ਮੈਂ ਜੰਮੀ ਤਾਂ ਬਾਪ ਮੇਰੇ ਨੇ
ਲੋਹੜੀ ਵੰਡ ਦਿੱਤੀ।
ਹੋਈ ਮੈਂ ਮੁਟਿਆਰ ਤਾਂ
ਲੋਕਾਂ ਛੱਜ ਪਾ ਛੰਡ ਦਿੱਤੀ।
ਸਹਿਣੀ ਪੈਂਦੀ ਏ ਹੁਣ ਮੈਨੂੰ
ਡਾਹਢੀ ਪੀੜ ਵੇ।
ਹੁਣ ਪਤਾ ਲੱਗਿਆ ਮਾਂ ਮੇਰੀ
ਕਿਓਂ ਮੰਗਦੀ ਸੀ ਵੀਰ ਵੇ।
ਦਾਮਨੀ ਅਤੇ ਕਿਰਨਜੀਤ ਨੇ
ਲੱਖਾਂ ਪੀੜਾਂ ਸਹੀਆਂ ਨੇ।
ਤਾਂ ਹੀ ਤਾਂ ਸਮੇਂ ਦੀ ਹਨੇਰੀ
ਵਿੱਚ ਹੀ ਗੁੰਮ ਗਈਆਂ ਨੇ।
ਧੋਖਾ ਦੇ ਗਈ ਉਨ੍ਹਾਂ ਨੂੰ ਤਾਂ
ਉਨ੍ਹਾਂ ਦੀ ਤਕਦੀਰ ਵੇ।
ਹੁਣ ਪਤਾ ਲੱਗਿਆ………
ਵੀਰਾਂ ਬਾਝੋਂ ਤਾਂ ਕੁੜੀਆਂ
ਹੁੰਦੀਆਂ ਰਸ਼ਤੇ ਦਾ ਰੁੱਖ ਵੇ।
ਹਰ ਕੋਈ ਮਾਣਨਾ ਚਾਹੁੰਦਾ ਏ
ਇਨ੍ਹਾਂ ਦਾ ਸੁੱਖ ਵੇ।
ਪਰ ਕੌਣ ਕਰੂਗਾ ਰਾਖੀ
ਸਭ ਸੁੰਨੀ ਪਈ ਬੀੜ ਵੇ।
ਹੁਣ ਪਤਾ ਲੱਗਿਆ…………
ਮਾਂ ਮੇਰੀ ਨੇ ਚਗਲ਼ ਸੋਚ ਦੇ
ਦਰਦ ਹੰਢਾਏ ਹੋਣੇ ਨੇ।
ਫੁੱਲਾਂ ਦੀ ਥਾਂ ਝੋਲ਼ੀ ਦੇ ਵਿੱਚ
ਕੰਡੇ ਪਾਏ ਹੋਣੇ ਨੇ।
ਤਾਂ ਹੀ ਥਾਂ ਉਹ ਬਚਪਨ ਤੋਂ ਹੀ
ਮੇਰਾ ਬੰਨਦੀ ਰਹੀ ਧੀਰ ਵੇ।
ਹੁਣ ਪਤਾ ਲੱਗਿਆ…………
ਬਾਪ ਦੀ ਇੱਜ਼ਤ ਭਰਾ ਦੀ ਇੱਜ਼ਤ
ਕੁੜੀਆਂ ਹੀ ਤਾਂ ਹੁੰਦੀਆਂ ਨੇ।
ਫਿਰ ਵੀ ਕਾਹਤੋਂ "ਬਲਵੰਤ"
ਇਹ ਥੁੜੀਅ-ਥੁੜੀਆਂ ਹੁੰਦੀਆਂ ਨੇ।
ਆਪਣੀ ਇੱਜ਼ਤ ਦੇ ਸਪਨਿਆਂ 'ਤੇ
ਮਾਪੇ ਕਿਓੋਂ ਖਿੱਚ ਦਿੰਦੇ ਲਕੀਰ ਵੇ।
ਹੁਣ ਪਤਾ ਲੱਗਿਆ ਮਾਂ ਮੇਰੀ
ਕਿਓਂ ਮੰਗਦੀ ਸੀ ਵੀਰ ਵੇ।