ਬਾਬਾ ਤੇਰੇ ਘਰ ਦੇ ਲੋਕ।
ਗੋਲਕ ਪਿੱਛੇ ਮਰਦੇ ਲੋਕ।
ਇੱਕ ਦੂਜੇ ਦੀਆਂ ਪੱਗਾਂ ਲਾਹੁੰਦੇ,
ਰਤਾ ਸ਼ਰਮ ਨਾ ਕਰਦੇ ਲੋਕ।
ਸਰੀਆ, ਕੋਇਲਾ, ਚਾਰਾ, ਸੀਮੈਂਟ,
ਸਭ ਕੁੱਝ ਏਥੇ ਚਰਦੇ ਲੋਕ।
ਤੇਰੇ ਨਾਂ ਤੇ ਖੋਲ੍ਹ ਦੁਕਾਨਾਂ,
ਠੱਗੀ ਠੋਰੀ ਕਰਦੇ ਲੋਕ।
ਦੂਜੇ ਬੰਦੇ ਦੀ ਖੁਸ਼ਹਾਲੀ,
ਰਤਾ ਨਹੀਂ ਇਹ ਜਰਦੇ ਲੋਕ।
ਕਰਮ ਕਾਂਡਾਂ ਤੋਂ ਤੈਂ ਵਰਜਿਆ,
ਉਹੀ ਸਭ ਕੁੱਝ ਕਰਦੇ ਲੋਕ।
ਮਨ ਅੰਦਰ ਨਾ ਝਾਤੀ ਪਾਵਣ,
ਸੱਤ ਸਮੁੰਦਰ ਤਰਦੇ ਲੋਕ।
ਰੱਬ ਦੇ ਘਰਾਂ ਨੂੰ ਲਾਉਂਦੇ ਅੱਗਾਂ,
ਰੱਬ ਤੋਂ ਵੀ ਨਾ ਡਰਦੇ ਲੋਕ।
ਚੁਗਲੀ, ਨਿੰਦਿਆ, ਤਾਹਨੇ ਸੁਣਕੇ,
ਹੈ ਕੰਨਾਂ ਨੂੰ ਭਰਦੇ ਲੋਕ।
ਸੱਚੀ ਗੱਲ ਜੇ 'ਦੀਸ਼' ਸੁਣਾਵੇ,
ਗਲ਼ ਤੇ ਖੰਜਰ ਧਰਦੇ ਲੋਕ।