ਅੰਦਰੋਂ-ਬਾਹਰੋਂ ਖੁਦ ਨੂੰ ਇੱਕ ਬਣਾਉਣਾ ਪਊ ।
ਇੱਕ ਦੇ ਸਾਹਵੇਂ ਸਿੱਖਾ, ਸੀਸ ਝੁਕਾਉਣਾ ਪਊ ।।
ਜੇਕਰ ਜੱਗ ਨੂੰ ਇੱਕ ਜੋਤ ਹੀ ਜਾਣ ਰਿਹੈਂ,
ਮਨ ਵਿੱਚ ਕੱਢੀਆਂ ਕੰਧਾਂ ਨੂੰ ਫਿਰ ਢਾਹੁਣਾ ਪਊ ।।
ਜੀਵਨ ਵਿੱਚੋਂ ਕਰਮ-ਕਾਂਢ ਤੇ ਵਹਿਮ ਭਰਮ,
ਹਰ ਇੱਕ ਅੰਧ-ਵਿਸ਼ਵਾਸ ਨੂੰ ਦੂਰ ਭਜਾਉਣਾ ਪਊ ।।
ਗੈਰ-ਕੁਦਰਤੀ ਕ੍ਰਿਸ਼ਮਿਆਂ ਵਾਲੀਆਂ ਝਾਕਾਂ ਛੱਡ,
ਕੁਦਰਤ ਦੇ ਨਿਯਮਾਂ ਨੂੰ ਯਾਰ ਬਣਾਉਣਾ ਪਊ ।।
ਗੁਰ-ਸ਼ਬਦਾਂ ਦੇ ਭਾਵ-ਅਰਥਾਂ ਨੂੰ ਜਾਨਣ ਲਈ,
ਸ਼ਬਦੀ-ਅਰਥਾਂ ਤੋਂ ਉੱਪਰ ਨੂੰ ਆਉਣਾ ਪਊ ।।
ਗੁਰਬਾਣੀ ਨੂੰ ਤਨ ਦੇ ਤਲ ਤੋਂ ਉੱਪਰ ਕਰ,
ਮਨ ਦੇ ਤਲ ਤੇ ਜਾ ਸਭ ਨੂੰ ਸਮਝਾਉਣਾ ਪਊ ।।
ਗੁਰ-ਸਿਖਿਆ ਨੂੰ ਗਾ-ਗਾ ਪੜ੍ਹ-ਪੜ੍ਹ ਨਹੀਂ ਸਰਨਾ,
ਉਪਦੇਸ਼ਾਂ ਨੂੰ ਜੀਵਨ ਵਿੱਚ ਅਪਣਾਉਣਾ ਪਊ ।।
ਜਿਸਨੂੰ ਤੂੰ ਸੰਸਾਰ ਤੋਂ ਵੱਖਰਾ ਸਮਝ ਰਿਹੈਂ,
ਜ਼ਰੇ-ਜ਼ਰੇ ‘ਚੋਂ ਦਰਸ਼ਣ ਉਸਦਾ ਪਾਉਣਾ ਪਊ ।।
ਸਭ ਸਮਝੌਤੇ-ਬਾਦੀ ਗੱਲਾਂ ਨੂੰ ਛੱਡਕੇ ,
ਆਪਣੀ ਰਹਿਤ ‘ਚੋਂ ‘ਇੱਕ’ ਨੂੰ ਹੀ ਪ੍ਰਗਟਾਉਣਾ ਪਊ ।।