜਲਾਦ ਹੋਇਆ