ਉੱਚਾ ਦਰ ਬਾਬੇ ਨਾਨਕ ਦਾ (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਿਸੇ ਵੀ ਜੀਵ ਦੇ ਜਿੰਦਾ ਰਹਿਣ ਲਈ ਭੋਜਨ ਜ਼ਰੂਰੀ ਹੈ। ਬੱਚਾ ਜਦ ਧਰਤੀ ਤੇ ਜਨਮ ਲੈਂਦਾ ਹੈ ਤਾਂ ਸਾਹ ਲੈਣ ਤੋਂ ਬਾਅਦ ਉਸ ਦੀ ਮੁੱਖ ਜ਼ਰੂਰਤ ਉਦਰ ਪੂਰਤੀ ਦੀ ਹੁੰਦੀ ਹੈ। ਮਾਂ ਆਪਣੇ ਬੱਚੇ ਨੂੰ ਆਪਣਾ ਦੁੱਧ ਪਿਲਾ ਕੇ ਉਸ ਦੀ ਇਹ ਜ਼ਰੂਰਤ ਪੂਰੀ ਕਰਦੀ ਹੈ।ਹੌਲੀ ਹੌਲੀ ਬੱਚੇ ਨੂੰ ਓਪਰਾ ਦੁੱਧ ਤੇ ਠੋਸ ਅਹਾਰ ਸ਼ੁਰੂ ਕੀਤਾ ਜਾਂਦਾ ਹੈ। ਭੋਜਨ ਕੇਵਲ ਮਨੁੱਖਾਂ ਲਈ ਹੀ ਜ਼ਰੂਰੀ ਨਹੀਂ ਹੁੰਦਾ, ਸਗੋਂ ਸਭ ਜੀਵਾਂ ਤੇ ਸਾਰੀ ਬਨਸਪਤੀ ਨੂੰ ਭੋਜਨ ਦੀ ਜ਼ਰੂਰਤ ਪੈਂਦੀ ਹੈ। ਜੇ ਬੰਦੇ ਨੂੰ ਇਕ ਡੰਗ ਵੀ ਭੋਜਨ ਨਾ ਮਿਲੇ ਤਾਂ ਉਸ ਦੀ ਹਾਲਤ ਬਹੁਤ ਪਤਲੀ ਹੋ ਜਾਂਦੀ ਹੈ। ਇਹ ਵੱਖਰੀ ਗੱਲ ਹੈ ਕਿ ਕੁਝ ਮਹਾਂਪੁਰਸ਼ ਆਤਮਿਕ ਬਲ ਦੇ ਸਹਾਰੇ ਕਈ-ਕਈ ਦਿਨ ਭੋਜਨ ਤੋਂ ਬਿਨਾ ਕੱਟ ਲੈਂਦੇ ਹਨ, ਪਰ ਉਹ ਵੀ ਭੋਜਨ ਦਾ ਤਿਆਗ ਸਦਾ ਲਈ ਨਹੀਂ ਕਰ ਸਕਦੇ। ਭੋਜਨ ਤੋਂ ਬਿਨਾ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਭੋਜਨ ਤੋਂ ਬਿਨਾ ਭਗਵਾਨ ਦੀ ਭਗਤੀ ਵੀ ਨਹੀਂ ਹੋ ਸਕਦੀ। ਇਸੇ ਲਈ ਭਗਤ ਕਬੀਰ ਜੀ ਨੇ ਆਪਣੀ ਬਾਣੀ ਵਿਚ ਪ੍ਰਮਾਤਮਾ ਨੂੰ ਕਿਹਾ ਹੈ:

ਭੂਖੇ ਭਗਤਿ ਨ ਕੀਜੈ॥
ਯਹ ਮਾਲਾ ਅਪਨੀ ਲੀਜੈ॥

ਭਾਵ ਇਹ ਕਿ ਭੁੱਖ ਇਕ ਐਸੀ ਜ਼ਰੂਰੀ ਚੀਜ਼ ਹੈ ਜੋ ਬੰਦੇ ਨੂੰ ਨਾ ਚਾਹੁੰਦੇ ਹੋਏ ਕੰਮ ਕਰਨ ਤੇ ਵੀ ਮਜ਼ਬੂਰ ਕਰ ਦਿੰਦੀ ਹੈ। ਭੁੱਖ ਖਾਤਰ ਕਈ ਵਾਰੀ ਮਾਵਾਂ ਆਪਣੀ ਔਲਾਦ ਨੂੰ ਵੇਚਣ ਲਈ ਮਜ਼ਬੂਰ ਹੋ ਜਾਂਦੀਆਂ ਹਨ। ਭੁੱਖ ਖਾਤਰ ਹੀ ਕਈ ਵਾਰੀ ਔਰਤ ਨੂੰ ਆਪਣੀ ਅਸਮਤ ਵੀ ਦਾਅ ਤੇ ਲਾਉਣੀ ਪੈਂਦੀ ਹੈ।ਦੁਸ਼ਮਣ ਨੂੰ ਜੇ ਈਨ ਮਨਾਉਣੀ ਹੋਵੇ ਤਾਂ ਸਭ ਤੋਂ ਪਹਿਲਾਂ ਉਸ ਦੀ ਅਸਲੇ ਅਤੇ ਭੋਜਨ ਦੀ ਸਪਲਾਈ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਪੇਟ ਇਕ ਐਸੀ ਚੀਜ਼ ਹੈ, ਜਿਸ ਨੂੰ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਕਿਹਾ ਜਾਂਦਾ ਹੈ। ਪੇਟ ਭਰਨ ਲਈ ਲੋਕ ਸੋ ਠੱਗੀਆਂ ਠੋਰੀਆਂ ਮਾਰਦੇ ਹਨ। ਚੋਰੀਆਂ ਕਰਦੇ ਹਨ, ਫਿਰ ਸਜ਼ਾਵਾਂ ਵੀ ਭੁਗਤਦੇ ਹਨ। ਭਰਾ-ਭਰਾ ਦਾ ਦੁਸ਼ਮਣ ਬਣ ਜਾਂਦਾ ਹੈ। ਦੋ ਵੇਲੇ ਦੀ ਰੋਟੀ ਦਾ ਜੁਗਾੜ ਕਰਦਿਆਂ ਸਾਰੀ ਉਮਰ ਬੀਤ ਜਾਂਦੀ ਹੈ। ਖਾਂਦਿਆਂ ਤਾਂ ਖੂਹ ਵੀ ਖਾਲੀ ਹੋ ਜਾਂਦੇ ਹਨ, ਪਰ ਪੇਟ ਨਹੀਂ ਭਰਦਾ। ਰਾਤੀ ਰੋਟੀ ਖਾ ਕੇ ਸਵੋਂ, ਸਵੇਰ ਦੀ ਰੋਟੀ ਦਾ ਫਿਰ ਫਿਕਰ। ਸਾਰੀ ਉਮਰ ਬੰਦਾ ਪੇਟ ਦੀ ਅੱਗ ਬੁਝਾਉਣ ਲਈ ਕੋਹਲੂ ਦੇ ਬੈਲ ਦੀ ਤਰ੍ਹਾਂ ਜੁਪਿਆ ਰਹਿੰਦਾ ਹੈ।ਕਈਆਂ ਦਾ ਬਚਪਨ ਤੇ ਜੁਆਨੀ ਇਸੇ ਵਿਚ ਰੁਲ ਜਾਂਦੀ ਹੈ। ਰੋਟੀ ਦੇ ਜੁਗਾੜ ਲਈ ਲੋਕਾਂ ਨੂੰ ਕਈਆਂ ਦੀ ਗੁਲਾਮੀ ਵੀ ਕਰਨੀ ਪੈਂਦੀ ਹੈ। ਪ੍ਰਦੇਸਾਂ ਵਿਚ ਦਰ ਦਰ ਦੀਆਂ ਠੋਕ੍ਹਰਾਂ ਵੀ ਖਾਣੀਆਂ ਪੈਂਦੀਆਂ ਹਨ। ਇਸੇ ਲਈ ਕਿਸੇ ਸ਼ਾਇਰ ਨੇ ਠੀਕ ਹੀ ਲਿਖਿਆ ਹੈ:
ਦੀਵਾਨਾ ਆਦਮੀ ਕੋ ਬਣਾਤੀ ਹੈਂ ਰੋਟੀਆਂ ॥
ਠੋਕ੍ਹਰੇਂ ਦਰ ਦਰ ਕੀ ਖਿਲਾਤੀ ਹੈਂ ਰੋਟੀਆਂ॥

ਅਨੇਕਾਂ ਬਚਪਨ ਤੇ ਜੁਆਨੀਆਂ ਇਸੇ ਚੱਕਰ ਵਿਚ ਖਤਮ ਹੋ ਜਾਂਦੀਆਂ ਹਨ। ਅਜਿਹੇ ਲੋਕ ਬਚਪਨ ਤੇ ਜੁਆਨੀ ਦਾ ਅਨੰਦ ਮਾਣਨ ਦੀ ਥਾਂ ਸਿਧਾ ਬੁਢਾਪੇ ਵਿਚ ਪੈਰ ਧਰਦੇ ਹਨ। ਅੰਤ ਦੋ ਵੇਲੇ ਦੀ ਰੋਟੀ ਲਈ ਜੂਝਦੇ ਹੋਏ ਇਸ ਦੁਨੀਆਂ ਤੋਂ ਕੂਚ ਕਰ ਜਾਂਦੇ ਹਨ।ਪ੍ਰਮਾਤਮਾ ਨੇ ਸਭ ਜੀਵਾਂ ਨੂੰ ਆਪਣੇ ਢੰਗ ਨਾਲ ਜਿਉਣ ਦੀ ਅਜ਼ਾਦੀ ਦਿੱਤੀ ਹੈ, ਪਰ ਇਨਸਾਨ ਨੇ ਜਾਨਵਰਾਂ ਨੂੰ ਬੰਨ੍ਹ ਕੇ ਜਾਂ ਪਿੰਜਰੇ ਵਿਚ ਕੈਦ ਕਰਕੇ ਉਨ੍ਹਾਂ ਦੀ ਖੁਰਾਕ ਤੇ ਕਬਜਾ ਕੀਤਾ, ਫਿਰ ਤਰਸਾ ਤਰਸਾ ਕੇ ਉਨ੍ਹਾਂ ਨੂੰ ਭੋਜਨ ਦੇ ਕੇ ਆਪਣੇ ਅਧੀਨ ਕੀਤਾ ਅਤੇ ਆਪਣੀ ਮਰਜੀ ਦਾ ਕੰਮ ਲਿਆ। ਹਾਥੀ ਜਹੇ ਮਹਾਂਬਲੀ ਨੂੰ ਵੀ ਆਪਣਾ ਗੁਲਾਮ ਬਣਾਇਆ। ਭੁੱਖ ਕਾਰਨ ਹੀ ਬਾਂਦਰ ਮਦਾਰੀ ਦੇ ਇਸ਼ਾਰੇ ਤੇ ਨੱਚਦਾ ਹੈ ਤੇ ਸ਼ੇਰ ਰਿੰਗ ਮਾਸਟਰ ਦੇ ਕੋੜੇ ਤੇ ਕਰਤਬ ਦਿਖਾਉਂਦਾ ਹੈ।ਇਹ ਪੇਟ ਦੀ ਭੁੱਖ ਕਿਵੇਂ ਮਿਟੇ? ਇਹ ਜੀਵ ਦੀ ਸਭ ਤੋਂ ਵੱਡੀ ਸਮੱਸਿਆ ਹੈ। ਇਸ ਭੁੱਖ ਨੂੰ ਮਿਟਾਉਣ ਲਈ ਮਨੁੱਖ ਸਾਰੀ ਉਮਰ ਕਈ ਕਰਮ ਤੇ  ਕੁਕਰਮ ਕਰਦਾ ਹੈ। ਦੁਨੀਆਂ ਦੇ ਸਾਰੇ ਮੁਲਕਾਂ ਨੂੰ ਇਸ ਸਮੇਂ ਆਪਣੀ ਅਬਾਦੀ ਨੂੰ ਦੋ ਵੇਲੇ ਦੀ ਰੋਟੀ ਜੁਟਾਉਣ  ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਿੱਖ ਧਰਮ ਵਿਚ ਗਰੀਬ ਗੁਰਬੇ ਤੇ ਜ਼ਰੂਰਤਮੰਦ ਦੀ ਸੇਵਾ ਤੇ ਬਹੁਤ ਜੋਰ ਦਿੱਤਾ ਗਿਆ ਹੈ। ਭੁੱਖੇ ਨੂੰ ਭੋਜਨ ਕਰਾਉਣ ਦਾ ਇਕ ਸਿੱਖ ਦਾ ਸਭ ਤੋਂ ਪਹਿਲਾ ਫਰਜ਼ ਹੈ। ਅੱਜ ਤੋਂ ਕਰੀਬ ਸਵਾ ਪੰਜ ਸੋ ਸਾਲ ਪਹਿਲਾਂ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ੨੦ ਰੁਪਏ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਸਿੱਖ ਧਰਮ ਵਿਚ ਲੰਗਰ ਦੀ ਪ੍ਰਥਾ ਨੂੰ ਸ਼ੁਰੂ ਕੀਤਾ। ਇਹ ਕਹਾਣੀ ਸੱਚਾ ਸੌਦਾ ਦੀ ਸਾਖੀ ਦੇ ਨਾਮ ਨਾਲ ਪ੍ਰਸਿਧ ਹੈ। ਇਹ ਲੰਗਰ ਦੀ ਪ੍ਰਥਾ ਨੂੰ ਗੁਰੂ ਅੰਗਦ ਦੇਵ ਜੀ ਨੇ ਅੱਗੇ ਤੋਰਿਆ।ਫਿਰ ਤੀਸਰੀ ਪਾਤਸ਼ਾਹੀ ਸੀ੍ਰ ਗੁਰੂ ਅਮਰ ਦਾਸ ਜੀ ਨੇ ਇਸ ਲੰਗਰ ਦੀ ਰਸਮ ਨੂੰ ਟਕਸਾਲੀ ਰੂਪ ਦਿੱਤਾ।ਉਨ੍ਹਾਂ ਹੁਕਮ ਕੀਤਾ ਕਿ " ਪਹਿਲਾਂ ਪੰਗਤ ਫਿਰ ਸੰਗਤ" ਭਾਵ ਕੋਈ ਵਿਅਕਤੀ ਭਾਵੇਂ ਕਿਸੇ ਵੀ ਉੱਚੇ ਰੁਤਬੇ ਦਾ ਕਿਉਂ ਨਾ ਹੋਵੇ ਪਹਿਲਾਂ ਪੰਗਤ ਵਿਚ ਬੈਠ ਕੇ ਸਭ ਦੇ ਬਰਾਬਰ ਭੋਜਨ ਛਕੇ ਫਿਰ ਉਨਾਂ੍ਹ ਦੇ ਦਰਸ਼ਨ ਲਈ ਆਵੇ। ਇਹ ਮਾਨਵਤਾ ਦੀ ਬਰਾਬਰੀ ਵਲ ਇਕ ਇਨਕਲਾਬੀ ਕਦਮ ਸੀ।  ਗੁਰੂ ਕੇ ਲੰਗਰ ਵਿਚ ਸਾਰੇ ਲੋਕ ਬਿਨਾਂ ਕਿਸੇ ਭੇਦ-ਭਾਵ ਦੇ ਇਕੋ ਪੰਗਤ ਵਿਚ ਬੈਠ ਕੇ ਬੜੇ ਪ੍ਰੇਮ ਨਾਲ ਲੰਗਰ ਛਕਦੇ ਹਨ। ਇਤਿਹਾਸ ਗੁਆਹ ਹੈ ਕਿ ਅਕਬਰ ਬਾਦਸ਼ਾਹ ਨੇ ਵੀ ਇਸੇ ਪੰਗਤ ਵਿਚ ਬੈਠ ਕੇ ਲੰਗਰ ਛਕਿਆ ਫਿਰ ਗੁਰੂ ਅਮਰ ਦਾਸ ਜੀ ਦੇ ਦਰਸ਼ਨ ਕੀਤੇ ।ਸਿੱਖਾਂ ਦੇ ਚੋਥੇ ਗੁਰੂ ਸ੍ਰੀ ਗੁਰੂ ਰਾਮ ਦਾਸ ਜੀ ਦਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ ਚਲਾਆਿ ਹੋਇਆ ਇਹ ਲੰਗਰ ਅੱਜ ਸਾਰੀ ਦੁਨੀਆਂ ਵਿਚ ਮਿਸਾਲ ਪੇਸ਼ ਕਰ ਰਿਹਾ ਹੈ। ਇਸ ਬਾਰੇ ਸਿਖਸ ਹੈਲਪਿੰਗ ਸਿਖਸ (ਸਿੱਖਾਂ ਦੀ ਸਿੱਖ ਮਦਦ ਕਰਨ ਵਾਲੇ) ਦੇ ਨੁਮਾਇੰਦੇ ਸ਼ੋਕਤ ਸ਼ਫੀ ਨੇ ੧੭ ਨਵੰਬਰ, ੨੦੧੩ ਦੇ ਅੰਕੜੇ ਭੇਜੇ ਹਨ ਜੋ ਦੁਨੀਆਂ ਭਰ ਦੇ ਲੋਕਾਂ ਲਈ ਅੱਖਾਂ ਖੋਲ੍ਹਣ ਵਾਲੇ ਹਨ। ਆਪ ਲਿਖਦੇ ਹਨ :
ਵਿਲੱਖਣ ਰਸੋਈ ਜਿੱਥੇ ਰੋਜਾਨਾ ਇਕ ਲੱਖ ਲੋਕਾਂ ਨੂੰ ਭੋਜਨ ਕਰਾਇਆ ਜਾਂਦਾ ਹੈ
ਸਿੱਖਾਂ ਦੇ ਸਭ ਤੋਂ ਪਵਿਤਰ ਸਥਾਨ ਤੇ ਭਾਰਤ ਵਿਚ ਮੁਫਤ ਚਲਣ ਵਾਲੀ ਰਸੋਈ
ਜਿਥੇ ੨,੦੦,੦੦੦ ਰੋਟੀਆਂ ਅਤ ੧.੫ ਟਨ ਦਾਲ ਰੋਜ ਬਣਦੀ ਹੈ
ਪੱਛਮੀ ਭਾਰਤ ਦੇ ਅਮ੍ਰਿਤਸਰ ਸ਼ਹਿਰ ਦੇ ਹਰਿਮੰਦਰ ਸਾਹਿਬ ਦੁਆਰਾ ਚਲਾਈ ਗਈ ਰਸੋਈ (ਲੰਗਰ ਹਾਲ) ਵਿਚ ਰੋਜਾਨਾ ਦੋ ਲੱਖ ਰੋਟੀਆਂ ਤੇ ੧.੫ ਟਨ ਦਾਲ ਤਿਆਰ ਕਰਕੇ ਰੋਜ਼ਾਨਾ ਇਕ ਲੱਖ ਲੋਕਾਂ ਨੂੰ ਮੁਫਤ ਭੋਜਨ (ਲੰਗਰ) ਕਰਾਇਆ ਜਾਂਦਾ ਹੈ।ਇਹ ਦੁਨੀਆਂ ਭਰ ਦੇ ਕਿਸੇ ਵੀ ਕੋਨੇ ਵਿਚ ਇਕੋ-ਇਕ ਮੁਫਤ ਚਲਾਈ ਜਾਣ ਵਾਲੀ ਰਸੋਈ (ਲੰਗਰ) ਹੈ। ਲੰਗਰ ਦਾ ਰੁਝਾਨ ਸਦੀਆਂ ਪਹਿਲਾਂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ ਸੀ। ਐਤਵਾਰ ੧੭ ਨਵੰਬਰ, ੨੦੧੩ ਨੂੰ ਉਨ੍ਹਾਂ ਦਾ ੫੪੫ਵਾਂ ਜਨਮ ਦਿਹਾੜਾ ਸੀ।
ਲੰਗਰ ਵਿਚ ਜਾਤ-ਪਾਤ ਤੇ ਧਰਮ ਦੇ ਭਿੰਨ ਭੇਦ ਤੋਂ ਬਿਨਾ ਹਰ ਇਕ ਨੂੰ ਹਰ ਸਮੇਂ ਗਰਮ (ਤਾਜਾ) ਭੋਜਨ ਮਿਲਦਾ ਹੈ। ਉਥੋਂ ਕੋਈ ਵੀ ਭੁੱਖਾ ਨਹੀਂ ਜਾਂਦਾ।ਸਿੱਖਾਂ ਦੇ ਸਾਰੇ ਗੁਰਦਵਾਰਿਆਂ ਵਿਚ ਲੰਗਰ ਚੱਲਦਾ ਹੈ, ਪਰ ਸਿੱਖਾਂ ਦੇ ਸਭ ਤੋਂ ਪਵਿਤਰ ਸਥਾਨ ਹਰਿਮੰਦਰ ਸਾਹਿਬ ਦਾ ਕੋਈ ਸਾਨੀ ਨਹੀਂ।
ਇਸ ਮਹਾਨ ਰਸੋਈ ਦੇ ਮੈਨੇਜਰ ਹਰਪ੍ਰੀਤ ਸਿੰਘ ਨੇ ਇਹ ਗੱਲ ਦੱਸੀ ਕਿ-" ਇਥੇ ਕੋਈ ਵੀ ਮੁਫਤ ਭੋਜਨ ਕਰ ਸਕਦਾ ਹੈ। ਅਸੀਂ ਆਮ ਤੌਰ ਤੇ ਇਕ ਲੱਖ ਲੋਕਾਂ ਨੂੰ ਰੋਜਾਨਾ ਭੋਜਨ ਕਰਾਉਂਦੇ ਹਾਂ। ਹਫਤੇ ਦੇ ਆਖਰੀ ਦਿਨਾ ਵਿਚ ਅਤੇ ਵਿਸ਼ੇਸ਼ ਉਤਸਵਾਂ ਤੇ ਇਹ ਗਿਣਤੀ ਦੁਗਣੀ ਹੋ ਜਾਂਦੀ ਹੈ।ਲੰਗਰ ੨੪ ਘੰਟੇ ਅਟੁੱਟ ਵਰਤਦਾ ਹੈ। ਆਮ ਤੌਰ ਤੇ ੭੦੦੦ ਕਿਲੋ ਆਟਾ, ੧੨੦੦ ਕਿਲੋ ਚਾਵਲ, ੫੦੦ ਕਿਲੋ ਘਿਓ ਇਸ ਲੰਗਰ ਲਈ ਰੋਜਾਨਾ ਵਰਤਿਆ ਜਾਂਦਾ ਹੈ"। 
ਉਨਾਂ੍ਹ ਨੇ ਹੋਰ ਦਸਿਆ ਦਸਿਆ-"ਇਸ ਮੁਫਤ ਦੇ ਲੰਗਰ ਵਿਚ ਲੱਕੜੀ, ਰਸੋਈ ਗੈਸ ਅਤੇ ਬਿਜਲੀ ਦੀ ਭੱਠੀ ਵਰਤੋਂ ਵਿਚ ਲਿਆਂਦੀ ਜਾਂਦੀ ਹੈ। ਅਸੀਂ ਰੋਜਾਨਾ ੧੦੦ ਗੈਸ ਸਲੰਡਰ ਅਤੇ ੫੦੦੦ ਕਿਲੋ ਬਾਲਣ ਵਰਤਦੇ ਹਾਂ"।
"ਇਹ ਲੰਗਰ ੪੫੦ ਬੰਦਿਆਂ ਦੇ ਸਟਾਫ ਤੇ ਹੋਰ ਨਿਸ਼ਕਾਮ ਸੇਵਾਦਾਰਾਂ ਦਵਾਰਾ ਚਲਾਇਆ ਜਾਂਦਾ ਹੈ"।ਇਹ ਲੰਗਰ ਕੇਵਲ ਮੁਫਤ ਦਾ ਭੋਜਨ ਹੀ ਨਹੀਂ।ਜਿਹੜੀਆਂ ਭੇਦ ਭਾਵ ਦੀਆਂ ਗਲਾਂ ਇਨਸਾਨਾ ਨੂੰ ਇਨਸਾਨਾ ਨਾਲੋਂ ਅਲਗ ਕਰਦੀਆਂ ਹਨ ਉਨਾਂ੍ਹ ਨੂੰ ਬੰਦਾ ਇਥੇ ਆ ਕਿ ਭੁੱਲ ਜਾਂਦਾ ਹੈ।
"ਨਿਸ਼ਕਾਮ ਸੇਵਕ ੩੦੦੦੦੦ ਪਲੇਟਾਂ, ਚਮਚ ਤੇ ਕੌਲੀਆਂ ਰੋਜ ਧੋਂਦੇ ਹਨ। ਇਹ ਭੋਜਨ ਸ਼ਾਕਾਹਾਰੀ ਹੁੰਦਾ ਹੈ ਅਤੇ ਇਸ ਦਾ ਸਾਰਾ ਖਰਚਾ ਸਾਰੀ ਦੁਨੀਆਂ ਵਿਚੋਂ ਦਾਨ ਦਵਾਰਾ ਚਲਾਇਆ ਜਾਂਦਾ ਹੈ। ਇਸ ਦਾ ਸਲਾਨਾ ਬਜਟ ਕਈ ਕਰੋੜਾਂ ਰੁਪਏ ਹੁੰਦਾ ਹੈ। ਔਰਤਾਂ ਦਾ ਇਸ ਲੰਗਰ ਨੂੰ ਤਿਆਰ ਕਰਨ ਵਿਚ ਵਿਸ਼ੇਸ਼ ਯੋਗਦਾਨ ਹੁੰਦਾ ਹੈ"। 
    
ਇਨ੍ਹਾਂ ਅੰਕੜਿਆਂ ਨੂੰ ਵਾਚਨ ਤੋਂ ਬਾਅਦ ਆਪਣੇ ਆਪ ਮੁੰਹੋਂ ਨਿਕਲਦਾ ਹੈ :

ਡਿਠੇ ਸਭੇ ਥਾਵ
ਨਹੀ ਤੁਧ ਜੇਹਿਆ॥

ਇਥੇ ਹੀ ਬਸ ਨਹੀਂ ਉਪਰੋਕਤ ਅੰਕੜਿਆਂ ਵਿਚ ਹਾਲੀ ਸਵੀਟ ਡਿਸ਼ (ਹਲਵਾ ਤੇ ਖੀਰ), ਸਬਜੀਆਂ, ਸਲਾਦ, ਅਚਾਰ, ਚਾਹ ਅਤੇ ਦੁੱਧ ਦੇ ਵੇਰਵੇ ਸ਼ਾਮਲ ਨਹੀਂ ਕੀਤੇ ਗਏ। ਖੈਰ ਇਹ ਸਿਲਸਲਾ ਹੋਰ ਅੱਗੇ ਚਲਦਾ ਹੈ।ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਲੰਗਰ ਦੀ ਇਸ ਰਸਮ ਨੇ ਹੋਰ ਮਜਬੂਤੀ ਫੜੀ ਅਤੇ ਗੁਰੂ ਕਾ ਲੰਗਰ ਸਿੱਖ ਧਰਮ ਦਾ ਇਕ ਜ਼ਰੂਰੀ ਅੰਗ ਬਣ ਗਿਆ। ਮਹਾਰਾਜਾ ਰਣਜੀਤ ਸਿੰਘ, ਰਾਜਾ ਹੋਣ ਦੇ ਬਾਵਜੂਦ, ਇਕ ਸਿੱਖ ਹੋਣ ਦੇ ਨਾਤੇ ਆਪਣੇ ਰਾਜ ਵਿਚ ਹਰ ਗਰੀਬ ਦਾ ਪੇਟ ਭਰਨਾ ਆਪਣਾ ਮੁੱਖ ਕਰਤਵ ਸਮਝਦਾ ਸੀ।ਇਕ ਵਾਰੀ ਆਪ ਜੀ ਦੇ ਰਾਜ ਵਿਚ ਕਾਲ ਪਿਆ। ਲੋਕੀ ਭੁੱਖ ਨਾਲ ਮਰਨ ਲੱਗੇ। ਮਾਹਰਾਜਾ ਰਣਜੀਤ ਸਿੰਘ ਇਸ ਨੂੰ ਸਹਾਰ ਨਾ ਸਕਿਆ। ਉਸਨੇ ਅਨਾਜ ਦੇ ਭੰਡਾਰ ਸਭ ਲਈ ਖੋਲ੍ਹ ਦਿੱਤੇ। ਜਨਤਾ ਨੂੰ ਮੁਫਤ ਅਨਾਜ ਵੰਡਣਾ ਸ਼ੁਰੂ ਕੀਤਾ। ਇਕ ਬੁੱਢੀ ਮਾਤਾ ਨੇ ਆਪਣੀ ਚਾਦਰ ਵਿਚ ਇਤਨਾ ਅਨਾਜ ਪਵਾ ਲਿਆ ਕਿ ਉਸ ਕੋਲੋਂ ਚੁੱਕਿਆ ਨਾ ਜਾਵੇ। ਉਹ ਲੱਗੀ ਕਿਸੇ ਕੁਲੀ (ਮਜਦੂਰ) ਦੀ ਤਲਾਸ਼ ਕਰਨ ਪਰ ਪੰਡ ਚੁੱਕਣ ਲਈ ਕੋਈ ਪਾਂਡੀ (ਕੁਲੀ) ਨਾ ਮਿਲਿਆ। ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਇਹ ਸਭ ਦੇਖ ਰਹੇ ਸਨ। ਉਨ੍ਹਾਂ ਨੇ ਆਪ ਮਾਈ ਦੀ ਪੰਡ ਚੁੱਕੀ ਅਤੇ ਇਕ ਮਜਦੂਰ ਦੇ ਤੋਰ ਤੇ ਉਸ ਦੇ ਘਰ ਛੱਡ ਕੇ ਆਏ।
ਅੱਜ ਵੀ ਗੁਰੂ ਕੇ ਸਿੱਖਾਂ ਨੇ ਗੁਰੂ ਦੇ ਹੁਕਮ ਅਨੁਸਾਰ ਲੰਗਰ ਦੀ ਇਸ ਪਵਿਤ੍ਰ ਰਸਮ ਨੂੰ ਉਸੇ ਤਰ੍ਹਾਂ ਜਾਰੀ ਰੱਖਿਆ ਹੋਇਆ ਹੈ। ਗੁਰੂ ਕਾ ਲੰਗਰ ਸਾਰੀ ਦੁਨੀਆਂ ਵਿਚ ਇਕ ਲਹਿਰ ਬਣ ਕੇ ਉਬਰ ਰਿਹਾ ਹੈ ਅਤੇ ਇਹ ਅੱਜ ਸਿੱਖਾਂ ਦੀ ਮੁਢਲੀ ਪਛਾਣ ਬਣ ਗਿਆ ਹੈ।ਅੱਜ ਸਭ ਇਤਿਹਾਸਕ ਗੁਰਦਵਾਰਿਆਂ ਵਿਚ ਅਤੇ ਵੱਡੇ ਸ਼ਹਿਰਾਂ ਦੇ ਪ੍ਰਮੁੱਖ ਗੁਰਦਵਾਰਿਆਂ ਵਿਚ ਇਸੇ ਤਰ੍ਹਾਂ ਗੁਰੂ ਦਾ ਅਟੁੱਟ ਲੰਗਰ ਰੋਜਾਨਾ ਵਰਤਦਾ ਹੈ। ਲੰਗਰ ਛਕਾਉਣ ਲੱਗਿਆਂ ਕਿਸੇ ਦਾ ਜਾਤ, ਧਰਮ ਜਾਂ ਦੇਸ਼ ਨਹੀਂ ਪੁੱਛਿਆ ਜਾਂਦਾ । ਬੱਚੇ, ਜੁਆਨ, ਔਰਤਾਂ, ਮਰਦ ਅਤੇ ਬਜੁਰਗ ਸਭ ਨੂੰ ਬਿਨਾ ਕਿਸੇ ਭੇਦ ਭਾਵ ਦੇ ਭੋਜਨ ਮਿਲਦਾ ਹੈ। ਅਮੀਰ, ਗਰੀਬ ਸਭ ਬਰਾਬਰ ਇਕ ਪੰਗਤ ਵਿਚ ਬੈਠ ਕੇ ਲੰਗਰ ਛਕਦੇ ਹਨ। ਇਥੇ ਹੀ ਬਸ ਨਹੀਂ ਵੱਡੇ ਗੁਰਦਵਾਰਿਆਂ ਵਿਚ ਯਾਤਰੂਆਂ ਦੇ ਰਾਤ ਠਹਿਰਨ ਦਾ ਵੀ ਯੋਗ ਬੰਦੋਬਸਤ ਹੁੰਦਾ ਹੈ। ਹੁਣ ਇਹ ਪ੍ਰਥਾ ਵਿਦੇਸ਼ਾਂ ਵਿਚ ਜਿੱਥੇ-ਜਿੱਥੇ ਗੁਰੂ ਦੇ ਸਿੱਖ ਵੱਸੇ ਹਨ ਤੇ ਗੁਰਦਵਾਰਿਆਂ ਦੀ ਸਥਾਪਨਾ ਕੀਤੀ ਹੈ, ਉੱਥੇ ਵੀ ਪ੍ਰਚਲਤ ਹੈ। ਇਸੇ ਕਾਰਨ ਸਿੱਖਾਂ ਦੀ ਮਨੁੱਖਤਾ ਨਾਲ ਭਾਈਚਾਰਕ ਸਾਂਝ ਅਤੇ ਵਿਲੱਖਣਤਾ ਦਾ ਦੁਨੀਆਂ ਭਰ ਦੇ ਲੋਕਾਂ ਨੂੰ ਪਤਾ ਚੱਲਦਾ ਹੈ।
੨੨ ਨਵੰਬਰ ੨੦੧੩ ਦੇ ਪੰਜਾਬੀ ਟ੍ਰਿਬਿਊਨ ਵਿਚ ਛਪੀ ਖਬਰ ਅਨੁਸਾਰ ਦੁਨੀਆਂ ਦੇ ਸਭ ਤੋਂ ਮਹਾਂਬਲੀ ਦੇਸ ਅਮਰੀਕਾ ਦੇ ਰਾਸ਼ਟਰਪਤੀ ਭਵਨ ਵਾਈਟ ਹਾਉਸ ਵਿਚ ਗੁਰੂ ਨਾਨਾਕ ਦੇਵ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿਚ ਅਮਰੀਕਾ ਭਰ ਤੋਂ aੁੱਘੀਆਂ ਸਿੱਖ ਹਸਤੀਆਂ ਮੋਜੂਦ ਸਨ। ਸਮਾਗਮ ਰਾਸ਼ਟਰਪਤੀ ਬਰਾਕ ਓਬਾਮਾ ਦੀ ਵਿਸ਼ੇਸ਼ ਸਕੱਤਰ-"ਮੇਲੀਆ ਰੋਜਰਸ" ਦੀ ਅਗਵਾਈ ਵਿਚ ਕਰਾਇਆ ਗਿਆ। ਸੰਗਤਾਂ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਗੁਰਪੁਰਬ ਦੀਆਂ ਵਧਾਈਆਂ ਭੇਜੀਆਂ ਗਈਆਂ। ਬੀਤੇ ਹਫਤੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕਾ ਅਤੇ ਦੁਨੀਆਂ ਭਰ ਦੇ ਸਿੱਖਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀ ਵਧਾਈ ਦਿੱਤੀ ਸੀ। ਉਨ੍ਹਾਂ ਸੁਨੇਹੇ ਵਿਚ ਕਿਹਾ—"ਗੁਰੂ ਨਾਨਕ ਸਾਹਿਬ ਦੀਆਂ ਸਿਖਿਆਵਾਂ ਅੱਜ ਵੀ ਸਾਰਥਕ ਹਨ। ਅਮਰੀਕਾ ਵਿਚ ਵੱਸੇ ਬਹੁਤੇ ਸਿੱਖਾਂ ਦੇ ਉਹ ਧੰਨਵਾਦੀ ਹਨ , ਕਿਉਂਕਿ ਅਮਰੀਕਾ ਦੀ ਤਰੱਕੀ ਤੇ ਸਰਦਾਰੀ ਵਿਚ ਉਨ੍ਹਾਂ ਦਾ ਵੀ ਵੱਡਮੁੱਲਾ ਯੋਗਦਾਨ ਹੈ"। ਸਿੱਖਾਂ ਲਈ ਇਹ ਸ਼ਬਦ ਬੜੇ ਫਖਰ ਵਾਲੀ ਗਲ ਹੈ।। ਕਿਸੇ ਨੇ ਠੀਕ ਹੀ ਕਿਹਾ ਹੈ:
ਉੱਚਾ ਦਰ ਬਾਬੇ ਨਾਨਕ ਦਾ
ਬਾਬੇ ਨਾਨਕ ਦਾ ਦਰ ਉੱਚਾ ਹੈ ਤੇ ਬਾਬੇ ਨਾਨਕ ਦੇ ਸਿੱਖ ਵੀ ਉੱਚੇ ਤੇ ਦੁਨੀਆਂ ਭਰ ਵਿਚ ਸਭ ਤੋਂ ਨਿਰਾਲੇ ਹਨ। ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਕੁਦਰਤੀ ਜਾਂ ਗੈਰ ਕੁਦਰਤੀ ਕੋਈ ਵੀ ਆਫਤ ਆਵੇ , ਮਨੁੱਖਤਾ ਦਾ ਘਾਣ ਹੋ ਰਿਹਾ ਹੋਵੇ, ਬਿਮਾਰੀ ਤੇ ਭੁੱਖਮਰੀ ਫੈਲੀ ਹੋਵੇ ਤਾਂ ਗੁਰੂ ਦੇ ਸਿੱਖ ਸਭ ਤੋਂ ਪਹਿਲਾਂ ਮਦਦ ਲਈ ਪਹੁੰਚਦੇ ਹਨ । ਗੁਰੂ ਕੇ ਖੁਲ੍ਹੇ ਲੰਗਰ ਲਾਉਂਦੇ ਹਨ। ਦਵਾ ਦਾਰੂ ਦਾ ਪ੍ਰਬੰਧ ਕਰਦੇ ਹਨ। ਹੈਲਪ ਲਾਈਨ ਸ਼ੁਰੂ ਕਰਕੇ ਉਨ੍ਹਾਂ ਲਈ ਕੱਪੜੇ, ਬਿਸਤਰ ਅਤੇ ਮੁੜ ਵਸੇਬੇ ਦਾ ਪ੍ਰਬੰਧ ਕਰਦੇ ਹਨ। ਧੰਨ ਹਨ ਗੁਰੂ ਨਾਨਕ ਦੇ ਸਿੱਖ।ਜੇ ਕੋਈ ਗਰਜ਼ਮੰਦ ਇਨਸਾਨ ਦੁਨੀਆ ਦੇ ਕਿਸੇ ਵੀ ਕੋਨੇ ਦੇ ਗੁਰਦਵਾਰੇ ਵਿਚ ਪਹੁੰਚ ਜਾਵੇ ਤਾਂ ਉਸ ਦੀ ਜ਼ਿੰਦਗੀ ਦੀਆਂ ਮੁਢਲੀਆਂ-ਭੋਜਨ ਤੇ ਰਿਹਾਇਸ਼-ਦੀਆਂ ਸਮੱਸਿਆਵਾਂ ਇਕ ਦਮ ਦੂਰ ਹੋ ਜਾਂਦੀਆਂ ਹਨ। ਫਿਰ ਉਹ ਸਹਿਜ ਨਾਲ ਆਪਣੀਆਂ ਬਾਕੀ ਸਮੱਸਿਆਵਾਂ ਬਾਰੇ ਵੀਚਾਰ ਕਰਕੇ ਉਨ੍ਹਾਂ ਦਾ ਹੱਲ ਕੱਢ ਸਕਦਾ ਹੈ ਅਤੇ ਅਰਾਮ ਨਾਲ ਜ਼ਿੰਦਗੀ ਵਿਚ ਸਥਾਪਤ ਹੋ ਸਕਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸਰਦਾਰੀ ਬਖਸ਼ੀ ਹੈ। ਉਨ੍ਹਾਂ ਨੂੰ ਖੁਸ਼ਹਾਲੀ ਦਿੱਤੀ ਹੈ ਤੇ ਹਰ ਮੈਦਾਨ ਫਤਿਹ ਬਖਸ਼ੀ ਹੈ। ਗੁਰੂ ਦੇ ਸਿੱਖਾਂ ਦੇ ਦਿਲ ਵੀ ਬਹੁਤ ਅਮੀਰ ਹਨ। ਸੇਵਾ, ਸਿਮਰਨ ਤੇ ਦਾਨ ਦਾ ਜਜਬਾ ਉਨਾਂ੍ਹ ਵਿਚ ਕੱਟ ਕੁੱਟ ਕੇ ਭਰਿਆ ਹੋਇਆ ਹੈ। ਦੁਨੀਆਂ ਭਰ ਵਿਚ ਸਿੱਖਾਂ ਦੀ ਕੇਵਲ ਢਾਈ ਕਰੋੜ ਦੀ ਅਬਾਦੀ ਹੈ, ਪਰ ਉਹ ਰੋਜਾਨਾ ਪੰਜ ਕਰੋੜ ਲੋਕਾਂ ਨੂੰ ਭੋਜਨ ਕਰਾਉਂਦੇ ਹਨ। ਇਸ ਲੰਗਰ ਵਿਚੋਂ ਸਿੱਖਾਂ ਤੋਂ ਇਲਾਵਾ ਅੰਗਰੇਜ ਤੇ ਹੋਰ ਦੂਜੀਆਂ ਕੌਮਾਂ ਦੇ ਲੋਕ ਆਪਣਾ ਪੇਟ ਭਰਦੇ ਹਨ। ਸਿੱਖ ਇਹ ਸੇਵਾ ਕਿਸੇ ਦਿਖਾਵੇ ਕਰਕੇ ਜਾਂ ਹੰਕਾਰ ਕਰਕੇ ਨਹੀਂ ਕਰਦੇ, ਸਗੋਂ ਮਾਨਵਤਾ ਦੀ ਸੇਵਾ ਉਨ੍ਹਾਂ ਦਾ ਮੁੱਖ ਮਿਸ਼ਨ ਹੈ। ਇਸੇ ਲਈ ਉਹ ਆਪਣੀ ਹਰ ਅਰਦਾਸ ਵਿਚ ਸਰਬਤ ਦਾ ਭਲਾ ਮੰਗਦੇ ਹਨ। ਸਿੱਖ ਬੜੀ ਆਨ ਤੇ ਸ਼ਾਨ ਨਾਲ ਦੁਨੀਆਂ ਦੇ ਹਰ ਕੋਨੇ ਵਿਚ ਵਸੇ ਹੋਏ ਹਨ। ਜਿੱਥੇ ਵੀ ਗੁਰੂ ਕਾ ਸਿੱਖ ਜਾਂਦਾ ਹੈ , ਆਪਣੀ ਵਿਲਖਣ ਪਹਿਚਾਣ ਤੇ ਕਾਬਲੀਅਤ ਦਾ ਸਿੱਕਾ ਜਮਾਉਂਦਾ ਹੈ। ਦੂਸਰੇ ਲੋਕ ਸਿੱਖਾਂ ਵਲ ਇਸ ਤਰ੍ਹਾਂ ਦੇਖਦੇ ਹਨ ਜਿਵੇਂ ਜ਼ਮੀਨ ਤੇ ਖੜਾ ਬੰਦਾ ਪਹਾੜ ਦੀ ਟੀਸੀ ਤੇ ਬੈਠੇ ਨੂੰ ਬੜੇ ਰਸ਼ਕ ਨਾਲ ਦੇਖ ਰਿਹਾ ਹੋਵੇ।