ਸਿੱਖੀ 'ਚ ਬ੍ਰਾਹਮਣਵਾਦੀ ਖੋਟ- ਇਕ ਕੌੜਾ ਸੱਚ (ਪੁਸਤਕ ਪੜਚੋਲ )

ਗੁਰਦੀਸ਼ ਗਰੇਵਾਲ   

Email: gurdish.grewal@gmail.com
Cell: +1403 404 1450, +91 98728 60488 (India)
Address:
Calgary Alberta Canada
ਗੁਰਦੀਸ਼ ਗਰੇਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


buy prednisolone

buy prednisolone
ਕਰਨਲ ਗੁਰਦੀਪ ਸਿੰਘ (ਰਿਟਾ.) ਸਾਹਿਤ ਦੇ ਖੇਤਰ ਵਿੱਚ ਇੱਕ ਜਾਣੀ ਪਛਾਣੀ ਸ਼ਖਸੀਅਤ ਹੈ। ਆਪ ਨੇ ੩੨ ਸਾਲ, ਭਾਰਤ ਸਰਕਾਰ ਦੇ ਫੌਜੀ ਵਿਭਾਗ ਵਿੱਚ ਸੇਵਾ ਨਿਭਾਈ ਅਤੇ ੧੯੬੨, ੧੯੬੫, ੧੯੭੧ ਦੀਆਂ ਜੰਗਾਂ ਵਿੱਚ ਵੀ ਪੂਰੀ ਤਰ੍ਹਾਂ ਸਰਗਰਮ ਰਹੇ। ੧੯੯੩ ਤੋਂ ਸੇਵਾ ਮੁਕਤ ਹੋਣ ਉਪਰੰਤ, ਆਪ ਗੁਰਮਤਿ ਫ਼ਿਲਾਸਫ਼ੀ ਦੇ ਪ੍ਰਚਾਰ ਤੇ ਪਸਾਰ ਹਿੱਤ- ਆਪਣੀ ਕਲਮ ਰਾਹੀਂ ਭਰਪੂਰ ਯੋਗਦਾਨ ਪਾ ਰਹੇ ਹਨ। ਆਪ ਨੇ ੬ ਪੁਸਤਕਾਂ ਤੇ ਕੁੱਝ ਟ੍ਰੈਕਟ ਮਾਂ ਬੋਲੀ ਪੰਜਾਬੀ ਦੀ ਝੋਲੀ ਪਾ ਕੇ, ਸਿੱਖ ਅਦਬ ਵਿੱਚ ਆਪਣੀ ਇੱਕ ਨਿਵੇਕਲੀ ਪਹਿਚਾਣ ਬਣਾ ਲਈ ਹੈ।
ਲੇਖਕ ਦੀ ਪਹਿਲੀ ਪੁਸਤਕ- 'ਸਿੱਖ ਫ਼ਲਸਫ਼ਾ- ਲਾਸਾਨੀ ਇਨਕਲਾਬ' (ਭਾਗ ਪਹਿਲਾ) -੫੪੦ ਪੰਨੇ ੨੦੦੮ ਵਿੱਚ ਛਪੀ, ਜਦ ਕਿ ਦੂਜੀ ੨੦੦੯ ਵਿੱਚ- 'ਸਿੱਖ ਗੁਰਦੁਆਰੇ'- ੩੫੦ ਪੰਨੇ, ਤੀਜੀ ੨੦੧੦ ਵਿੱਚ- 'ਗੁਰਮਤਿ ਗਾਡੀ ਰਾਹ ਤੋਂ ਭਟਕਿਆ ਸਿੱਖ ਸਮਾਜ'- ੨੦੦ ਪੰਨੇ, ਤੇ ਚੌਥੀ 'ਭਾਰਤ 'ਚ ਆਪਣੀ ਹੋਂਦ ਕਾਇਮ ਰੱਖਣ ਲਈ ਸਿੱਖ ਕੌਮ ਸਾਹਮਣੇ ਵੱਡੀਆਂ ਚੁਣੌਤੀਆਂ'- ੨੦੦ ਪੰਨੇ ਪਾਠਕਾਂ ਵਿੱਚ ਬੇਹੱਦ ਮਕਬੂਲ ਹੋਈਆਂ ਹਨ। ੨੦੧੩ ਵਿੱਚ ਆਪ ਨੇ ਦੋ ਪੁਸਤਕਾਂ- 'ਸਿੱਖੀ 'ਚ ਬ੍ਰਾਹਮਣਵਾਦੀ ਖੋਟ' ਅਤੇ 'ਗੁਰ ਇਤਿਹਾਸ 'ਚ ਬਿਪਰਵਾਦੀ ਮਿਲਾਵਟ' ਅਤੇ ਇਕ ਟ੍ਰੈਕਟ-'ਵੈਸਾਖੀ ਦਾ ਮਨੁੱਖਤਾ ਦੇ ਨਾਂ ਸੁਨੇਹਾ'- ਇਕੱਠੇ ਹੀ ਸਿੱਖ ਜਗਤ ਦੀ ਝੋਲੀ ਪਾ ਕੇ, ਇੱਕ ਵਡਮੁੱਲਾ ਕਾਰਜ ਕਰ ਦਿਖਾਇਆ ਹੈ। ਇਹ ਪੁਸਤਕਾਂ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਫਰੀਦਾਬਾਦ (ਹਰਿਆਣਾ) ਵਲੋਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ।
'ਸਿੱਖੀ 'ਚ ਬ੍ਰਾਹਮਣਵਾਦੀ ਖੋਟ' ਪੁਸਤਕ ਦੇ ੭੦ ਪੰਨਿਆਂ ਵਿੱਚ ਕਰਨਲ ਸਾਹਿਬ ਨੇ ਕੁੱਜੇ ਵਿੱਚ ਸਮੁੰਦਰ ਬੰਦ ਕੀਤਾ ਹੈ। ਇਹ ਪੁਸਤਕ ਉਹਨਾਂ ਦੇ ਵਿਸ਼ਾਲ ਗਿਆਨ ਤੇ ਡੂੰਘੀ ਸੂਝ ਬੂਝ ਦਾ ਨਤੀਜਾ ਹੈ। ਅੱਜ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ ਹੋ ਰਹੇ ਅੰਦਰੂਨੀ ਹਮਲਿਆਂ ਤੋਂ ਹਰ ਸਿੱਖ ਵਿਦਵਾਨ, ਬੁੱਧੀਜੀਵੀ ਅਤੇ ਸਿੱਖ ਸਿਧਾਂਤਾਂ ਨੂੰ ਪਿਆਰ ਕਰਨ ਵਾਲਾ ਹਰ ਸ਼ਖਸ ਚਿੰਤਤ ਹੈ ਪਰ ਸਰਮਾਏਦਾਰੀ ਨਿਜ਼ਾਮ ਤੋਂ ਡਰਦਾ ਕੋਈ ਬੋਲਣ ਦਾ ਹੀਆ ਨਹੀਂ ਕਰਦਾ। ਇਸ ਪੱਖੋਂ ਕਰਨਲ ਸਾਹਿਬ ਦੇ ਹੌਸਲੇ ਦੀ ਦਾਦ ਦੇਣੀ ਬਣਦੀ ਹੈ। ਇਹਨਾਂ ਨੇ ਬਹੁਤ ਹੀ ਸਮਝਦਾਰੀ ਤੇ ਬੇਬਾਕੀ ਨਾਲ ਹਥਲੀ ਪੁਸਤਕ ਵਿੱਚ ਖੋਟ ਸਬੰਧੀ ਕੌੜੀਆਂ ਸਚਾਈਆਂ ਬਿਆਨ ਕੀਤੀਆਂ ਹਨ। ਲੇਖਕ ਨੇ ਹਰ ਨੁਕਤੇ ਦੀ ਡੂੰਘਾਈ ਤੱਕ ਪਹੁੰਚ ਕੇ, ਸੱਚ ਜ਼ਾਹਿਰ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸਗੋਂ ਉਸਦੇ ਸੰਭਾਵਿਤ ਹੱਲ ਵੀ ਦਰਸਾਏ ਹਨ। ਇਸ ਤਰ੍ਹਾਂ ਦੀ ਦਲੇਰੀ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ।
ਲੇਖਕ ਨੇ ਇਸ ਪੁਸਤਕ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਅਰੰਭੇ ਲਾਸਾਨੀ ਇਨਕਲਾਬ ਦਾ ਜ਼ਿਕਰ ਬਹੁਤ ਹੀ ਖੂਬਸੂਰਤ ਢੰਗ ਨਾਲ ਕੀਤਾ ਹੈ। ਇਸ ਇਨਕਲਾਬ ਨੇ ਭਾਰਤ ਤੋਂ ਇਲਾਵਾ, ਵੱਡੀ ਗਿਣਤੀ ਵਿੱਚ ਏਸ਼ੀਆ ਦੇ ਹੋਰ ਦੇਸ਼ਾਂ- ਲੰਕਾ, ਚੀਨ, ਤਿੱਬਤ, ਜਪਾਨ, ਅਫਗਾਨਿਸਤਾਨ, ਈਰਾਨ, ਸਾਊਦੀ ਅਰਬ, ਈਰਾਕ ਆਦਿ ਨੂੰ ਵੀ ਪ੍ਰਭਾਵਤ ਕੀਤਾ।
ਉਸ ਸਮੇਂ ਦਾ ਮਨੁੱਖੀ ਸਮਾਜ ਖੁਦਗਰਜ਼ ਤੇ ਸ਼ਾਤਰ ਪੁਜਾਰੀ ਵਰਗ ਵਲੋਂ ਪ੍ਰਚਲਤ ਕੀਤੀਆਂ ਮਾਨਵ ਵਿਰੋਧੀ ਤੇ ਗੈਰ ਕੁਦਰਤੀ ਮਨੌਤਾਂ ਜਿਵੇਂ- ਜਾਤ ਪਾਤ, ਮੂਰਤੀ ਪੂਜਾ, ਕਰਮ ਕਾਂਡ, ਬ੍ਰਾਹਮਣਵਾਦ ਵਲੋਂ ਪ੍ਰਚਲਤ ਕੀਤੇ ਵਹਿਮ ਭਰਮ- ਸ਼ੁਭ- ਅਸ਼ੁੱਭ, ਸਾਹੇ, ਜਨਮ ਪੱਤਰੀ, ਟੇਵਾ, ਸੁੱਚ-ਭਿੱਟ, ਊਚ ਨੀਚ, ਦਾਨ ਪੁੰਨ ਵਿੱਚ ਵਿਸ਼ਵਾਸ ਅਤੇ ਥਿੱਤ ਵਾਰ ਜਿਵੇਂ ਮੱਸਿਆ, ਪੂਰਨਮਾਸ਼ੀ, ਸੰਗਰਾਂਦਾਂ ਮਨਾਉਣੀਆਂ ਤੇ ਜੰਤਰ ਮੰਤਰ, ਜਾਦੂ ਟੂਣੇ, ਧਾਗਾ ਤਵੀਜ਼, ਜੋਤਿਸ਼ ਆਦਿ ਵਰਗੇ ਅੰਧ ਵਿਸ਼ਵਾਸਾਂ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਸੀ। ਗੁਰੂ ਨਾਨਕ ਦੇਵ ਜੀ ਨੇ ਸਮਾਜ ਨੂੰ ਇਹਨਾਂ ਫੋਕੇ ਕਰਮ ਕਾਂਡਾਂ ਤੋਂ ਛੁੱਟਕਾਰਾ ਦਿਵਾ ਕੇ, ਇਕ ਸਰਲ, ਵਿਗਿਆਨਕ ਤੇ ਸਰਬੱਤ ਦੇ ਭਲੇ ਦੇ ਜ਼ਾਮਨ, ਗੁਰਮਤਿ ਇਨਕਲਾਬ ਦੀ ਨੀਂਹ ਰੱਖੀ, ਪਰ ਸਮੇਂ ਦੇ ਗੇੜ ਨੇ ਇਹਨਾਂ ਪ੍ਰਾਪਤੀਆਂ ਨੂੰ ਅਜਾਈਂ ਗਵਾ ਦਿੱਤਾ। ਇਸ ਅਣਗਹਿਲੀ ਲਈ, ਗੁਰਮਤਿ ਸਿਧਾਂਤਾਂ ਤੋਂ ਉਖੜੀ ਹੋਈ ਸਿੱਖ ਕੌਮ ਸਭ ਤੋਂ ਵੱਧ ਦੋਸ਼ੀ ਹੈ- ਜਿਸ ਦਾ ਲੇਖਕ ਨੂੰ ਦੁੱਖ ਹੈ।
ਹਥਲੀ ਪੁਸਤਕ ਵਿੱਚ, ਲੇਖਕ ਨੇ ਗੁਰਮਤਿ ਵਿਚਾਰਾਂ ਤੇ ਬ੍ਰਾਹਮਣਵਾਦ ਦੇ ਹਮਲਿਆਂ ਦਾ ਜ਼ਿਕਰ ਕਰਦੇ ਹੋਏ, ਸਿੱਖੀ ਵਿੱਚ ਬੁਰੀ ਤਰ੍ਹਾਂ ਦਾਖਲ ਹੋ ਚੁੱਕੇ- ਕਰਮ ਕਾਂਡ, ਕੁਰੀਤੀਆਂ ਅਤੇ ਸਾਧਡੰਮ ਦੇ ਪ੍ਰਚਾਰ ਨੂੰ ਵੀ ਬੇਨਕਾਬ ਕਰਨ ਦਾ ਪੂਰਾ ਯਤਨ ਕੀਤਾ ਹੈ। ਉਹਨਾਂ ਸਿੱਖੀ ਦੇ ਭੇਸ ਵਿੱਚ ਆਰ. ਆਰ. ਐਸ ਦੇ ਏਜੰਟਾਂ ਤੇ ਉਸ ਦੀ ਭਾਈਵਾਲ ਸਰਕਾਰ ਤੋਂ ਅਤੇ ਮਨੂੰਵਾਦੀਆਂ ਦੀਆਂ ਸਾਜਿਸ਼ਾਂ ਤੋਂ, ਕੇਵਲ ਸਿੱਖਾਂ ਨੂੰ ਹੀ ਨਹੀਂ ਸਗੋਂ ਸਮੂਹ ਘੱਟ ਗਿਣਤੀਆਂ ਨੂੰ ਖਬਰਦਾਰ ਕੀਤਾ ਹੈ।
ਉਹਨਾਂ ਅਨੁਸਾਰ ਬ੍ਰਾਹਮਣਵਾਦੀਆਂ ਵਲੋਂ, ਗੁਰਮਤਿ ਨੂੰ ਗੰਧਲਾ ਕਰਕੇ, ਸਿੱਖੀ ਵਿਚਾਰਧਾਰਾ ਵਿੱਚ ਸਮੇਂ ਸਮੇਂ ਤੇ ਖੋਟ ਮਿਲਾ ਕੇ, ਸਿੱਖ ਕੌਮ ਨੂੰ ਭੰਬਲ ਭੂਸਿਆਂ 'ਚ ਪਾ ਕੇ, ਦੇਸ਼ ਵਿਦੇਸ਼ 'ਚ ਸਿੱਖ ਕੌਮ ਦੀ ਹਸਤੀ ਨੂੰ ਖਤਮ ਕਰਨ ਲਈ ਤੇ ਇਸ ਦੀਆਂ ਜੜ੍ਹਾਂ ਨੂੰ ਖੋਖਲਾ ਕਰਨ ਦੀਆਂ ਸਾਜਿਸ਼ਾਂ ਲੰਮੇ ਸਮੇਂ ਤੋਂ ਜਾਰੀ ਹਨ। ਉਹਨਾਂ ਸਿੱਖ ਕੌਮ ਨੂੰ ਸੁਚੇਤ ਕਰਦੇ ਹੋਏ ਕਿਹਾ ਹੈ ਕਿ- "ਜੇ ਕੌਮ ਹੁਣ ਵੀ ਨਾ ਸੰਭਲੀ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਜਿਸ ਤੋਂ ਸਿੱਖ ਧਰਮ ਨੂੰ ਬਚਾਉਣ ਲਈ, ਬਹੁਤ ਵੱਡੀ ਜੱਦੋ ਜਹਿਦ ਕਰਨੀ ਪਏਗੀ ਤੇ ਲੰਮੀ ਲਹਿਰ ਚਲਾਉਣੀ ਪਵੇਗੀ"।
ਕਰਨਲ ਸਾਹਿਬ ਨੇ ਇਸ ਪੁਸਤਕ ਵਿੱਚ, ਇਤਿਹਾਸਕ ਪਿਛੋਕੜ ਤੋਂ ਇਲਾਵਾ, ਸਿੱਖੀ 'ਚ ਸਾਜਿਸ਼ ਅਧੀਨ ਦਾਖਲ ਕੀਤੀ ਜਾ ਚੁੱਕੀ ਬਿਪਰਵਾਦੀ ਖੋਟ ਦੀ ਨਿਸ਼ਾਨਦੇਹੀ ਕਰਕੇ ਕੱਢਣ ਦੇ ਸੁਝਾਅ ਅਤੇ 'ਭਾਰਤ 'ਚ ਸਰਬਨਾਸ਼ ਤੋਂ ਬਚਣ ਲਈ ਇਕੋ ਇਕ ਰਾਹ' ਸਿਰਲੇਖ ਹੇਠ ਇੱਕ ਧਰਮ ਨਿਰਪੱਖ ਫੈਡਰਲ ਲੋਕ ਰਾਜ ਦਾ ਨਕਸ਼ਾ ਵੀ ਤਿਆਰ ਕਰ ਕੇ ਦਿੱਤਾ ਹੈ, ਜਿਸ ਤੋਂ ਲੇਖਕ ਦੇ ਦੇਸ਼ ਵਿਦੇਸ਼ ਦੇ ਵਿਸ਼ਾਲ ਅਨੁਭਵ ਅਤੇ ਵਿਦਵਤਾ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਇਸ ਦੇ ਨਾਲ ਹੀ ਇਕ ੧੬ ਸਫਿਆਂ ਦਾ ਟ੍ਰੈਕਟ-'ਵੈਸਾਖੀ ਦਾ ਮਨੁੱਖਤਾ ਦੇ ਨਾਂ ਸੁਨੇਹਾ' ਵੀ ਪ੍ਰਕਾਸ਼ਿਤ ਹੋਇਆ ਹੈ ਜੋ ਗੁਰਮਤਿ ਇਨਕਲਾਬੀ ਫ਼ਲਸਫ਼ੇ ਦੇ ਅਧਾਰ ਤੇ, ਵਿਸ਼ਵ ਵਿਆਪਕ, ਸਦੀਵ ਕਾਲੀ ਰੱਬੀ ਰਾਜ (ਹਲੇਮੀ ਰਾਜ) ਦੀ ਸਥਾਪਨਾ ਦਾ ਪੈਗਾਮ ਦਿੰਦਾ ਹੈ। ਇਸ ਰੱਬੀ ਰਾਜ ਦੀ ਨੀਂਹ ਭਾਵੇਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਹੀ ਰੱਖੀ ਗਈ ਸੀ ਪਰ ਇਸ ਨੂੰ ਪਰਵਾਨ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ੧੬੯੯ ਦੀ ਵੈਸਾਖੀ ਨੂੰ ਚੜ੍ਹਾਇਆ। ਉਸ ਸਮੇਂ ਅਕਾਲ
ਪੁਰਖ ਦੀ ਫੌਜ ਵਿੱਚ ਸ਼ਾਮਲ ਹੋਣ ਲਈ ਪੰਜ ਪਿਆਰੇ, ਵੱਖ ਵੱਖ ਸੂਬਿਆਂ ਅਤੇ ਅਖੌਤੀ ਛੋਟੀਆਂ ਜਾਤਾਂ ਵਿੱਚੋਂ ਹੀ ਆਏ ਸਨ, ਕੋਈ ਵੀ ਬ੍ਰਾਹਮਣ ਜਾਤ ਦਾ ਨਹੀਂ ਸੀ। ਸੋ ਇੰਨੀ ਸੈਕੂਲੇਰਿਜ਼ਮ ਦੁਨੀਆਂ ਦੇ ਕਿਸੇ ਇਤਿਹਾਸ ਵਿੱਚ ਨਹੀਂ ਮਿਲਦੀ। ਲੇਖਕ ਅਨੁਸਾਰ- ਵੈਸਾਖੀ ਦੇ ਸੁਨੇਹੇ ਨੂੰ ਭੁੱਲਣ ਕਾਰਨ ਹੀ ਸਿੱਖ ਕੌਮ ਤੇ ਘੱਟ ਗਿਣਤੀਆਂ, ਮਨੂੰਵਾਦੀਆਂ ਦੀ ਚਾਣਕੀਯ ਕੂਟਨੀਤੀ ਦਾ ਸ਼ਿਕਾਰ ਹੋ ਕੇ, ਅਣ-ਐਲਾਨੀ ਗੁਲਾਮੀ ਦਾ ਸੰਤਾਪ ਹੰਢਾ ਰਹੀਆਂ ਹਨ। ਇਸ ਟ੍ਰੈਕਟ ਰਾਹੀਂ ਉਹਨਾਂ ਭਾਰਤ ਵਿਚਲੀਆਂ ਸਮੂਹ ਘੱਟ ਗਿਣਤੀਆਂ ਨੂੰ, ਯੂ. ਐਨ. ਓ. ਦੀ ਐਸੋਸੀਏਟ ਮੈਂਬਰਸ਼ਿਪ ਹਾਸਲ ਕਰਨ ਦੀ ਪ੍ਰੇਰਣਾ ਦਿੱਤੀ ਹੈ।
ਇਹਨਾਂ ਪੁਸਤਕਾਂ ਦੀ ਭਾਸ਼ਾ ਸਰਲ, ਸਪਸ਼ਟ ਤੇ ਆਮ ਪਾਠਕ ਦੇ ਸਮਝ ਆਉਣ ਵਾਲੀ ਹੈ। ਲੇਖਕ ਨੇ ਕੁੱਝ ਪ੍ਰਸ਼ਨ ਉਠਾ ਕੇ ਤੇ ਫਿਰ ਉਸ ਦੇ ਉੱਤਰ ਦੇ ਕੇ, ਪਾਠਕ ਦੇ ਮਨ ਦੇ ਸਾਰੇ ਸ਼ੰਕੇ ਦੂਰ ਕਰਨ ਦਾ ਯਤਨ ਕੀਤਾ ਹੈ। ਆਪ ਨੇ ਥਾਂ ਥਾਂ ਗੁਰਬਾਣੀ ਦੀਆਂ ਟੂਕਾਂ ਦੇ ਕੇ ਆਪਣੇ ਵਿਚਾਰ ਨੂੰ ਸਪਸ਼ਟ ਕਰਨ ਦੀ ਸਫਲ ਕੋਸ਼ਿਸ਼ ਵੀ ਕੀਤੀ ਹੈ।
ਮੇਰੇ ਖਿਆਲ ਵਿੱਚ ਇਹ ਪੁਸਤਕਾਂ ਘੱਟ ਸਮੇਂ ਵਿੱਚ ਪੜ੍ਹੀਆਂ ਜਾਣ ਵਾਲੀਆਂ ਸ਼ਾਹਕਾਰ ਹਨ। ਇਹ ਕੌਮ ਨੂੰ ਫੋਕੇ ਕਰਮ ਕਾਂਡਾਂ ਤੋਂ ਵਰਜ ਕੇ, ਇਕ ਸੁਚੱਜੀ ਜੀਵਨ ਜਾਚ ਜੀਊਣ ਦੀ ਪ੍ਰੇਰਣਾ ਦਿੰਦੀਆਂ ਹਨ। ਲੇਖਕ, ਸਿੱਖ ਕੌਮ ਨੂੰ ਮਨੂੰਵਾਦੀਆਂ ਦੇ ਮਾਰੂ ਹਮਲਿਆਂ ਤੋਂ ਸੁਚੇਤ ਕਰਦੇ ਹੋਏ ਲਿਖਦੇ ਹਨ ਕਿ- 'ਪਿਛਲੀਆਂ ਤਕਰੀਬਨ ਢਾਈ ਸਦੀਆਂ ਤੋਂ ਸਿੱਖ ਕੌਮ ਦਾ ਵੱਡਾ ਹਿੱਸਾ, ਬ੍ਰਾਹਮਣਵਾਦੀਆਂ ਵਲੋਂ ਮਿਲਾਈ ਬਿਪਰਵਾਦੀ ਖੋਟ ਨੂੰ ਵੀ ਗੁਰਮਤਿ ਦਾ ਹੀ ਹਿੱਸਾ ਸਮਝ ਕੇ ਸੰਭਾਲਦਾ ਆ ਰਿਹਾ ਹੈ। ਯਾਨੀ ਕਿ ਖੰਡ 'ਚ ਲਬੇੜੀਆਂ ਜ਼ਹਿਰ ਦੀਆਂ ਗੋਲੀਆਂ ਨੂੰ ਸਵਾਦ ਨਾਲ ਛਕਦਾ ਆ ਰਿਹਾ ਹੈ'। ਉਹਨਾਂ ਨੇ ਇਹਨਾਂ ਪੁਸਤਕਾਂ ਰਾਹੀਂ, ਇਸ ਖੋਟ ਦੀ ਨਿਸ਼ਾਨਦੇਹੀ ਕਰਕੇ, ਇਸ ਨੂੰ ਬਾਹਰ ਕੱਢਣ ਲਈ 'ਵਿਸ਼ਵ ਗੁਰਮਤਿ ਚੇਤਨਾ ਲਹਿਰ' ਦਾ ਹਿੱਸਾ ਬਣਨ, ਅਤੇ 'ਗੁਰੂ ਗ੍ਰੰਥ ਸਾਹਿਬ ਦਾ ਖਾਲਸਾ ਪੰਥ' ਬਣ ਕੇ, ਆਪਣੀ ਹਸਤੀ ਨੂੰ ਬਚਾਉਣ ਦਾ ਸੁਨੇਹਾ ਵੀ ਦਿੱਤਾ ਹੈ। ਅੱਜ ਦੇ ਜ਼ਮਾਨੇ ਵਿੱਚ ਇਸ ਤਰ੍ਹਾਂ ਦੀਆਂ ਪੁਸਤਕਾਂ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ ਜਦ ਕਿ ਅਸੀਂ ਲੋਕ ਅੰਧ ਵਿਸ਼ਵਾਸ, ਖੁਦਗਰਜ਼ੀ, ਲੋਭ, ਮੋਹ ਹੰਕਾਰ, ਨਿੰਦਿਆ- ਚੁਗਲੀ, ਈਰਖਾ, ਵੈਰ- ਭਾਵ, ਐਸ਼ੋ- ਇਸ਼ਰਤ ਅਤੇ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਫਸ ਕੇ, ਲੋਕਾਚਾਰੀ, ਫਜ਼ੂਲ ਖਰਚੀ, ਦਾਜ ਦਹੇਜ, ਨਸ਼ੇ, ਪਰਾਇਆ ਹੱਕ ਤੇ ਮਨਮੁੱਖਾਂ ਦੀ ਸੰਗਤਿ ਕਾਰਨ, ਦਿਖਾਵੇ ਤੇ ਕਰਮ ਕਾਂਡਾਂ ਵਿੱਚ ਫਸ ਕੇ ਆਪਣਾ ਕੀਮਤੀ ਸਮਾਂ ਤੇ ਪੈਸਾ ਅਜਾਈਂ ਬਰਬਾਦ ਕਰ ਰਹੇ ਹਾਂ।
ਅੰਤ ਵਿੱਚ ਮੈਂ ਕਰਨਲ ਗੁਰਦੀਪ ਸਿੰਘ ਜੀ ਨੂੰ ਉਹਨਾਂ ਦੀਆਂ ਪੁਸਤਕਾਂ ਦੇ ਲੋਕ ਅਰਪਣ ਹੋਣ ਤੇ ਵਧਾਈ ਦਿੰਦੀ ਹੋਈ, ਇਹ ਕਾਮਨਾ ਕਰਦੀ ਹਾਂ ਕਿ ਉਹਨਾਂ ਦੀ ਕਲਮ ਇਸੇ ਤਰ੍ਹਾਂ ਸੱਚ ਦੇ ਰਾਹ ਤੇ ਚਲਦੀ ਰਹੇ ਅਤੇ ਸਿੱਖਾਂ ਨੂੰ ਮਨੂੰਵਾਦੀਆਂ ਦੀਆਂ ਕੋਝੀਆਂ ਚਾਲਾਂ ਤੋਂ ਸੁਚੇਤ ਕਰਕੇ, ਇਕ ਨਵਾਂ ਨਰੋਆ ਸਮਾਜ ਸਿਰਜ ਕੇ, ਰੱਬੀ ਰਾਜ- ਹਲੇਮੀ ਰਾਜ ਲਿਆਉਣ ਲਈ ਸਾਰਥਿਕ ਰੋਲ ਅਦਾ ਕਰਦੀ ਰਹੇ। ਸੋ ਮੈਂ ਸਮੂਹ ਘੱਟ ਗਿਣਤੀਆਂ, ਦੱਬੇ ਕੁਚਲੇ ਹੋਏ ਲੋਕਾਂ ਅਤੇ ਸਿੱਖੀ 'ਚ ਮੱਸ ਰੱਖਣ ਵਾਲੇ ਹਰ ਸ਼ਖਸ ਨੂੰ ਇਹ ਪੁਸਤਕਾਂ ਪੜ੍ਹਨ ਦੀ ਪੁਰਜ਼ੋਰ ਸਿਫਾਰਸ਼ ਕਰਦੀ ਹਾਂ।