ਗੁਰੂ ਗ੍ਰੰਥ ਸਾਹਿਬ ਜੀ ਦੇ ਭੱਟ
(ਲੇਖ )
ਭੱਟਾਂ ਨੂੰ ਅਸੀਂ ਦੂਜੇ ਸ਼ਬਦਾਂ ਵਿਚ ਜੇ ਗੱਵਈਏ ਕਹੀਏ , ਤਾਂ ਵੀ ਠੀਕ ਹੀ ਲਗਦਾ ਹੈ , ਕਿਉਂਕਿ ਗੱਵਈਆਂ ਦੇ ਵੀ ਵੱਖ-ਵੱਖ ਗੁਣ ਹਨ । ਕੁਝ ਗੱਵਈਏ ਹੋਰਾਂ ਦੀਆਂ ਲਿਖਤਾਂ ਨੂੰ ਗਾਉਂਦੇ ਹਨ ਅਤੇ ਕੁਝ ਲਿਖ ਕੇ ਫੇਰ ਉਨ੍ਹਾਂ ਨੂੰ ਗਾਉਂਦੇ ਹਨ । ਇਹ ਸਭ ਉਨ੍ਹਾਂ ਦੀ ਬੁੱਧੀ ' ਤੇ ਨਿਰਭਰ ਹੈ । ਬੁੱਧੀ ਦੇ ਨਾਲ ਲਗਨ ਤੇ ਲਗਨ ਦੇ ਨਾਲ ਪਿਆਰ - ਜਾਂ ਫਿਰ ਜਦੋਂ ਕੋਈ ਵੀ ਇਨਸਾਨ ਕੋਈ ਅਜੇਹੀ ਚੀਜ ਜਾਂ ਸ਼ਖਸੀਅਤ ਨੂੰ ਵੇਖ ਕੇ ਮੁਗਧ ਹੋ ਜਾਵੇ ਜਾਂ ਚਕਾਚੌਂਧ ਹੋ ਜਾਵੇ ਤੇ ਫਿਰ ਸੁਰਤ ਆਉਣ 'ਤੇ ਉਸ ਨੂੰ ਆਪਣੇ ਲਫਜ਼ਾਂ ਵਿਚ ਬਿਆਨ ਕਰੇ । ਇਹ ਕੰਮ ਕੋਈ ਵੀ ਜਾਤੀ ਦਾ ਵਿਅਕਤੀ ਕਰ ਤਾਂ ਸਕਦਾ ਹੈ ਪਰ ਭੱਟਾਂ ਦੇ ਵਿਚ ਗਾਉਣ ਦੀ ਹੋਰਨਾਂ ਨਾਲੋਂ ਜ਼ਿਆਦਾ ਵਿਸ਼ੇਸ਼ਤਾ ਪਾਈ ਜਾਂਦੀ ਹੈ ; ਜਾਂ ਫਿਰ ਉਨ੍ਹਾਂ ਦਾ ਇਹ ਕਿੱਤਾ ਵੀ ਕਹਿ ਸਕਦੇ ਹਾਂ । ਉਨ੍ਹਾਂ ਵਿਚ ਜੋ ਬੱਧੀਮਾਨ ਭੱਟ ਹੁੰਦੇ ਹਨ - ਉਹੋ ਆਪ ਹੀ ਕਬਿੱਤ ਲਿਖਦੇ ਹਨ ।
ਜਿਨ੍ਹਾਂ ਭੱਟਾਂ ਦੀ ਅਸੀਂ ਗਲ ਕਰਨ ਲਗੇ ਹਾਂ , ਉਨ੍ਹਾਂ ਭੱਟਾਂ ਬਾਬਤ ਗਿਆਨੀ ਗੁਰਦਿੱਤ ਸਿੰਘ ਜੀ ਨੇ ਮਾਸਿਕ-ਪੱਤਰ ਆਲੋਚਨਾ ਦੇ ਅਗਸਤ ੧੯੬੧ ਦੇ ਪਰਚੇ ਵਿਚ ਇਸ ਤਰ੍ਹਾਂ ਲਿਖਿਆ ਹੈ :-
" ਪੰਜਾਬ ਦੇ ਭੱਟ , ਜਾਤਿ ਦੇ ਸਾਰਸੁਤ ਬ੍ਰਾਹਮਣ ਸਨ । ਇਹ ਆਪਣੀ ਉਤਪਤੀ ਕੌਸ਼ਪ ਰਿਸ਼ੀ ਤੋਂ ਦੱਸਦੇ ਹਨ । ਉੱਚੀਆਂ ਜਾਤੀਆਂ ਦੇ ਬ੍ਰਾਹਮਣ ਭੱਟਾਂ ਨੂੰ ਆਪਣੇ ਨਾਲੋਂ ਨੀਵੀਂ ਜਾਤ ਦੇ ਬ੍ਰਾਹਮਣ ਸਮਝਦੇ ਹਨ । ਇਹ ਲੋਕ ਸਰਸਵਤੀ ਨਦੀ ਦੇ ਕੰਢੇ ਉੱਤੇ ਵਸੇ ਹੋਏ ਸਨ । ਇਹ ਨਦੀ ਪਹਿਲਾਂ ਪਹੋਏ ( ਜ਼ਿਲ੍ਹਾ ਕਰਨਾਲ ) ਕੋਲੋਂ ਦੀ ਵਗਦੀ ਸੀ । ਜਿਹੜੇ ਭੱਟ ਨਦੀ ਦੇ ਉਰਲੇ ਪਾਸੇ ਵਸਦੇ ਸਨ ਉਹ _ ਸਾਰਸੁਤ ਤੇ ਜਿਹੜੇ ਪਰਲੇ ਪਾਸੇ ਵਸਦੇ , ਉਹ ਗੌੜ ਅਖਵਾਉਣ ਲਗ ਪਏ ।''
ਭਾਈ ਗੁਰਦਿੱਤ ਜੀ ਨੂੰ ਭੱਟਾਂ ਦੀ ਬੰਸਾਵਲੀ ਵੀ ਭਾਈ ਸੰਤ ਸਿੰਘ ਭੱਟ ਜੀ ਕੋਲੋਂ ਮਿਲੀ । ਸੰਤ ਸਿੰਘ ਭੱਟ ਜੀ ਅਨੁਸਾਰ ਭੱਟ ਪਿੰਡ ਕਰ , ਸਿੰਧੂ ਤਹਸੀਲ ਦੇ ਰਹਿਣ ਵਾਲੇ ਸਨ ।ਸੁਲਤਾਨਪੁਰ , ਭਾਦਸੋਂ ਪਰਗਣਾ , ਲਾਡਵਾ (ਜ਼ਿਲ੍ਹਾ ਕਰਨਾਲ ) ਅਤੇ ਤਲੰਢਾ ਪਰਗਣਾ , ਜ਼ੀਂਦ ਵਿਚ ਸਰਸਵਤੀ ਨਦੀ ਦੇ ਕੰਢੇ ਦੇ ਪਿਂਡਾਂ ਵਿਚ ਕਿੰਨੇ ਹੀ ਭੱਟ ਰਹਿੰਦੇ ਹਨ । ਇਨ੍ਹਾਂ ਸਭਨਾਂ ਕੋਲ ਆਪਣੀਆਂ - ਆਪਣੀਆਂ ਵਹੀਆਂ ਹਨ , ਜਿਨ੍ਹਾਂ ਉੱਤੇ ਆਪਣੇ ਜਜਮਾਨਾਂ ਦੀ ਬੰਸਾਵਲੀ ਲਿਖਦੇ ਆ ਰਹੇ ਸਨ । ਇਹ ਸਿਰਫ ਭੱਟਾਂ ਦੀ ਹੀ ਗੱਲ ਨਹੀਂ , ਇਹ ਤਾਂ ਛੇ- ਸਤ ਦਹਾਕੇ ਪਹਿਲਾਂ ਹਰ ਘਰ ਦੇ ਨਾਈ , ਬ੍ਰਾਹਮਣ ਜੋ ਦੁੱਖ- ਸੁੱਖ ਵਿਚ ਆ ਕੇ ਘਰ ਦਾ ਲੰਗਰ ਪਾਣੀ ਸਾਂਭਦੇ ਸਨ , ਉਨ੍ਹਾਂ ਨੂੰ ਵੀ ਆਪਣੇ ਜਜਮਾਨਾਂ ਬਾਬਤ ਸਾਰਾ ਪਤਾ ਹੁੰਦਾ ਸੀ ਤੇ ਇਸੀ ਤਰ੍ਹਾਂ ਭੱਟਾਂ ਦੀ ਗੱਲ ਹੈ । ਹਰ ਜਾਤੀ ਵਿਚ ਗਰੀਬ ਅਮੀਰ ਤੇ ਤੀਖਣ , ਮੰਦ ਬੁੱਧੀ ਵਾਲੇ ਤੇ ਅਨਪੜ੍ਹ ਵੀ ਹੁੰਦੇ ਹੀ ਹਨ । ਸੋ ਜੋ ਇਹ ਭੱਟ ਸਨ , ਇਹ ਧਾਰਮਿਕ ਇਨਸਾਨ ਸਨ । ਬੁੱਧੀ ਦੇ ਤੀਖਣ ਸਨ ।ਜਗ੍ਹਾ-ਜਗ੍ਹਾ ਤੇ ਆਤਮਿਕ ਰਸ ਦੀ ਪ੍ਰਾਪਤੀ ਲਈ ਭ੍ਰਮਣ ਕਰਦੇ ਸਨ । ਕਿਤੇ ਵੀ ਇਨ੍ਹਾਂ ਨੂੰ ਤ੍ਰਿਪਤੀ ਨਹੀਂ ਹੋਈ ਸੀ , ਪਰ ਜਦੋਂ ਇਹ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿਚ ਗੋਇੰਦਵਾਲ ਵਿਖੇ ਆਏ – ਤਾਂ ਇਨ੍ਹਾਂ ਦੀਆਂ ਅੱਖਾਂ ਦਰਬਾਰ ਦੀ ਸ਼ਾਨ – ਸ਼ੌਕਤ ਵੇਖ ਕੇ ਮੁਗਧ ਹੋ ਗਈਆਂ ਅਤੇ ਆਤਮਿਕ ਆਨੰਦ ਗੁਰੂ ਜੀ ਦੇ ਦਰਸ਼ਨ ਕਰਨ ਤੋਂ ਇੰਨਾ ਆਇਆ ਕਿ ਕਿਸੀ ਵਿਸਮਾਦ ਦੀ ਅਵਸਥਾ ਵਿਚ ਪਹੁੰਚ ਗਏ ਅਤੇ ਬਾਦ ਵਿਚ ਸਵੱਈਆਂ ਦੀ ਰਚਨਾ ਹੋਈ । ਇਕ ਸਵੱਈਏ ਵਿਚ ਭੱਟ ਹਰਿਬੰਸ ਇਸ ਤਰ੍ਹਾਂ ਲਿਖਦੇ ਹਨ ----
ਗੁਰ ਅਰਜੁਨ ਸਿਰਿ ਛਤ੍ਰ ਅਪਿ ਪਰਮੇਸਰਿ ਦੀਅਉ ॥
ਮਿਲਿ ਨਾਨਕ ਅਗੰਦ ਅਮਰ ਗੁਰ ਗੁਰ ਰਾਮਦਾਸੁ ਹਰਿ ਪਹਿ ਗਯਉ ॥
ਹਰਿਬੰਸ ਜਗਤ ਜਸੁ ਸੰਚਰਉ ਸੁ ਕਵਣੁ ਕਹੈ ਸ੍ਰੀ ਗੁਰ ਮੁਯਉ ॥
ਦੇਵਪੁਰੀ ਮਹਿ ਗਯਉ ਆਪਿ ਪਰਮੇਸਰ ਭਾਯਉ ॥
………………………………………….
ਕਾਟੇ ਸੁ ਪਾਪ ਤਿਨ ਨਰਹੁ ਕੇ ਗੁਰ ਰਾਮਦਾਸ ਜਿਨ ਪਾਇਯਉ ॥
ਛਤ੍ਰ ਸਿੰਘਾਸਨ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ ॥੨ ॥
ਸੋ ਇਹ ਭੱਟ ਗੁਰੂ ਰਾਮਦਾਸ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ - ਜਦੋਂ ਗੁਰੂ ਅਰਜੁਨ ਦੇਵ ਜੀ ਗੁਰੂ ਗੱਦੀ ਤੇ ਬਾਰਾਜਮਾਨ ਹੋਏ – ਉਸ ਸਮੇਂ ਲੋਕਾਂ ਤੋਂ ਗੁਰੂ ਮਹਿਮਾ ਸੁਣ ਕੇ ਉਨ੍ਹਾਂ ਦੇ ਦਰਬਾਰ ਵਿਚ ਹਾਜ਼ਰ
ਹੋਏ ਸਨ ।
ਹੁਣ ਅਸੀਂ ਭੱਟਾਂ ਦੀ ਬੰਸਾਵਲੀ ਦੀ ਗੱਲ ਕਰਦੇ ਹਾਂ । ਭੱਟਾਂ ਦੀ ਬੰਸਾਵਲੀ ਭੱਟ ਭਗੀਰਥ ਤੋਂ ਸ਼ੁਰੂ ਹੁੰਦੀ ਹੈ । ਭਗੀਰਥ ਤੋਂ ਨੌੰਵੀਂ ਪੀੜ੍ਹੀ ਵਿਚ ਰਈਆ ਭੱਟ ਹੋਇਆ ਹੈ , ਜਿਸ ਦੇ ਛੇ ਪੁੱਤਰ ਸਨ । ਭਿਖਾ , ਸੇਖਾ , ਤੋਖਾ ,ਗੋਖਾ , ਚੋਖਾ ਅਤੇ ਟੋਡਾ । ਗੁਰੂ ਗ੍ਰੰਥ ਸਾਹਿਬ ਵਿਚ ਜਿਨ੍ਹਾਂ ਭੱਟਾਂ ਦੀ ਬਾਣੀ ਦਰਜ ਹੈ , ਉਹ ਭੱਟ ਭਿਖੇ ਦੇ ਅਤੇ ਉਸ ਦੇ ਭਰਾਵਾਂ ਦੇ ਪੁੱਤਰ ਸਨ । ਉਨ੍ਹਾਂ ਦੀ ਗਿਣਤੀ – ੨੧ -੨੨ ਹੈ ।ਪਰ ਗੁਰੂ ਗ੍ਰੰਥ ਸਾਹਿਬ ਜੀ ਵਿਚ ਜਿਨ੍ਹਾਂ ਭੱਟਾਂ ਦੀ ਬਾਣੀ ਦਰਜ ਹੈ ਉਨ੍ਹਾਂ ਦੀ ਗਿਣਤੀ ੧੧ ਹੈ । ਭੱਟ ਕਲ੍ਹਸਹਾਰ , ਭੱਟ ਗਯੰਦ ਜੀ , ਭੱਟ ਭੀਖਾ ਜੀ , ਭੱਟ ਕੀਰਤ ਜੀ ,ਭੱਟ ਮਥਰਾ ਜੀ , ਭੱਟ ਜਾਲਪ ਜੀ , ਭੱਟ ਸਲ੍ਹ ਜੀ , ਭੱਟ ਭਲ੍ਹ ਜੀ , ਭੱਟ ਬਲ੍ਹ ਜੀ , ਭੱਟ ਹਰਿਬੰਸ ਜੀ ,ਤੇ ਭੱਟ ਨਲ੍ਹ ਜੀ ।
ਇਨ੍ਹਾਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੁ ਅਰਜਨ ਦੇਵ ਜੀ ਤੱਕ ਭਾਵ ਪਹਿਲੇ ਪੰਜਾਂ ਗੁਰੂਆਂ ਦੀ ਉਸਤਤਿ ਕੀਤੀ ਅਤੈ ਇਹ ਵੀ ਦੱਸਿਆ ਕਿ ਜੋ ਆਤਮਾ ਨੂੰ ਸ਼ਾਤੀ ਗੁਰੁ ਅਰਜੁਨ ਦੇਵ ਜੀ ਨੇ ਬਖਸ਼ੀ , ਉਹ ਪਿਛਲੇ ਕੀਤੇ ਹੋਏ ਤੀਰਥ ਅਸਥਾਨਾਂ ਤੋਂ ਬਿਲਕੁਲ ਭਿੰਨ ਸੀ । ਯਥਾ :-
ਰਹਿਓ ਸੰਤ ਹਉ ਟੋਲ ਸਾਧ ਬਹੁਤੇਰੇ ਡਿਠੇ ॥
………………………………………
ਗੁਰਿਦਯਿ ਮਿਲਾਇਓ ਭਿਖ੍ਹਾ ਜਿਵ ਤੂ ਰਖਹਿ ਤਿਵ ਰਹਉ ॥
ਭੱਟਾਂ ਦੇ ਸਵੱਈਏ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰੁ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਪੜ੍ਹੇ ਜਾਂਦੇ ਹਨ ।
……………………………………………………………………………
ਇਨ੍ਹਾਂ ਭੱਟਾਂ ਦੀ ਬਾਣੀ ਗੁਰੁ ਗ੍ਰੰਥ ਸਾਹਿਬ ਜੀ ਵਿਚ ਇਸ ਤਰ੍ਹਾਂ ਅੰਕਿਤ ਹੈ :-
(੧) ਭੱਟ ਕਲ੍ਹਸਹਾਰ ( ਭੱਟ ਕਲ੍ਹ )
ਆਦਿ ਗ੍ਰੰਥ ਪੰਨਾ--------- ਸਵੱਈਏ------ਅਰਪਿਤ ਗੁਰੂ ਜੀ ਦਾ ਨਾਂ
੧੩੮੯-੯੦-----------੧੦-------ਗੁਰੂ ਨਾਨਕ ਦੇਵ ਜੀ ਲਈ
੧੩੯੧-੯੨----------੧੦------ -ਗੁਰੂ ਅੰਗਦ ਦੇਵ ਜੀ ਲਈ
੧੩੯੩-੯੪----------੯------- ਗੁਰੂ ਅਮਰਦਾਸ ਜੀ ਲਈ
੧੩੯੬-੯੮ ---------੧੩-------ਗੁਰੂ ਰਾਮਦਾਸ ਜੀ ਲਈ
੧੪੦੭-੧੪੦੮----------੯+੩=੧੨ – ਸੋਰਠੇ--------ਗੁਰੂ ਅਰਜਨ ਦੇਵ ਜੀ ਲਈ
ਕੁਲ ਜੋੜ…………….੫੪
…………………………………..
(੨) ਭੱਟ ਜਾਲਪ
੧੩੯੪-੯੫--------੫------- ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ
(੩) ਭੱਟ ਕੀਰਤ
੧੪੦੫-੬--------੪------- ਗੁਰੂ ਰਾਮਦਾਸ ਜੀ ਲਈ
੧੩੯੫………….੪…… ਗੁਰੂ ਅਮਰਦਾਸ ਜੀ ਲਈ
(੪) ਭੱਟ ਨਲ੍ਹ
੧੩੯੮-੧੪੦੧…….੧੬..……….ਗੁਰੂ ਰਾਮਦਾਸ ਜੀ ਲਈ
(੫) ਭੱਟ ਗਯੰਦ
੧੪੦੧-੧੪੦੪………੧੩………..ਗੁਰੂ ਰਾਮਦਾਸ ਜੀ ਲਈ
(੬) ਭੱਟ ਮਥੁਰਾ
੧੪੦੪-੧੪੦੫………੭……….ਗੁਰੂ ਅਰਜੁਨ ਦੇਵ ਜੀ ਲਈ
੧੪੦੪-੧੪੦੫……..੭………ਗੁਰੂ ਰਾਮਦਾਸ ਜੀ ਲਈ
(੭ ) ਭੱਟ ਬਲ੍ਹ
੧੪੦੫…………..੫………….. ਗੁਰੂ ਰਾਮਦਾਸ ਜੀ ਲਈ
(੮)ਭੱਟ ਸਲ੍ਹ ਜੀ
੧੪੦੬…………….੨…………… ਗੁਰੂ ਰਾਮਦਾਸ ਜੀ ਲਈ
੧੪੦੬…………..੧……………ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ
(੯) ਭੱਟ ਹਰਿਬੰਸ ਜੀ
੧੪੦੯……………….੨……..ਗੁਰੂ ਅਰਜੁਨ ਦੇਵ ਜੀ ਲਈ
(੧੦) ਭੱਟ ਭਿਖਾ ਜੀ
੧੩੯੫ -੯੬……………੨……ਗੁਰੂ ਅਮਰਦਾਸ ਜੀ ਲਈ
(੧੧) ਭੱਟ ਭਲ੍ਹ ਜੀ
੧੩੯੬…………………੧…
ਕੁਲ ਜੋੜ…………..੧੨੩..(੬੯+ ੫੪)
ਇਹ ਹੈ ਗੁਰੁ ਗ੍ਰੰਥ ਸਾਹਿਬ ਜੀ ਦੇ ਭੱਟਾਂ ਦੀ ਜਾਣਕਾਰੀ……………