ਮਹਾਂਰਾਣੀ ਜਿੰਦਾਂ - ਕਿਸ਼ਤ 2
(ਕਿੱਸਾ ਕਾਵਿ)
ਭਾਗ ਦੂਜਾ
11
ਜਿੰਦ ਟੁੱਟਕੇ 'ਜਿੰਦਾਂ' ਦੀ ਚੂਰ ਹੋਈ,
ਉੱਤੋਂ ਰਾਤ ਸੀ ਕਹਿਰ ਦੀ ਆਉਣ ਲੱਗੀ।
ਤਾਕਤ ਜਿਗ਼ਰ ਦੇ ਵਿੱਚੌਂ ਸੀ ਮੁੱਕ ਚੁੱਕੀ,
ਭੁੱਖ ਦੂਣ ਸਵਾਈ ਸਤਾਉਣ ਲੱਗੀ।
ਵਧੇ ਹੱਥ ਨਾਂ ਮੂੰਹ 'ਚੋਂ ਬੋਲ ਨਿੱਕਲੇ,
ਆਂਦੀ ਸ਼ਰਮ ਸੀ ਮੰਗਤੀ ਕਹਾਉਣ ਲੱਗੀ।
ਦਿਲ ਥੰਮ੍ਹਿਆ, ਸਬਰ ਦਾ ਘੁੱਟ ਭਰਿਆ,
ਥੱਕ ਟੁੱਟ ਕੇ ਜਿੰਦ ਸੀ ਸੌਣ ਲੱਗੀ।
ਰਾਣੀਂ ਫੁੱਲਾਂ ਦੀ ਸੇਜ ਤੇ ਸੌਣ ਵਾਲੀ,
ਹੇਠ ਬਿਸਤਰਾ ਉਸਦੇ ਫਰਸ਼ ਦਾ ਸੀ।
ਪਾਟੀ ਧੋਤੀ ਸੀ ਲੀਰਾਂ ਦਾ ਬੁੱਕ ਪੱਲੇ,
ਉੱਤੇ ਲੈਣ ਲਈ ਕੱਪੜਾ ਅਰਸ਼ ਦਾ ਸੀ।
12
ਜੰਗ ਬਹਾਦਰ ਵਜ਼ੀਰ ਨੇਪਾਲ ਵਾਲ਼ਾ,
ਜੰਗਲ ਵਿੱਚ ਸ਼ਿਕਾਰ ਨੂੰ ਆਇਆ ਸੀ।
ਪਿਛਲੇ ਵ੍ਹਾਰੂਆਂ ਤੋਂ ਡਰਦੀ ਸੀ ਬੈਠੀ,
ਆਪਣੇਂ ਆਪ ਨੂੰ ਰਾਣੀਂ ਛੁਪਾਇਆ ਸੀ।
ਨਜ਼ਰ ਪਈ ਵਜ਼ੀਰ ਦੇ ਜਦੋਂ ਲੜਕੀ,
ਘੱਲ ਨੌਕਰਾਂ ਕੋਲ਼ ਬੁਲਾਇਆ ਸੀ।
ਕਿੱਥੋਂ ਆਈ ਏਂ? ਕਿਹੜਾ ਗਰਾਂ ਤੇਰਾ ?
ਇੱਥੇ ਦੁੱਖ ਕਿਹੜਾ ਲੈ ਆਇਆ ਸੀ ।
ਮੈਂ ਹਾਂ ਪੁੱਤਰੀ ਗੁਰੂ ਗੋਬਿੰਦ ਸਿੰਘ ਦੀ,
ਮਾਰੀ ਹੋਈ ਮੈਂ ਕਿਸਮਤ ਦੇ ਫੇਰ ਦੀ ਹਾਂ।
ਮਾਤਾ ਹਾਂ ਦਲੀਪ ਦੀ ਵੇ ਵੀਰਾ!
ਅਤੇ ਰਾਣੀਂ ਪੰਜਾਬ ਦੇ ਸ਼ੇਰ ਦੀ ਹਾਂ।
13
ਮਰਨ ਪੁੱਤ ਅੰਗਰੇਜ਼ ਦੇ ਵਿਛਣ ਸੱਥਰ,
ਜਿੰਨ੍ਹਾਂ ਫੜ੍ਹ ਲਾਹੌਰ 'ਚੋਂ ਕੱਢ ਦਿੱਤਾ।
ਮੇਰਾ ਪੁੱਤ ਦਲੀਪ ਫਰੰਗੀਆਂ ਨੇ,
ਕਰ ਜਿਗ਼ਰ ਦਾ ਟੋਟਾ ਵੀ ਅੱਡ ਦਿੱਤਾ।
ਕੀਤੀ ਘਰੋਂ ਬੇਘਰ ਜਰਵਾਣਿਆਂ ਨੇ,
ਪਾ ਦੁੱਖ ਮੇਰੇ ਹੱਡ ਹੱਡ ਦਿੱਤਾ।
ਤਾਜ, ਤਖ਼ਤ, ਹਕੂਮਤਾਂ ਖੁੱਸ ਗਈਆਂ,
ਮੈਨੂੰ ਵਿੱਚ ਵਿਰਾਨਿਆਂ ਛੱਡ ਦਿੱਤਾ।
ਉੱਤਰ ਮੰਤਰੀ ਘੋੜਿਉਂ ਆ ਥੱਲੇ,
ਅੱਗੇ ਰਾਣੀਂ ਦੇ ਹੋ ਸਤਿਕਾਰ ਕੀਤਾ।
ਕਿਹੜਾ ਸ਼ੇਰੇ ਪੰਜਾਬ ਨੂੰ ਜਾਣਦਾ ਨਹੀਂ,
'ਭੈਣ ਫਿਕਰ ਨਾਂ ਕਰ'! ਇਕਰਾਰ ਕੀਤਾ।
14
ਮਾਲ਼ਾ ਪੁੱਤ ਦੀ ਯਾਦ ਦੀ ਰਹੀ ਜੱਪਦੀ,
ਵਿਸ਼ਨੂੰਮਤੀ ਦੇ ਬਹਿ ਕੇ ਕਿਨਾਰਿਆਂ 'ਤੇ।
ਆਹਾਂ ਲੰਮੀਆਂ ਲੰਮੀਆਂ ਆਉਂਦੀਆਂ ਸਨ,
ਰਹੀ ਚਿਰਦੀ ਵਿਛੋੜੇ ਦੇ ਆਰਿਆਂ ਤੇ।
ਹੰਝੂ ਗਰਮ ਪਏ ਅੱਖਾਂ 'ਚੋਂ ਨਿਕਲ਼ਦੇ ਸਨ,
ਖ਼ਬਰੇ ਜਲ਼ਦੀ ਸੀ ਪਈ ਅੰਗਾਰਿਆਂ 'ਤੇ।
ਕਿਵੇਂ ਪੁੱਤ ਦਲੀਪ ਜੇ ਮਿਲ ਜਾਵੇ,
ਲੱਗੀ ਰਹਿੰਦੀ ਸੀ ਢਾਹ-ਉਸਾਰਿਆਂ 'ਤੇ।
ਰਹੀ ਮਾਰਦੀ ਟੱਕਰਾਂ ਨਾਲ਼ ਕੰਧਾਂ,
ਲੰਡਨ ਜਦੋਂ ਦਲੀਪ ਨੂੰ ਦੂਰ ਲੈ ਗਏ।
ਥੋੜ੍ਹਾ ਬਹੁਤ ਜੋ ਦਿਲ ਨੂੰ ਆਰਾਮ ਦਿੰਦੇ,
ਹੰਝੂ ਖੋਰ ਕੇ ਅੱਖਾਂ ਦਾ ਨੂਰ ਲੈ ਗਏ।
15
ਚੌਦਾਂ ਸਾਲ ਗੁਜ਼ਰੇ ਤੱਤੀ ਰਹੀ ਬਲਦੀ,
ਆਖਿਰ ਆਸ ਮਿਲਾਪ ਦੀ ਮੁੱਕ ਗਈ ਸੀ।
ਹੱਥ ਕੰਬਦੇ, ਧੁੰਦਲਾ ਨਜ਼ਰ ਆਵੇ,
ਥਿੜਕੇ ਜ਼ੁਬਾਂ ਤੇ ਕਮਰ ਵੀ ਝੁਕ ਗਈ ਸੀ।
ਸੱਟ ਐਸੀ ਦਲੀਪ ਦੀ ਯਾਦ ਦੀ ਸੀ,
ਹੁਣ ਤੇ ਚੱਲਣੋਂ ਫਿਰਨੋਂ ਵੀ ਰੁਕ ਗਈ ਸੀ।
ਮਾਸ ਹੱਡਾਂ ਨੇ, ਕੇਸਾਂ ਨੇ ਕਲਫ਼ ਛੱਡੀ,
ਸ਼ਾਮ ਜ਼ਿੰਦਗੀ ਦੀ ਆਖਿਰ ਢੁੱਕ ਗਈ ਸੀ।
ਗਰਮੀਂ ਹੌਂਕਿਆਂ ਦੇ ਵਿੱਚੋਂ ਮੁੱਕ ਗਈ ਸੀ,
ਹੁਣ ਤੇ ਆਹਾਂ ਵੀ ਸਰਦ ਹੋ ਚੱਲੀਆਂ ਸਨ।
'ਜਿੰਦਾਂ'! ਜਿੰਦ ਨੂੰ ਕਰ ਤਿਆਰ ਛੇਤੀ,
ਮਲਕੁਲ ਮੌਤ ਨੇ ਚਿੱਠੀਆਂ ਘੱਲੀਆਂ ਸਨ।
16
ਰੱਬਾ ਕਸਰ ਤੇ ਰਹੀ ਨਹੀਂ ਕੋਈ ਬਾਕੀ,
ਹੁਣ ਨਾਂ ਆਖ਼ਰੀ ਵੇਲ਼ੇ ਸਤਾ ਮੈਨੂੰ।
ਨੱਕ ਰਗੜਦੀ ਨੂੰ ਚੌਦਾਂ ਸਾਲ ਹੋ ਗਏ,
ਮੁਆਫ਼ ਕਰਦੇ ਆਖਿਰ ਖ਼ਤਾ ਮੈਨੂੰ।
ਕੀ ਕਸੂਰ, ਗੁਨਾਹ ਤੇ ਜੁਰਮ ਮੇਰਾ,
ਆਖਿਰ ਕੁੱਝ ਨਾਂ ਕੁੱਝ ਬਤਾ ਮੈਨੂੰ।
ਬਾਜਾਂ ਵਾਲਿਆ ਤੇਰੀ ਸਪੁੱਤਰੀ ਹਾਂ,
ਪੁੱਤਰ ਮਿਲਾ ਦੇ ਹੁਣ ਤਾਂ ਪਿਤਾ ਮੈਨੂੰ।
ਸੱਚੇ ਦਿਲ 'ਚੋਂ ਨਿੱਕਲੀਆਂ ਚਾਰ ਆਹਾਂ,
ਆਖਿਰ ਰੱਬੀ ਦਰਗਾਹ ਵੀ ਹਿੱਲ ਗਈ ਸੀ।
ਆਂਦਾ ਪਿਆ ਕਲਕੱਤੇ ਨੂੰ ਹਾਂ ਮਾਤਾ,
ਚਿੱਠੀ ਇਹ ਦਲੀਪ ਦੀ ਮਿਲ ਗਈ ਸੀ।
---ਚਲਦਾ---