ਖ਼ਬਰਸਾਰ

  •    ਦੁਲੇ ਦਾ ਗ਼ਜ਼ਲ ਸੰਗ੍ਰਹਿ ਬੰਦ-ਬੰਦ ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਡਾ. ਦਰਸ਼ਨ ਸਿੰਘ 'ਆਸ਼ਟ' ਤੀਜੀ ਵਾਰ ਪ੍ਰਧਾਨ ਚੁਣੇ ਗਏ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    "ਕਲਮ ਦਾ ਨੇਤਰ" ਦਾ ਵਿਮੋਚਨ ਸਮਾਗਮ / ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ
  •    ਪ੍ਰੋ. ਕੁਲਵੰਤ ਸਿੰਘ ਗਰੇਵਾਲ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਕਾਫ਼ਲੇ ਨੇ ਛੁੱਟੀਆਂ ਦੇ ਜਸ਼ਨ ਵਿੱਚ ਮਨਾਏ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਪੁਸਤਕ 'ਕਲਮ ਕਾਫ਼ਲਾ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਾਹਤਿਕ ਸੱਥ ਘੋਲੀਆ ਕਲਾਂ ਵੱਲੋਂ ਤੀਜਾ ਕਵੀ ਦਰਬਾਰ / ਸਾਹਤਿਕ ਸੱਥ ਘੋਲੀਆ ਕਲਾਂ
  •    ਅਮਿੱਟ ਯਾਦ ਛੱਡ ਗਿਆ ਇਟਲੀ ਦਾ ਤੀਸਰਾ ਸਾਹਿਤਕ ਸਮਾਗਮ / ਸਾਹਿਤ ਸੁਰ ਸੰਗਮ ਸਭਾ ਇਟਲੀ
  • ਮਹਾਂਰਾਣੀ ਜਿੰਦਾਂ - ਕਿਸ਼ਤ 3 (ਕਿੱਸਾ ਕਾਵਿ)

    ਅਵਤਾਰ ਸਿੰਘ 'ਪ੍ਰੇਮ'   

    Email: rkheyer@yahoo.com
    Cell: +1 919 467 5206
    Address: 766 Samantha St. Mountain House
    California United States 95391
    ਅਵਤਾਰ ਸਿੰਘ 'ਪ੍ਰੇਮ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਭਾਗ ਤੀਜਾ


    17

    ਚਿੱਠੀ ਪੁੱਜੀ ਤੇ ਅੱਖਾਂ ਨੂੰ ਨੂਰ ਪੁੱਜਾ,
    ਹੰਝੂ ਖੁਸ਼ੀ ਦੇ, ਅੱਖਾਂ ਵਹਾਂਦੀਆਂ ਸਨ।
    ਲੱਖ ਲੱਖ ਵੇਰਾਂ ਖੁਸ਼ੀਆਂ ਜ਼ਾਹਿਰ ਹੁੰਦੀਆਂ,
    ਨਾਂ ਉਹ ਢਿੱਡ ਦੇ ਵਿੱਚ ਸਮਾਂਦੀਆਂ ਸਨ।
    ਮੇਲਾ ਲੱਗਿਆ ਮਹਿਲਾਂ ਦੇ ਵਿੱਚ ਕਿਧਰੇ,
    ਲੱਖ ਲੱਖ ਮੁਬਾਰਕਾਂ ਆਂਦੀਆਂ ਸਨ।
    ਮੁਰਦਾ 'ਜਿੰਦਾਂ' ਦੇ ਵਿੱਚ ਸੀ ਜਿੰਦ ਆਈ,
    ਉਂਗਲਾਂ ਬੈਠ ਕੇ, ਔਂਸੀਆਂ ਪਾਂਦੀਆਂ ਸਨ।

    ਸਬਰ ਆਵੇ ਨਾਂ ਖੁਸ਼ੀ ਦੀ ਖ਼ਬਰ ਸੁਣਕੇ, 
    ਮੋੜ ਮੋੜ ਕੇ ਚਿੱਠੀ ਨੂੰ ਪੜ੍ਹੀ ਜਾਂਦੀ।
    ਖੁਸ਼ੀਆਂ ਢਿੱਡ ਦੇ ਵਿੱਚ ਮਿਉਂਦੀਆਂ ਨਹੀਂ, 
    ਮੋਤੀ-ਹੰਝੂਆਂ ਦੀ ਬੱਝਦੀ ਲੜੀ ਜਾਂਦੀ।

    18

    ਛਲਕਣ ਖੁਸ਼ੀਆਂ ਨੈਣਾਂ ਦੇ ਸੋਮਿਆਂ 'ਚੋਂ,
    ਨਾਲ਼ੇ ਹੁੰਦੀਆਂ ਪਈਆਂ ਤਿਆਰੀਆਂ ਸਨ।
    ਅਨੁਭਵ ਕਰਦੀ ਸੀ ਹੁਣ ਜਵਾਨ ਜਿੰਦਾਂ,
    ਟੁੱਟ ਗਈਆਂ, ਫਿਰ ਸਭ ਬਿਮਾਰੀਆਂ ਸਨ।
    ਅੱਖੀਂ ਮੀਟੇ ਦਲੀਪ ਦੇ ਕੋਲ ਪੁੱਜੇ,
    ਰਾਣੀਂ ਲਈ ਖਿਆਲ ਅਸਵਾਰੀਆਂ ਸਨ।
    ਖੰਭ ਰੱਬ ਤੋਂ ਮੰਗੇ ਤੇ ਬਣੇ ਪੰਛੀ,
    ਅੱਜ ਰੀਝਾਂ ਵੀ ਖੂਬ ਨਿਆਰੀਆਂ ਸਨ।

    ਰਾਣੀਂ ਗੰਜ ਦੇ ਉੱਧਰ ਦਲੀਪ ਬੈਠਾ, 
    ਉਹ ਸੀ ਪਿਆਰ ਦੇ ਵਹਿਣ ਵਿੱਚ ਰੁੜ੍ਹਨ ਲੱਗਾ।
    ਮਿਲਦਾ ਪਿਆ ਸੀ ਬਾਪ ਨੂੰ ਜਿਵੇਂ ਯੂਸਫ਼, 
    ਜਾਂ ਫਿਰ ਟਹਿਣੀਂ 'ਤੇ ਫੁੱਲ ਸੀ ਜੁੜਨ ਲੱਗਾ।

    19

    ਰਾਣੀਂ ਗੰਜੋਂ ਦਲੀਪ ਸੀ ਬਾਹਰ ਆਇਆ,
    ਰਸਤਾ ਖੜ੍ਹਾ ਉਹ ਮਾਂ ਦਾ ਤੱਕਦਾ ਸੀ।
    ਸੀ ਉਹ ਬੁੱਤ ਜਾਂ ਕੋਈ ਤਸਵੀਰ ਐਸੀ,
    ਨਾ ਉਹ ਲਫ਼ਜ ਮੂੰਹੋਂ ਬੋਲ ਸਕਦਾ ਸੀ।
    ਪਾੜ ਪਾੜ ਕੇ ਅੱਖੀਆਂ ਵੇਖਦਾ ਸੀ,
    ਵੇਖਣ ਲਈ ਉਹ ਅੱਡੀਆਂ ਚੱਕਦਾ ਸੀ।
    ਧੂੜ ਵੇਖ ਕੇ ਨੱਸਦਾ ਵਾਹੋ ਦਾਹੀ,
    ਨਾਂ ਉਹ ਭੱਜਦਾ ਈ ਅੱਜ ਥੱਕਦਾ ਸੀ।

    ਨਜ਼ਰੀਂ ਮਾਂ ਆਈ ਕੰਵਰ ਭੱਜਿਆ ਸੀ, 
    ਪੈਰੀਂ ਡਿੱਗਿਆ ਤੇ ਹੰਝੂ ਵਹਿਣ ਲੱਗੇ।
    ਤੇਰੇ ਬਿਨਾਂ ਮਾਤਾ ਮੈਂ ਰੁਲ ਗਿਆ ਸੀ, 
    ਹੰਝੂ ਡੁੱਲ਼੍ਹ ਡੁੱਲ੍ਹ ਕੇ ਉਹਦੇ ਕਹਿਣ ਲੱਗੇ।

    20

    ਉੱਛਲੇ ਦਿਲ ਵੈਰਾਗ਼ ਨੇ ਜ਼ੋਰ ਪਾਇਆ,
    ਮਾਂ ਪੁੱਤ ਦੋਵੇਂ ਰੋਣ ਜੁੱਟ ਪਏ ਸਨ।
    ਥੰਮ੍ਹੇਂ ਹੰਝੂ ਨਾਂ ਰੋਕਿਆ ਦਿਲ ਰੁਕਿਆ,
    ਬੰਨ੍ਹ ਖ਼ਬਰੇ ਪਿਆਰ ਦੇ ਟੁੱਟ ਗਏ ਸਨ।
    ਦੁੱਖ ਦੱਸਣ ਨੂੰ ਲਫ਼ਜ਼ ਸਨ ਹੰਝੂਆਂ ਦੇ,
    ਖ਼ਬਰੇ ਲਫ਼ਜ਼ ਅੱਜ ਸਾਰੇ ਨਿਖੁੱਟ ਗਏ ਸਨ।
    ਅੰਨ੍ਹੀਂ ਜਿੰਦਾਂ ਨੂੰ ਅੱਜ ਸੀ ਨੂਰ ਮਿਲਿਆ,
    ਪਰਦੇ ਸਾਰੇ ਹਨੇਰੇ ਦੇ ਫੁੱਟ ਗਏ ਸਨ।

    ਘੰਟੇ ਗੁਜ਼ਰ ਗਏ ਦੋਵੇਂ ਤਸਵੀਰ ਬਣ ਗਏ, 
    ਨਾਂ ਉਹ ਬੋਲਦੇ ਨਾਂ ਉਹ ਸਰਕਦੇ ਸਨ।
    ਹੰਝੂ ਆਂਵਦੇ ਪਏ ਸਨ ਅੱਖੀਆਂ 'ਚੋਂ, 
    ਜਾਂ ਫਿਰ ਬੁੱਲ੍ਹ ਥੋੜ੍ਹੇ ਥੋੜ੍ਹੇ ਫਰਕਦੇ ਸਨ। 

    21

    ਮਰਿਆ ਸ਼ੇਰੇ ਪੰਜਾਬ ਤੇ ਹੋਈ ਰੰਡੀ,
    ਪੁੱਤਾ! ਸਿਰਾਂ 'ਤੇ ਦੁੱਖ ਸਹਾਰ ਲਏ ਸਨ।
    ਤਾਜ, ਤਖ਼ਤ, ਹਕੂਮਤਾਂ ਖੁੱਸ ਗਈਆਂ,
    ਦਿਲ ਰੋ ਰੋ ਕੇ ਪੁੱਤਾ ਠਾਰ ਲਏ ਸਨ।
    ਭਾਣਾਂ ਮੰਨਿਆ, ਗੁਰੁ ਦਾ ਲੜ ਫੜ੍ਹਿਆ,
    ਵੇ! ਮੈਂ ਵੀਰ ਜਵਾਹਰ ਵਿਸਾਰ ਲਏ ਸਨ।
    ਵੇ ਮੈਂ ਭਟਕਦੀ ਰਹੀ ਵਿੱਚ ਜੰਗਲਾਂ ਦੇ!
    ਵੇ! ਮੈਂ ਰੋ ਰੋ ਦੀਦੇ ਖਾਰ ਲਏ ਸਨ।

    ਜਰਿਆ ਜਾਂਦਾ ਨੀਂ ਦੁੱਖ ਦਲੀਪ ਮੈਥੋਂ, 
    ਵੇ ਪੁੱਤਾ! ਸਿਰ ਉੱਤੇ ਤੇਰੇ ਕੇਸ ਹੈ ਨਹੀਂ।
    ਬਾਣੇਂ ਪਾ ਲਏ ਕੁੱਤਿਆਂ, ਬਿੱਲਿਆਂ ਦੇ, 
    ਵੇ!ਸ਼ੇਰ ਬੱਬਰ ਵਾਲ਼ੇ ਤੇਰੇ ਵੇਸ ਹੈ ਨਹੀਂ।

    22

    ਵੇ ਤੂੰ ਪੁੱਤ ਹੈਂ ਸੰਤ ਸਿਪਾਹੀਆਂ ਦਾ,
    ਤੇਰੇ ਗਾਤਰੇ ਪਾਈ ਕਿਰਪਾਨ ਹੈ ਨਹੀਂਂ।
    ਕੱਛ, ਕੜਾ, ਕਿਰਪਾਨ ਤੇ ਕੇਸ, ਕੰਘਾ,
    ਸਿੱਖੀ ਚਿੰਨ੍ਹਾਂ ਦਾ ਕੋਈ ਨਿਸ਼ਾਨ ਹੈ ਨਹੀਂ।
    ਤੇਰੇ ਸਜੀ ਉਹ ਦੂਹਰੀ ਦਸਤਾਰ ਹੈ ਨਹੀਂ,
    ਤੇਰੀ ਸਿੱਖਾਂ ਵਾਲ਼ੀ ਸਿੱਖੀ ਸ਼ਾਨ ਹੈ ਨਹੀਂ।
    ਘਾਲਾਂ ਘਾਲੀਆਂ ਤੇਰੇ ਵੱਡਿਆਂ ਨੇ,
    ਤੈਨੂੰ ਕਿਸੇ ਦਾ ਕੋਈ ਗਿਆਨ ਹੈ ਨਹੀਂ।

    ਤੈਨੂੰ ਈਸੇ ਦੀ ਸੂਲੀ ਤਾਂ ਯਾਦ ਆ ਗਈ, 
    ਭੁੱਲੇ ਤਵੀਆਂ ਤੇ ਤਾੜੀਆਂ ਲਾਉਣ ਵਾਲ਼ੇ।
    ਭੁੱਲੇ ਦਿੱਲੀ 'ਚ ਸੀਸ ਕਟਾਉਣ ਵਾਲ਼ੇ, 
    ਹੱਥੀਂ ਆਪਣੇਂ ਬੱਚੇ ਕੋਹਾਉਣ ਵਾਲ਼ੇ।

    23

    ਭੁੱਲੇ ਜੇਲ੍ਹਾਂ ਵਿੱਚ ਦੁੱਖ ਉਠਾਉਣ ਵਾਲ਼ੇ,
    ਟੋਟੇ ਪੁੱਤਾਂ ਦੇ ਝੋਲੀ ਪਵਾਉਣ ਵਾਲ਼ੇ।
    ਭੁੱਲੇ ਆਰਿਆਂ ਤੇ ਸੀਸ ਚਿਰਾਉਣ ਵਾਲ਼ੇ,
    ਬੰਦ ਬੰਦ ਨੂੰ ਆਪ ਕਟਾਉਣ ਵਾਲ਼ੇ।
    ਸਿੱਖੀ ਰੰਬੀਆਂ ਨਾਲ਼ ਵਖਾਉਣ ਵਾਲ਼ੇ,
    ਖੱਲਾਂ ਪੁੱਠੀਆਂ ਆਪ ਲਹਾਉਣ ਵਾਲ਼ੇ।
    ਭੁੱਲੇ ਸਿੱਖੀ ਲਈ ਸੀਸ ਚੜੌਉਣ ਵਾਲ਼ੇ,
    ਟੋਟੇ ਪੁੱਤਾਂ ਦੇ ਹਾਰ ਸਜਾਉਣ ਵਾਲ਼ੇ।

    ਜਾਂਦਾ ਸੀਸ ਪਰ ਧਰਮ ਨਾਂ ਜਾਣ ਦਿੰਦਾ, 
    ਰਹਿੰਦੀ ਪਿਤਾ ਨੂੰ ਮੂੰਹ ਵਿਖਾਉਣ ਜੋਗੀ।
    ਰੂਹ ਤੜਫ਼ਦੀ ਸ਼ੇਰੇ ਪੰਜਾਬ ਦੀ ਨਾਂ, 
    ਰਹਿੰਦੀ ਸਿੱਖ ਦੀ ਮਾਂ ਅਖਵਾਉਣ ਜੋਗੀ।

    24

    ਤੇਰੇ ਪਿਤਾ ਦਾ ਪੁੱਤਰ ਇਤਿਹਾਸ ਦੱਸਾਂ,
    ਸੀ ਉਹ ਕਾਬੁਲ, ਕੰਧਾਰ ਨਿਵਾਉਣ ਵਾਲ਼ਾ।
    ਜਦੋਂ ਹੱਲਾ ਪਿਸ਼ੌਰ ਤੇ ਸੀ ਕੀਤਾ,
    ਉਹ ਕੱਲਾ ਸੀ ਅੱਟਕ ਅੱਟਕਾਉਣ ਵਾਲ਼ਾ।
    ਸਜ਼ਾ ਦਿੱਤੀ ਕਸੂਰ ਕਸੂਰੀਆਂ ਨੂੰ।
    ਫਤਹਿ ਜੰਮੂ ਕਸ਼ਮੀਰ ਤੇ ਪਾਉਣ ਵਾਲ਼ਾ।
    ਛੱਕੇ ਕਿਵੇਂ ਛੁਡਾਏ ਸੀ ਗਾਜ਼ੀਆਂ ਦੇ,
    ਉਹ ਹੀ ਸੀ ਮੁਲਤਾਨ ਨੂੰ ਢਾਉਣ ਵਾਲ਼ਾ।

    ਉਹਨਾਂ ਜਿਊਂਦਿਆਂ ਜੀਅ ਨਾਂ ਹਾਰ ਵੇਖੀ, 
    ਐਸੀ ਗੁਰੂ ਨੇ ਬਖ਼ਸ਼ੀ ਸੀ ਸ਼ਾਨ ਉਸਨੂੰ।
    ਨੀਵੇਂ ਹੋਣ ਨਾਂ ਕਦੇ ਮੈਦਾਨ ਅੰਦਰ, 
    ਦਿੱਤੇ ਐਸੇ ਸੀ ਆਪ ਨਿਸ਼ਾਨ ਉਸਨੂੰ।


    25

    ਨੀਵੀਂ ਪਾਈ ਦਲੀਪ ਨੂੰ ਸ਼ਰਮ ਆਵੇ, 
    ਮੂੰਹ ਵਿਖਾਉਣ ਦੇ ਜੇਰੇ ਨਾਂ ਪੈ ਰਹੇ ਸਨ।
    ਸੁਣਦਾ ਜਾਂਦਾ ਇਤਿਹਾਸ ਸੀ ਵੱਡਿਆਂ ਦਾ,
    ਛੌੜ ਅੱਖੋਂ ਹਨੇਰੇ ਦੇ ਲਹਿ ਰਹੇ ਸਨ।
    ਸੁਣੇ ਕਾਰਨਾਮੇਂ ਉਸਨੇ ਬਾਨੀਆਂ ਦੇ,
    ਨਾਲ਼ੋ ਨਾਲ਼ ਉਹਦੇ ਹੰਝੂ ਵਹਿ ਰਹੇ ਸਨ।
    ਤੇਰਾ ਬੱਚਾ ਹਾਂ ਮਾਤਾ ਮੁਆਫ਼ ਕਰਦੇ,
    ਹੰਝੂ ਡਿੱਗ ਡਿੱਗ ਕੇ ਪੈਰੀਂ ਕਹਿ ਰਹੇ ਸਨ।

    ਮੇਰਾ ਰੱਬ ਹੈ ਮੇਰਾ ਗਵਾਹ ਮਾਤਾ, 
    ਜ਼ੁਲਮ ਕੀਤੇ ਨੇ ਇਹ ਫਰੰਗੀਆਂ ਨੇ।
    ਦਿੱਤਾ ਪੜ੍ਹਨ ਨਹੀਂ ਮੇਰੇ ਇਤਿਹਾਸ ਮੈਨੂੰ, 
    ਮੇਰਾ ਬਦਲ ਤਾ ਧਰਮ ਕੁਸੰਗੀਆਂ ਨੇ।

    26

    ਮੈਂ ਫੁੱਲ ਗ਼ੁਲਾਬ ਦਾ ਸੀ ਮਾਤਾ,
    ਮੈਨੂੰ ਅੱਕ ਧਤੂਰੇ ਵਿੱਚ ਗੱਡ ਦਿੱਤਾ।
    ਹੰਸ ਮਾਨ-ਸਰੋਵਰ ਵਿੱਚ ਰਹਿਣ ਵਾਲ਼ਾ,
    ਕੰਚ ਕੰਕਰਾਂ ਤੇ ਮੈਨੂੰ ਛੱਡ ਦਿੱਤਾ।
    ਮੈਨੂੰ ਸੁਰਗ਼ ਪੰਜਾਬ 'ਚੋਂ ਬਾਹਰ ਕੀਤਾ,
    ਜਿਵੇਂ ਖ਼ੁਲਦ 'ਚੋਂ ਆਦਮ ਨੂੰ ਕੱਢ ਦਿੱਤਾ।
    ਮਾਤਾ ਤੇਰਾ ਵਿਛੋੜਾ ਇਉਂ ਲੱਗਦਾ ਸੀ,
    ਜਿਵੇਂ ਰੂਹ ਤੋਂ ਜਿਸਮ ਕਰ ਅੱਡ ਦਿੱਤਾ।

    ਮੈਨੂੰ ਮੇਰੇ ਪੰਜਾਬ ਤੋਂ ਦੂਰ ਕਰਕੇ, 
    ਜ਼ੁਲਮ ਕੀਤੇ ਨੇ ਬੇਸ਼ੁਮਾਰ ਮਾਤਾ।
    ਘੇਰਾ ਦੁਸ਼ਮਣਾਂ ਦਾ ਰਹਿੰਦਾ ਚੌਹੀਂ ਪਾਸੀਂ, 
    ਰਹਿੰਦਾ ਸਦਾ ਸੀ ਆਵਾਜ਼ਾਰ ਮਾਤਾ।
    ---ਚਲਦਾ---