ਨਿਰੰਜਣ ਬੋਹਾ ਕ੍ਰਿਤ ਪੁਸਤਕ - ਇਕ ਅਧਿਐਨ (ਆਲੋਚਨਾਤਮਕ ਲੇਖ )

ਅਰਵਿੰਦਰ ਕੌਰ ਕਾਕੜਾ (ਡਾ.)   

Cell: +91 94636 15536
Address:
India
ਅਰਵਿੰਦਰ ਕੌਰ ਕਾਕੜਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਿਰੰਜਣ ਬੋਹਾ ਕ੍ਰਿਤ- ਪੰਜਾਬੀ ਮਿੰਨੀ ਕਹਾਣੀ ਵਿਸ਼ਾਗਤ ਸਰੂਪ ਤੇ ਸ਼ਿਲਪ ਵਿਧਾਨ- ਇਕ ਅਧਿਐਨ 

ਸਾਹਿਤ ਅਤੇ ਸਮਾਜ ਦਾ ਰਿਸ਼ਤਾ ਦਵੰਦਾਤਾਮਕ ਹੈ । ਸਾਹਿਤ ਸਮਾਜ ਵਿਚੋਂ ਜਨਮਦਾ ਹੈ ਤੇ ਮੁੜ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ । ਸਾਹਿਤ ਦੀਆ ਵਿਭਿੰਨ ਵਿਧਾਵਾਂ ਸਮਾਜਿਕ ਤਬਦੀਲੀਆਂ ਵਿਚੋਂ ਪ੍ਰਗਟਦੀਆਂ ਹਨ । ਆਜੋਕੇ ਸਮੇਂ ਵਿਚ ਮਿੰਨੀ ਕਹਾਣੀ ਸਾਹਿਤ ਦੀ ਇਕ ਸਤੁੰਤਰ ਵਿਧਾ ਦੇ ਤੌਰ ਤੇ ਲਗਾਤਾਰ ਵਿਕਾਸ ਕਰਦੀ ਹੋਈ ਆਪਣੀ ਪਹਿਚਾਣ ਬਣਾ ਰਹੀ ਹੈ। ਕਿਸੇ ਰਚਨਾਂ ਦੇ ਪ੍ਰਤੱਖ ਤੌਰ ਤੇ ਸਾਰਥਿਕ ਪ੍ਰਮਾਣ ਤਾਂ ਹੀ ਨਿਕਲ ਸਕਦੇ ਹਨ ਜੇ ਕਰ ਉਸ ਦਾ ਮੁਲਾਂਕਣ ਸਚੁੱਜੇ ਢੰਗ ਨਾਲ ਹੋਵੇ। ਰਚਨਾਕਾਰ ਤਾਂ ਆਪਣੀ ਰਚਨਾ ਲਿੱਖ ਕੇ ਸੁਰਖਰੂ ਹੋ ਜਾਂਦਾਂ ਹੈ – ਜਿੱਥੇ ਉਸਦਾ ਕੰਮ ਮੁਕਦਾ ਹੈ ਉੱਥੇ ਆਲੋਚਕ ਦਾ ਕੰਮ ਸ਼ੁਰੂ ਹੁੰਦਾ ਹੈ । ਆਲੋਚਕ ਉਸ ਰਚਨਾਂ ਵਿਚਲੇ ਹਾਂ ਪੱਖੀ ਤੇ ਨਾਂਹ ਪੱਖੀ ਦੋਹੇਂ ਤਰਾਂ  ਦੇ ਪੱਖ ਪੇਸ਼ ਕਰਦਾ ਹੋਇਆ – ਜਿੱਥੇ ਲੇਖਕ ਨਾਲ ਅੰਤਰ ਸਬੰਧਤ ਹੁੰਦਾ ਹੈ ਉੱਥੇ ਪਾਠਕਾਂ ਨੂੰ ਵੀ ਚੰਗੀ ਰਚਨਾ ਪੜ੍ਹਣ ਲਈ ਪ੍ਰੇਰਦਾ ਹੈ । ਅੱਜ ਸਾਡੇ ਸਾਹਿਤ ਦੀ ਇਹ ਬਹੁੱਤ ਵੱਡੀ ਤ੍ਰਾਸਦੀ ਹੈ ਕਿ ਰਚਨਾਂ ਨਾਲ ਨਿਆਂ ਕਰਨ ਵਾਲੇ ਆਲੋਚਕ ਬਹੁਤ ਘੱਟ ਨਜ਼ਰ ਆ ਰਹੇ ਹਨ ।  ਜਦੋਂ ਮਿੰਨੀ ਕਹਾਣੀ ਦੀ ਗੱਲ ਕਰੀਏ ਤਾਂ ਇਸ ਦੀ ਆਲੋਚਨਾਂ ਹੋਰ ਵੀ ਔਖੀ ਹੋ ਜਾਦੀ ਹੈ , ਕਿਉਂ ਕਿ ਜਿੰਨੀ ਇਹ ਰਚਨਾਂ ਛੋਟੀ ਹੈ , ਉਸ ਵਿਚਲੀ ਗਹਿਰਾਈ ਤੀਬਰਤਾ ਤੇ ਸੰਜਮ ਦੀ ਅਸਲੀ ਪਹਿਚਾਣ ਕਰਨੀ  ਹਰ ਇਕ ਦੇ ਵੱਸ ਦੀ ਗੱਲ ਨਹੀਂ । ਇਹ ਦੁੱਖ ਇਸ ਵਿਧਾ ਉਤੇ ਵੀ ਢੁੱਕਦਾ ਹੈ ਕਿ  ਆਲੋਚਕਾਂ ਦਾ ਸੰਕਟ ਮਿੰਨੀ  ਕਹਾਣੀ ਨੂੰ ਵੀ ਹੈ । ਅਜਿਹੇ ਸੰਕਟ ਨੂੰ ਤੋੜਦਾ ਹੋਇਆ ਆਪਣੀ ਆਲੋਚਨਾ ਦੀ ਪੁਸਤਕ ' ਪੰਜਾਬੀ ਮਿੰਨੀ ਕਹਾਣੀ ਵਿਸ਼ਾਗਤ ਸਰੂਪ ਤੇ ਸ਼ਿਲਪ ਵਿਧਾਨ' ਲੈ ਕੇ ਨਿਰੰਜਣ ਬੋਹਾ ਪਾਠਕਾ ਦੇ ਰੂ –ਬਰੂ ਹੁੰਦਾ ਹੈ । 
                        ਨਿਰੰਜਣ ਬੋਹਾ ਦੀ ਆਲੋਚਨਾਂ ਵਿੱਧੀ ਰਚਨਾਂ ਅੰਦਰ ਸਤੁੰਲਨ ਪੈਦਾ ਕਰਦੀ ਹੈ । ਉਸ ਨੇ ਜਿੱਥੇ ਰਚਨਾਂ ਦੇ ਵਿਸ਼ੇ ਪੱਖ ਨੂੰ ਵਾਚਿਆ ਹੈ ਉਥੇ  ਰੂਪਕ ਪੱਖ ਨੂੰ ਵੀ ਪੇਸ਼ ਕਰਦੇ ਹੋਏ ਕਈ ਉਸਾਰੂ ਟਿੱਪਣੀਆ ਦਿੱਤੀਆ ਹਨ । ਇਹ ਗੱਲ ਇਸ  ਆਲੋਚਨਾਂ  ਵਿੱਚੋਂ ਸਪੱਸਟ ਤੌਰ ਤੇ ਉਭਰਦੀ ਹੈ ਕਿ ਬੋਹਾ ਕਿਸੇ ਰਚਨਾਂ ਦੀ ਤਹਿ ਤੱਕ ਜਾਂਦਾ ਹੈ , ਕਿਉਂ ਕਿ ਉਹ ਰਚਨਾਂ ਦੇ ਸਿਰਜਾਨਤਮਕ ਪਹਿਲੂ ਦੀ ਪਹਿਚਾਣ ਰੱਖਦਾ ਹੈ । ਉਸ ਨੇ ਕਵਿਤਾ , ਮਿੰਨੀ ਕਹਾਣੀ, ਕਹਾਣੀ , ਹਾਸ ਵਿਅੰਗ  ਤੇ ਨਿਬੰਧ ਆਦਿ ਦੇ ਰੂਪ ਵਿਚ ਪੰਜਾਬੀ ਸਾਹਿਤ ਦੇ ਖੇਤਰ ਵਿਚ ਆਪਣਾ ਸਿਰਜਨਾਤਮਕ ਯੋਗਦਾਨ ਵੀ ਪਾਇਆ ਹੈ । ਇਹੀ ਕਾਰਨ ਹੈ ਕਿ ਬੋਹਾ ਦੀ ਆਲੋਚਨਾਂ ਵਿਧੀ ਪੜ੍ਹਦੇ ਹੋਏ ਸਾਨੂੰ ਰਚਨਾਂ ਨਾਲ ਇਨਸਾਫ ਹੁੰਦਾ ਮਿਲਦਾ ਹੈ । ਇਸ ਆਲੋਚਨਾਂ ਵਿਧੀ ਦਾ ਪ੍ਰਸਾਰ ਕਰਦਾ ਹੋਇਆ ਆਲੋਚਕ ਕਹਾਣੀ ਵਿਧੀ, ਜੁਗਤਾਂ  , ਭਾਸ਼ਾ ਤੇ ਸੰਚਾਰ ਦਾ ਆਪਸੀ ਸੁਮੇਲ ਬਣਾਉਂਦਾ ਹੈ ਤੇ ਫੇਰ ਮੁਲਾਂਕਣ ਕਰਦਾ ਹੈ । ਇਸ ਕਰਕੇ ਬੋਹਾ ਦੀ ਆਲੋਚਨਾ ਸੰਕਲਪਾਂ ਦੀ ਗ੍ਰਿਫਤ ਵਿਚ ਨਹੀਂ ਆਉਂਦੀ ਪਰ ਉਹ ਚਿੰਤਨਸ਼ੀਲ ਸੰਚਾਰ ਵਿਚ ਅਟੁੱਟ ਵਿਸ਼ਵਾਸ ਰੱਖਦੀ ਹੈ। ਇਸ ਪੁਸਤਕ ਵਿਚ ਉਸ ਨੇ ਮਿੰਨੀ ਕਹਾਣੀ ਦੇ ਸਿਰਜਨਾਤਕ ਤੱਤਾਂ ਨੂੰ ਘੋਖਦੇ ਹੋਏ ਆਪਣੀ ਆਲੋਚਨਾਂ ਵਿਧੀ  ਦੀ ਨਿਰੱਪਖਤਾ ਮੁੱਖੀ ਪਹਿਚਾਣ ਬਣਾਈ ਹੈ । ਉਸ ਦੀ ਆਲੋਚਨਾਂ  ਰਾਹੀਂ  ਜਿਥੇ ਮਿੰਨੀ ਕਹਾਣੀ ਵਿਧਾ ਦਾ ਸਿਧਾਂਤਕ ਪੱਖ ਉਘੜਦਾ ਹੈ ਉਥੇ ਉਸ ਰਚਨਾਂ ਦੇ ਵਿਵਹਾਰਕ ਪੱਖ ਨੂੰ ਸਮਝਣ ਲਈ ਵੀ ਗੰਭੀਰ ਸੂਖਮ ਤੇ ਮੁੱਲਵਾਨ ਸੁਝਾਂਅ ਦਿੱਤੇ  ਹਨ । ਬੋਹਾ ਨੇ ਸਮਾਜ ਵਿਚਲੇ ਵਰਤਾਰੇ ਨੂੰ ਵੀ ਸਮਝਣ ਤੇ ਜ਼ੋਰ ਦਿੱਤਾ ਹੈ । ਇਹ ਸੱਚ ਹੈ ਕਿ ਜਿੰਨਾਂ ਚਿਰ ਅਸੀਂ ਸਮਾਜ ਵਿਚਲੀ ਆਰਥਿਕ –ਸਮਾਜਿਕ ਬਣਤਰ ਬਾਰੇ ਚੰਗੀ ਤਰਾਂ ਜਾਣੂ ਨਹੀਂ ਹੁੰਦੇ, ਨਾ ਹੀ ਚੰਗੀ ਰਚਨਾਂ ਸਿਰਜ ਸਕਦੇ ਹਾਂ ਤੇ ਨਾਂ ਹੀ ਰਚਨਾਂ ਦਾ ਠੀਕ ਮੁਲਾਂਕਣ ਕਰ ਸਕਦੇ ਹਾਂ। ਸਾਡਾ ਦੇਸ਼ ਅਸਾਵੇਂ  ਵਿਕਾਸ ਵਾਲਾ ਮੁਲਕ ਹੈ – ਇਸ ਵਿਚ ਦਰਪੇਸ਼ ਪ੍ਰਸਥਿਤੀਆਂ ਦੀ ਘੋਖ ਵੀ ਇਕ ਸੂਝਵਾਨ ਤੇ ਵਿਚਾਰਧਾਰਕ ਚਿੰਤਕ ਕਰ ਸਕਦਾ ਹੈ । ਬੋਹਾ ਅਜਿਹੀ ਸ੍ਰੇਣੀ ਵਿਚ ਸ਼ਾਮਿਲ ਹੁੰਦਾ ਹੈ , ਜੋ ਆਪਣਾ ਆਲਾ ਦੁਆਲਾ ਬੜੀ ਗੰਭੀਰਤਾਂ ਨਾਲ ਵੇਖਦਾ ਹੈ ਤੇ ਜਿਸ ਦਾ ਪ੍ਰਗਟਾਅ ਉਸ ਦੀ ਇਸ ਪੁਸਤਕ ਵਿਚੋਂ  ਸਾਹਮਣੇ ਆਉਂਦਾ ਹੈ । ਉਹ ਰਚਨਾਂ ਦੀ ਹੋਂਦ ਵਿਧੀ, ਸ਼ਬਦ ਦੀ ਸਮਾਜਿਕਤਾ , ਰਚਨਾਂ ਦੀ ਪ੍ਰਸੰਗਤਾ ਤੇ ਵਿਸ਼ੇ ਦਾ ਨਿਭਾੳ, ਇਨਾਂ ਚਾਰ ਨੁਕਤਿਆ ਅੰਦਰ ਇਸ ਪੁਸਤਕ ਵਿਚਲਾ ਕੈਨਵਸ ਸਮਾਉਂਦਾ ਹੈ । ਜਦੋਂ ਉਹ ਆਪਣਾ ਮਿੰਨੀ ਕਹਾਣੀ ਦੇ ਰਚਨਾਤਮਕ ਅਮਲ ਬਾਰੇ ਕ੍ਰਿਟੀਕ  ਉਸਾਰਦਾ ਹੈ ਤਾਂ ਉਹ ਮਾਨਵੀ ਅਰਥਾਂ ਦੀ ਡੂੰਘੀ  ਤਲਾਸ਼  ਕਰਦਾ ਹੋਇਆ ਮਿੰਨੀ ਕਹਾਣੀ ਰਚੇਤਾ ਨੂੰ ਸੁਝਾਅ ਦੇਂਦਾ ਹੈ ਕਿ ਜੀਵਨ ਦੇ ਸੱਚ  ਨੂੰ ਸੁਹਜ ਭਰਪੂਰ ਤੇ ਕਲਾਤਮਕ ਢੰਗ ਨਾਲ ਪ੍ਰਗਟਾਇਆ ਜਾਵੇ, ਜਿਸ ਵਿਚੋਂ ਲੇਖਕ ਦੀ ਆਸ਼ਾਵਾਦੀ ਦ੍ਰਿਸ਼ਟੀ ਸਾਹਮਣੇ ਆਵੇ। 
                            ਇਹ ਪੁਸਤਕ ਨਿਰੰਜਣ ਬੋਹਾ ਦੇ ਆਲੋਚਨਾਤਮਕ ਲੇਖਾਂ ਨਾਲ ਭਰਪੂਰ ਹੈ । ਇਹਨਾਂ ਨੂੰ ਪੜ੍ਹਦਿਆ ਪੁਸਤਕ ਵਿਚਲੇ ਪੰਜ ਪਹਿਲੂ ਮੁੱਖ ਤੌਰ 'ਤੇ ਉਭਰ ਕੇ  ਸਾਹਮਣੇ ਆਉਂਦੇ ਹਨ । 
1 ਮਿੰਨੀ ਕਹਾਣੀ ਦਾ ਜਨਮ ਤੇ ਵਿਕਾਸ 
2 ਮਿੰਨੀ ਕਹਾਣੀ ਦਾ ਵਿਸ਼ਾਗਤ ਤੇ ਰੂਪਕ ਪੱਖ  
3 ਮਿੰਨੀ ਕਹਾਣੀਕਾਰਾਂ ਦੀ ਦੇਣ  
4 ਮਿੰਨੀ ਕਹਾਣੀ ਦੀਆਂ ਸੀਮਾਵਾਂ ਤੇ ਸੰਭਾਵਨਾਵਾਂ  
5 ਲੇਖਕ( ਨਿਰੰਜਣ ਬੋਹਾ) ਦਾ ਸਿਰਜਨਾਤਮਕ ਵਿਕਾਸ  
                           ਇਹਨਾਂ ਲੇਖਾਂ ਦਾ ਬਾਹਰੀ ਰੂਪ ਭਾਵੇਂ ਵੱਖਰਾ ਵੱਖਰਾ ਨਜ਼ਰ ਆਉਂਦਾ ਹੈ ਪਰ ਅੰਦਰੂਨੀ ਤੌਰ ਤੇ ਇਹ ਸਾਰੇ ਏਕਤਾ ਵਿਚ ਬੱਝੇ ਹੋਏ ਹਨ । ਪੰਜਾਬੀ ਮਿੰਨੀ ਕਹਾਣੀ ਦੇ ਪਿਛੋਕੜ ਬਾਰੇ ਵੱਖ ਵੱਖ ਵਿਦਵਾਨਾਂ ਨੇ ਆਪਣੇ ਵਿਚਾਰ ਪ੍ਰਗਟਾਏ ਹਨ ਪਰ ਬੋਹਾ ਆਪਣੀ ਦਲੀਲ ਦੇਂਦਾ ਹੋਇਆ ਮਿੰਨੀ ਕਹਾਣੀ ਦਾ ਸਤੁੰਤਰ ਵਿਧਾ ਵਜੋਂ ਵਿਕਾਸ ਪ੍ਰਗਤੀਵਾਦੀ ਸਾਹਿਤਕ ਲਹਿਰ ਸਮੇਂ ਹੀ ਸ਼ੁਰੂ ਹੋਇਆ ਮੰਨਦਾ ਹੈ। ਆਲੋਚਕ ਦਾ ਮੱਤ ਹੈ ਕਿ ਮਿੰਨੀ ਕਹਾਣੀ ਸਾਹਿਤ ਵਿਚ ਚਲੀਆਂ ਆ ਰਹੀਆਂ ਲਹਿਰਾਂ ਦਾ ਪ੍ਰਭਾਵ ਕਬੂਲਦੀ ਹੋਈ ਵਿਕਾਸ ਕਰਦੀ ਰਹੀ। ਅੱਜ ਵਿਸ਼ਵੀਕਰਨ ਦੇ ਯੁਗ ਵਿਚ ਜਿੱਥੇ ਮਨੁੱਖ ਸਵੈ- ਕੇਂਦਰਿਤ ਹੋ ਕੇ ਰਹਿ ਗਿਆ ਹੈ – ਪੈਸੈ ਦੀ ਦੌੜ ਪਿੱਛੇ ਭੱਜਦਾ ਹੋਇਆ ਉਹ ਮਨੁੱਖੀ ਜੀਵਨ ਦੀ ਮੌਲਿਕਤਾ ਗੁਆ ਰਿਹਾ ਹੈ ਤੇ ਉਸ ਨੁੰ ਆਪਣਾ ਅੱਸਤਿਤਵ ਖੁਰਦਾ ਹੋਇਆ ਮਹਿਸੂਸ ਹੋ ਰਿਹਾ ਹੈ । ਅਜਿਹਾ ਖੰਡਿਤ ਮਨੁੱਖ ਸਮੇਂ ਦੀ ਪ੍ਰਸਥਿਤੀਆਂ ਦੀ ਮਾਰ ਹੇਠ ਆ ਕੇ ਮਾਨਸਿਕ ਤ੍ਰਾਸਦੀ ਹੰਢਾ ਰਿਹਾ ਹੈ । ਪੰਜਾਬੀ ਮਿੰਨੀ ਕਹਾਣੀ ਵੀ ਅਜਿਹੇ ਵਰਤਾਰੇ ਦਾ ਪ੍ਰਗਟਾਂਅ ਕਰਦੀ ਹੋਈ ਨਜ਼ਰ ਆ ਰਹੀ ਹੈ। ਆਲੋਚਕ ਮੰਨਦਾ ਹੈ ਕਿ ਸਤਵੰਤ ਕੈਂਥ ਨੇ ਸੰਨ 1972 ਵਿਚ ਆਪਣਾ ਮਿੰਨੀ ਕਹਾਣੀ ਸੰਗ੍ਰਿਹ ਪ੍ਰਕਾਸ਼ਿਤ ਕਰਾਉਣ ਦੀ ਪਹਿਲ ਕੀਤੀ।' ਅਣੂ' ਮਿੰਨੀ ਕਹਾਣੀ ਨੂੰ ਗੰਭੀਰਤਾ ਨਾਲ ਪੇਸ਼ ਕਰਨ ਵਾਲੀ ਪਹਿਲੀ ਸਾਹਿਤਕ ਪੱਤ੍ਰਿਕਾ ਹੈ । ਮਿੰਨੀ ਕਹਾਣੀ ਸਮੇ ਦੀ ਚਾਣੌਤੀ ਨੂੰ ਕਿਵੇਂ ਸਵੀਕਾਰਦੀ ਹੈ , ਵੀਹਵੀਂ ਤੇ ਇੱਕਵੀਂ ਸਦੀ ਵਿਚ ਇਸ ਨੇ ਕਿਵੇਂ ਪਹਿਚਾਣ ਬਣਾਈ – ਇਸ ਬਾਰੇ ਪੁਸਤਕ ਵਿਚ ਕਈ ਲੇਖ ਹਨ । 
                   ਬੋਹਾ ਵਿਸ਼ਿਆ ਦੀ ਚੋਣ ਬਾਰੇ ਲਿੱਖਦਾ ਹੈ ਕਿ ਲੇਖਕ ਨੂੰ ਆਪਣੀ ਕਹਾਣੀ ਵਿਚ ਉਹ ਵਿਸ਼ੇ ਹੀ ਚੁਨਣੇ ਚਾਹੀਦੇ ਹਨ ਜਿਨਾਂ ਬਾਰੇ ਉਸ ਦੀ ਪਕੜ ਹੋਵੇ, ਭਾਵੇਂ ਉਹ ਆਰਥਿਕ ਸਮਾਜਿਕ ਜਾਂ ਰਾਜਨੀਤਕ ਹੋਣ । ਜਿਵੇਂ ਉਹ ਜੋਰ ਦੇਂਦਾ ਹੈ ਕਿ ਕੋਈ ਲੇਖਕ ਕਹਾਣੀ ਜੇਕਰ ਮਿੰਨੀ ਕਹਾਣੀ  ਦਾ ਵਿਸ਼ਾ ਮਨੋ-ਵਿਗਆਨਕ ਪੈਂਤੜੇਂ  ਤੋ  ਲੈਂਦਾ ਹੈ ਤਾਂ ਉਸ ਕਹਾਣੀਕਾਰ ਨੂੰ ਮਨੋ-ਕਲਪਿਤ ਸੁਪਨਿਆਂ ਦੇ ਸੰਸਾਰ ਦੀ ਸਿਰਜਣਾ  ਨਹੀਂ ਕਰਨੀ ਚਾਹੀਦੀ । ਉਹ ਇਸ ਗੱਲ ਨੂੰ ਮੰਨਦਾ ਹੈ ਕਿ ਸਮਾਜ ਵਿਚ ਵਾਪਰ ਰਹੀਆਂ ਸੁਖਾਵੀਆਂ ਤੇ ਅਣ- ਸੁਖਾਵੀਆਂ ਘਟਨਾਵਾਂ ਦਾ ਤੱਤਕਾਲੀ ਪ੍ਰਭਾਵ  ਮਨੁੱਖ ਦੇ ਮਨ 'ਤੇ ਪੈਂਦਾ ਹੈ ਤੇ ਇਸ ਵਿਚੋਂ ਉਪਜੀਆਂ ਪ੍ਰਤੀਕ੍ਰਿਆਵਾਂ ਨੂੰ ਮਿੰਨੀ ਕਹਾਣੀ ਵਿਚ ਪੇਸ਼ ਕਰਨ ਵੇਲੇ ਬਹੁਤ ਸੁਚੇਤਤਾ ਦੀ ਲੋੜ ਹੈ। ਇਸ ਲਈ ਉਹ ਹਰ ਲੇਖਕ ਨੂੰ ਅਜਿਹੇ ਪੱਖਾਂ ਲਈ ਚੇਤੰਨ ਕਰਦਾ ਹੋਇਆ ਆਪਣੇ ਲੇਖਾਂ ਵਿਚ ਇਸ ਪੱਖ ਦਾ ਵਿਸਥਾਰ ਵੀ ਕਰਦਾ ਹੈ । ਆਲੋਚਕ ਬੋਹਾ ਨੇ  ਜਿੱਥੇ ਵੀਹਵੀਂ ਸਦੀ ਤੇ ਇੱਕਵੀਂ ਸਦੀ ਵਿਚ ਮਿੰਨੀ ਕਹਾਣੀ  ਵਿਚਲੇ ਵਿਭਿੰਨ ਵਿਸ਼ਿਆਂ ਬਰੇ ਚਾਨਣਾ ਪਾਇਆ ਹੈ ਉੱਥੇ ਕਹਾਣੀ ਵਿਚਲੇ ਸ਼ਿਲਪ ਵਿਧਾਨ ਅੰਦਰ ਆਈਆ ਤਬਦੀਲੀਆਂ ਬਾਰੇ ਵੀ ਜਾਣਕਾਰੀ ਦਿੱਤੀ ਹੈ । ਆਲੋਚਕ ਵਾਰ ਵਾਰ ਮਿੰਨੀ ਕਹਾਣੀ ਕਾਰਾਂ ਨੂੰ ਸਿੱਖਿਅਤ ਕਰਦਾ ਹੈ ਕਿ ਮਿੰਨੀ ਕਹਾਣੀ ਵਿਚਲਾ ਸਥਿਤੀ ਚਿਤਰਣ ਵਿਆਖਿਆਤਮਕ ਨਹੀਂ ਸਗੋਂ ਸੰਕੋਚਵਾਂ ਤੇ ਪ੍ਰਤੀਕਾਤਮਕ ਹੋਣਾ ਚਾਹੀਦਾ ਹੈ। ਉਹ ਮਿੰਨੀ ਕਹਾਣੀ ਦੇ ਵਿਸ਼ੇਸ਼ ਗੁਣ ਜਿਵੇਂ ਸੰਖੇਪਤਾ, ਸਰਲਤਾ ਸੰਜਮਤਾਂ ਸੂਖਮਤਾ, ਕਟਾਖਸ਼ੀ ਚੋਭ ਤੇ ਕਸਵੇਂ ਕਥਾਨਕ ਤੇ ਜੋਰ ਦੇਂਦਾ ਹੈ । ਲੇਖਕ ਨੇ ਮਿੰਨੀ  ਕਹਾਣੀ ਦੇ ਵਿਸ਼ਵੀ ਸਰੋਕਾਰਾਂ  ਦੀ ਗੱਲ ਵੀ ਕੀਤੀ ਹੈ ਤੇ ਇਸ ਵਿਧਾ ਦਾ ਸਿਰਜਨਾਤਮਕ ਪਾਠ ਕਰਦੇ ਹੋਏ ਇਸ ਵਿਚਲੇ ਸਮਾਜਿਕ  ਨਜ਼ਰੀਏ ਨੂੰ ਵੀ ਉਭਾਰਿਆ ਹੈ । ਬੋਹਾ ਨੇ ਆਧੁਨਿਕ ਮਿੰਨੀ ਕਹਾਣੀ ਦੇ ਸੰਦਰਭ ਵਿਚ ਮੰਟੋ  ਦੇ 'ਸੁਰਖ ਹਾਸ਼ੀਏ' ਤੇ ਖਲੀਲ ਜਿਬਰਾਨ  ਦੀਆਂ ਲਘੂ ਰਚਨਾਵਾਂ ਅਤੇ ਆਪਣੀ  ਮਿੰਨੀ ਕਹਾਣੀ ' ਸ਼ੀਸ਼ਾਂ'ਦੀ ਰਚਨ ਪ੍ਰੀਕ੍ਰਿਆ ਬਾਰੇ ਪਾਠਕਾਂ ਤੇ ਮਿੰਨੀ ਕਹਾਣੀ ਵਿਧਾ ਦੇ ਖੋਜੀਆਂ ਲਈ ਇਕ ਸੰਵਾਦ ਵੀ ਰਚਾਇਆ ਹੈ।  
                      ਇਸ ਪੁਸਤਕ ਵਿਚਲੇ  ਭਾਵੇਂ ਸਾਰੇ ਹੀ ਲੇਖ ਗਿਆਨ ਵਧਾਊ ਤੇ ਸਲਾਘਾ ਯੋਗ ਹਨ ਪਰ ਆਲੋਚਨਾਂ ਦੇ ਖੇਤਰ ਵਿਚ ਇਸ ਪੁਸਤਕ ਦੇ ਲੇਖ ' ਪੰਜਾਬੀ ਮਿੰਨੀ ਕਹਾਣੀ ਦਾ ਬਿਤਿਆ ਕਲ੍ਹ ਤੇ ਅੱਜ' ਅਤੇ 'ਪੰਜਾਬੀ ਮਿੰਨੀ ਕਹਾਣੀ ਨੂੰ ਆਲੋਚਨਾਂ ਦਾ ਸੰਕਟ ਅਜੇ ਵੀ ਬਰਕਰਾਰ' ਦੀ ਅਹਿਮੀਅਤ ਇਸ ਕਰਕੇ ਵੱਧ ਹੈ ਕਿ ਇਹ ਚਿੰਤਕਾਂ ਨੂੰ ਗੰਭੀਰ ਚਿੰਤਨ ਮੰਥਨ ਕਰਨ ਲਈ ਪ੍ਰੇਰਦੇ ਹਨ ਤਾਂ ਕਿ ਮਿੰਨੀ ਕਹਾਣੀ ਦੇ ਵਿਕਾਸ ਨੂੰ ਹੋਰ ਵੀ ਮੁੱਲਵਾਨ ਬਣਾਇਆ ਜਾ ਸਕੇ। ਆਲੋਚਕ ਨੂੰ ਮਿੰਨੀ ਕਹਾਣੀ ਦਾ ਦੀ ਸਮੀਖਿਆ ਦਾ ਅਤੀਤ ਤੇ ਵਰਤਮਾਨ ਜਿਆਦਾ ਫਲ ਪੂਰਨ ਨਹੀਂ ਲੱਗਦਾ ਕਿਉਂ ਕਿ ਉਸ ਦੀ ਦਲੀਲ ਮੁਤਾਬਿਕ ਇਸ ਵੇਲੇ 300 ਤੋਂ ਵੱਧ  ਨਵੇਂ ਤੇ ਪੁਰਾਣੇ  ਲੇਖਕ ਮਿੰਨੀ ਕਹਾਣੀ ਲਿੱਖ ਰਹੇ ਹਨ ਪਰ 1988 ਤੋਂ ਹੁਣ ਤੱਕ ਸਿਰਫ ਸੱਤ ਆਲੋਚਨਾਂ ਦੀਆਂ ਕੇਵਲ ਸੱਤ  ਪੁਸਤਕਾਂ ਆਈਆਂ ਹਨ । ਉਹ   ਮਿੰਨੀ ਕਹਾਣੀ ਆਲੋਚਨਾਂ ਦਾ ਵਿਧੀ ਵੱਧ ਪਹਿਲਾਂ ਉਲੇਖ 1988 ਵਿਚ ਡਾ: ਮਹਿਤਾਬ-ਉਦ ਦੀਨ ਦੀ  ਪ੍ਰਕਾਸਿਤ ਪੁਸਤਕ ' ਪੰਜਾਬੀ ਮਿੰਨੀ ਕਹਾਣੀ ਪ੍ਰਾਪਤੀਆਂ ਤੇ ਸੰਭਵਨਾਵਾਂ' ਨੂੰ ਦੱਸਦਾ ਹੈ । ਭਾਵੇਂ ਸਵ: ਜਗਦੀਸ਼ ਅਰਮਾਨੀ, ਡਾ: ਅਮਰ ਕੋਮਲ, ਨਿਰੰਜਣ ਬੋਹਾ, ਡਾ: ਕੁਲਦੀਪ ਦੀਪ , ਕਰਮਵੀਰ ਸਿੰਘ ,ਡਾ: ਜੁਗਿੰਦਰ ਨਿਰਾਲਾ, ਡਾ: ਸ਼ਿਆਮ ਸੁੰਦਰ ਦੀਪਤੀ , ਸਿਆਮ ਸੁੰਦਰ ਅਗਰਵਾਲ ਤੇ ਹਰਪ੍ਰੀਤ ਰਾਣਾ ਆਦਿ  ਪੰਜਾਬੀ ਆਲੋਚਕਾਂ ਨੇ ਵੀ ਮਿੰਨੀ  ਕਹਾਣੀ ਆਲੋਚਨਾਂ ਖੇਤਰ ਵਿਚ ਆਪਣਾ ਯੋਗਦਾਨ ਪਾਇਆ ਹੈ ਪਰ ਜਿਨੀ ਜ਼ਰੂਰਤ ਮਿੰਨੀ  ਕਹਾਣੀ ਸਮੀਖਿਆ ਦੀ ਹੈ, ਉਹ ਪੂਰੀ ਨਹੀਂ  ਹੋ ਰਹੀ। ਅਜਿਹੀ ਸਥੀਤੀ ਹੋਣ ਦੇ ਬਾਵਜੂਦ ਵੀ ਨਿਰੰਜਣ ਬੋਹਾ ਮਿੰਨੀ ਕਹਾਣੀ ਦੇ ਵਿਕਾਸ ਦੀਆਂ ਸੰਭਾਵਨਾਵਾਂ ਰੱਖਦਾ ਹੈ । ਉਸ ਨੂੰ ਉਂਮੀਦ ਹੈ ਕਿ ਅਦਾਰਾ 'ਮਿੰਨੀ' ਤੇਅਦਾਰਾ 'ਛਿੰਨ' ਤੇ ਅਦਾਰਾ  'ਅਣੂ' ਮਿੰਨੀ ਕਹਾਣੀ ਨਾਲ ਸੰਬਧਤ ਆਲੋਚਨਾਤਮਕ ਲੇਖ ਲਿੱਖ ਤੇ ਲਿੱਖਵਾ ਕਿ ਇਸ ਦੇ ਮੁਲਾਂਕਣ ਖੇਤਰ ਨੂੰ ਹੋਰ ਵਧਾ ਰਹੇ ਹਨ – ਜੋ ਮਿੰਨੀ ਕਹਾਣੀ ਲਈ ਸ਼ੁਭ ਸ਼ਗਨ ਹੈ।
                   ਪੁਸਤਕ ਦੀ ਅੰਤਿਕਾਂ ਵਿਚ ਨਿਰੰਜਣ ਬੋਹਾ ਨਾਲ ਜਗਦੀਸ਼ ਕੁਲਰੀਆ ਨੇ ਸਿਰਜਣਾ ਵਿਸ਼ੇ ਤੇ ਸੰਵਾਦ ਰਚਾਇਆ ਹੈ , ਜਿਸ ਵਿਚ ਨਿਰੰਜਣ ਬੋਹਾ ਦੀ ਸਾਹਿਤਕ ਲਗਨ, ਸਾਹਿਤਕ ਵਿਕਾਸ, ਪਰਿਵਾਰਕ ਪਿਛੋਕੜ , ਵਿਚਾਰਧਾਰਕ ਪਕੜ ਤੇ ਸਾਹਿਤਕ ਰਚਨਾਵਾਂ ਬਾਰੇ ਜਾਣਕਾਰੀ ਮਿਲਦੀ ਹੈ । ਇਸ ਸੰਵਾਦ ਵਿਚੋ ਵੀ ਕਈ  ਚਿੰਤਨਮਈ ਤੇ ਗਿਆਨਵਧਾਊ ਪੱਖ ਉਘੜਦੇ ਹਨ । ਇਸ ਤਰਾਂ ਇਹ ਸਾਰੀ ਹੀ ਪੁਸਤਕ ਵਿੱਲਖਣਤਾ ਦਰਸਾਉਂਦੀ ਹੈ । ਮੇਰਾ ਮੰਨਣਾ ਹੈ ਕਿ ਇਹ ਪੁਸਤਕ ਮਿੰਨੀ ਕਹਾਣੀ  ਆਲੋਚਨਾਂ ਦੇ ਖੇਤਰ ਵਿਚ ਆਪਣੀ ਵਿੱਲਖਣ ਪਹਿਚਾਣ ਬਣਾਏਗੀ ਤੇ ਖੋਜ਼ ਵਿਦਿਆਰਥੀਆ ਲਈ ਅਮੁੱਲ ਵਿਚਾਰਾਂ ਤੇ ਜਾਣਕਾਰੀ ਸਮੇਤ ਸਹਾਈ ਹੋਵੇਗੀ । ਮਿੰਨੀ  ਕਹਾਣੀ ਦੀਆ ਭਵਿੱਖਤ ਸੰਭਵਨਾਵਾਂ ਨੂੰ ਉਜਾਗਰ ਕਰਨ ਲਈ ਇਸ ਪੁਸਤਕ ਦੀ ਦੇਣ ਸਦੀਵੀ ਬਰਕਰਾਰ ਰਹੇਗੀ । ਇਸ ਪੁਸਤਕ ਦਾ ਸਾਹਿਤਕ ਖੇਤਰ ਤੇ ਆਲੋਚਨਾਂ ਦੇ ਖੇਤਰ ਵਿਚ ਸੁਆਗਤ ਹੈ ।