ਸੁਖਦੀਪ ਲਾਇਬਰੇਰੀ ਨੂੰ ਜਾਣ ਲਈ ਗਲੀ ਦਾ ਪਹਿਲਾ ਮੌੜ ਹੀ ਮੁੜਿਆ ਸੀ ਕਿ ਉਸ ਨੂੰ ਲੋਕਾਂ ਦੀਆਂ ਉੱਚੀਆਂ ਨੀਵੀਆਂ ਅਵਾਜ਼ਾ ਸੁਣੀਆਂ। ਜਿਧਰੋਂ ਅਵਾਜ਼ਾ ਆ ਰਹੀਆਂ ਸਨ, ਉਸ ਨੇ ਉਧਰ ਦੇਖਿਆ ਕਿ ਸੱਜੇ ਕੋਨੇ ਵਾਲੇ ਮੰਦਰ ਅੱਗੇ ਲੋਕ ਇਕੱਠੇ ਹੋਏ ਉੱਚੀ ਉੱਚੀ ਬੋਲ ਰਹੇ ਸਨ। ਉਹਨਾਂ ਵਿਚ ਹਿੰਦੂ ਘੱਟ ਅਤੇ ਸਿੱਖ ਜ਼ਿਆਦਾ ਸਨ।ਪਹਿਲਾਂ ਤਾ ਉਸ ਨੂੰ ਖੁੱਸ਼ੀ ਹੋਈ ਚਲੋ ਦੋ ਧਰਮਾਂ ਦੇ ਲੋਕ ਇਕ ਥਾਂ ਇਕੱਠੇ ਤਾਂ ਦੇਖੇ।" ਵੈਸੇ ਧਰਮ ਤਾਂ ਸਾਰੇ ਹੀ ਪਿਆਰ ਨਾਲ ਮਿਲ ਕੇ ਰਹਿਨਾ ਹੀ ਦੱਸਦੇ ਨੇ।" ਉਸ ਦੇ ਦਿਲ ਵਿਚੋਂ ਅਵਾਜ਼ ਆਈ, " ਧਰਮਾਂ ਨੂੰ ਪੂਜਣ ਵਾਲੇ ਹੀ ਕੁੱਝ ਕੁ ਲੋਕ ਐਸੇ ਵੀ ਹੁੰਦੇ ਨੇ ਜੋ ਧਰਮਾਂ ਵਿਚ ਹੀ ਲੜਾਈ ਕਰਾਉਣ ਲੱਗ ਜਾਂਦੇ ਨੇ।" ਇਸ ਤਰਾਂ ਦੀਆਂ ਗੱਲਾਂ ਸੋਚਦਾ ਸੁਖਦੀਪ ਲਾਇਬਰੇਰੀ ਦੀ ਥਾਂ ਮੰਦਰ ਵੱਲ ਨੂੰ ਤੁਰ ਪਿਆ।
" ਸਭ ਤੋਂ ਵੱਡੀ ਤਾਂ ਇਸਦੀ ਗੱਲਤੀ ਹੈ, ਜੋ ਇਹ ਸਿੱਖ ਹੋ ਕੇ ਮੰਦਰ ਵਿਚ ਆਇਆ।" ਕਾਲੀ ਜੈਕਟ ਅਤੇ ਕਾਲੀ ਪੱਗ ਵਾਲਾ ਸਰਦਾਰ ਕਹਿ ਰਿਹਾ ਸੀ, " ਉਸ ਤਰਾਂ ਇਹ ਸਿੱਖ ਧਰਮ ਦਾ ਵੱਡਾ ਪ੍ਰਚਾਰਕ ਆ, ਪਰ ਇਸ ਨੂੰ ਇਹ ਨਹੀ ਪਤਾ ਕਿੱਥੇ ਜਾਣਾ ਚਾਹੀਦਾ ਹੈ ਕਿੱਥੇ ਨਹੀ।"
" ਭਾਈ ਸਾਹਿਬ, ਇਹ ਸਿੱਖ ਕੌਮ ਦੀ ਜਾਣੀ-ਪਹਿਚਾਣੀ ਸ਼ੱਖਸ਼ੀਅਤ ਆ।" ਕੋਲ ਖੱੜੇ ਬੁਜ਼ਰਗ ਬੰਦੇ ਨੇ ਕਿਹਾ, " ਤੁਸੀ ਘੱਟ ਤੋਂ ਘੱਟ ਰਸਪੈਕਟ ਨਾਲ ਤਾਂ ਬੋਲੋ।"
" ਗੱਲ ਕੀ ਹੋਈ।" ਸੁਖਦੀਪ ਨੇ ਕੋਲ ਖੱੜੇ ਬੰਦੇ ਕੋਲੋ ਪੁੱਛਿਆ, " ਰੌਲਾ ਕਿਸ ਗੱਲ ਦਾ ਪੈ ਰਿਹਾ ਆ।"
" ਗੱਲ ਤਾਂ ਕੋਈ ਵੱਡੀ ਨਹੀ ਆ।" ਇਕ ਕਲੀਨ ਸ਼ੇਵ ਅਤੇ ਅੱਧਖੜ ਉਮਰ ਦੇ ਬੰਦੇ ਨੇ ਕਿਹਾ, " ਤਹਾਨੂੰ ਪਤਾ ਹੀ ਹੋਵੇਗਾ ਕਿ ਇਸ ਸ਼ਹਿਰ ਵਿਚ ਭਾਈ ਦਲਬੀਰ ਸਿੰਘ ਕਥਾ ਵਾਚਕ ਆਏ ਹੋਏ ਨੇ।"
" ਹਾਂ ਹਾਂ।" ਸੁਖਦੀਪ ਨੇ ਚਾਅ ਨਾਲ ਕਿਹਾ, " ਕੱਲ੍ਹ ਹੀ ਰੇਡਿਉ ਤੋਂ ਉਹਨਾਂ ਦੀ ਕਥਾ ਸੁੱਣੀ ਸੀ, ਕਮਾਲ ਦੀ ਕਥਾ ਕਰਦੇ ਨੇ।"
" ਕਮਾਲ ਦੀ ਕਥਾ ਕਰਦੇ ਕਰਕੇ ਤਾਂ ਇਹ ਰੌਲਾ ਪਿਆ।" ਬੰਦੇ ਨੇ ਦੱਸਿਆ, " ਉਹ ਹੁਣ ਇਸ ਟਾਈਮ ਮੰਦਰ ਵਿਚ ਕਥਾ ਕਰ ਰਹੇ ਨੇ।"
" ਅੱਛਾ।" ਸੁਖਦੀਪ ਨੇ ਹੈਰਾਨ ਹੁੰਦੇ ਕਿਹਾ, " ਉਹ ਮੰਦਰ ਵਿਚ ਕਥਾ ਕਰ ਲੈਂਦੇ ਨੇ, ਮੈ ਮੰਦਰ ਦੇ ਅੰਦਰ ਜਾ ਕੇ ਦੇਖ ਆਉਂਦਾ ਹਾਂ।"
ਸੁਖਦੀਪ ਮੰਦਰ ਦੇ ਬੂਹੇ ਕੋਲ ਖੜ੍ਹਾ ਹੀ ਸੀ ਕਿ ਉਸ ਦੇ ਪਿੱਛੇ ਹੀ ਪੰਜ-ਦਸ ਬੰਦੇ ਨਾਅਰੇ ਲਾਉਂਦੇ ਹੋਏ, " ਭਾਈ ਦਲਬੀਰ ਸਿੰਘ ਮੁਰਦਾਬਾਦ।" ਕਰਦੇ ਨਾਲ ਜਾ ਰਲੇ।ਸੁਖਦੀਪ ਨੇ ਉਹਨਾਂ ਅੱਗੇ ਬੇਨਤੀ ਕੀਤੀ, " ਭਰਾਵੋ, ਰੋਲਾ ਪਾਉਣ ਤੋਂ ਪਹਿਲਾਂ ਗੱਲ ਦੀ ਤਹਿ ਤੱਕ ਜਾਈਦਾ, ਸ਼ਾਤ ਹੋ ਜਾਵੋ ਪਹਿਲਾਂ ਦੇਖਦੇ ਹਾਂ ਕਿ ਅੰਦਰ ਹੋ ਕੀ ਰਿਹਾ।"
ਸਾਰਿਆ ਨੂੰ ਸੁਖਦੀਪ ਸਿੰਘ ਦੀ ਗੱਲ ਚੰਗੀ ਲੱੱਗੀ ਲੱਗਦੀ ਸੀ, ਕਿਉਂਕਿ ਉਹ ਸਾਰੇ ਹੀ ਚੁੱਪ ਹੋ ਗਏ ਅਤੇ ਥੋੜਾ ਜਿਹਾ ਅੱਗੇ ਹੋ ਕੇ ਮੰਦਰ ਦੀ ਸਟੇਜ਼ ਵੱਲ ਦੇਖਣ ਲੱਗੇ। ਭਾਈ ਦਲਬੀਰ ਸਿੰਘ ਹੋਰੀ ਕਹਿ ਰਹੇ ਸਨ, " ਆਪ ਜੀ ਦੇ ਧਰਮ ਵਿਚ ਮੰਤਰਾਂ ਨੂੰ ਬੜ੍ਹੀ ਮੱਹਤਤਾ ਦੀਤੀ ਜਾਂਦੀ ਹੈ ਜੋ ਆਪ ਜੀ ਦੇ ਧਰਮ ਦੇ ਅਨੁਸਾਰ ਠੀਕ ਵੀ ਹੋਵੇਗੀ, ਪਰ ਗੁਰੂ ਗੋਬਿੰਦ ਸਿੰਘ ਇਹਨਾਂ ਮੰਤਰਾਂ ਬਾਰੇ ਕਹਿੰਦੇ ਨੇ, 'ਨਮੋ ਮੰਤ੍ਰ ਮੰਤੰ੍ਰ॥ਨਮੋ ਜੰਤ੍ਰ ਜੰਤੰ੍ਰ॥ ਪਾਣੀ ਤੇ ਚੱਲਣਾ, ਅੱਗ ਖਾ ਲੈਣੀ, ਉਮਰ ਵੱਡੀ ਕਰ ਲੈਣੀ ਤੇ ਗਗਨ ਮੰਡਲ ਵਿਚ ਸੂਖਮ ਬਣ ਉਡਨਾ, ਇਹ ਆਮ ਪ੍ਰਚਲਿਤ ਸਿੱਧੀਆਂ ਸਨ।ਗੁਰੂ ਜੀ ਪਾਣੀ ਤੇ ਚੱਲਣ ਵਾਲੇ ਨੂੰ ਜਲ ਜੁਲਾਹਾ ਆਖਦੇ ਨੇ,ਇੱਕ ਤਰ੍ਹਾਂ ਦਾ ਪਾਣੀ 'ਤੇ ਚੱਲਣ ਵਾਲਾ ਛੋਟਾ ਜਾਨਵਰ।ਜ਼ਿੰਦਗੀ ਦਾ ਅੱਧਾ ਭਾਗ ਇਹਨਾਂ ਫੋਕੀਆਂ ਸਿਧੀਆਂ ਹਾਸਲ ਕਰਨ ਵਿਚ ਗਵਾਵਣਾ ਸਿਆਣਪ ਨਹੀ- ਜਲ ਕੇ ਤਰੱਈਆ ਕੋ ਰੰਗੇਰੀ ਸੀ ਕਹਿਤ ਜਗ,
ਆਗ ਕੇ ਭਛਯਾ ਸੋ ਚਕੋਰ ਸਮ ਜਾਨੀਐ॥
ਪਿਛਲੀ ਤੁਕ ਅਜੇ ਭਾਈ ਜੀ ਹੋਰਾਂ ਦੇ ਮੂੰਹ ਵਿਚ ਹੀ ਸੀ ਕਿ ਸਾਹਮਣੇ ਬੈਠੇ ਸੰਤਸੰਗੀਆਂ ਵਿਚੋਂ ਇਕ ਬੰਦਾ ਉੱਠ ਕੇ ਬੋਲਣ ਲੱਗ ਪਿਆ, " ਆਪ ਹਮਾਰੇ ਦਰਮ ਕੀ ਬੇਇਜ਼ੱਤੀ ਨਹੀ ਕਰ ਸਕਤੇ।" ਉਸ ਦੀ ਗੱਲ ਸੁਣ ਕੇ ਦੋ ਹੋਰ ਬੰਦੇ ਜੋ ਸ਼ਾਤੀ ਨਾਲ ਕਥਾ ਸੁੱਣ ਰਹੇ ਸਨ ਉਹ ਵੀ ਖੱੜੇ ਹੋ ਕੇ ਬੋਲਣ ਵਾਲੇ ਬੰਦੇ ਦੀ ਹਾਂ ਵਿਚ ਹਾਂ ਮਿਲਾਉਣ ਲੱਗ ਪਏ, ਪਰ ਛੇਤੀ ਹੀ ਇਕ ਹੋਰ ਬੰਦਾ ਜੋ ਸਟੇਜ਼ ਦੇ ਅੱਗੇ ਹੀ ਬੈਠਾ ਉੱਠ ਕੇ ਕਹਿਣ ਲੱਗਾ, " ਬਾਈ ਜਾਣ ਕਿaਂ ਬਾਤ ਕਾ ਬਤੰਗਰ ਬਣਾ ਰਹੇ ਹੋ, ਬਾਈ ਸਾਹਿਬ ਨੇ ਹਮਾਰੇ ਦਰਮ ਕੋ ਕੋਈ ਗਾਲੀ ਤੋ ਨਹੀ ਨਿਕਾਲਾ ਜਿਸ ਸੇ ਦਰਮ ਕੀ ਬੇਇੱਜ਼ਤੀ ਹੋ ਗਿਆ।ਵਹੁ ਤੋ ਜਿਹ ਹੀ ਬਤਾ ਰਹੇ ਕਿ ਆਪ ਐਸੇ ਸੋਚਤੇ ਹੋ, ਹਮ ਐਸੇ ਸੋਚਤੇ ਹਾਂ।"
" ਹਾ ਇਹ ਹੀ ਗੱਲ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ।" ਦਲਬੀਰ ਸਿੰਘ ਨੇ ਕਿਹਾ, " ਹਰ ਧਰਮ ਵਿਚ ਵਿਸ਼ਸ਼ੇਤਾ ਹੈ, ਵਿਸ਼ਸ਼ੇਤਾ ਨੂੰ ਗ੍ਰਹਿਣ ਕਰਨ ਵਾਲਾ ਹੀ ਅਸਲੀ ਧਰਮੀ ਹੈ।"
" ਇਹ ਹੀ ਬੰਦਾ ਆ।" ਸੁਖਦੀਪ ਦੇ ਕੋਲ ਖੜ੍ਹਿਆਂ ਵਿਚੋਂ ਇਕ ਨੇ ਕਿਹਾ, " ਜਿਹੜਾ ਭਾਈ ਜੀ ਨੂੰ ਮੰਦਰ ਵਿਚ ਲੈ ਕੇ ਗਿਆ।"
ਬਾਕੀ ਸੁੱਨਣ ਵਾਲਿਆਂ ਨੇ ਕਹਿ ਕਹਾ ਕੇ ਚਲਦੀ ਕਥਾ ਵਿਚ ਵਿਘਣ ਪਾਉਣ ਵਾਲੇ ਨੂੰ ਬੈਠਾ ਦਿੱਤਾ ਅਤੇ ਕਥਾ ਦੁਆਰਾ ਚੱਲ ਪਈ। ਭਾਈ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰਦੇ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਤੱਕ ਲੈ ਗਏ ਕਿਵੇ ਉਹਨਾਂ ਆਪਣਾ ਸੀਸ ਦੇ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ।
" ਹਮੇ ਤੋਂ ਪਤਾ ਹੀ ਨਹੀ ਥਾ ਕਿ ਗਰੂ ਤੇਗ ਬਹਾਦਰ ਜੀ ਨੇ ਹਮੇ ਬਚਾਇਆ।" ਦਰਵਾਜ਼ੇ ਦੇ ਕੋਲ ਹੀ ਬੈਠੀ ਇਕ ਕਿਛੋਰ ਜਿਹੀ ਉਮਰ ਦੀ ਲੜਕੀ ਆਪਣੀ ਕੋਲ ਬੈਠੀ ਸਹੇਲੀ ਨੂੰ ਕਹਿ ਰਹੀ ਸੀ, " ਇਸ ਬਾਤ ਕਾ ਤੋ ਹਮੇ ਆਜ ਹੀ ਪਤਾ ਚਲਾ।"
ਇਸ ਬਾਰੇ ਅਜੇ ਗੱਲ ਚੱਲ ਹੀ ਰਹੀ ਸੀ ਕਿ ਮੰਦਰ ਦੇ ਬਾਹਰ ਫਿਰ ਰੋਲਾ ਪੈਣਾ ਸ਼ੁਰੂ ਹੋ ਗਿਆ। ਕਾਲੀ ਜੈਕਟ ਵਾਲਾ ਬੰਦਾ ਬਾਹਾਂ ਉੱਚੀਆ ਕਰ ਕਹਿ ਰਿਹਾ ਸੀ, " ਮੁੰਡਿਉ ਹਿੱਥੇ ਖੱੜੇ ਕੀ ਕਰਦੇ ਹੋ, ਮੰਦਰ ਵਿਚ ਜਾ ਕੇ ਜ਼ਬਰਦੱਸਤੀ ਦਲਬੀਰ ਸਿੰਘ ਨੂੰ ਬਾਹਰ ਲੈ ਕੇ ਆਉ।"
ਜੈਕਟ ਵਾਲੇ ਦੇ ਮਗਰ ਖਲੋਤੇ ਬੰਦੇ ਜੋ ਹੁਣੇ ਹੀ ਆਏ ਸਨ ਬੋਲੇ, " ਆਹੋ ਆਹੋ ਲੈ ਕੇ ਆਉ ਬਾਹਰ।" ਇਹ ਰੌਲਾ ਇੰਨਾ ਮੱਘ ਗਿਆ ਕਿ ਦਸ ਪੰਦਰਾਂ ਬੰਦੇ ਧੱਕੇ ਨਾਲ ਮੰਦਰ ਦੇ ਅੰਦਰ ਜਾ ਵੜੇ। ਭਾਈ ਦਲਬੀਰ ਸਿੰਘ ਜੀ ਹੋਰਾਂ ਜਦੋਂ ਉਹਨਾਂ ਨੂੰ ਦੇਖਿਆ ਤਾਂ ਕਥਾ ਕਰਨੀ ਬੰਦ ਕਰ ਦਿੱਤੀ, ਤਾਂ ਜੋ ਮਾਮਲਾ ਵਿਗੜ ਨਾ ਜਾਵੇ ਅਤੇ ਉਹਨਾਂ ਨਿਮਰਤਾ ਸਹਿਤ ਸਾਰਿਆਂ ਨੂੰ ਬਨੇਤੀ ਕੀਤੀ, " ਕਿਰਪਾ ਕਰਕੇ ਸਾਰੇ ਸੱਜਣ ਬੈਠ ਜਾਣ ਜੋ ਵੀ ਗੱਲ ਹੈ ਆਪਾਂ ਸਭ ਰੱਲ -ਮਿਲ ਕੇ ਦਲੀਲ ਨਾਲ ਕਰ ਲੈਂਦੇ ਹਾਂ। ਨਾਲ ਹੀ ਉਹਨਾਂ ਸਲੋਕ ਪੜ੍ਹਿਆ, ਰੱਲ-ਮਿਲ ਬੈਠੋ ਭਾਈ, ਗੁਰਮੁੱਖ ਬੈਠੇ ਸਫਾ ਵਸਾਈ। ਉਹਨਾਂ ਦੀ ਨਿਮਰਤਾ ਅਤੇ ਸਲੋਕ ਨੂੰ ਅਣਗੋਲਦਾ ਹੋਇਆ ਕਾਲੀ ਜੈਕਟ ਵਾਲਾ ਕਹਿਣ ਲੱਗਾ, " ਬਾਹਰ ਆ, ਅਸੀ ਇੱਥੇ ਨਹੀ ਗੱਲ ਕਰਨੀ।" ਜੈਕਟ ਵਾਲੇ ਨਾਲਦੇ ਵੀ ਭੇਡਾਂ ਵਾਂਗ ਉਸ ਪਿੱਛੇ ਹੀ ਕਹਿਣ ਲੱਗੇ, "ਹਾਂ ਹਾਂ ਬਾਹਰ ਆ।"
"ਤੁਸੀ ਇੱਥੇ ਵੀ ਬੈਠ ਕੇ ਗੱਲ ਕਰ ਸਕਦੇ।" ਮੰਦਿਰ ਵਿਚ ਬੈਠੇ ਇਕ ਸਿਆਣੇ ਬੰਦੇ ਨੇ ਕਿਹਾ, " ਇਹ ਜਗਾ ਸਾਰਿਆਂ ਦੀ ਸਾਂਝੀ ਹੀ ਹੈ।"
" ਤਾਊ ਜੀ, ਬਾਹਰ ਹੀ ਜਾਣ ਦਿaੁ।" ਉਸ ਦੇ ਕੋਲ ਬੈਠੇ ਜਵਾਨ ਜਿਹੇ ਮੁੰਡੇ ਨੇ ਕਿਹਾ, " ਨਹੀ ਤਾਂ ਆਪਣੇ ਵਿਚੋਂ ਹੀ ਕਿਸ ਨੇ ਰੋਲਾ ਪਾ ਦੇਣਾ ਕਿ ਸਿੱਖ ਹਿੰਦੂਆਂ ਦੇ ਮੰਦਰ ਵਿਚ ਬੈਠ ਨਹੀ ਸਕਦੇ।"
ਸੁਖਦੀਪ ਸਿੰਘ ਨੇ ਮੁੰਡੇ ਦੀ ਗੱਲ ਸੁਣੀ ਤਾਂ ਮੁਸਕ੍ਰਾ ਕੇ ਕਿਹਾ, " ਠੀਕ ਕਹਿੰਦੇ ਹੋ, ਰੋਲਾ ਪਾਉਣ ਵਾਲੇ ਤਾਂ ਦੋਨੋ ਪਾਸਿਉ ਘੱਟ ਨਹੀ।"
ਭਾਈ ਦਲਬੀਰ ਸਿੰਘ ਜੀ ਚੁੱਪ-ਚਾਪ ਬਾਹਰ ਵੱਲ ਨੂੰ ਤੁਰ ਪਏ ਅਤੇ ਪਿੱਛੇ ਬਾਕੀ ਸਭ ਜਨਤਾ। ਬਾਹਰ ਜਾਂਦਿਆ ਹੀ ਹੋਰ ਲੋਕਾਂ ਨੇ ਵੀ ਭਾਈ ਜੀ ਨੂੰ ਘੇਰ ਲਿਆ ਅਤੇ ਸਵਾਲਾਂ ਦੀ ਬੁਛਾੜ ਕਰ ਦਿੱਤੀ।
" ਤੁਸੀ ਮੰਦਿਰ ਕਿਉ ਗਏ ਸੀ?"
" ਕਥਾ ਕਰਨ ਲਈ।"
" ਤਹਾਨੂੰ ਕਿਸ ਨੇ ਕਿਹਾ ਸੀ ਉੱਥੇ ਜਾਣ ਲਈ?"
" ਜਿਹੜੇ ਸੰਗਤ ਵਿਚ ਕਥਾ ਸੁੱਨਣ ਗੁਰੂ ਘਰ ਆਉਂਦੇ ਨੇ, ਉਹ ਜਾਣਦੇ ਹੋਣਗੇ ਕੁੱਝ ਦਿਨਾਂ ਤੋਂ ਉਹਨਾਂ ਨਾਲ ਕੁਝ ਕੁ ਹਿੰਦੂ ਸਜਣ ਵੀ ਆਉਂਦੇ ਸੀ।"
" ਇਹਦਾ ਮਤਲਵ ਇਹ ਨਹੀ ਕਿ ਜੇ ਉਹ ਗੁਰੂ ਘਰ ਕਥਾ ਸੁਨਣ ਆਉਂਦੇ ਨੇ ਤਾਂ ਤੁਸੀ ਉੱਠ ਕੇ ਮੰਦਰ ਵਿਚ ਕਥਾ ਕਰਨ ਚਲੇ ਜਾਉ।" ਕਾਲੀ ਜੈਕਟ ਵਾਲੇ ਵਰਗਾ ਇਕ ਹੋਰ ਬੰਦਾ ਬੋਲਿਆ, " ਇਸ ਤਰਾਂ ਸਾਰੇ ਹੀ ਤੁਹਾਡੇ ਵਾਂਗ ਕਰਨ ਲੱਗ ਪਏ ਤਾਂ ਸਿੱਖ ਕੌਮ ਦਾ ਕੀ ਬਣੇਗਾ?"
" ਵੀਰ ਮੇਰਿਆ ਪਹਿਲਾਂ ਮੇਰੀ ਗੱਲ ਧਿਆਨ ਨਾਲ ਸੁੱਣ ਲੈ।" ਭਾਈ ਸਾਹਿਬ ਨੇ ਉਸ ਦੇ ਅੱਗੇ ਹੱਥ ਜੋੜਦੇ ਕਿਹਾ, " ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੀ ਅਤੇ ਚੜ੍ਹਦੀ ਕਲਾ ਵਿਚ ਹੀ ਰਹਿਣਾ ਹੈ ਤੂੰ ਇਸ ਗੱਲ ਦਾ ਫਿਕਰ ਨਾ ਕਰ, ਬਾਕੀ ਦੂਜੀ ਗੱਲ ਸੰਗਤ ਵਿਚ ਆਉਣ ਵਾਲੇ ਹਿੰਦੂ ਵੀਰਾਂ ਨੇ ਮੈਨੂੰ ਬੇਨਤੀ ਕੀਤੀ ਸੀ ਕਿ ਮੈ ਉਹਨਾਂ ਦੇ ਮੰਦਰ ਜਾ ਕੇ ਉਹਨਾਂ ਦੀ ਸੰਗਤ ਦੇ ਸਾਹਮਣੇ ਕਥਾ ਕਰਾਂ।"
" ਤੁਸੀ ਉਹਨਾ ਦੇ ਕਹਿਣ ਤੇ ਉੱਠ ਤੁਰੇ।" ਇੱਕ ਹੋਰ ਨੇ ਪੁੱਛਿਆ, " ਇਹ ਕਦਮ ਪੁੱਟਣ ਤੋਂ ਪਹਿਲਾਂ ਤਹਾਨੂੰ ਘੱਟੋ ਘੱਟ ਗੁਰੂ -ਘਰ ਦੀ ਕੇਮਟੀ ਤੋਂ ਤਾਂ ਡਰਨਾ ਚਾਹੀਦਾ ਸੀ।"
" ਹਾਂ ਕੁੱਝ ਕੁ ਤਾਂ ਸੋਚਣਾ ਚਾਹੀਦਾ ਸੀ।" ਜੈਕਟ ਵਾਲਾ ਫਿਰ ਬੋਲਿਆ, " ਸਾਨੂੰ ਜ਼ਵਾਬ ਦੇ।"
" ਭਰਾਵੋ ਜ਼ਵਾਬ ਤਾਂ ਤੁਸੀ ਦੇਣ ਹੀ ਨਹੀ ਦੇਂਦੇ ਵਿਚ ਹੀ ਬੋਲੀ ਜਾ ਰਹੇ ਹੋ।" ਭਾਈ ਸਾਹਿਬ ਨੇ ਫਿਰ ਅਰਜ਼ ਕੀਤੀ, " ਇਸ਼ਵਰ ਤੋਂ ਬਗੈਰ ਮੈ ਕਿਸੇ ਕੜੀ-ਕਮੇਟੀ ਤੋਂ ਨਹੀ ਡਰਦਾ, ਦੂਜੀ ਬਾਤ ਤੁਹਾਡੇ ਵਰਗਿਆਂ ਦਾ ਖਿਆਲ ਜ਼ਰੂਰ ਆਇਆ ਸੀ ਮੇਰੇ ਮੰਦਰ ਜਾਣ ਤੇ ਰੋਲਾ ਪਾ ਕੇ ਬੈਠ ਜਾਣਗੇ। ਮੈ ਲੈਣ ਆਏ ਹਿੰਦੂ ਵੀਰਾਂ ਨੂੰ ਇਹ ਗੱਲ ਕਹੀ ਵੀ ਸੀ।"
" ਹਾਂ ਜੀ ਇਹ ਠੀਕ ਆਹਦੇ ਪਏ ਜੇ।" ਮੰਦਰ ਦੇ ਇਕ ਸੇਵਾਦਾਰ ਨੇ ਕਿਹਾ ਜਿਸ ਨੇ ਕਮੀਜ਼ ਉੱਪਰ ਨੇਮ ਟੈਗ ਲਾਇਆ ਹੋਇਆ ਸੀ 'ਹਰੀਸ਼ ਚੋਪੜਾ' ਨੇ ਦੱਸਿਆ, " ਇਹਨਾ ਸਾਨੁੰ ਨਾਂਹ ਕੀਤੀ ਸੀ,ਪਰ ਅਸਾ ਇਹਨਾਂ ਨੂੰ ਸਵਾਲ ਪਾਇਆ ਸੀ ਗੁਰੂ ਨਾਨਕ ਦੇਵ ਜੀ ਨੇ ਸਿਧਾਂ, ਜੋਗੀਆਂ ਅਤੇ ਕਾਜ਼ੀਆਂ ਨਾਲ ਉਹਨਾਂ ਦੇ ਟਿਕਾਣਿਆ ਤੇ ਜਾ ਕੇ ਪਰਮਾਤਮਾ ਦੀ ਗੱਲ ਕੀਤੀ ਸੀ, ਤੁਸੀ ਸਾਡੇ ਮੰਦਰ ਵਿਚ ਕਿਉਂ ਨਹੀ ਆ ਸਕਦੇ। ਇਹਨਾ ਨੇ ਇਸ ਗੱਲ ਦਾ ਕੋਈ ਜ਼ਵਾਬ ਨਹੀ ਦਿੱਤਾ ਤਾ ਸਾਡੇ ਨਾਲ ਚੁੱਪ-ਚਾਪ ਆ ਗਏ।"
ਇਹ ਗੱਲਾਂ ਹੋ ਹੀ ਰਹੀਆਂ ਸਨ ਕੁੱਝ ਹੋਰ ਲੋਕ ਵੀ ਉੱਥੇ ਆ ਗਏ। ਜਿਹਨਾਂ ਵਿਚ ਕਿ ਸੁਖਦੀਪ ਸਿੰਘ ਦਾ ਦੌਸਤ ਗੁਰਪ੍ਰੀਤ ਵੀ ਸੀ।ਜੋ ਸਿਧੀ ਅਤੇ ਸਪੱਸ਼ਟ ਗੱਲ ਕਰਨ ਦਾ ਆਦੀ ਸੀ। ਉਸ ਨੇ ਆਉਂਦੇ ਹੀ ਸੁਖਦੀਪ ਦੇ ਮੋਢੇ ਤੇ ਥੱਫਾ ਜਿਹੇ ਮਾਰਦੇ ਕਿਹਾ, " ਯਾਰ ਗੱਲ ਕੀ ਆ, ਬੜਾ ਗਰਮ ਮਹੌਲ ਲਗ ਰਿਹਾ ਆ।" ਸੁਖਦੀਪ ਸਿੰਘ ਨੇ ਉਸ ਨੂੰ ਮੋਟੀ ਮੋਟੀ ਗੱਲ ਦੱਸੀ ਤੇ ਬਾਕੀ ਹੋ ਰਹੀ ਗੱਲ-ਬਾਤ ਨੂੰ ਧਿਆਨ ਨਾਲ ਸੁੱਨਣ ਲਈ ਕਿਹਾ। ਭਾਈ ਦਲਬੀਰ ਸਿੰਘ ਜੀ ਕਹਿ ਰਹੇ ਸਨ, " ਏਕ ਮੂਰਿਤ ਅਨੇਕ ਦਰਸਨ ਕੀਨ ਰੂਪ ਅਨੇਕ॥
ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰਿ ਏਕ॥
ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਵਿਚ ਉਸ ਨੂੰ ਲੱਭਣਾ ਹੀ ਧਰਮ ਹੈ।ਜਗਤ ਦੇ ਤਲ ਉੱਪਰ ਏਕਤਾ ਕਰਨੀ ਬਹੁਤ ਕਠਿਨ ਹੈ,ਪਰ ਉਸ ਇਕ ਨਾਲ ਜੁੜ ਜਾਈਏ ਤਾ ਅਨੇਕਤਾ ਉਸ ਦਾ ਰੂਪ ਪ੍ਰਤੀਤ ਹੋ ਪਿਆਰੀ ਲੱਗਦੀ ਹੈ, ਅਨੇਕ ਹੈਂ॥ਫਿਰ ਏਕ ਹੈਂ॥"
ਭਾਈ ਸਾਹਿਬ ਇੰਨੇ ਪਿਆਰ ਵਿੱਚ ਗੱਲਾਂ ਕਰਨ ਲੱਗੇ ਕਿ ਸਾਰੇ ਪਾਸੇ ਖਾਮੋਸ਼ੀ ਛਾ ਗਈ। ਕੋਲ ਖਲੋਤੇ ਹੋਏ ਲੋਕ ਉਹਨਾਂ ਦੇ ਬੋਲੀ ਵਿਚਲੇ ਬਾਣੀ ਦੇ ਸਲੋਕਾਂ ਨਾਲ ਜੁੜ ਗਏ। ਕਾਲੀ ਜੈਕਟ ਵਾਲੇ ਬੰਦੇ ਨੇ ਇਕ ਦੋ ਵਾਰੀ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਹੀ ਨਾਲ ਆਏ ਬੰਦਿਆ ਨੇ ਉਸ ਨੂੰ ਚੁੱਪ ਕਰਾ ਦਿੱਤਾ।ਭਾਈ ਜੀ ਨੇ ਸਮਾਂ ਭਾਪਦੇ ਸੱਚ ਕਹਿ ਦਿੱਤਾ, " ਜਦੋਂ ਵੀ ਮੈ ਖੁਦਾ ਦੇ ਘਰ ਅੱਗੋਂ ਦੀ ਗੁਜ਼ਰ ਦਾ ਹਾਂ ਮੇਰਾ ਸਿਰ ਆਪਣੇ ਆਪ ਹੀ ਹੀ ਝੁੱਕ ਜਾਂਦਾ ਹੈ, ਚਾਹੇ ਉਹ ਗੁਰਦੁਆਰਾ ਚਰਚ, ਮੰਦਰ ਜਾਂ ਮਸਜ਼ਿਦ ਹੋਵੇ।" ਫਿਰ ਮੁਸਕ੍ਰਾ ਕੇ ਕਹਿਣ ਲੱਗੇ, " ਖੁਦਾ ਦੀ ਮਉਜੂਦਗੀ ਤਾਂ ਕਣ ਕਣ ਵਿਚ ਹੈ, ' ਤੂੰ ਸਭਨੀ ਥਾਈ ਜਿਥੈ ਹਉ ਜਾਈ, ਸਾਚਾ ਸਿਰਜਣਹਾਰ ਜੀਉ ॥ ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੂ॥
ਪਰ ਇਹਨਾਂ ਥਾਂਵਾਂ ਤੇ ਮੇਰਾ ਸਿਰ ਤਾਂ ਝੁੱਕਦਾ ਹੈ ਕਿ ਇੱਥੇ ਮੇਰੇ ਖੁਦਾ ਦੀ ਬਾਤ ਪੈਂਦੀ ਹੈ।"
ਭਾਈ ਸਾਹਿਬ ਦੀਆਂ ਗੱਲਾਂ ਸੁਣ ਕੋਲ ਖਲੋਤੀ ਭੀੜ ਜੈਕਟ ਵਾਲੇ ਬੰਦੇ ਨੂੰ ਪੁੱਛਣ ਲੱਗੀ , " ਭਾਈ, ਤੂੰ ਦੱਸ ਕਾਹਤੋਂ ਬੰਦੇ ਇਕੱਠੇ ਕਰਕੇ ਲੈ ਆਇਆ।"
" ਮੈਨੂੰ ਤਾਂ ਇਕ ਬੰਦੇ ਦਾ ਸਵੇਰੇ ਫੋਨ ਆਇਆ ਸੀ।" ਉਹ ਕੰਬਦੀ ਜਿਹੀ ਜ਼ਬਾਨ ਵਿਚ ਕਹਿਣ ਲੱਗਾ, " ਤੂੰ ਬੰਦਿਆ ਵਿਚ ਪ੍ਰਚਾਰ ਕਰ ਕਿ ਦਲਬੀਰ ਸਿੰਘ ਹਿੰਦੂ ਬਣ ਗਿਆ।"
" ਉਹ ਬੰਦਾ ਕੋਣ ਆ?"
" ਉਹ ਡੇਰੇ ਵਾਲਾ ਝੀਰਾ ਸੰਤ?"
" ਉਸ ਨੇ ਕਿਉਂ ਇਸ ਤਰਾਂ ਕੀਤਾ।" ਸੁਖਦੀਪ ਸਿੰਘ ਨੇ ਪੁੱਛਿਆ, " ਤੂੰ ਉਹਨੂੰ ਕਿਵੇ ਜਾਣਦਾ ਆ।"
" ਮੈ ਉਹਦਾ ਚੇਲਾ ਆ।" ਜੈਕਟ ਵਾਲੇ ਬੰਦੇ ਨੇ ਸਾਫ ਦੱਸਿਆ, " ਉਹ ਕਹਿੰਦਾ ਜਿਸ ਦਿਨ ਦਾ ਇਹ ਪ੍ਰਚਾਰਿਕ ਆਇਆ ਮੇਰੇ ਤਾਂ ਡੇਰੇ ਕੋਈ ਵੀ ਨਹੀ ਆਉਂਦਾ ਸਭ ਇਸ ਨੂੰ ਸੁੱਨਣ ਲਈ ਦੌੜ ਜਾਂਦੇ ਨੇ।"
" ਇਸ ਨੂੰ ਤਾਂ ਡੇਰੇ ਵਾਲੇ ਨੇ ਕਿਹਾ ਤਾਂ ਆਇਆ।" ਸੁਖਦੀਪ ਸਿੰਘ ਨੇ ਉਸ ਨਾਲ ਆਏ ਬੰਦਿਆ ਨੂੰ ਕਿਹਾ, " ਤੁਸੀ ਕਿਉਂ ਆਏ।"
" ਇਸ ਨੇ ਹੀ ਸਾਨੂੰ ਦੱਸਿਆ ਕਿ ਭਾਈ ਦਲਬੀਰ ਸਿੰਘ ਮੰਦਰ ਵਿਚ ਹਵਨ ਕਰ ਰਿਹਾ।" ਵਿਚੋਂ ਇਕ ਨੇ ਕਿਹਾ, " ਅਸੀ ਸੋਚਿਆ ਜੇ ਸਾਡੇ ਪ੍ਰਚਾਰਿਕ ਹੀ ਹਵਨ ਕਰਨ ਲੱਗ ਪਏ ਤਾਂ ਬਾਕੀ ਸਿਖਾਂ ਦਾ ਕੀ ਬਣੂ ਜਦੋਂ ਕਿ ਗੁਰੂ ਸਾਹਿਬਾ ਨੇ ਸਾਨੂੰ ਹਵਨਾ,ਵਰਤਾ ਮੜ੍ਹੀਆਂ ਨੂੰ ਪੂਜਣਾ ਮਨਾ ਕੀਤਾ ਹੋਇਆ ਹੈ।"
" ਤੁਹਾਨੂੰ ਭਾਈ ਸਾਹਿਬ ਨੇ ਦੱਸ ਵੀ ਦਿੱਤਾ ਹੈ ਕਿ ਉਹ ਮੰਦਰ ਵਿਚ ਕੀ ਕਰ ਰਹੇ ਸੀ।" ਸੁਖਦੀਪ ਸਿੰਘ ਨੇ ਕਿਹਾ, " ਅਸੀ ਅੱਖਾਂ ਨਾਲ ਵੀ ਦੇਖਿਆ ਭਾਈ ਸਾਹਿਬ ਕਿੰਨੇ ਸਹੋਣੇ ਤਾਰੀਕੇ ਨਾਲ ਉਹਨਾਂ ਨੂੰ ਦੱਸ ਰਹੇ ਸਨ ਕਿ ਸਿਖ ਰਹਿਬਰਾ ਦੀ ਫਿਲਾਸਫੀ ਧਰਮ ਨੂੰ ਕਿਵੇ ਲੈਂਦੀ ਹੈ।"
" ਪਤਾ ਨਹੀ ਜੀ,ਅਸੀ ਤਾਂ ਇਸ ਦੇ ਆਖੇ ਹੀ ਆ ਗਏ।"
" ਇਸ ਦੇ ਆਖੇ ਲੱਗ, ਤੁਸੀ ਇਕ ਉੱਚ ਸ਼ੱਖਸੀਅਤ ਨੂੰ ਨੁਕਸਾਨ ਪੰਚਾਹਉਣ ਆ ਗਏ, ਹਵਨ ਦੀ ਝੂੱਠੀ ਗੱਲ ਲੈ ਤੁਰੇ।" ਗੁਰਪ੍ਰੀਤ ਨੇ ਗੁੱਸੇ ਜਿਹੇ ਵਿਚ ਕਿਹਾ, " ਤੁਹਾਡੇ ਰਾਜਨਿਤਕ ਲੀਡਰ ਜਿਹੜੇ ਸੱਚ- ਮੁੱਚ ਹੀ ਹਵਨ ਕਰਦੇ ਤਾਂ ਤੁਹਾਡੇ ਵਰਗੇ ਉਹਨਾਂ ਨਾਲ ਫੋਟੋ ਖਿਚਾਉਂਦੇ ਸਾਹ ਨਹੀ ਲੈਂਦੇ ਰੋਕਨਾ ਤਾਂ ਇਕ ਪਾਸੇ।"
" ਛੱਡ ਤੂੰ ਉਹਨਾਂ ਬੇਗੈਰਤ ਲੀਡਰਾਂ ਨੂੰ।" ਸੁਖਦੀਪ ਸਿੰਘ ਨੇ ਕਿਹਾ, " ਉਹ ਤਾਂ ਆਪਣੀ ਕੁਰਸੀ ਕਾਇਮ ਰੱਖਣ ਲਈ ਹਰ ਇਕ ਦੀ ਮਾਂ ਨੂੰ ਮਾਸੀ ਬਣਾ ਲੈਂਦੇ ਨੇ।"
" ਚਲੋ ਕੋਈ ਬਾਤ ਨਹੀ।" ਭਾਈ ਸਾਹਿਬ ਜੀ ਕਹਿਣ ਲੱਗੇ, " ਇਹ ਵੀ ਜੋ ਹੋਇਆ, ਉਹ ਵੀ ਇੱਕ ਈਸ਼ਵਰ ਦਾ ਹੀ ਹੁਕਮ ਸੀ ਸੋ ਵਰਤ ਗਿਆ, ਪਰ ਰਾਮ ਪਿਆਰਿਉ ਇਕ ਗੱਲ ਜ਼ਰੂਰ ਚੇਤੇ ਰੱਖਿਉ, ਸਭੇ ਸਾਂਝੀਵਾਲ ਸਦਾਇਦੇ…..।"
" ਇਥੇ ਭਾਈ ਸਾਹਿਬ ਨੇ ਰਾਮ ਪ੍ਰਮਾਤਮਾ ਨੂੰ ਕਿਹਾ।" ਗੁਰਪ੍ਰੀਤ ਹੱਸਦਾ ਹੋਇਆ ਕਹਿਣ ਲੱਗਾ, " ਇੰਜ਼ ਨਾ ਸਮਝ ਲਇਉ ਰਾਮ ਚੰਦਰ ਜੀ ਨੂੰ ਰਾਮ ਕਿਹਾ।"
ਭਾਈ ਸਾਹਿਬ ਮੁਸਕ੍ਰਾ ਪਏ ਤੇ ਬੋਲੇ, ਮਾਨਸ ਕੀ ਜਾਤ ਸਭੇ ਇਕੇ…। ਇਹ ਕਹਿ ਉਹ ਮੰਦਰ ਵਿਚ ਦੁਬਾਰਾ ਕਥਾ ਕਰਨ ਚਲੇ ਬਾਕੀ ਸਭ ਲੋਕੀ ਵੀ ਮਗਰ ਹੀ ਚਲ ਪਏ। ਸਿਰਫ ਇਕ ਸਿਧਾ ਜਿਹਾ ਬੰਦਾ ਸੀ, ਉਹ ਹੀ ਰਹਿ ਗਿਆ ਪਹਿਲਾ ਉਸ ਨੇ ਕਿਹਾ, " ਮੈ ਪਤਾ ਨਹੀ ਇੱਥੇ ਕਿਉਂ ਆਇਆ, ਫਿਰ ਭਾਈ ਜੀ ਵਾਲੀ ਤੁਕ ਦਹਾਉਰਦਾ ਹੋਇਆ 'ਸਭੇ ਸਾਝੀਵਾਲ ਸਦਾਇਨਿ ਤੂਮ ਕਿਸੇ ਨ ਦਿਸਹਿ ਬਾਹਰਾ ਜੀa' ਮੰਦਰ ਵਿਚ ਉਹਨਾਂ ਦੇ ਪਿੱਛੇ ਹੀ ਚਲਾ ਗਿਆ।