ਭਾਗ ਪੰਜਵਾਂ
31
ਮਹਾਰਾਣੀਂ ਸੰਦੂਕ ਵਿੱਚ ਬੰਦ ਕੀਤੀ,
ਦੇਸ਼ ਜਾਣ ਨੂੰ ਜਿੰਦਾਂ ਤਿਆਰ ਕਰ ਲਈ।
ਕੀਤੇ ਬੜੇ ਪਖੰਡ ਫਰੰਗੀਆਂ ਨੇ,
ਤੇ ਲਾਸ਼ ਚੁੱਕ ਜਹਾਜ਼ ਦੇ ਵਿੱਚ ਧਰ ਲਈ।
ਹੰਝੂ ਵਹੇ ਦਲੀਪ ਦੇ ਦਿਨੇਂ ਰਾਤੀਂ,
ਭਾਣਾਂ ਮੰਨਿਆ ਸਬਰ ਦੀ ਘੁੱਟ ਭਰ ਲਈ।
ਜਿੱਥੇ ਹੋਰ ਮੁਸੀਬਤਾਂ ਰਿਹਾ ਜਰਦਾ,
ਆਖਿਰ ਮਾਂ ਦੀ ਵੀ ਹੁਣ ਮੌਤ ਜਰ ਲਈ।
ਬੇੜਾ ਲੱਗਾ ਬੰਬਈ ਤੇ, ਹੁਕਮ ਆਇਆ,
ਲਾਸ਼ ਜਾ ਨਹੀਂ ਸਕਦੀ ਪੰਜਾਬ ਦੇ ਵਿੱਚ।
ਐਥੇ ਗੋਦ ਗੋਦਾਵਰੀ ਵਿੱਚ ਰੱਖ ਦਿਓੇ,
ਫੁੱਲ ਪੈਣੇਂ ਨਹੀਂ ਸਤਲੁਜ ਚਨਾਬ ਦੇ ਵਿੱਚ।
32
ਚਿਖ਼ਾ ਚੰਦਨ ਬਣਾਈ ਗੋਦਾਵਰੀ ਤੇ,
ਚੁੱਕ ਜਿੰਦਾਂ ਨੂੰ ਚਿਖ਼ਾ ਤੇ ਚਾੜ੍ਹ ਦਿੱਤਾ।
ਜਿਹੜੇ ਸੜਦੇ ਰਹੇ ਸੀ ਉਮਰ ਸਾਰੀ,
ਉਹਨਾਂ ਲੇਖਾਂ ਨੂੰ ਹੋਰ ਵੀ ਸਾੜ ਦਿਤਾ
ਨਰਗਸ, ਮੋਤੀਆ, ਫੁੱਲ ਗ਼ੁਲਾਬ, ਗੇਸੂ,
ਸੜ ਕੇ ਹੋਏ ਕਾਲ਼ੇ ਐਸਾ ਰਾੜ੍ਹ ਦਿੱਤਾ।
ਸੜ ਸੜ ਕੇ ਹੋਇਆ ਸਿਆਹ ਕਾਲ਼ਾ,
ਐਸਾ ਦੁੱਧ ਦਲੀਪ ਦਾ ਕਾੜ੍ਹ ਦਿੱਤਾ।
ਪਿੰਜਰ ਸੜ ਗਿਆ ਰੂਹ ਆਜ਼ਾਦ ਹੋਈ,
ਉੱਡੀ ਜਾਂਦੀ ਸੀ ਸ਼ੇਰੇ ਪੰਜਾਬ ਦੇ ਵੱਲ।
ਬੁਲਬੁਲ ਕਫ਼ਸ 'ਚੋਂ ਜਦੋਂ ਆਜ਼ਾਦ ਹੋਈ,
ਉੱਡੀ ਜਾਂਦੀ ਸੀ ਕਿਸੇ ਗ਼ੁਲਾਬ ਦੇ ਵੱਲ।
33
ਮੰਦਰ, ਮਸਜਿਦਾਂ ਅਤੇ ਲਹੌਰ ਸੌਂ ਗਏ,
ਕਿਲਾ ਸੌਂ ਗਿਆ ਮੜ੍ਹੀ ਵੀ ਸੌਣ ਲੱਗੀ।
ਫੁੱਲ, ਪੱਤੇ ਤੇ ਕੁੱਲ ਕਾਇਨਾਤ ਸੌਂ ਗਈ,
ਨੀਂਦ ਸਰਦ ਹਵਾਵਾਂ ਨੂੰ ਆਉਣ ਲੱਗੀ।
ਮਤਾਂ ਨੀਂਦ ਸਰਕਾਰ ਦੀ ਖੁੱਲ੍ਹ ਜਾਵੇ,
ਹੌਲੀ ਹੌਲੀ ਉਹ ਸੀਸ ਝੁਕਾਉਣ ਲੱਗੀ।
ਚਰਨ ਫੜ੍ਹ ਰਣਜੀਤ ਦੇ ਸਿਰ ਧਰਿਆ,
ਸਬਰ ਰਿਹਾ ਨਾਂ ਜਿੰਦਾਂ ਸਿਸਕਾਉਣ ਲੱਗੀ।
ਚਰਨ ਛੂਹੇ ਸਰਕਾਰ ਦੀ ਜਾਗ ਖੁੱਲ੍ਹੀ,
ਬੁੱਢੀ ਤੱਕ ਸਰਕਾਰ ਹੈਰਾਨ ਹੋਏ।
ਤੂੰ ਕੌਣ ਹੈ? ਆਈ ਜੇ ਕਿਉਂ ਏਥੇ?
ਸਮਝ ਆਵੇ ਨਾਂ ਤੇ ਪ੍ਰੇਸ਼ਾਨ ਹੋਏ।
ਕਿੱਥੋਂ ਆਈ ਏਂ ? ਕਿਹੜਾ ਗਿਰਾਂ ਤੇਰਾ ?
ਕੀ ਨਾਂ? ਤੇ ਕਿਹੜਾ ਪ੍ਰੀਵਾਰ ਤੇਰਾ?
ਕਿੱਥੇ ਜੰਮੀਂ ? ਜਵਾਨ ਤੂੰ ਹੋਈ ਕਿੱਥੇ ?
ਕਿੱਥੇ ਹੋਈ ਬੁੱਢੀ ? ਕਿੱਥੇ ਘਰ ਬਾਰ ਤੇਰਾ ?
ਹਰ ਕੋਨਾ ਪੰਜਾਬ ਦਾ ਜਾਣਦਾ ਹਾਂ,
ਘਰ ਆਰ ਕਿ ਰਾਵੀ ਤੋਂ ਪਾਰ ਤੇਰਾ ?
ਇੰਝ ਜਾਪਦਾ ਹੈ ਇੰਜ ਮਹਿਸੂਸ ਹੁੰਦਾ,
ਅਸਾਂ ਤੱਕਿਆ ਪਹਿਲਾਂ ਨੁਹਾਰ ਤੇਰਾ।
ਉੱਤਰ
ਚੰਦ ਸਾਲ ਮਹਿਲਾਂ ਵਿੱਚ ਮੌਜ ਮਾਣੀਂ,
ਗੁਜ਼ਰੀ ਜ਼ਿੰਦਗੀ ਸੀ ਸਰ-ਸ਼ਾਰ ਮੇਰੀ।
ਲੋਕੀਂ ਕਹਿੰਦੇ ਰਣਜੀਤ ਦੀ ਜਿੰਦ ਮੈਨੂੰ,
ਮੇਰੇ ਸਾਹਮਣੇਂ ਬੈਠੀ ਸਰਕਾਰ ਮੇਰੀ।
35
ਇੱਕ ਦਮ ਵੈਰਾਗ਼ ਦਾ ਹੜ੍ਹ ਆਇਆ,
ਜਿੰਦਾਂ ਤੜਫ਼ਦੀ, ਲੁੱਛਦੀ ਰੋਣ ਲੱਗੀ।
ਨਦੀ, ਨੈਣਾਂ ਵਿੱਚ ਆਇਆ ਜਵਾਰ ਭਾਟਾ,
ਚਰਨ ਫੜ੍ਹ ਰਣਜੀਤ ਦੇ ਧੋਣ ਲੱਗੀ।
ਪੁੱਤ ਖੜ੍ਹਾ ਦਰਿਆ ਗੋਦਾਵਰੀ 'ਤੇ,
ਗੋਦ ਹੋਈ ਖਾਲੀ ਬਿਹਬਲ ਹੋਣ ਲੱਗੀ।
ਵੀਹਾਂ ਸਾਲਾਂ ਦੇ ਸੱਲ੍ਹ ਸਤਾਉਣ ਲੱਗੇ,
ਰਾਣੀਂ ਹੰਝੂਆਂ ਦੇ ਹਾਰ ਪਰੋਣ ਲੱਗੀ।
ਦੇਣ ਆਇਆ, ਦਲੀਪ ਈਮਾਨ ਤੇਰਾ,
ਪੁੱਤ ਪਿੱਟੇ ਅੰਗਰੇਜ਼ ਨਾਂ ਆਉਣ ਦਿੱਤਾ।
ਮੱਥਾ ਟੇਕਦਾ ਤੇਰੀ ਸਮਾਧ ਉੱਤੇ,
ਉਹਨਾਂ ਪੈਰ ਪੰਜਾਬ ਨਹੀਂ ਪਾਉਣ ਦਿੱਤਾ।
36
ਤੂੰ ਤਾਂ ਸੌਂ ਗਿਆ ਸੌਂਪ ਧਿਆਨ ਸਿੰਘ ਨੂੰ,
ਉਹਨੇ ਖੜਕ ਤੇ ਨੌ-ਨਿਹਾਲ ਮਾਰੇ।
ਚੰਦ ਕੌਰ ਮਾਰੀ ਇਸ ਡੋਗਰੇ ਨੇ,
ਨਾਲ਼ੇ ਕੋਹ ਕੋਹ ਕੇ ਤੇਰੇ ਲਾਲ ਮਾਰੇ।
ਸੰਧਾਂਵਾਲੀਆਂ ਜ਼ਾਲਮਾਂ ਦਗ਼ਾ ਕੀਤਾ,
ਸ਼ੇਰ ਸਿੰਘ ਉਹ ਪੁਰ ਜਲਾਲ ਮਾਰੇ।
ਇਹਨਾਂ ਤਰਸ ਨਾਂ ਕੀਤਾ ਹਤਿਆਰਿਆਂ ਨੇ,
ਉਹਨਾਂ ਕੰਵਰ ਪ੍ਰਤਾਪ ਵੀ ਨਾਲ਼ ਮਾਰੇ।
ਜਿਹਨੂੰ ਨਾ-ਖ਼ੁਦਾ ਬਣਾ ਗਿਆ ਸੈਂ,
ਬੇੜਾ ਉਸੇ ਧਿਆਨ ਨੇ ਡੋਬ ਦਿੱਤਾ।
ਖੰਡਾ ਦਿੱਤਾ ਸੀ ਜਿਹੜਾ ਬਚਾਉਣ ਖਾਤਰ,
ਬੇਈਮਾਨ ਨੇ ਉਹੀ ਸੀਨੇ ਖੋਭ ਦਿੱਤਾ।
37
ਮਲਕੁਲ ਮੌਤ ਦਾ ਨਾਚ ਸੀ ਪਿਆ ਹੁੰਦਾ,
ਮੈਂ ਤਾਂ ਪੁੱਤ ਦੀ ਸੁੱਖ ਮਨਾਉਂਦੀ ਸੀ ਰਹੀ।
ਘਰ ਦੀ ਫੁੱਟ ਨੇ ਘਰ ਨੂੰ ਤਬਾਹ ਕੀਤਾ,
ਇਹ ਵਕਤ ਨੀਂ ਉਹਨਾਂ ਸੁਣਾਉਂਦੀ ਸੀ ਰਹੀ।
ਹੇਏ ਪਏ ਸਿਪਾਹੀ ਨੇ ਆਪੋ-ਧਾਪੀ,
ਸਾਰੇ ਡਰ ਮੈਂ ਉਹਨਾਂ ਗਿਣਾਉਂਦੀ ਸੀ ਰਹੀ।
ਤਾਕਤ ਮੈਂ ਅੰਗਰੇਜ਼ ਦੀ ਜਾਣਦੀ ਸੀ,
ਇੱਕ ਇੱਕ ਦੱਸਕੇ ਉਹਨਾਂ ਜਣੌਂਦੀ ਸੀ ਰਹੀ।
ਇਹਨਾਂ ਸਾਜ਼ ਬਾਜ਼ਾਂ, ਇਹਨਾਂ ਦਗ਼ੇਬਾਜ਼ਾਂ,
ਮੰਨੀਂ ਇੱਕ ਨਾਂ ਜੰਗ ਸਹੇੜ ਦਿੱਤੀ।
ਜਿਹੜੀ ਜਰਜਰੀ ਤੇੜਾਂ ਹਜ਼ਾਰ ਅੰਦਰ,
ਬੇੜੀ ਬਿਨਾਂ ਖਵੱਈਏ ਤੋਂ ਰੇੜ੍ਹ ਦਿੱਤੀ।
38
ਜਦੋਂ ਮੁੱਦਕੀ ਤੇ ਟੱਕਰ ਆਣ ਹੋਈ,
ਮਾਰ ਮਾਰ ਕੇ ਬੂਥੇ ਭਵਾ ਛੱਡੇ
ਤੇਗ਼ਾਂ ਮਾਰ ਕੇ ਸਿੰਘਾਂ ਛਬੀਲਿਆਂ ਨੇ,
ਦੁਸ਼ਮਣ ਲਹੂ ਦੇ ਨਾਲ਼ ਨਵ੍ਹਾ ਛੱਡੇ।
ਜਿਹੜੇ ਆਏ ਸੀ ਪਾਰ ਸਮੁੰਦਰਾਂ ਤੋਂ,
ਉਹ ਸੀ ਸਦਾ ਦੀ ਨੀਂਦ ਸਵਾ ਛੱਡੇ।
ਇੱਕ ਇੱਕ ਨੇ ਸੈਂਕੜੇ ਮਾਰ ਛੱਡੇ,
ਤੇ ਮਾਰ ਮਾਰ ਕੇ ਗੇੜੇ ਖਵਾ ਛੱਡੇ।
ਸ਼ੇਰਾ! ਤੇਰੇ ਜਰਨੈਲਾਂ ਨੇ ਦਗ਼ਾ ਕੀਤਾ,
ਲੰਮੇ ਪਏ ਅੰਗਰੇਜ਼ਾਂ ਦੇ ਲਾਟ ਹੁੰਦੇ।
ਐਥੇ ਗਫ਼ ਅੰਗਰੇਜ਼ ਦੀ ਕਬਰ ਹੁੰਦੀ,
ਸੁੱਤੇ ਪਏ ਉਹ ਮੌਤ ਦੇ ਘਾਟ ਹੁੰਦੇ।
39
ਇਹਨਾਂ ਧਰਮ ਸਲੀਬ 'ਤੇ ਟੰਗ ਦਿੱਤਾ,
ਦੁਨੀਆਂ ਵਿੱਚ ਇਸਾਈ ਕਹਾਉਣ ਵਾਲ਼ੇ।
ਵਿੱਚ ਚੌਂਕ ਇਨਸਾਫ਼ ਨੂੰ ਕਤਲ ਕੀਤਾ,
ਮੇਰੀ ਮੇਰੀ ਦਾ ਸ਼ੋਰ ਮਚਾਉਣ ਵਾਲ਼ੇ।
ਜ਼ੁਲਮ ਔਰਤਾਂ ਬੱਚਿਆਂ ਨਾਲ਼ ਕੀਤੇ,
ਪੁੱਤਰ ਈਸੇ ਦੇ ਜਿਹੜੇ ਅਖਵਾਉਣ ਵਾਲ਼ੇ।
ਪੁੱਤਰ ਕਹਿ ਡਲਹੌਜ਼ੀ ਨੇ ਦਗ਼ਾ ਕੀਤਾ,
ਇਹ ਕਿਹੜੇ ਨੇ ਅਹਿਦ ਨਿਭਾਉਣ ਵਾਲ਼ੇ।
ਆਪੇ ਬਣੇਂ ਰਾਖੇ, ਆਪੇ ਬਣੇਂ ਡਾਕੂ,
ਆਪੇ ਚੋਰ ਆਪੇ, ਚੌਕੀਦਾਰ ਬਣ ਗਏ।
ਆਪੇ ਜੰਗ ਕਰਕੇ, ਆਪੇ ਸੁਲਾਹ ਕੀਤੀ,
ਇਹ ਤਾਂ ਆਪ ਹੁਦਰੇ, ਨੰਬਰਦਾਰ ਬਣ ਗਏ।
40
ਸੁਣਦਾ ਰਿਹਾ ਗੰਭੀਰ ਹੋ ਮਹਾਰਾਜਾ,
ਫਿਰ ਕਹਿਣ ਲੱਗਾ ਕਰ ਖਿਆਲ ਜਿੰਦਾਂ।
ਦਸਮੇਂ ਪਾਤਸ਼ਾਹ ਵਿੱਚ ਚਮਕੌਰ ਬੈਠੇ,
ਭੇਜੇ ਜੰਗ ਅੰਦਰ ਆਪੇ ਲਾਲ ਜਿੰਦਾਂ,
ਜ਼ਾਲਿਮ ਸੂਬੇ ਸਰਹੰਦ ਦੋ ਬਚਿਆਂ ਨੂੰ
ਕੋਹ ਕੋਹ ਕੇ ਕੀਤਾ ਹਲਾਲ ਜਿੰਦਾਂ
ਸੱਚੇ ਪਾਤਸ਼ਾਹ ਨੇ ਇਹ ਆਦੇਸ ਦਿੱਤਾ,
ਜੀਣਾਂ ਭਾਣੇਂ ਤੋਂ ਬਿਨਾਂ ਮੁਹਾਲ ਜਿੰਦਾਂ।
ਚੌਂਕ ਚਾਂਦਨੀਂ ਵਿੱਚ ਸੀਸ ਜੁਦਾ ਹੁੰਦਾ,
ਤੇ ਤੱਤੀ ਤਵੀ ਤੇ ਬੈਠੇ ਮਹਾਰਾਜ ਵੇਖੀਂ।
ਹੋਈ ਸੁਬ੍ਹਾ ਤੇ ਅੰਮ੍ਰਿਤ ਦਾ ਹੈ ਵੇਲਾ,
ਡੇਰਾ ਸਾਹਿਬ ਤੋਂ ਆਉਂਦੀ ਆਵਾਜ਼ ਵੇਖੀਂ।
ਛਿਨ ਮਹਿ ਰਾਉ ਰੰਕ ਕੋ ਕਰਦੀ, ਰਾਉ ਰੰਕ ਕਰ ਡਾਰੇ,
ਰੀਤੇ ਭਰੇ ਭਰੇ ਸਖਨਾਵੇ, ਯਹ ਤਾ ਕੋ ਬਿਵਹਾਰੇ।
---ਸਮਾਪਤ---