ਕਦ ਰੋਣਾ ਹੈ ਕਿੰਝ ਹਸਣਾ ਹੈ
ਕਦ ਚੁੱਪ ਰਹਿਣਾ ,ਕੀ ਦਸਣਾ ਹੈ
ਇੱਕ ਭੀੜ ਹੈ ਖਾਲੀ ਬੰਦਸ਼ਾਂ ਦੀ
ਬਸ ਇਸ ਦੇ ਨਾਲ ਹੀ ਵਸਣਾ ਹੈ ।
ਦੂਰ ਗਗਨ 'ਤੇ ਤਾਰਾ ਹੈ
ਜਗ ਤਕਦਾ ਹੈ 'ਤੇ ਵਸਦਾ ਹੈ
ਉਹ ਕਿਹੜੀ ਅਗ ਵਿਚ ਸੜਦਾ ਹੈ
ਕਿਉਂ ਟੁੱਟ ਮੋਇਆ ,ਨਹੀਂ ਦਸਦਾ ਹੈ ।
ਨਦੀਆਂ ਵਿੱਚ ਪਾਣੀ ਵਹਿੰਦੇ ਨੇ
ਕੰਡਿਆਂ ਨਾਲ ਪਏ ਖਹਿੰਦੇ ਨੇ
ਵਹਿੰਦਾ ਪਾਣੀ ਜਿੰਦਗੀ ਏ
ਬਸ ਕੰਡੇ ਖੁਰਨਾ ਸਹਿੰਦੇ ਨੇ ।
ਕੁਝ ਰਸਤੇ ਟੁੱਟੀਆਂ ਤੰਦਾਂ ਨੇ
ਜਗ ਜਿਉਣ ਲਈ ਸਰਹੱਦਾਂ ਨੇ
ਜੇ ਖੜ ਜਾਵਾਂ ਤਾਂ ਸੜ ਜਾਵਾਂ
ਕਿੰਝ ਤੁਰਨਾ ਹੈ , ਕੁਝ ਹੱਦਾਂ ਨੇ ।
ਸਭ ਦੇ ਹਥ ਵਿੱਚ ਕਲਮਾਂ ਨੇ
ਲੀਕਾਂ ਨਾਲ ਜਿੰਦਗੀ ਭਰ ਗਈ ਏ
ਰਜ ਕੂੜਾ ਉਸ 'ਤੇ ਪਾ ਦਿੱਤਾ
ਬਣ ਰੂੜੀ ਪੂਰੀ ਸੜ ਗਈ ਏ ।
ਸਭ ਦੋਸ਼ੀ ਨੇ ਇਸ ਜਿੰਦਗੀ ਦੇ
ਸਭ ਲਈ ਕੁਝ ਸਜਾਵਾਂ ਨੇ
ਸਭ ਤਿਲਕ ਤਿਲਕ ਡਿਗਣ ਗੇ
ਇਹ ਚਿਕੜ ਭਰੀਆਂ ਰਾਹਾਂ ਨੇ ।
ਕਿਉਂ ਰੰਗਦੇ ਪਏ ਹੋ ਧੁੱਪਾਂ ਨੂੰ
ਕੋਈ ਧੱਬਾ ਉਸ ਤੇ ਪੈਣਾ ਨਹੀਂ
ਜਿੰਦਗੀ ਕੋਲ ਇਕ ਪੂਰਬ ਹੈ
ਸੂਰਜ ਨੇ ਚੜਣੋ ਰਹਿਣਾ ਨਹੀਂ ।