ਪਿਆਸਾ ਕਾਂ (ਬਾਲ ਕਹਾਣੀ)
(ਕਹਾਣੀ)
ਬੱਚਿਓ, ਕੁਝ ਹੀ ਦਿਨ ਪਹਿਲਾਂ ਦੀ ਗੱਲ ਹੈ।ਕਿ ਇੱਕ ਦਿਨ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ। ਦੁਪਹਿਰ ਦੇ ਸਮੇਂ ਇੱਕ ਪਿਆਸਾ ਕਾਂ, ਪਾਣੀ ਦੀ ਭਾਲ ਵਾਸਤੇ ਪਹਿਲਾਂ ਤਾਂ ਉਹ ਇੱਕ ਪਿੰਡ ਵਾਸੀਆਂ ਦੇ ਘਰਾਂ ਵਿੱਚ ਲੱਗੇ ਨਲਕੇ,ਟੂਟੀਆਂ ਤੇ ਪਹੁੰਚਿਆ,ਪਰ ਉਥੇ ਉਸਨੂੰ ਪਾਣੀ ਦੀ ਇੱਕ ਵੀ ਬੂੰਦ ਨਸੀਬ ਨਾ ਹੋ ਸਕੀ,ਕਿਉਂਕਿ ਨਲਕਿਆਂ ਵਗੈਰਾ ਦੀ ਹੋਂਦ ਤਾਂ ਲਗਭਗ ਖਤਮ ਹੋਣ ਕਿਨਾਰੇ ਪੁੱਜ ਚੁੱਕੀ ਹੈ।ਤੇ ਉਸ ਟਾਇਮ ਟੂਟੀਆਂ ਵੀ ਸੁੱਕੀਆਂ ਹੀ ਪਈਆ ਸਨ।ਜਿਸ ਕਾਰਨ ਉਸ ਦੇ ਸਿਰਫ ਨਿਰਾਸ਼ਾ ਹੀ ਪੱਲੇ ਪਈ।ਉਪਰੰਤ ਕਾਂ ਲੋਕਾਂ ਦੇ ਘਰਾਂ ਦੇ ਕੋਠਿਆਂ-ਬਨੇਰਿਆਂ ਤੇ ਪਹੁੰਚਿਆਂ,ਜਿੱਥੇ ਉਸ ਨੂੰ ਉਮੀਦ ਸੀ।ਕਿ ਲੋਕਾਂ ਵੱਲੋ ਜਰੂਰ ਕੋਈ ਨਾ ਕੋਈ ਕੂੰਡਾ-ਬੱਠਲਾ ਪਾਣੀ ਦਾ ਭਰ ਕੇ ਜਨੌਰਾ ਵਾਸਤੇ ਰੱਖਿਆ ਹੋਵੇਗਾ।ਪ੍ਰੰਤੂ ਇੱਥੇ ਵੀ ਕਾਂ ਦੀ ਆਸ ਨੂੰ ਬੂਰ ਨਾ ਪਿਆ ਕਿਉਂਕਿ ਕਿਸੇ ਵੀ ਮਕਾਨ ਮਾਲਕ ਵੱਲੋ ਅਜਿਹਾ ਪੁੰਨ ਵਾਲਾ ਕੰਮ ਨਹੀ ਸੀ ਕੀਤਾ ਗਿਆ।ਉਪਰੰਤ ਕਾਂ ਕਿਸਾਨਾਂ ਦੇ ਖੇਤਾਂ ਉਪਰ ਇੱਧਰ-ਉੱਧਰ ਉੱਡਦਾ ਹੋਇਆ ਲੰਬੀ ਉਡਾਰੀ ਲਗਾਉਣ ਲੱਗਾ। ਉਹ ਜਿੱਧਰ ਵੀ ਜਾਂਦਾ ਚਾਰ-ਚੁਫੇਰੇ ਝੋਨੇ ਹੀ ਝੋਨੇ ਦੀ ਫਸਲ ਕਾਂ ਦੇ ਨਜ਼ਰੀਂ ਪੈ ਰਹੀ ਸੀ।ਪਰ ਇੱਕ ਤਾਂ ਪਾਣੀ ਦੀ ਘਾਟ ਕਾਰਨ, ਇੱਕ ਉਪਰੋਂ ਬਾਰਸ਼ ਨਾ ਪੈਣ ਅਤੇ ਦੂਸਰੇ ਪਾਸੇ ਬਿਜਲੀ ਦੀ ਕਿੱਲਤ ਕਾਰਨ ਬੁਰੀ ਤਰ੍ਹਾਂ ਲੱਗੀ ਔੜ ਨਾਲ ਸੁੱਕ ਕੇ ਜਿੱਥੇ ਝੋਨੇ ਦੀ ਫਸਲ ਬੇਹੱਦ ਪ੍ਰਭਾਵਿਤ ਹੋ ਚੁੱਕੀ ਸੀ।ਉੱਥੇ ਜ਼ਮੀਨਾਂ ਵੀ ਸੁੱਕ ਕੇ ਰੱਪੜ ਬਣੀਆਂ ਪਈਆਂ ਸਨ। ਅਤੇ ਜਿਸ ਝੋਨੇ ਦੀ ਫਸਲ ਵਿੱਚ ਕੁਝ ਕੁ ਪਾਣੀ ਖੜਾ ਸੀ ਉਹ ਰੇਹਾਂ-ਸਪਰੇਹਾਂ ਦੀਆਂ ਜ਼ਹਿਰਾਂ ਕਾਰਨ ਬੁਰੀ ਤਰ੍ਹਾਂ ਦੂਸ਼ਿਤ ਹੋ ਚੁੱਕਾ ਸੀ। ਆਖਰ ਕਾਂ ਦੇ ਐਨੇ ਚਿਰ ਨੂੰ ਇੱਕ ਖੇਤ ਵਿੱਚ ਪਈ ਜੱਟ ਦੀ ਪੀਣ ਵਾਲੇ ਪਾਣੀ ਵਾਲੀ ਸੁਰਾਹੀ ਨਜ਼ਰੀਂ ਪੈ ਗਈ। ਉਸ ਵਿੱਚ ਪਾਣੀ ਬਹੁਤ ਹੀ ਘੱਟ ਸੀ। ਤੁਰੰਤ ਕਾਂ ਨੂੰ ਬੀਤੇ ਪੁਰਾਣੇ ਸਮੇਂ ਵਾਲੀ ਪਿਆਸੇ ਕਾਂ ਵਾਲੀ ਕਹਾਣੀ ਦੀ ਘਟਨਾ ਚੇਤੇ ਆ ਗਈ। ਤਦ ਕਾਂ ਨੇ ਵੀ ਆਪਣੀ ਚੁੰਝ ਨਾਲ ਇੱਕ-ਇੱਕ ਕਰਕੇ ਪੱਥਰ ਚੁੱਕ ਕੇ ਲਿਆਉਣਾ ਸ਼ੁਰੂ ਕਰ ਦਿੱਤਾ। ਉਹ ਲਗਾਤਾਰ ਪੂਰਨ ਸੰਘਰਸ਼ ਕਰਨ ਵੱਲ ਡਟਿਆ ਰਿਹਾ, ਪ੍ਰੰਤੂ ਇੱਕ ਤਾਂ ਸੁਰਾਹੀ ਦਾ ਉਪਰੋਂ ਮੂੰਹ ਛੋਟਾ ਸੀ।ਦੂਸਰੇ ਪਾਸੇ ਸੁਰਾਹੀ ਵਿੱਚ ਪਾਣੀ ਵੀ ਬਹੁਤ ਘੱਟ ਸੀ। ਆਖਿਰ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਪਿਆਸਾ ਕਾਂ ਪਾਣੀ ਦੇ ਪੱਧਰ ਤੱਕ ਨਾ ਪਹੁੰਚ ਸਕਿਆ। ਤੇ ਉਹ ਕੁਝ ਸਮੇਂ ਦੌਰਾਨ ਜੱਦੋ-ਜਹਿਦ ਹੁੰਦਾ ਹੋਇਆ ਵਿਆਕਲ ਹੋ ਕੇ ਧਰਤੀ ਤੇ ਮੂਧੇ ਮੂੰਹ ਡਿੱਗ ਪਿਆ ਤੇ ਨਾਲੋ-ਨਾਲ ਹੀ ਪ੍ਰਾਣ ਤਿਆਗ ਕੇ ਰੱਬ ਨੂੰ ਪਿਆਰਾ ਹੋ ਗਿਆ।
ਸੋ ਬੱਚਿਓ.. ਥੋਨੂੰ ਪਤੈ ਹੀ ਹੈ। ਕਿ ਪਸੂ ਪੰਛੀ ਵੀ ਇਨਸਾਨ ਦੇ ਅਹਿਮ ਅੰਗ ਅਤੇ ਜਨਜੀਵਨ ਦੇ ਸਾਥੀ ਹੁੰਦੇ ਹਨ।ਅਤੇ ਪਾਣੀ ਵੀ ਕੁਦਰਤ ਦਾ ਇੱਕ ਅਨਮੋਲ ਤੋਹਫਾ ਹੈ।ਜੋ ਸਾਥੋਂ ਦਿਨੋ-ਦਿਨ ਦੂਰ ਹੁੰਦਾ ਜਾ ਰਿਹਾ ਹੈ। ਉਹ ਦਿਨ ਦੂਰ ਨਹੀਂ, ਜਦੋਂ ਇੱਕ ਨਾ ਇੱਕ ਦਿਨ ਸਾਡੀ ਹਾਲਤ ਵੀ ਪਿਆਸੇ ਕਾਂ ਵਾਲੀ ਹੋਵੇਗੀ। ਸੋ ਸਾਨੂੰ ਪਾਣੀ (ਜਲ ਦੇਵਤਾ) ਦੀਆਂ ਕਦਰਾਂ-ਕੀਮਤਾਂ ਬਾਰੇ ਚਿੰਤਤ ਹੋ ਕੇ ਰਹਿਣਾ ਚਾਹੀਦਾ ਹੈ।ਅਤੇ ਆਪੋ-ਆਪਣੇ ਘਰਾਂ ਦੇ ਬਨੇਰਿਆਂ ਉੱਪਰ ਪਾਣੀ ਦੇ ਬਰਤਨ ਭਰ ਕੇ ਅਤੇ ਚੋਗਾ ਚੁਗਣ ਲਈ ਜਨੌਰਾਂ ਵਾਸਤੇ ਕੁਝ ਨਾ ਕੁਝ ਦਾਣਿਆਂ ਦੀ ਚੋਗ ਜ਼ਰੂਰ ਰੱਖਣਾ ਸਾਡਾ ਇਖਲਾਕੀ ਫਰਜ਼ ਬਣਦਾ ਹੈ।