ਬੰਦਾ (ਕਹਾਣੀ)

ਗੁਰਮੇਲ ਬੀਰੋਕੇ   

Email: gurmailbiroke@gmail.com
Phone: +1604 825 8053
Address: 30- 15155- 62A Avenue
Surrey, BC V3S 8A6 Canada
ਗੁਰਮੇਲ ਬੀਰੋਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


buy abortion pill

order abortion pill online usa
ਉਦੋਂ ਮੈਂ ਦਸਵੀਂ ਵਿੱਚ ਪੜ੍ਹਦਾ ਸਾਂ, ਜਦੋਂ ਉਹ ਪਹਿਲੀ ਵਾਰੀ ਸਾਡੇ ਪਿੰਡ ਆਇਆ ਸੀ, ਮੇਰੇ ਕਾਮਰੇਡ ਚਾਚੇ ਨੂੰ ਮਿਲਣ ...। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਹਰਿਮੰਦਰ ਸਾਹਿਬ 'ਤੇ ਹਮਲਾ ਹੋ ਕੇ ਹਟਿਆ ਸੀ। ਸਿੱਖਾਂ ਦੇ ਹਿਰਦੇ ਵਲੂੰਧਰੇ ਪਏ ਸਨ ...। ਉਹਦੇ ਵੱਡੀ ਕਿਰਪਾਨ ਗਾਤਰੇ ਪਾਈ ਹੋਈ ਸੀ, ਵੱਡਾ ਤੇ ਖੁੱਲ੍ਹਾ ਦਾੜ੍ਹਾ ਸੀ। ਪੂਰੇ ਸਿੱਖੀ ਬਾਣੇ ਵਿਚ ਸਜਿਆ, ਉਹ ਛੇ-ਫੁੱਟਾ ਜਵਾਨ ਸਿੱਖ ਫੌਜ ਦਾ ਜਰਨੈਲ ਜਾਪਦਾ ਸੀ। ਮੈਨੂੰ ਉਹਦੇ ਬਾਰੇ ਚਾਚੇ ਤੋਂ ਪਤਾ ਲੱਗਿਆ ਕਿ ਉਹ ਤੇ ਮੇਰਾ ਕਾਮਰੇਡ ਚਾਚਾ ਨਕਸਲਾਈਟ ਲਹਿਰ ਦੇ ਦਿਨਾਂ ਤੋਂ ਇੱਕ-ਦੂਜੇ ਨੂੰ ਜਾਣਦੇ ਸਨ। ਉਹਦਾ ਨਾਉਂ ਕਾਮਰੇਡ ਕਰਤਾਰਾ ਮਾਸਟਰ ਸੀ। ਉਹਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਭੌਤਿਕ ਵਿਗਿਆਨ ਦੀ ਮਾਸਟਰਜ਼ ਡਿਗਰੀ ਪਾਸ ਕੀਤੀ ਹੋਈ ਸੀ। ਉਹ ਪੰਜਾਬ ਦੇ ਕਿਸੇ ਸਰਕਾਰੀ ਕਾਲਜ ਵਿਚ ਭੌਤਿਕ ਵਿਗਿਆਨ ਦਾ ਲੈਕਚਰਾਰ ਲੱਗ ਗਿਆ ਸੀ।

... ਫਿਰ ਜਿਵੇਂ ਸਾਰਾ ਦੇਸ ਹੀ ਇਨਕਲਾਬ ਦੀ ਲਹਿਰ ਵਿਚ ਕੁੱਦ ਪਿਆ ਸੀ। ਉਹ ਵੀ ਨੌਕਰੀ ਛੱਡ-ਛੁਡਾ ਕੇ ਲਹਿਰ ਦਾ ਹਿੱਸਾ ਬਣ ਗਿਆ। ਉਹਦੇ ਨਾਮ ਨਾਲ ਮਾਸਟਰ ਜੁੜ ਗਿਆ, ਪਤਾ ਨਹੀਂ ਕਿਵੇਂ? ਸਗੋਂ ਜੁੜਨਾ ਤਾਂ ਪ੍ਰੋਫੈੱਸਰ ਚਾਹੀਦਾ ਸੀ। ਕਾਮਰੇਡ ਕਰਤਾਰਾ ਮਾਸਟਰ ਅਤੇ ਮੇਰਾ ਚਾਚਾ ਇਕੱਠੇ ਐਮਰਜੈਂਸੀ ਦੇ ਦਿਨਾਂ ਵਿਚ ਬਠਿੰਡੇ ਦੀ ਜੇਲ੍ਹ ਵਿਚ ਕੈਦੀ ਸਨ। ਜੇਲ੍ਹ ਵਿਚ ਬਹੁਤ ਸਾਰੇ ਕਮਿਊਨਿਸਟ ਤੇ ਹੋਰ ਪਾਰਟੀਆਂ ਦੇ ਲੀਡਰ ਬੰਦ ਸਨ। ਜੇਲ੍ਹ ਵਿਚ ਸੀਰੀਆਂ-ਮਜਦੂਰਾਂ (ਮਜ੍ਹਬੀ-ਰਮਦਾਸੀਆਂ) ਦੀ ਬਰਾਦਰੀ ਵਿੱਚੋਂ ਵੀ ਕਾਫੀ ਕੈਦੀ ਆਏ ਸਨ। ਜੇਲ੍ਹ ਵਿਚ ਬੜਾ ਅਜੀਬ ਜਿਹਾ ਵਰਤਾਰਾ ਚੱਲ ਰਿਹਾ ਸੀ, ਜਿਹੜਾ ਕਾਮਰੇਡ ਕਰਤਾਰੇ ਨੇ ਵੇਖਿਆ। 'ਉੱਚੀਆਂ ਜਾਤਾਂ' ਵਾਲੇ 'ਕਾਮਰੇਡ' ਨੀਵੀਆਂ ਜਾਤਾਂ ਵਾਲੇ ਸੀਰੀਆਂ-ਮਜ਼ਦੂਰਾਂ ਦੀ ਬਰਾਦਰੀ ਵਿੱਚੋਂ ਆਏ ਕੈਦੀ ਸਾਥੀਆਂ ਨੂੰ ਦੂਰ ਬਿਠਾ ਕੇ ਖਾਣ-ਪੀਣ ਦੀਆਂ ਚੀਜ਼ਾਂ ਵਰਤਾਉਂਦੇ ਸਨ। 'ਉੱਚੀਆਂ ਜਾਤਾਂ' ਵਾਲੇ 'ਕਾਮਰੇਡ' ਭਿੱਟੇ ਜਾਣ ਤੋਂ ਡਰਦੇ ਸਨ। ਕਾਮਰੇਡ ਕਰਤਾਰੇ ਮਾਸਟਰ ਨੇ ਬਹੁਤ ਵਿਰੋਧਤਾ ਕੀਤੀ ਪਰ 'ਉੱਚੀ ਜਾਤ' ਵਾਲੇ ਕਮਿਊਨਿਸਟਾਂ ਨੇ ਇੱਕ ਸੁਣੀ। ਅੱਕ ਕੇ ਉਹਨੇ ਮੇਰੇ ਚਾਚੇ ਨੂੰ ਕਿਹਾ, "ਓਏ, ਇਹ ਕੀ ਇਨਕਲਾਬ ਲਿਆਉਣਗੇ, ਵੰਡੇ ਤਾਂ ਜਾਤਾਂ ਦੇ ਨਾਂ 'ਤੇ ਕਮਿਊਨਿਸਟ ਜੇਲ੍ਹ ਵਿਚ ਬੈਠੇ ਨੇ।"

"ਕਾਮਰੇਡਾ, ਇਨਕਲਾਬ ਦਾ ਸੂਰਜ ਅੱਵਲ ਤਾਂ ਇਨ੍ਹਾਂ ਦੇ ਚੜ੍ਹਾਇਆਂ ਚੜ੍ਹਨਾ ਨ੍ਹੀਂ, ਤੇ ਜੇ ਕਿਤੇ ਚੜ੍ਹ ਵੀ ਗਿਆ ਤਾਂ ਇਨ੍ਹਾਂ ਜਗੀਰੂ ਸੋਚ ਵਾਲੇ ਕਾਮਰੇਡਾਂ ਨੇ ਜਾਤ-ਪਾਤ ਦੇ ਸਮੁੰਦਰ ਵਿਚ ਡੁਬੋ ਦੇਣੈ।" ਚਾਚਾ ਵੀ ਦੁਖੀ ਸੀ।
"ਯਾਰ, ਮੇਰੇ ਸੰਘ ਤੋਂ ਥੱਲੇ ਇਨ੍ਹਾਂ 'ਇਨਕਲਾਬੀਆਂ' ਦਾ ਇਨਕਲਾਬ ਨਹੀਂ ਉੱਤਰਨਾ।" ਮਾਸਟਰ ਅੱਖਾਂ ਭਰੀ ਬੈਠਾ ਸੀ।

ਜਦ ਉਹ ਜੇਲ੍ਹ ਵਿੱਚੋਂ ਰਿਹਾ ਹੋਇਆ ਤਾਂ ਬਾਹਰ ਆਉਂਦੇ ਸਾਰ ਉਹਨੇ ਅੰਮ੍ਰਿਤ ਛਕ ਲਿਆ ਤੇ ਸਿੰਘ ਸਜ ਗਿਆ। ਗੁਰੂ ਦੇ ਲੜ ਲੱਗ ਕੇ 'ਇਨਕਲਾਬ' ਦਾ ਰਾਹ ਪੂਰੀ ਤਰ੍ਹਾਂ ਛੱਡ ਗਿਆ। ਕਾਮਰੇਡ ਕਰਤਾਰੇ ਮਾਸਟਰ ਤੋਂ 'ਸਰਦਾਰ ਕਰਤਾਰ ਸਿੰਘ ਖਾਲਸਾ' ਬਣ ਗਿਆ। ਝੂਠ, ਬੁਰਾਈ, ਗੁਲਾਮੀ, ਕਾਣੀ-ਵੰਡ ਤੇ ਜਾਤ-ਪਾਤ ਦੇ ਵਿਰੁੱਧ ਲੜਨ ਵਾਲਾ ਕਰਤਾਰ ਸਿਉਂ ਟਿਕ ਕੇ ਬੈਠਣ ਵਾਲਾ ਨਹੀਂ ਸੀ। ਉਹ ਖਾੜਕੂ ਜਥੇਬੰਦੀ ਵਿਚ ਸਰਗਰਮ ਹੋ ਗਿਆ।

ਬਸੰਤ ਰੁੱਤ ਦੇ ਦਿਨ ਸਨ। ਖੇਤੀਬਾੜੀ ਯੂਨੀਵਰਸਿਟੀ ਦੇ ਵਿਹੜੇ ਵਿਚ ਸੁਹਣੇ-ਸੁਹਣੇ ਫੁੱਲ ਖਿੜੇ ਹੋਏ ਸਨ। ਇਹ ਗੱਲ ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਬੀ ਐਸ ਸੀ ਖੇਤੀਬਾੜੀ ਦਾ ਵਿਦਿਆਰਥੀ ਸਾਂ। ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਵਿਚ ਮੁੰਡੇ ਤੇ ਕੁੜੀਆਂ ਦੀ ਪੂਰੀ ਚਹਿਲ-ਪਹਿਲ ਸੀ। ਮੈਂ ਤੇ ਮੇਰਾ ਦੋਸਤ ਬੈਠੇ ਚਾਹ ਪੀ ਰਹੇ ਸਾਂ। ਮੈਨੂੰ ਲੱਗਿਆ ਕਿ ਨੇੜੇ ਹੀ ਬੈਚ 'ਤੇ ਬੈਠਾ ਕਰਤਾਰ ਸਿੰਘ ਖਾਲਸਾ ਚਾਹ ਪੀ ਰਿਹਾ ਹੈ। ਮੈਂ ਉੱਠ ਕੇ ਕਰਤਾਰ ਸਿੰਘ ਨੂੰ ਫ਼ਤਹਿ ਬੁਲਾਈ ਤੇ ਆਪਣੇ ਚਾਚੇ ਬਾਰੇ ਜਾਣਕਾਰੀ ਦਿੱਤੀ। ਕਰਤਾਰ ਸਿੰਘ ਮੇਰੇ ਮੋਢੇ 'ਤੇ ਹੱਥ ਰੱਖ ਕੇ ਬੋਲਿਆ, "ਓਏ ਭਤੀਜ, ਅੱਜ ਤਾਂ ਤੈਂ ਮੈਨੂੰ ਬੁਲਾ ਲਿਆ, ਫਿਰ ਨਾ ਕਦੇ ਭੁੱਲ ਕੇ ਵੀ ਬੁਲਾਈਂ!"

"ਕਿਉਂ ਜੀ?" ਮੇਰੇ ਹੱਥ ਵਿਚ ਫੜਿਆ ਚਾਹ ਦਾ ਕੱਪ ਛਲਕ ਰਿਹਾ ਸੀ।

"ਮੈਂ ਅੰਡਰਗਰਾਊਂਡ ਰਹਿ ਰਿਹਾਂ, ਮੇਰੇ ਤਾਂ ਸਿਰ ਦਾ ਮੁੱਲ ਐ ... , ਤੂੰ ਪੜ੍ਹ ਤੇ ਵੱਡਾ ਅਫਸਰ ਬਣ।" ਇਹ ਕਹਿੰਦਾ ਉਹ ਤੁਰ ਗਿਆ।

ਐਮæਐਸ਼ ਸੀæ ਖੇਤੀਬਾੜੀ ਕਰਨ ਤੋਂ ਬਾਅਦ ਮੈਂ ਖੇਤੀਬਾੜੀ ਯੂਨੀਵਰਸਿਟੀ ਵਿਚ ਹੀ ਸਹਾਇਕ ਪ੍ਰੋਫੈੱਸਰ ਲੱਗ ਗਿਆ। ਉਨ੍ਹੀਂ ਦਿਨੀਂ ਖਾੜਕੂ ਲਹਿਰ ਤੇ ਅਖੀਰਲੇ ਦਿਨ ਚੱਲ ਰਹੇ ਸਨ। ਜਿਵੇਂ ਸਾਰੇ ਦੇਸ ਵਿਚ ਭਾਈ-ਭਤੀਜਾਵਾਦ ਚੱਲ ਰਿਹਾ ਸੀ, ਯੂਨੀਵਰਸਿਟੀ ਦੇ ਵਿਚ ਹੀ ਯੂਨੀਵਰਸਿਟੀ ਦੇ ਪ੍ਰਮੁੱਖ ਅਧਿਕਾਰੀ ਆਪਣਿਆਂ ਨੂੰ ਯੂਨੀਵਰਸਿਟੀ ਵਿਚ 'ਸੈੱਟ' ਕਰਨ ਲੱਗ ਪਏ ਸਨ। ਦੇਸ ਦੇ ਪੇਂਡੂ ਕਿਸਾਨਾਂ ਦੀ ਯੂਨੀਵਰਸਿਟੀ ਦਾ ਸ਼ਹਿਰੀਕਰਨ ਹੋ ਰਿਹਾ ਸੀ। ਯੂਨੀਵਰਸਿਟੀ ਵਿਚ ਇਹੋ ਜਿਹੇ 'ਸਾਇੰਸਦਾਨ' ਤੇ ਵਿਦਿਆਰਥੀ ਸਨ, ਜਿਨ੍ਹਾਂ ਨੂੰ ਨਰਮੇ ਤੇ ਕਪਾਹ ਵਿਚ ਫਰਕ ਨਹੀਂ ਸੀ ਪਤਾ ...। ਇਹੋ ਜਿਹੇ ਵੀ ਸਨ, ਜਿਹੜਿਆਂ ਨੂੰ ਕੱਟੇ ਤੇ ਵੱਛੇ ਦੀ ਪਹਿਚਾਣ ਨਹੀਂ ਸੀ ...। ਮੇਰੇ ਵਰਗੇ ਪਿੰਡਾਂ ਵਿਚ ਜੰਮੇ-ਪਲ਼ੇ ਕਾਫੀ ਸਾਇੰਸਦਾਨ ਤੇ ਪ੍ਰੋਫੈੱਸਰ ਕਨੇਡਾ, ਅਮਰੀਕਾ ਤੇ ਆਸਟਰੇਲੀਆ ਨੂੰ ਜਾਣ ਲੱਗ ਪਏ ਸਨ। ਉਨ੍ਹਾਂ ਦੇ ਨਾਲ ਮੈਂ ਵੀ ਬੱਚੇ ਲੈ ਕੇ ਕਨੇਡਾ ਆ ਗਿਆ। ਮੇਰੇ ਆਉਣ ਤੋਂ ਦੋ ਦਿਨਾਂ ਬਾਅਦ ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਜੁੜਵੇ ਟਾਵਰਾਂ 'ਤੇ ਜਹਾਜਾਂ ਨਾਲ ਹਮਲਾ ਹੋ ਗਿਆ। ਨੌਕਰੀਆਂ ਘਟਣ ਲੱਗ ਪਈਆਂ। ਵੱਡੀਆਂ ਕੰਪਨੀਆਂ ਨੇ ਲੋਕਾਂ ਨੂੰ ਕੰਮਾਂ ਤੋਂ ਜੁਆਬ ਦੇਣਾ ਸ਼ੁਰੂ ਕਰ ਦਿੱਤਾ।
ਸੱਤ ਸਮੁੰਦਰੋਂ ਪਾਰ ਉੱਜਵਲ ਭਵਿੱਖ ਦੀ ਆਸ ਵਿਚ ਨਵੇਂ ਆਏ ਕਾਫੀ ਲੋਕ ਸੋਚ ਰਹੇ ਸਨ - "ਸਾਡੇ ਨਾਲ ਤਾਂ ਉਹੀ ਹੋਈ ਅਖੇ, ਨਾ ਜਾਹ ਬਰਮਾ ਨੂੰ, ਲੇਖ ਜਾਣਗੇ ਨਾਲੇ ...।" ਕਨੇਡਾ ਦਾ ਰਾਜ-ਪ੍ਰਬੰਧ ਐਸਾ ਹੈ ਕਿ ਇਹ ਬਾਹਰਲੇ ਦੇਸਾਂ ਤੋਂ ਪੜ੍ਹੇ-ਲਿਖੇ ਕਾਮਿਆਂ ਤੇ ਤਕਨੀਕੀ ਮਾਹਿਰਾਂ ਨੂੰ ਸਿੱਧਾ ਕੰਮ ਨਹੀਂ ਦਿੰਦਾ। ਸੌ ਤਰ੍ਹਾਂ ਦੇ ਪਾਪੜ ਵਿਲਵਾਉਂਦਾ ਏ। ਮੈਂ ਦੇਖਿਆ ਹੋਰ ਦੇਸਾਂ ਤੋਂ ਆਏ ਡਾਕਟਰ ਤੇ ਇੰਜੀਨੀਅਰ ਟਰੱਕ ਜਾਂ ਟੈਕਸੀਆਂ ਚਲਾ ਰਹੇ ਨੇ ...। ਇਹ ਸਭ ਰਾਜਨੀਤਿਕ ਲੋਕਾਂ ਦੀਆਂ ਖੇਡਾਂ ਨੇ, ਪੜ੍ਹੇ-ਲਿਖਿਆਂ ਨੂੰ ਡਰਾਇਵਰ ਬਣਾਓ ਜਾਂ ਝਾੜੂ ਲਗਵਾਓ ...। "ਤਕਨੀਕੀ ਮਾਹਿਰਾਂ ਦੀ ਇੰਮੀਗਰੇਸ਼ਨ" ਦੇ ਨਾਂ 'ਤੇ ਕਨੇਡੀਅਨ ਰਾਜਨੀਤੀਵਾਨ ਲੋਕਾਂ ਨਾਲ ਖਿਲਵਾੜ ਕਰ ਰਹੇ ਨੇ ...। ਰਾਜਨੀਤੀ ਸਾਰੀ ਦੁਨੀਆਂ ਵਿਚ ਇੱਕੋ ਜਿਹੀ ਹੈ ਕੋਈ ਫਰਕ ਨਹੀਂ ਕਿਤੇ ...। ਸੋ ਮੈਂ ਚਾਰ-ਪੰਜ ਮਹੀਨਿਆਂ ਬਾਅਦ ਹੀ ਟਰੱਕ ਡਰਾਇਵਰ ਦਾ ਲਾਈਸੈਂਸ ਲੈ ਲਿਆ, ਤੇ ਕਨੇਡਾ ਅਤੇ ਅਮਰੀਕਾ ਵਿਚ ਟਰੱਕ ਚਲਾਉਣ ਲੱਗ ਪਿਆ। ਮੇਰੀ ਪਤਨੀ ਮੈਨੂੰ ਆਖਿਆ ਕਰੇ, "ਚੰਦਰੀ ਕਨੇਡਾ ਨੇ ਡਾਕਟਰ ਰੱਖ'ਤਾ ਡਰਾਇਵਰ ਬਣਾ ਕੇ ...।"

ਇੱਕ ਦਿਨ ਮੈਂ ਅਮਰੀਕਾ ਦੇ ਕੈਲੇਫੋਰਨੀਆ ਸੂਬੇ ਦੇ ਸ਼ਹਿਰ ਬੇਕਰਜ਼ਫੀਲਡ ਦੇ ਟਰੱਕ ਸਟਾਪ 'ਤੇ ਖੜ੍ਹਾ ਸੀ। ਟਰੱਕ ਸਟਾਪ ਪਾਣੀ ਵਾਗੂੰ ਵਗਦੇ ਹਾਈਵੇਅ ਦੇ ਇੱਕ ਪਾਸੇ 'ਤੇ ਸ਼ਹਿਰੋਂ ਬਾਹਰਵਾਰ ਖੇਤਾਂ ਵਿਚ ਹੈ। ਸਾਉਣੀ ਦੀ ਫਸਲ ਖੇਤਾਂ ਵਿਚ ਲਹਿਰਾ ਰਹੀ ਸੀ। ਕੈਲੇਫੋਰਨੀਆ ਦਾ ਮੌਸਮ ਪੰਜਾਬ ਨਾਲ ਮਿਲਦਾ-ਜੁਲਦਾ ਹੋਣ ਕਰਕੇ, ਫਸਲਾਂ ਵੀ ਇੱਥੇ ਪੰਜਾਬ ਵਾਲੀਆਂ ਹੀ ਹੁੰਦੀਆਂ ਨੇ। ਮੇਰੇ ਕੋਲ ਆ ਕੇ ਇੱਕ ਪੰਜਾਹਾਂ ਵਰ੍ਹਿਆਂ ਨੂੰ ਲੰਘੇ ਦਾੜ੍ਹੀ ਕੱਟੇ ਤੇ ਸਿਰੋਂ ਮੋਨੇ ਪੰਜਾਬੀ ਟਰੱਕ ਡਰਾਇਵਰ ਨੇ ਫਤਹਿ ਬੁਲਾਈ। ਉਹਦੀਆਂ ਅੱਖਾਂ ਬੜੀਆਂ ਗੰਭੀਰ ਤੇ ਕੋਮਲ ਸਨ। ਉਹਦੀਆਂ ਗੱਲਾਂ ਤੇ ਮੂੰਹ-ਮੁਹਾਂਦਰਾ ਮੈਨੂੰ ਜਾਣੇ-ਪਹਿਚਾਣੇ ਲੱਗੇ। ਮੈਂ ਆਪਣੇ ਦਿਮਾਗ਼ 'ਤੇ ਜੋਰ ਪਾ ਕੇ ਯਾਦ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁਝ ਸਮਝ ਨਾ ਪਈ। 

"ਥੋਡਾ ਨਾਉਂ ਕੀ ਐ, ਜੀ?" ਮੈਂ ਪੁੱਛਿਆ।

"ਕਰਤਾਰਾ ਮੇਰਾ ਨਾਉਂ ਐ ਤੇ ਪਿੱਛੋਂ ਮੈਂ ਬਠਿੰਡੇ ਜ਼ਿਲ੍ਹੇ ਦਾ ਜੰਮਪਲ ਆਂ।" ਉਹਨੇ ਪੂਰੀ ਜਾਣਕਾਰੀ ਹੀ ਦੇ ਦਿੱਤੀ। ਮੈਨੂੰ ਸੁਣ ਕੇ ਝਟਕਾ ਜਿਹਾ ਲੱਗਿਆ। ਮੇਰਾ ਮਨ ਮੰਨੇ ਹੀ ਨਾ, "ਇਹ ਉਹੀ ਕਰਤਾਰਾ ਐ, ਮੇਰੇ ਚਾਚੇ ਦਾ ਯਾਰ ...?"

"ਤੁਸੀਂ ਕਾਮਰੇਡ ਕਰਤਾਰ ਓਂ ਜਾਂ ਕਰਤਾਰ ਸਿੰਘ ਖਾਲਸਾ ...?" ਮੈਂ ਹੱਸਦਿਆਂ ਹੱਸਦਿਆਂ ਭਰਮ ਕੱਢਣਾ ਚਾਹਿਆ।

"ਹਾਂ ... ਹੈਗਾ ... ਸੀ ... ਹੁਣ ਕਰਤਾਰਾ ਟਰੱਕ ਡਰਾਇਵਰ ਆਂ।" ਉਹਨੇ ਸ਼ਬਦਾਂ ਤੇ ਜੋਰ ਦਿੱਤਾ।, "ਤੂੰ ਮੈਨੂੰ ਕਿਵੇਂ ਜਾਣਦੈਂ?" ਉਹਨੇ ਮੋੜਵਾਂ ਸਵਾਲ ਕੀਤਾ।

ਜਦ ਮੈਂ ਆਪਣੇ ਚਾਚੇ ਦਾ ਨਾਂ ਲਿਆ ਤਾਂ ਕਰਤਾਰੇ ਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਤੇ "ਭਤੀਜ, ਭਤੀਜ" ਕਰਨੋ ਹੀ ਨਾ ਹਟਿਆ। 

ਫਿਰ ਅਸੀਂ ਕਾਫੀ-ਸ਼ਾਪ 'ਤੇ ਜਾ ਬੈਠੇ। ਗੱਲਾਂ ਤੁਰ ਪਈਆਂ। "ਤੁਸੀਂ ਆਪਣਾ ਹੁਲੀਆ ਹੀ ਬਦਲੀ ਫਿਰਦੇ ਓਂ ?" ਮੈਂ ਕਾਫੀ ਦਾ ਆਰਡਰ ਦੇਣ ਬਾਅਦ ਉਹਨੂੰ ਸਵਾਲ ਕੀਤਾ।

"ਓਏ, ਪੁੱਛ ਨਾ ਭਤੀਜ, ਹੁਣ ਮੈਂ ਬੰਦਾ ਬਣ ਰਿਹਾਂ।"

"ਉਹ ਕਿਵੇਂ ?" ਅਸੀਂ ਗੱਲਾਂ ਕਰਦੇ-ਕਰਦੇ ਪੰਜਾਬ ਪਹੁੰਚ ਗਏ।

"ਪਹਿਲਾਂ ਮੈਂ ਕਾਮਰੇਡਾਂ ਨਾਲ ਰਲ ਕੇ ਇਨਕਲਾਬ ਲਿਆਉਣ ਲਈ ਘਰ ਛੱਡਿਆ। ਪਰ ਬਹੁਤੇ ਕਾਮਰੇਡ ...।" ਉਹਨੇ ਵੱਡੀ ਸਾਰੀ ਗਾਲ੍ਹ ਕੱਢੀ ਤੇ ਕਾਫੀ ਦੇਣ ਆਈ ਪਰੀਆਂ ਵਰਗੀ ਸੋਹਣੀ ਗੋਰੀ ਕੁੜੀ ਨੂੰ ਨਾਲ ਦੀ ਨਾਲ "ਥੈਂਕ ਯੂ" ਵੀ ਕਹਿ ਦਿੱਤਾ। "ਫੇਰ ਮੈਂ ਜਾਤਾਂ-ਪਾਤਾਂ ਨੂੰ ਨਾ ਮੰਨਣ ਵਾਲੇ ਗੁਰੂ ਦੇ ਲੜ ਲੱਗਿਆ।"

ਮੈਂ ਕਾਫੀ ਵਿਚ ਖੰਡ ਘੋਲਣ ਲੱਗ ਪਿਆ ਤੇ ਉਹਨੇ ਆਪਣੀ ਗੱਲਬਾਤ ਜਾਰੀ ਰੱਖੀ ।

"ਭਤੀਜ, ਕੀ ਦੱਸਾਂ ...? ਗੁਰੂ ਘਰਾਂ Ḕਚ ਕੀ ਕੀ ਹੁੰਦੈ ?" ਉਹਦਾ ਚਿਹਰਾ ਦੁਖੀ ਸੀ ਅਤੇ ਮੱਥੇ Ḕਤੇ ਤਿਉੜੀਆਂ ਉੱਭਰ ਆਈਆਂ ਸਨ ।

ਮੈਂ ਖਿੜਕੀ ਤੋਂ ਬਾਹਰ ਝਾਕਿਆ, ਦੂਰ ਅਸਮਾਨ ਵਿੱਚ ਨਰਮੇਂ ਦੇ ਖੇਤਾਂ ਦੇ ਉੱਤੋਂ ਦੀ ਤਿੱਤਰ- ਖੰਭੀ ਜਿਹੇ ਬੱਦਲ ਉੱਡ ਰਹੇ ਸਨ ।

"ਭਤੀਜ, ਸਿੱਖਾਂ ਦੇ ਘਰਾਂ ਤੇ ਗੁਰੂ-ਘਰਾਂ ਵਿਚ ਜਾਤ-ਪਾਤ ਦਾ ਪੂਰਾ ਬੋਲਬਾਲਾ ਐ, ਤੂੰ ਦੇਖ ਹੀ ਰਿਹਂੈ।'"ਉਹ ਬੋਲਦਾ ਗਿਆ, "ਹਰ ਜਾਤ ਦਾ ਅੱਡ ਗੁਰੂ-ਘਰ ਐ। ਲੋਕ ਭੁੱਖ ਨਾਲ ਮਰ ਰਹੇ ਨੇ, ਸਿੱਖ ਆਪਣੇ ਦਰਬਾਰ ਸਾਹਿਬ ਦੇ ਸੰਗਮਰਮਰੀ ਫਰਸ਼ਾਂ ਨੂੰ ਰੋਜ ਦੁੱਧ ਨਾਲ ਧੋਂਦੇ ਨੇ ...। ਹੋਰ ਤਾਂ ਹੋਰ, ਖਾਲਸਾਈ ਝੰਡੇ - ਨਿਸ਼ਾਨ ਸਾਹਿਬ ਦੀਆਂ ਪਾਈਪਾਂ ਧੋਣ ਲੱਗੇ ਉੱਤੇ ਦੁੱਧ ਡੋਲ੍ਹ ਦਿੰਦੇ ਨੇ ..., ਹੋਰ ਪਤਾ ਨਹੀਂ ਕੀ-ਕੀ ਕੁਰੀਤੀਆਂ ਕਰ ਰਹੇ ਨੇ ...?" ਐਨੇ ਨੂੰ ਉਹਦੀ ਕੰਪਨੀ ਦੇ ਦਫਤਰ ਤੋਂ ਫੋਨ ਆ ਗਿਆ। ਉਹ ਆਪਣਾ ਮੋਬਾਈਲ ਫੋਨ ਸੁਣਨ ਲੱਗ ਪਿਆ।

ਕਰਤਾਰਾ ਟਰੱਕ ਡਰਾਇਵਰ ਪਤਾ ਨਹੀਂਂ ਏਨੀ ਗਰਮ ਕਾਫੀ ਕਿਵੇਂ ਸੁੜ੍ਹਾਕੇ ਮਾਰ-ਮਾਰ ਪੀ ਰਿਹਾ ਸੀ, ਨਾਲ-ਨਾਲ ਫੋਨ 'ਤੇ ਗੱਲਾਂ ਵੀ ਕਰੀ ਜਾਂਦਾ ਸੀ। ਪਰ ਤੱਤੀ ਕਾਫੀ ਦੀ ਘੁੱਟ ਭਰਨ ਕਰਕੇ ਮੇਰਾ ਮੂੰਹ ਮੱਚ ਗਿਆ ਸੀ। ਮੈਂ ਕਾਫੀ ਦੇ ਕੱਪ ਵਿਚ ਫੂਕਾਂ ਮਾਰ ਰਿਹਾ ਸੀ। ਉਹ ਫੋਨ ਦੀ ਗੱਲਬਾਤ ਮੁਕਾ ਕੇ ਬੋਲਿਆ, "ਫਿਰ ਮੈਂ ਸਭ ਕੁਝ ਛੱਡ-ਛਡਾ ਕੇ ਅਮਰੀਕਾ ਆ ਗਿਆ ਤੇ ਹੁਣ ਇੱਥੇ ਟਰੱਕ ਚਲਾਉਨਾ ਤੇ ਬੰਦਾ ਬਣਨ ਦੀ ਕੋਸ਼ਿਸ਼ ਕਰ ਰਿਹਾਂ ... ਸਿਰਫ ਬੰਦਾ।" ਉਹਨੇ ਆਖਰੀ ਸ਼ਬਦ 'ਬੰਦਾ' ਬਹੁਤ ਜੋਰ ਪਾ ਕੇ ਬੋਲਿਆ। 

ਹੋਰ ਵੀ ਬਹੁਤ ਸਾਰੀਆਂ ਜੱਗ ਬੀਤੀਆਂ ਤੇ ਹੱਡ ਬੀਤੀਆਂ ਸਣਾਉਣ ਤੋਂ ਮਗਰੋਂ, ਮੇਰੇ ਮੋਢੇ Ḕਤੇ ਬਹੁਤ ਹੀ ਮੋਹ ਨਾਲ ਹੱਥ ਰੱਖਕੇ ਮੇਰਾ ਫੋਨ ਨੰਬਰ ਲੈਕੇ ਉਹ ਤੁਰ ਪਿਆ ।

"ਬੰਦੇ ਨੂੰ ਬੰਦਾ ਸਮਝ ਓਏ ਬੰਦੇ, ਰੱਬ ਨੂੰ ਪੂਜਣ ਦੀ ਲੋੜ ਨਹੀਂਂ ...।" ਉਹ ਜਾਂਦਾ ਹੋਇਆ ਹੱਸਦਾ-ਹੱਸਦਾ ਗਾ ਰਿਹਾ ਸੀ। 

ਉਹ ਮੈਨੂੰ ਕਿਸੇ ਟਿੱਲੇ ਦਾ ਯੋਗੀ ਲਗਦਾ ਸੀ ਤੇ ਉਹਦੀ ਹਾਸੀ ਮੰਦਰਾਂ ਵਿਚ ਵੱਜਦੀਆਂ ਟੱਲੀਆਂ ਵਰਗੀ ਜਾਪ ਰਹੀ ਸੀ।
ਕੌਫੀ ਸ਼ੌਪ Ḕਤੇ ਬੰਦੇ ਆ ਤੇ ਜਾਹ ਰਹੇ ਸਨ, ਕਤਾਰ ਨਹੀਂ ਟੁੱਟ ਰਹੀ ਸੀ ।

"ਮੈਂ ਤੈਨੂੰ ਫੋਨ ਕਰੂੰਗਾ, ਭਤੀਜ ... ।" ਉਹ ਤੁਰਿਆ ਜਾਂਦਾ ਮੁਸ਼ਕਰਾਉਂਦੇ ਚਿਹਰੇ ਨਾਲ ਕਹਿ ਰਿਹਾ ਸੀ ।
ਕੌਫੀ ਸ਼ੌਪ ਤੋਂ ਬਾਹਰ ਜਾਣ ਵੇਲੇ ਉਹਨੇ ਚਾਰ- ਪੰਜ ਕੌਫੀ ਦੇ ਕੱਪ ਅਤੇ ਕੁਝ ਖਾਣ ਵਾਲੀਆਂ ਚੀਜਾਂ ਖਰੀਦ ਲਈਆਂ, ਤੇ ਬਾਹਰ ਬੈਠੇ ਗੋਰੇ ਮੰਗਤਿਆਂ ਨੂੰ ਦੇ ਗਿਆ ।

ਜਦੋਂ ਕੌਫੀ ਸ਼ੌਪ Ḕਚੋਂ ਨਿਕਲਕੇ ਮੈਂ ਬਾਹਰ ਨਰਮੇਂ ਦੇ ਖੇਤਾਂ ਵੱਲ ਨਿਗਾਹ ਮਾਰੀ ਤਾਂ ਇੱਕ ਗੋਰਾ ਕਿਸਾਨ ਟਰੈਕਟਰ ਵਾਲੇ ਪੰਪ ਨਾਲ ਨਰਮੇ Ḕਤੇ ਸਪਰੇਅ ਕਰ ਰਿਹਾ ਸੀ । ਲਗਦਾ ਸੀ, ਇਥੇ ਵੀ ਨਰਮੇਂ Ḕਤੇ ਸੁੰਡੀ ਪਈ ਹੋਈ ਹੈ । ਮੈਂ ਬੂਟਿਆਂ ਦੇ ਨੇੜੇ ਹੋਕੇ ਗਹੁ ਨਾਲ ਦੇਖਿਆ, ਕਈਆਂ ਦੇ ਇੱਕ- ਇੱਕ ਜਾਂ ਦੋ- ਦੋ ਟੀਂਡੇ ਖਾਧੇ ਹੋਏ ਸਨ । ਪਰ ਫਿਰ ਵੀ ਦੂਰ ਤੱਕ ਝਾਤ ਮਾਰਨ Ḕਤੇ ਮੈਨੂੰ ਲੱਗਿਆ ਜਿਵੇਂ ਨਰਮੇਂ ਦੇ ਪੀਲ਼ੇ ਤੇ ਉਨਾਭੀ ਫੁੱਲ ਕਰਤਾਰੇ ਟਰੱਕ ਡਰਾਇਵਰ ਵਾਂਗੂੰ ਹੱਸ ਰਹੇ ਨੇ, ਭਾਵੇਂ ਸੁੰਡੀ ਨੇ ਫਸਲ Ḕਤੇ ਹੱਲਾ ਕੀਤਾ ਹੋਇਆ ਹੈ...ææ।