ਸਾਡੇ ਇਸ ਲੇਖ ਦੇ ਉਦੇਸ਼:
ਸਾਡੇ ਇਸ ਲੇਖ ਦਾ ਪਹਿਲਾ ਉਦੇਸ਼ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਸ਼ੁੱਭਚਿੰਤਕਾਂ ਨੂੰ ਇਹ ਦਰਸਾਉਣਾ ਹੈ ਕਿ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਦੇ ਵਿਕਾਸ ਲਈ ਨਿਯੁਕਤ ਸਰਕਾਰੀ ਅਧਿਕਾਰੀ ਅਤੇ ਸਾਡੇ ਨੁਮਾਇੰਦੇ ਕਿਸ ਤਰ੍ਹਾਂ ਸਰਕਾਰੀ ਫੰਡਾਂ ਨੂੰ ਆਪਣੇ ਸੈਰ ਸਪਾਟੇ ਅਤੇ ਨਿੱਜੀ ਐਸ਼ੋ ਇਸ਼ਰਤ ਲਈ ਵਰਤਦੇ ਹਨ। ਦੂਜਾ ਉਦੇਸ਼ ਇਹ ਸਪੱਸ਼ਟ ਕਰਨਾ ਹੈ ਕਿ ਅਜਿਹੇ ਸਵਾਰਥੀ ਪ੍ਰਬੰਧਕਾਂ ਕਾਰਨ ਹੀ ਪੰਜਾਬੀ ਸਾਹਿਤ ਅਤੇ ਭਾਸ਼ਾ ਦਾ ਵਿਕਾਸ ਨਹੀਂ ਹੋ ਰਿਹਾ।
ਸਾਹਿਤ ਅਕੈਡਮੀ ਦਿੱਲੀ ਅਤੇ ਉਸਦੇ ਸਲਾਹਕਾਰ ਬੋਰਡਾਂ ਦੀ ਸਥਾਪਨਾ:
ਸਾਹਿਤ ਅਕੈਡਮੀ ਨਵੀਂ ਦਿੱਲੀ ਦੀ ਸਥਾਪਨਾ ਭਾਰਤ ਦੀਆਂ ਵੱਖ ਵੱਖ ਭਾਸ਼ਾਵਾਂ ਦੇ ਸਾਹਿਤ ਦੇ ਵਿਕਾਸ ਅਤੇ ਉੱਤਮ ਸਾਹਿਤ ਦੇ ਵੱਖ ਵੱਖ ਭਾਸ਼ਾਵਾਂ ਵਿੱਚ ਪਸਾਰ ਲਈ ਕੀਤਾ ਗਿਆ ਹੈ। ਇਸ ਉਦੇਸ਼ ਦੀ ਪ੍ਰਾਪਤੀ ਲਈ ਹਰ ਭਾਸ਼ਾ ਦਾ ਸਲਾਹਕਾਰ ਬੋਰਡ ਨਿਯੁਕਤ ਕੀਤਾ ਜਾਂਦਾ ਹੈ। ਆਸ ਕੀਤੀ ਜਾਂਦੀ ਹੈ ਕਿ ਮੈਂਬਰ ਸਬੰਧਤ ਭਾਸ਼ਾ ਦੇ ਉੱਚ ਕੋਟੀ ਦੇ ਸਾਹਿਤਕਾਰ, ਚਿੰਤਕ, ਵਿਦਵਾਨ ਜਾਂ ਫਿਰ ਆਲੋਚਕ ਹੋਣ। ਉਹਨਾਂ ਦੀ ਆਪਣੀ ਭਾਸ਼ਾ ਦੇ ਵਿਕਾਸ ਲਈ ਪ੍ਰਤੀਬੱਧਤਾ ਜਗ ਜ਼ਾਹਿਰ ਹੋਵੇ। ਮੈਂਬਰਾਂ ਦੇ ਯੋਗਦਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਅਕੈਡਮੀ ਵੱਲੋਂ ਉਹਨਾਂ ਦੇ ਸਫ਼ਰ ਅਤੇ ਰਿਹਾਇਸ਼ ਆਦਿ ਲਈ ਉੱਚ ਕੋਟੀ ਦੇ ਪ੍ਰਬੰਧ ਕੀਤੇ ਜਾਂਦੇ ਹਨ।
ਪੰਜਾਬੀ ਭਾਸ਼ਾ ਦੇ ਸਲਾਹਕਾਰ ਬੋਰਡਾਂ ਦੇ ਮੈਂਬਰਾਂ ਦੀ ਜਾਣ ਪਹਿਚਾਣ:
ਅਕੈਡਮੀ ਵੱਲੋਂ ਪ੍ਰਾਪਤ ਕਰਵਾਈ ਗਈ ਸੂਚਨਾ ਤੋਂ ਇਹ ਅਨੁਮਾਨ ਲੱਗਦਾ ਹੈ ਕਿ 2008 ਤੋਂ 2012 ਵਾਲੇ ਸਮੇਂ ਦੋਰਾਨ ਸਲਾਹਕਾਰ ਬੋਰਡ ਵਿਚ ਕਨਵੀਨਰ ਤੋਂ ਇਲਾਵਾ ਨੌ ਮੈਂਬਰ ਸਨ। ਇਹਨਾਂ ਵਿੱਚੋਂ ਇੱਕ ਵੀ ਸਲਾਹਕਾਰ ਸਾਹਿਤ ਅਕੈਡਮੀ, ਗਿਆਨਪੀਠ, ਸਰਸਵਤੀ ਆਦਿ ਪੁਰਸਕਾਰ ਨਾਲ ਸਨਮਾਨਿਤ ਨਹੀਂ ਸੀ। ਕੁਝ ਕੁ ਦੇ ਨਾਂ ਘੱਟੋ-ਘੱਟ ਪੰਜਾਬ ਵਿੱਚ ਵਸਦੇ ਲੇਖਕਾਂ ਨੇ ਕਦੇ ਨਹੀਂ ਸੁਣੇ। ਬਹੁਤੇ ਮੈਂਬਰ ਦਿੱਲੀ, ਪੰਜਾਬ, ਹਰਿਆਣਾ ਅਤੇ ਜੰਮੂ ਕਸ਼ਮੀਰ ਨਾਲ ਸਬੰਧਤ ਸਨ। ਇੱਕ ਵੀ ਮੈਂਬਰ ਦੀ ਰਿਹਾਇਸ਼ ਉੱਤਰੀ ਭਾਰਤ ਤੋਂ ਬਾਹਰ ਨਹੀਂ ਸੀ।
ਸਲਾਹਕਾਰ ਬੋਰਡ ਦੇ ਮੈਂਬਰਾਂ ਦੇ ਨਿੱਜੀ ਸੁਆਰਥਾਂ ਦੀ ਪੂਰਤੀ ਦੀ ਝਲਕ:
ਪਿਛਲੇ ਕਈਆਂ ਸਾਲਾਂ ਤੋਂ ਇਹ ਦੇਖਿਆ ਜਾ ਰਿਹਾ ਸੀ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਣੇ ਸਲਾਹਕਾਰ ਬੋਰਡ ਦੇ ਮੈਂਬਰ, ਭਾਸ਼ਾ ਦੇ ਵਿਕਾਸ ਦੀ ਥਾਂ, ਸਰਕਾਰ ਵੱਲੋਂ ਮਿਲਦੇ ਲੱਖਾਂ ਰੁਪਏ, ਆਪਣੇ ਸੈਰ ਸਪਾਟੇ ਅਤੇ ਨਿੱਜੀ ਸਵਾਰਥਾਂ ਦੀ ਪੂਰਤੀ ਤੇ ਖਰਚ ਕਰਦੇ ਆ ਰਹੇ ਹਨ। ਸਥਿਤੀ ਨੂੰ ਸਪੱਸ਼ਟ ਕਰਨ ਲਈ 'ਨਜ਼ਰੀਆ' ਵੱਲੋਂ ਸਾਹਿਤ ਅਕੈਡਮੀ ਦਿੱਲੀ ਕੋਲੋਂ, 'ਸੂਚਨਾ ਅਧਿਕਾਰ ਕਾਨੂੰਨ 2005' ਦੀ ਵਰਤੋਂ ਕਰਕੇ, ਸਲਾਹਕਾਰ ਬੋਰਡਾਂ ਦੇ ਕੰਮਕਾਜ ਦੀ ਜਾਣਕਾਰੀ ਲੈਣ ਲਈ, ਅਕੈਡਮੀ ਦੇ ਕੇਂਦਰੀ ਸੂਚਨਾ ਅਧਿਕਾਰੀ ਨੂੰ ਇੱਕ ਅਰਜ਼ੀ ਮਿਤੀ 14.9.2014 ਨੂੰ ਦਿੱਤੀ ਗਈ। ਅਰਜ਼ੀ ਵਿੱਚ ਸਲਾਹਕਾਰ ਬੋਰਡ ਦੀਆਂ ਸਾਲ 2007 ਤੋਂ ਸਾਲ 2012 ਦੌਰਾਨ ਹੋਈਆਂ ਮੀਟਿੰਗਾਂ ਵਿਚ ਕੀਤੇ ਬਾਰੇ ਕੰਮਕਾਜ ਹੇਠ ਲਿਖੀ ਸੂਚਨਾ ਮੰਗੀ ਗਈ।
1. ਸਥਾਨਾਂ ਦਾ ਵੇਰਵਾ ਜਿੱਥੇ ਬੋਰਡ ਦੀਆਂ ਇਹਨਾਂ ਸਾਲਾਂ ਵਿੱਚ ਮੀਟਿੰਗਾਂ ਹੋਇਆਂ।
2. ਮੀਟਿੰਗਾਂ ਦੌਰਾਨ ਲਏ ਗਏ ਫ਼ੈਸਲੇ।
3. ਬੋਰਡ ਦੇ ਕਨਵੀਨਰ ਮੈਂਬਰਾਂ ਅਤੇ ਵਿਸ਼ੇਸ਼ ਨਿਮੰਤ੍ਰਿਤ ਵਿਅਕਤੀਆਂ ਨੂੰ ਦਿੱਤੇ ਗਏ ਟੀ.ਏ. ਦਾ ਵੇਰਵਾ (ਵਿਸ਼ੇਸ਼ ਨਿਮੰਤ੍ਰਿਤ ਵਿਅਕਤੀਆਂ ਬਾਰੇ ਸੂਚਨਾ ਉਪਲੱਬਧ ਨਹੀਂ ਕਰਵਾਈ ਗਈ)।
4. ਬੋਰਡ ਦੇ ਕਨਵੀਨਰ, ਮੈਂਬਰਾਂ ਅਤੇ ਵਿਸ਼ੇਸ਼ ਨਿਮੰਤ੍ਰਿਤ ਵਿਅਕਤੀਆਂ ਨੂੰ ਦਿੱਤੇ ਗਏ ਡੀ.ਏ. /ਆਨਰੇਰੀਅਮ ਦਾ ਵੇਰਵਾ (ਸੂਚਨਾ ਉਪਲੱਬਧ ਨਹੀਂ ਕਰਵਾਈ ਗਈ)।
5. ਜਿੰਨੇ ਦਿਨਾਂ ਲਈ ਮੈਂਬਰ ਆਦਿ ਉਸ ਸ਼ਹਿਰ ਵਿੱਚ ਰਹੇ ਉਹਨਾਂ ਦਿਨਾਂ ਦਾ ਵੇਰਵਾ (ਸੂਚਨਾ ਉਪਲੱਬਧ ਨਹੀਂ ਕਰਵਾਈ ਗਈ)।
6. ਹੋਟਲ ਦਾ ਨਾਂ ਜਿਹਨਾਂ ਵਿੱਚ ਮੈਂਬਰਾਂ ਨੂੰ ਠਹਿਰਾਇਆ ਗਿਆ (ਅੰਸ਼ਿਕ ਸੂਚਨਾ ਉਪਲੱਬਧ ਕਰਵਾਈ ਗਈ)।
7. ਦਿਨਾਂ ਦੀ ਗਿਣਤੀ ਜਿੰਨੇ ਦਿਨ ਮੈਂਬਰ ਹੋਟਲ ਵਿੱਚ ਰਹੇ (ਸੂਚਨਾ ਉਪਲੱਬਧ ਨਹੀਂ ਕਰਵਾਈ ਗਈ)।
8. ਹੋਟਲਾਂ ਨੂੰ ਅਦਾ ਕੀਤੀ ਗਈ ਰਕਮ ਦਾ ਵੇਰਵਾ।
9. ਅਕੈਡਮੀ ਵੱਲੋਂ ਹਰ ਮੀਟਿੰਗ ਤੇ ਹੋਏ ਕੁੱਲ ਖਰਚੇ ਦਾ ਵੇਰਵਾ।
10. ਅਕੈਡਮੀ ਦੇ ਉਹਨਾਂ ਅਧਿਕਾਰੀਆਂ ਦੇ ਨਾਂ ਜਿਹਨਾਂ ਨੇ ਬੋਰਡ ਦੀ ਦਿੱਲੀ ਤੋਂ ਬਾਹਰ ਮੀਟਿੰਗ ਕਰਨ ਦੀ ਸਿਫ਼ਾਰਿਸ਼ ਕੀਤੀ ਅਤੇ ਮੰਨਜ਼ੂਰੀ ਦਿੱਤੀ।
ਸੂਚਨਾ ਪ੍ਰਾਪਤ ਕਰਨ ਲਈ ਸੰਘਰਸ਼
ਜਿਸ ਤਰ੍ਹਾਂ ਆਮ ਹੁੰਦਾ ਹੈ, ਅਕੈਡਮੀ ਵੱਲੋਂ ਇਸ ਸੂਚਨਾ ਨੂੰ ਉਪਲੱਬਧ ਕਰਵਾਉਣ ਤੋਂ ਟਾਲ ਮਟੋਲ ਕੀਤੀ ਗਈ। ਕਾਨੂੰਨ ਦੁਬਾਰਾ ਨਿਸ਼ਚਿਤ ਸਮਾਂ ਸੀਮਾ ਦੇ ਵਿੱਚ ਜਦੋਂ ਸੂਚਨਾ ਉਪਲੱਬਧ ਨਾ ਕਰਾਈ ਗਈ ਤਾਂ ਚੀਫ਼ ਕਮਿਸ਼ਨਰ, ਸੈਂਟਰਲ ਇਨਫ਼ੋਰਮੇਸ਼ਨ ਕਮਿਸ਼ਨ ਕੋਲ ਅਪੀਲ ਦਾਇਰ ਕੀਤੀ ਗਈ। ਅਪੀਲ ਦਾਇਰ ਹੋਣ ਬਾਅਦ, ਮਜ਼ਬੂਰੀ ਵਸ, ਅਕੈਡਮੀ ਵੱਲੋਂ ਕੁਝ ਸੂਚਨਾ ਉਪਲੱਬਧ ਕਰਵਾ ਦਿੱਤੀ ਗਈ ਅਤੇ ਕੁਝ ਛੁਪਾ ਲਈ ਗਈ। ਉਪਲੱਬਧ ਕਰਵਾਈ ਗਈ ਸੂਚਨਾ (ਸਮੇਤ ਟਿੱਪਣੀ) ਆਪ ਜੀ ਨਾਲ ਸਾਂਝੀ ਕੀਤੀ ਜਾ ਰਹੀ ਹੈ।
ਮੀਟਿੰਗਾਂ (ਸੈਰ ਸਪਾਟਾ) ਲਈ ਚੁਣੇ ਗਏ ਸਥਾਨਾਂ ਦਾ ਵੇਰਵਾ
ਹੇਠ ਲਿਖੇ ਚਾਰਟ ਤੋਂ ਸਪੱਸ਼ਟ ਹੋਵੇਗਾ ਕਿ ਸਲਾਹਕਾਰ ਬੋਰਡ ਵੱਲੋਂ ਮੀਟਿੰਗਾਂ ਛੁੱਟੀਆਂ ਵਾਲੇ ਮਹੀਨਿਆਂ ਵਿੱਚ (ਮਈ ਤੋਂ ਅਕਤੂਬਰ) ਕੀਤੀਆਂ ਗਈਆਂ। ਮੀਟਿੰਗਾਂ ਲਈ ਦੇਸ਼ ਦੇ ਕੋਨੇ ਕੋਨੇ ਵਿੱਚ ਸਥਿਤ ਮਸ਼ਹੂਰ ਸੈਰਗਾਹਾਂ ਵਾਲੇ ਸਥਾਨਾਂ ਦੀ ਚੋਣ ਕੀਤੀ ਗਈ। ਮੀਟਿੰਗ ਦੇ ਏਜੰਡੇ ਤੋਂ ਸਪੱਸ਼ਟ ਹੁੰਦਾ ਹੈ ਕਿ ਮੀਟਿੰਗ ਕੁਝ ਘੰਟਿਆਂ ਤੋਂ ਵੱਧ ਨਹੀਂ ਚੱਲੀ ਹੋਵੇਗੀ। ਕੁਝ ਘੰਟਿਆਂ ਲਈ ਮੀਟਿੰਗ ਕਰਨ ਲਈ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਕੀਤਾ ਗਿਆ।
ਡਾ.ਦੀਪਕ ਮਨਮੋਹਨ ਸਿੰਘ ਦੀ ਕਨਵੀਨਰਸ਼ਿਪ ਵਿੱਚ ਹੋਈਆਂ ਮੀਟਿੰਗਾਂ ਦਾ ਵੇਰਵਾ
ਟਿੱਪਣੀਆਂ:
*1: ਡਾ.ਐਸ.ਐਸ. ਨੂਰ ਸਾਹਿਬ ਇਸ ਮੀਟਿੰਗ ਤੋਂ ਪਹਿਲਾਂ ਸਾਡੇ ਕੋਲੋਂ ਵਿੱਛੜ ਚੁੱਕੇ ਸਨ। ਡਾ.ਐਸ.ਐਸ. ਨੂਰ ਅਕੈਡਮੀ ਦੇ ਕੰਮ-ਕਾਜ ਉੱਪਰ ਭਾਰੂ ਰਹਿੰਦੇ ਸਨ। ਸਲਾਹਕਾਰ ਬੋਰਡ ਉਹਨਾਂ ਦੀ ਮਰਜ਼ੀ ਨਾਲ ਕੰਮ ਕਰੇ ਸ਼ਾਇਦ ਇਸੇ ਲਈ ਉਹ ਮੀਟਿੰਗਾਂ ਵਿੱਚ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਹਾਜ਼ਰ ਹੁੰਦੇ ਰਹੇ।
*2: ਜਦੋਂ ਅਕੈਡਮੀ ਦੇ ਸਲਾਹਕਾਰ ਮੌਜ ਮਸਤੀ ਦੇ ਮੂਡ ਵਿੱਚ ਹੋਣ ਤਾਂ ਅਕੈਡਮੀ ਦੇ ਅਧਿਕਾਰੀ ਵੀ ਮੌਜ ਮਸਤੀ ਵਿੱਚ ਸ਼ਾਮਲ ਕਿਉਂ ਨਾ ਹੋਣ?
*3: ਸੂਚਨਾ ਵਿੱਚ ਉਪਲੱਬਧ ਕਰਾਏ ਤੱਥ ਆਪਾ ਵਿਰੋਧੀ ਹਨ। ਕਿਤੇ ਖਰਚਾ ਵੱਧ ਦਿਖਾਇਆ ਹੈ ਅਤੇ ਕਿਤੇ ਘੱਟ। ਕਾਰਨ ਦਾ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ।
ਮੀਟਿੰਗ ਦਾ ਸਧਾਰਨ ਏਜੰਡਾ
ਅਕੈਡਮੀ ਵੱਲੋਂ ਉਪਲੱਬਧ ਕਰਵਾਈ ਗਈ ਸੂਚਨਾ ਅਨੁਸਾਰ ਮੀਟਿੰਗ ਦਾ ਆਮ ਏਜੰਡਾ (1) ਸਵਾਗਤ, (2) ਪਿਛਲੀ ਮੀਟਿੰਗ ਦੀ ਕਾਰਵਾਈ ਦੀ ਤਸਦੀਕ, (3) ਹੋਏ ਕੰਮ ਦੀ ਜਾਂਚ, (4) ਜਾਰੀ ਰਹਿਣ ਵਾਲੀਆਂ ਅਸਾਈਨਮੈਂਟਸ ਬਾਰੇ ਵਿਚਾਰ, (5) ਵਿਚਾਰ ਅਧੀਨ ਅਸਾਈਨਮੈਂਟਸ, (6) ਸਾਹਿਤ ਅਕੈਡਮੀ ਵੱਲੋਂ ਪੰਜਾਬੀ ਅਨੁਵਾਦ ਲਈ ਦਿੱਤੇ ਜਾਣ ਵਾਲੇ ਇਨਾਮ ਦੇਣ ਲਈ ਨਿਯੁਕਤ ਕੀਤੇ ਜਾਣ ਵਾਲੇ ਮਾਹਿਰਾਂ ਦੀ ਨਿਯੁਕਤੀ ਆਦਿ, (7) ਅੱਗੇ ਕੀਤੇ ਜਾਣ ਵਾਲੇ ਸੈਮੀਨਾਰ, (8) ਅਨੁਵਾਦ ਵਰਕਸ਼ਾਪ, (9) ਨਵੀਆਂ ਅਸਾਈਨਮੈਂਟਸ, (10) ਕੋਈ ਹੋਰ ਕੰਮ ਆਦਿ ਹੁੰਦਾ ਹੈ।
ਸਾਲ 2008 ਤੋਂ 2012 ਤੱਕ ਸਲਾਹਕਾਰ ਬੋਰਡ ਦੀਆਂ ਮੀਟਿੰਗਾਂ ਵਿੱਚ ਹੋਏ ਕੁਝ ਵਿਸ਼ੇਸ਼ ਫ਼ੈਸਲਿਆਂ ਦਾ ਵੇਰਵਾ:
ਮੀਟਿੰਗਾਂ ਵਿੱਚ ਬੋਰਡ ਵੱਲੋਂ ਪਿਛਲੇ ਕੰਮਕਾਜ ਅਤੇ ਚੱਲ ਰਹੇ ਕੰਮ ਦੀ ਪੜਤਾਲ ਕੀਤੀ ਗਈ। ਜੋ ਨਵੇਂ ਫ਼ੈਸਲੇ ਕੀਤੇ ਗਏ ਉਹ ਹੇਠ ਲਿਖੇ ਅਨੁਸਾਰ ਹਨ।
1. ਸਾਲ 2008 ਦੀ ਮੀਟਿੰਗ:
a) ਸਾਹਿਤ ਅਕੈਡਮੀ ਅਨੁਵਾਦ ਪੁਰਸਕਾਰ ਲਈ ਮਾਹਿਰਾਂ ਅਤੇ ਜਿਊਰੀ ਮੈਂਬਰਾਂ ਦੀ ਸੂਚੀ ਬਣਾਉਣ ਦੀ ਸਿਫ਼ਾਰਿਸ਼।
ਅ) ਵਾਰਿਸ ਸ਼ਾਹ, ਸੰਤ ਸਿੰਘ ਸੇਖੋਂ ਅਤੇ ਦਵਿੰਦਰ ਸਤਿਆਰਥੀ ਬਾਰੇ ਸੈਮੀਨਾਰ।
e) ਪੰਜਾਬੀ ਤੋਂ ਅੰਗਰੇਜ਼ੀ ਵਿੱਚ ਆਧੁਨਿਕ ਪੰਜਾਬੀ ਕਹਾਣੀ ਦੇ ਅਨੁਵਾਦ ਲਈ ਸ਼ਿਮਲਾ ਵਿੱਚ ਕੀਤੀ ਜਾਣ ਵਾਲੀ ਅਨੁਵਾਦ ਵਰਕਸ਼ਾਪ।
ਸ) ਪ੍ਰੋ. ਤਰਲੋਚਨ ਸਿੰਘ ਬੇਦੀ ਵੱਲੋਂ ਇੱਕ ਤਾਮਿਲ ਪੁਸਤਕ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਬੇਨਤੀ ਨੂੰ ਰੱਦ ਕਰਨਾ।
ਹ) ਸੱਤ ਨਵੇਂ ਅਸਾਈਨਮੈਂਟ ਜਿਹਨਾਂ ਵਿੱਚ ਕੁਝ ਪੁਸਤਕਾਂ ਅਤੇ ਪੰਜਾਬੀ ਲੇਖਕਾਂ ਬਾਰੇ ਕਿਤਾਬਚੇ ਤਿਆਰ ਕਰਨਾ ਸੀ।
2. ਸਾਲ 2009 ਦੀ ਮੀਟਿੰਗ:
a) ਸਾਹਿਤ ਅਕੈਡਮੀ ਅਨੁਵਾਦ ਪੁਰਸਕਾਰ ਲਈ ਮਾਹਿਰਾਂ ਅਤੇ ਜਿਊਰੀ ਮੈਂਬਰਾਂ ਦੀ ਸੂਚੀ ਬਣਾਉਣ ਦੀ ਸਿਫ਼ਾਰਿਸ਼।
ਅ) ਵਰਲਡ ਪੰਜਾਬੀ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਫਰਵਰੀ ੨੦੧੦ ਵਿੱਚ ਦੋ ਦਿਨਾ 'ਪਰੋਬਲਮੈਟਿਕਸ ਆਫ ਟਰਾਂਸਨੈਸ਼ਨਲ ਪੰਜਾਬੀ ਕਲਚਰ ਐਂਡ ਲਿਟਰੇਚਰ' ਬਾਰੇ ਸੈਮੀਨਾਰ।
e) ਤਾਮਿਲ ਕਵਿਤਾ ਨੂੰ ਪੰਜਾਬੀ ਵਿੱਚ ਅਨੁਵਾਦ ਸਬੰਧੀ ਅੰਮ੍ਰਿਤਸਰ ਵਿਖੇ ਅਨੁਵਾਦ ਵਰਕਸ਼ਾਪ ਕਰਨ ਦਾ ਸੁਝਾ।
ਸ) ਕੌਂਕਣੀ ਕਵਿਤਾ ਨੂੰ ਪੰਜਾਬੀ ਵਿੱਚ ਅਨੁਵਾਦ ਸਬੰਧੀ ਗੋਆ ਵਿਖੇ ਅਨੁਵਾਦ ਵਰਕਸ਼ਾਪ ਕਰਨ ਦਾ ਸੁਝਾ ।
ਹ) ਪੰਦਰਾਂ ਨਵੇਂ ਅਸਾਈਨਮੈਂਟ ਜਿਹਨਾਂ ਵਿੱਚ ਅੱਠ ਦੂਜੀਆਂ ਭਾਸ਼ਾਵਾਂ ਦੀਆਂ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਅਤੇ ਚਾਰ ਪੰਜਾਬੀ ਪੁਸਤਕਾਂ ਦਾ ਹੋਰ ਭਾਸ਼ਾਵਾਂ ਵਿੱਚ ਅਨੁਵਾਦ, ਕਰਤਾਰ ਸਿੰਘ ਦੁੱਗਲ ਅਤੇ ਗੁਰਦਿਆਲ ਸਿੰਘ ਉੱਪਰ ਅੰਗਰੇਜ਼ੀ ਵਿੱਚ ਕਿਤਾਬਚੇ ਤਿਆਰ ਕਰਨਾ ਸੀ।
3. ਸਾਲ 2010 ਦੀ ਮੀਟਿੰਗ:
a) ਸਾਹਿਤ ਅਕੈਡਮੀ ਅਨੁਵਾਦ ਪੁਰਸਕਾਰ ਲਈ ਮਾਹਿਰਾਂ ਅਤੇ ਜਿਊਰੀ ਮੈਂਬਰਾਂ ਦੀ ਸੂਚੀ ਬਣਾਉਣ ਦੀ ਸਿਫ਼ਾਰਿਸ਼।
ਅ) ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਤਾਬਦੀ ਦੇ ਮੌਕੇ ਤੇ 'ਵਾਚਨਾ ਸਹਿਤ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁਲਨਾਤਮਿਕ ਅਧਿਐਨ' ਸਬੰਧੀ ਮੈਸੂਰ ਵਿਖੇ, ਵਿਦੇਸ਼ ਵਿੱਚ, ਵਰਲਡ ਪੰਜਾਬੀ ਸੈਂਟਰ ਅਤੇ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਸਬੰਧੀ, 'ਭਾਰਤੀਯ ਕਵਿਤਾ ਕਾ ਛੰਦ ਸ਼ਾਸਤਰ' ਵਿਸ਼ੇ ਤੇ ਪਟਿਆਲਾ ਵਿਖੇ ਸੈਮੀਨਾਰ।
e) ਤਾਮਿਲ ਕਵਿਤਾ ਨੂੰ ਪੰਜਾਬੀ ਵਿੱਚ ਅਨੁਵਾਦ ਸਬੰਧੀ ਅੰਮ੍ਰਿਤਸਰ ਵਿਖੇ ਅਨੁਵਾਦ ਵਰਕਸ਼ਾਪ ਦੀ ਮੰਨਜ਼ੂਰੀ ।
ਸ) ਕੌਂਕਣੀ ਕਵਿਤਾ ਨੂੰ ਪੰਜਾਬੀ ਵਿੱਚ ਅਨੁਵਾਦ ਸਬੰਧੀ ਗੋਆ ਵਿਖੇ ਅਨੁਵਾਦ ਵਰਕਸ਼ਾਪ ਦੀ ਮੰਨਜ਼ੂਰੀ।
ਹ) ਸੱਤ ਨਵੇਂ ਅਸਾਈਨਮੈਂਟ ਜਿਹਨਾਂ ਵਿੱਚ ਚਾਰ ਦੂਜੀਆਂ ਭਾਸ਼ਾਵਾਂ ਦੀਆਂ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਅਤੇ ਤਿੰਨ ਪੰਜਾਬੀ ਪੁਸਤਕਾਂ ਦਾ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕਰਨਾ ਸੀ।
ਕ) ਪਟਿਆਲਾ ਵਿਖੇ ਸੁਰਜੀਤ ਪਾਤਰ ਨਾਲ ਕਵੀ ਸੰਧਿਆ।
ਖ) ਜੰਮੂ ਵਿਖੇ ਪੰਜਾਬੀ ਲੇਖਕਾਂ ਦੀ ਮਿਲਣੀ।
4. ਸਾਲ 2011 ਦੀ ਮੀਟਿੰਗ:
a) ਸਾਹਿਤ ਅਕੈਡਮੀ ਅਨੁਵਾਦ ਪੁਰਸਕਾਰ ਲਈ ਮਾਹਿਰਾਂ ਅਤੇ ਜਿਊਰੀ ਮੈਂਬਰਾਂ ਦੀ ਸੂਚੀ ਬਣਾਉਣ ਦੀ ਸਿਫ਼ਾਰਿਸ਼।
ਅ) ਪੰਜਾਬੀ ਅਕੈਡਮੀ ਦਿੱਲੀ ਦੇ ਸਹਿਯੋਗ ਨਾਲ ਐਥਿਕਸ ਇਨ ਪੰਜਾਬੀ ਲਿਟਰੇਚਰ ਅਤੇ ਕਲਚਰ (ਸਥਾਨ ਦਾ ਵੇਰਵਾ ਦਰਜ ਨਹੀਂ), ਸ਼ਿਮਲਾ ਵਿਖੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਡਾ.ਐਸ.ਐਸ.ਨੂਰ ਦੀ ਭਾਰਤੀ ਸਾਹਿਤ ਨੂੰ ਦੇਣ ਸਬੰਧੀ ਦੋ ਦਿਨਾ, ਕਲਕੱਤਾ ਵਿਖੇ 'ਟੈਗੋਰ ਅਤੇ ਪੰਜਾਬੀ ਸਾਹਿਤ' ਬਾਰੇ ਇੱਕ ਰੋਜ਼ਾ ਸੈਮੀਨਾਰ।
e) ਫ਼ਰਵਰੀ 2012 ਦੇ ਪਹਿਲੇ ਹਫ਼ਤੇ ਡਾ.ਸਤਿੰਦਰ ਸਿੰਘ ਨੂਰ ਦੀ ਯਾਦ ਵਿੱਚ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਹਿਯੋਗ ਨਾਲ ਕਲਕੱਤਾ ਵਿਖੇ ਸਮਾਗਮ।
ਸ) ਕੁਰੂਕਸ਼ੇਤਰ ਵਿਖੇ ਪੰਜਾਬੀ ਕਵਿਤਾ ਨੂੰ ਤਾਮਿਲ ਵਿੱਚ ਅਨੁਵਾਦ ਕਰਾਉਣ ਸਬੰਧੀ ਤਿੰਨ ਰੋਜ਼ਾ ਅਨੁਵਾਦ ਵਰਕਸ਼ਾਪ।
ਹ) ਮਦੁਰਾਈ ਵਿਖੇ ਤਾਮਿਲ ਕਵਿਤਾ ਨੂੰ ਪੰਜਾਬੀ ਵਿੱਚ ਅਨੁਵਾਦ ਕਰਾਉਣ ਸਬੰਧੀ ਤਿੰਨ ਰੋਜ਼ਾ ਅਨੁਵਾਦ ਵਰਕਸ਼ਾਪ।
ਕ) ਡਾ.ਜਸਵਿੰਦਰ ਕੌਰ ਬਿੰਦਰਾ, ਤਰਸੇਮ ਅਤੇ ਡਾ.ਵਨੀਤਾ ਵੱਲੋਂ ਆਪਣੀ ਮਰਜ਼ੀ ਅਨੁਸਾਰ ਪੁਸਤਕਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰਾਉਣ ਦੀ ਬੇਨਤੀ ਨੂੰ ਪ੍ਰਵਾਨ ਕਰਨਾ।(ਆਪਣਿਆਂ ਨੂੰ ਸੀਰਨੀ)
ਖ) ਸ਼੍ਰੀ ਬਾਲ ਪ੍ਰਕਾਸ਼ ਕਪੂਰ ਵੱਲੋਂ ਰਵਿੰਦਰ ਨਾਥ ਟੈਗੋਰ ਦੀ ਕਵਿਤਾ ਗੀਤਾਂਜਲੀ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਬੇਨਤੀ ਨੂੰ ਰੱਦ ਕਰਨਾ।
ਡ) ਡਾ.ਐਸ.ਐਸ.ਨੂਰ, ਸੰਤੋਖ ਸਿੰਘ ਧੀਰ ਅਤੇ ਡਾ.ਜਗਤਾਰ ਦੀਆਂ ਜੀਵਨੀਆਂ ਨੂੰ ਲਿਖਣ ਦੀ ਜ਼ਿੰਮੇਵਾਰੀ ਕ੍ਰਮ ਅਨੁਸਾਰ ਡਾ.ਵਨੀਤਾ, ਧਨਵੰਤ ਕੌਰ ਅਤੇ ਪਾਲ ਕੌਰ ਨੂੰ ਸੌਂਪਣਾ।(ਆਪਣਿਆਂ ਨੂੰ ਸੀਰਨੀ)
5. ਸਾਲ 2012 ਦੀ ਮੀਟਿੰਗ:
a) ਸਾਹਿਤ ਅਕੈਡਮੀ ਅਨੁਵਾਦ ਪੁਰਸਕਾਰ ਲਈ ਮਾਹਿਰਾਂ ਅਤੇ ਜਿਊਰੀ ਮੈਂਬਰਾਂ ਦੀ ਸੂਚੀ ਬਣਾਉਣ ਦੀ ਸਿਫ਼ਾਰਿਸ਼
ਅ) ਬੰਬਈ ਵਿਖੇ ਅਗਸਤ 2012 ਦੇ ਪਹਿਲੇ ਹਫ਼ਤੇ 'ਮੀਡੀਆ ਅਤੇ ਪੰਜਾਬੀ ਸਾਹਿਤ ਵਿਸ਼ੇ ਤੇ ਸੈਮੀਨਾਰ' ਅਤੇ ਪੰਜਾਬੀ ਅਕੈਡਮੀ ਦਿੱਲੀ ਦੇ ਸਹਿਯੋਗ ਨਾਲ ਪੰਜਾਬ ਤੋਂ ਬਾਹਰ 'ਭਾਰਤੀ ਪੰਜਾਬੀ ਸਾਹਿਤ, ਬਾਰੇ ਦੋ ਰੋਜ਼ਾ ਸੈਮੀਨਾਰ।
e) ਸਤਾਰਾਂ ਨਵੇਂ ਅਸਾਈਨਮੈਂਟ ਜਿਹਨਾਂ ਵਿੱਚ ਅੱਠ ਦੂਜੀਆਂ ਭਾਸ਼ਾਵਾਂ ਦੀਆਂ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਅਤੇ ਦੋ ਪੰਜਾਬੀ ਪੁਸਤਕਾਂ ਦਾ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕਰਨਾ ਸੀ। ਬਲਦੇਵ ਸਿੰਘ ਦੇ ਨਾਵਲ ਢਾਹਵਾਂ ਦਿੱਲੀ ਦੇ ਕਿੰਗਰੇ ਨੂੰ ਇਕੋ ਸਮੇਂ ਤਿੰਨ ਅੰਗਰੇਜ਼ੀ, ਹਿੰਦੀ ਅਤੇ ਉਰਦੂ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦਾ ਫ਼ੈਸਲਾ।(ਆਪਣਿਆਂ ਨੂੰ ਸੀਰਨੀ )
ਸ) ਨਵੋਦਿਆ ਸਕੀਮ ਲਈ ਗੁਣਵੰਤ ਕੌਰ ਅਤੇ ਬਲਵਿੰਦਰ ਸਿੰਘ( ਕੀ ਲਿਖਦੇ ਹਨ ਇਹ?) ਦੇ ਨਾਵਾਂ ਦਾ ਪ੍ਰਸਤਾਵ।
ਹ) ਬਲਰਾਮ ਲਿੰਬਾ, ਗੁਰਬਖਸ਼ ਲੰਬੀ, ਹਰਜਿੰਦਰ ਸਿੰਘ,ਮਨੀਸ਼ ਅਤੇ ਡਾ.ਜਸਪਾਲ ਸਿੰਘ ਨੂੰ ਟਰੈਵਲ ਗ੍ਰਾਂਟ ਦੀ ਮੰਨਜ਼ੂਰੀ( ਇਹ ਡਾ ਸਾਤੀਸ਼ ਵਰਮਾ,ਰਾਵੇਲ ਸਿੰਘ ਆਦਿ ਦੇ ਸਿਫਾਰਸ਼ੀ ਤਾਂ ਹਨ ਪਰ ਹਨ ਕੌਣ?)
ਸਿੱਟੇ:
1. ਸਲਾਹਕਾਰ ਬੋਰਡ ਦੇ ਮੈਂਬਰਾਂ ਦਾ ਇੱਕੋ ਇੱਕ ਉਦੇਸ਼ ਦੇਸ਼ ਦੀਆਂ ਉੱਚ ਕੋਟੀ ਦੀਆਂ ਸੈਰਗਾਹਾਂ ਉੱਪਰ ਸੈਰ ਕਰਨਾ ਅਤੇ ਮਹਿੰਗੇ ਹੋਟਲਾਂ ਵਿੱਚ ਰਹਿਣਾ ਹੀ ਹੈ।
2. ਆਪਣੇ ਸਮੱਰਥਕਾਂ ਨੂੰ ਗੋਆ, ਮਦੁਰਾਈ, ਸ਼੍ਰੀ ਨਗਰ, ਸ਼ਿਮਲਾ, ਮੁੰਬਈ, ਕਲਕੱਤਾ ਆਦਿ ਸ਼ਹਿਰਾਂ ਦੀ ਸੈਰ ਕਰਾਉਣਾ ਹੈ।
3. ਸਾਹਿਤ ਅਕੈਡਮੀ ਦੇ ਅਧਿਕਾਰੀਆਂ ਨੂੰ ਵੀ ਵਗਦੀ ਗੰਗਾ ਵਿੱਚ ਹੱਥ ਧਵਾਉਣਾ ਹੈ।
4. ਪੰਜਾਬੀ ਸਾਹਿਤਕਾਰਾਂ ਅਤੇ ਪਾਠਕਾਂ ਦੀ ਬਹੁਤੀ ਗਿਣਤੀ ਪੰਜਾਬ ਵਿੱਚ ਵਸਦੀ ਹੈ। ਅਕੈਡਮੀ ਵੱਲੋਂ ਪੰਜਾਬ ਵਿੱਚ ਇੱਕਾ ਦੁੱਕਾ ਸਮਾਗਮ ਹੀ ਰਚੇ ਜਾਂਦੇ ਹਨ। ਬਹੁਤੇ ਵਿਦੇਸ਼ ਜਾਂ ਪੰਜਾਬੋਂ ਬਾਹਰ ਰਚੇ ਜਾਂਦੇ ਹਨ। ਪੰਜਾਬ ਵਿੱਚ ਰਚੇ ਜਾਂਦੇ ਸਮਾਗਮਾਂ ਵਿੱਚ ਵੀ ਸਿਰਜਕ ਲੇਖਕਾਂ ਅਤੇ ਗੰਭੀਰ ਪਾਠਕਾਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਸਗੋਂ ਸਲਾਹਕਾਰਾਂ ਦੇ ਆਪਣੇ ਸਮੱਰਥਕਾਂ ਨੂੰ ਸੈਰ ਸਪਾਟੇ ਦਾ ਮੌਕਾ ਦਿੱਤਾ ਜਾਂਦਾ ਹੈ।
5. ਪੁਸਤਕਾਂ ਲਿਖਣ, ਅਨੁਵਾਦ ਕਰਾਉਣ ਦਾ ਕੰਮ ਸਲਾਹਕਾਰਾਂ ਵੱਲੋਂ ਖੁਦ ਜਾਂ ਆਪਣੇ ਸਮੱਰਥਕਾਂ ਨੂੰ ਦਿੱਤਾ ਜਾਂਦਾ ਹੈ ਤਾਂ ਜੋ ਉਹ ਅਕੈਡਮੀ ਵੱਲੋਂ ਇਸ ਕੰਮ ਲਈ ਦਿੱਤੀ ਜਾਂਦੀ ਵੱਡੀ ਰਕਮ ਨੂੰ ਆਪਣੀ ਜੇਬ ਵਿੱਚ ਪਾ ਸਕਣ।
6. ਪੰਜਾਬੀ ਦੀਆਂ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕਰਾਉਣ ਲਈ ਕੇਵਲ ਉਹਨਾਂ ਲੇਖਕਾਂ ਦੀਆਂ ਪੁਸਤਕਾਂ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਜਿਹੜੇ ਕਿ ਸਲਾਹਕਾਰਾਂ ਦੇ ਨੇੜਲੇ ਘੇਰੇ ਵਿੱਚ ਵਿਚਰਦੇ ਹੋਣ।
7. ਸਾਹਿਤ ਅਕੈਡਮੀ ਪੁਰਸਕਾਰ ਪ੍ਰਾਪਤ ਪੁਸਤਕਾਂ ਨੂੰ ਹੋਰ ਭਾਸ਼ਾਵਾਂ 'ਚ ਅਨੁਵਾਦ ਕਰਾਉਣ ਲਈ ਕੋਈ ਯਤਨ ਨਹੀਂ ਕੀਤੇ ਜਾਂਦੇ।
ਪ੍ਰਸ਼ਨ ਲੜੀ ਨੰ: 1
1 ਉਹ ਅਨੁਵਾਦਕ ਕੌਣ ਹਨ ਜਿਹਨਾਂ ਨੂੰ ਸ਼ਿਮਲਾ, ਗੋਆ, ਮਦੁਰਾਈ ਆਦਿ ਵਿਖੇ ਲਿਜਾ ਕੇ ਸਿੱਖਿਅਤ ਕੀਤਾ ਗਿਆ?
2. ਉਹ ਕਿਹੜੀਆਂ ਪੁਸਤਕਾਂ ਹਨ ਜਿਹੜੀਆਂ ਇਹਨਾਂ ਅਨੁਵਾਦਕਾਂ ਵੱਲੋਂ ਅਨੁਵਾਦ ਕੀਤੀਆਂ ਗਈਆਂ?
3. ਤਾਮਿਲ ਅਤੇ ਕੌਂਕਣੀ ਭਾਸ਼ਾ ਵਿੱਚ ਪੰਜਾਬੀ ਦੀਆਂ ਕਿਹੜੀਆਂ ਪੁਸਤਕਾਂ ਅਨੁਵਾਦ ਹੋਈਆਂ ਹਨ?
4. ਤਾਮਿਲ ਅਤੇ ਕੌਂਕਣੀ ਭਾਸ਼ਾ ਦੀਆਂ ਪੰਜਾਬੀ ਵਿੱਚ ਕਿਹੜੀਆਂ ਪੁਸਤਕਾਂ ਅਨੁਵਾਦ ਹੋਈਆਂ ਹਨ?
5. ਡਾ.ਸਤਿੰਦਰ ਸਿੰਘ ਨੂਰ ਦੀ ਯਾਦ ਵਿੱਚ ਕਲਕੱਤਾ ਵਰਗੇ ਦੂਰ ਦੁਰਾਡੇ ਸ਼ਹਿਰ ਵਿੱਚ ਸਮਾਗਮ ਰੱਖਣ ਦਾ ਕੀ ਉਦੇਸ਼ ਸੀ?
ਪ੍ਰਸ਼ਨ ਲੜੀ ਨੰ: 2
1. ਕੀ ਪੰਜਾਬੀ ਸਾਹਿਤਕਾਰ ਲੋਕਾਂ ਨੂੰ ਬੁੱਧੂ ਬਣਾਉਣ ਲਈ ਹੀ ਆਪਣੇ ਆਪ ਨੂੰ ਜੁਝਾਰੂ, ਅਗਾਂਹ ਵਧੂ, ਜਨਵਾਦੀ ਜਾਂ ਲੋਕਪੱਖੀ ਲੇਖਕ ਗਰਦਾਨਦੇ ਹਨ? ਉਹ ਆਪਣੇ ਹੱਕਾਂ ਲਈ ਆਵਾਜ਼ ਕਿaਂ ਨਹੀਂ ਉਠਾਉਂਦੇ?
2. ਕੀ ਪੰਜਾਬੀ ਲੇਖਕਾਂ ਦੀਆਂ 'ਆਪਣੀਆਂ' ਜੱਥੇਬੰਦੀਆਂ ਕੇਵਲ ਚੋਣਾਂ ਜਿੱਤਣ ਲਈ ਹੀ ਆਪਣੇ ਆਪ ਨੂੰ 'ਲੇਖਕਾਂ ਦੇ ਹਿਤਾਂ ਦੀਆਂ ਹਿਤਾਇਸ਼ੀ' ਗਰਦਾਨਦੀਆਂ ਹਨ? ਜੇ ਉਹ ਸੱਚਮੁੱਚ ਲੇਖਕਾਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹਨ ਤਾਂ ਉਹ ਸਰਕਾਰੀ ਅਤੇ ਅਰਧ-ਸਰਕਾਰੀ ਸੰਸਥਾਵਾਂ ਵੱਲੋਂ ਪੰਜਾਬੀ ਸਾਹਿਤ ਨਾਲ ਕੀਤੇ ਜਾਂਦੇ ਅਜਿਹੇ ਧੱਕਿਆਂ ਵਿਰੁੱਧ ਸੰਘਰਸ਼ ਕਿਉਂ ਨਹੀਂ ਵਿੱਢਦੀਆਂ?
ਅਗਲਾ ਕਦਮ
ਸਾਡੇ ਵੱਲੋਂ ਸਿਰਤੋੜ ਯਤਨ ਕੀਤਾ ਜਾਂਦਾ ਰਹੇਗਾ ਕਿ ਅਜਿਹੇ ਸਲਾਹਕਾਰ ਬੋਰਡਾਂ ਦੀਆਂ ਮੀਟਿੰਗਾਂ ਦੇ ਸਥਾਨਾਂ ਅਤੇ ਉਹਨਾਂ ਵਿੱਚ ਲਏ ਗਏ ਫ਼ੈਸਲਿਆਂ, ਅਕੈਡਮੀ ਵੱਲੋਂ ਕਰਵਾਏ ਗਏ ਸੈਮੀਨਾਰਾਂ ਅਤੇ ਉਹਨਾਂ ਵਿੱਚ ਸ਼ਾਮਲ ਹੋਏ ਵਿਦਵਾਨਾਂ, ਇਹਨਾਂ ਕਾਰਜਾਂ ਲਈ ਹੋਏ ਸਰਕਾਰੀ ਖਰਚਿਆਂ ਆਦਿ ਦੇ ਵੇਰਵੇ ਪ੍ਰਾਪਤ ਕਰਕੇ ਪਾਠਕਾਂ ਨਾਲ ਸਾਂਝੇ ਕੀਤੇ ਜਾਣ।