ਮਹਿਮਾ ਸਿੰਘ ਕੰਗ (ਰੇਖਾ ਚਿੱਤਰ)
(ਕਵਿਤਾ)
ਲੋਕਾਂ ਦੇ ਲਈ ਲੜਦੇ ਤੁਰ ਗਏ,
ਹੱਕ ਸੱਚ ਨਾਲ ਖੜ•ਦੇ ਤੁਰਗੇ।
ਸਫ਼ਰ ਸਾਰੀ ਜ਼ਿੰਦਗੀ ਦਾ,
ਲੰਘਿਆ ਏ ਇਕ ਜੰਗ ਵਰਗਾ।
ਹੋਰ ਕੋਈ ਨੀ ਬਣ ਸਕਦਾ,
ਸਰਦਾਰ ਮਹਿਮਾ ਸਿੰਘ ਕੰਗ ਵਰਗਾ।
ਸਮੇਂ ਦੇ ਪਾਬੰਦ ਪੂਰੇ,
ਨਾ ਕਦੇ ਹੁੰਦੇ ਸੀ ਲੇਟ ਉਹ।
ਸਾਦੀ ਸੀ ਰਹਿਣੀ-ਬਹਿਣੀ,
ਫਿਰ ਵੀ 'ਅੱਪ-ਟੂ-ਡੇਟ' ਸੀ ਉਹ।
ਦੁੱਧ ਦੇ ਵਰਗੀ ਚਿੱਟੀ ਦਾੜ•ੀ,
ਸੀ ਰੰਗ ਸੇਬ ਦੇ ਰੰਗ ਵਰਗਾ।
ਹੋਰ ਕੋਈ ਨੀ ਬਣ ਸਕਦਾ,
ਮਾਸਟਰ ਮਹਿਮਾ ਸਿੰਘ ਕੰਗ ਵਰਗਾ।
ਵਿੱਦਿਆ ਦਾ ਦੀਪ ਜਗਾਉਣਾ,
ਇੱਕੋ ਨਿਸ਼ਾਨਾ ਮੇਚਿਆ ਸੀ।
ਭ੍ਰਿਸ਼ਟਾਚਾਰ ਦਾ ਹੂੰਝਣਾ ਕੂੜਾ,
ਇਹ ਵੀ ਸੁਪਨਾ ਦੇਖਿਆ ਸੀ।
ਲਾਲ ਝੰਡੇ ਵਾਂਗੂ ਉੱਡਦੇ ਰਹਿਣਾ,
ਸਰੀਰ ਪਿਆ ਸੀ ਵੰਗ ਵਰਗਾ।
ਹੋਰ ਕੋਈ ਨੀ ਬਣ ਸਕਦਾ,
ਕਾਮਰੇਡ ਮਹਿਮਾ ਸਿੰਘ ਕੰਗ ਵਰਗਾ।
ਸੂਰਜ ਨੂੰ ਮੈਂ ਦੀਵਾ ਦਿਖਾਵਾਂ,
ਏਨੀ ਮੇਰੀ ਔਕਾਤ ਨਹੀਂ।
ਸਾਰੇ ਜੀਵਨ ਤੇ ਚਾਨਣ ਪਾਵਾਂ,
ਮੈਥੋਂ ਲਿਖ ਹੋਣਾ ਇਤਿਹਾਸ ਨਹੀਂ।
ਹਰ ਦਿਲਬਰ ਇਹੋ ਚਾਹੁੰਦਾ ਏ,
ਸਾਥ ਮਿਲ ਜੇ ਓਹਦੇ ਸੰਗ ਵਰਗਾ।
ਹੋਰ ਕੋਈ ਨੀ ਬਣ ਸਕਦਾ,
ਇਨਸਾਨ ਮਹਿਮਾ ਸਿੰਘ ਕੰਗ ਵਰਗਾ।