ਮਨੁੱਖੀ ਸੁਭਾਅ ਦਾ ਇੱਕ ਪੱਖ ਇਹ ਵੀ ਹੈ ਕਿ ਜਦੋਂ ਜਿੰਦਗੀ ਦੇ ਰਾਹਾਂ ‘ਤੇ ਅਸੀਂ ਕੱਲੇ ਕਾਰੇ ਤੁਰੇ ਜਾਂਦੇ ਹੋਈਏ ਜਾਂ ਜਦੋਂ ਸਾਨੂੰ ਆਪਣਾ ਆਪਾ ਕਿਤੇ ਗੁਆਚ ਗਿਆ ਲਗਦਾ ਹੋਵੇ ਤਾਂ ਸਾਨੂੰ ਕਿਤਾਬਾਂ ਨਹੀਂ , ਕਿਤਾਬਾਂ ਵਰਗੇ ਬੰਦਿਆ ਦਾ ਸਾਥ ਚੰਗਾ ਲਗਦਾ ਹੈ । ਬੰਦੇ, ਜਿਨ੍ਹਾਂ ਕੋਲ ਜਿੰਦਗੀ ਦਾ ਵਿਵਹਾਰਿਕ ਗਿਆਨ ਹੋਵੇ ਜਾਂ ਜਿਨ੍ਹਾਂ ਨੇ ਕਿਤਾਬਾਂ ਵਿਚਲੇ ਅਨੇਕਾਂ ਸੱਚ ਆਪਣੇ ਪਿੰਡਿਆਂ ‘ਤੇ ਹੰਢਾਏ ਹੋਣ ।
ਯੂਨੀਵਰਸਿਟੀ ਦੇ ਲਾਅਨ ਵਿੱਚ ,ਕਾਲਜ ਦੀ ਕੰਟੀਨ ਵਿੱਚ , ਲਾਇਬਰੇਰੀ ਦੀ ਇਕਾਂਤ ਵਿੱਚ , ਪਿੰਡ ਦੀ ਸੱਥ ਵਿੱਚ ਜਾਂ ਧੂਣੀ ‘ਤੇ ਬੈਠੇ , ਅਜੇਹੇ ਕਿਤਾਬਾਂ ਵਰਗੇ ਬੰਦੇ ਤੁਹਾਨੂੰ ਅਕਸਰ ਨਜ਼ਰੀਂ ਪੈ ਜਾਣਗੇ । ਇਨ੍ਹਾਂ ਦੀ ਚਾਲ-ਢਾਲ ਅਤੇ ਬੋਲ –ਚਾਲ ਹੀ ਤੁਹਾਨੂੰ ਇਨ੍ਹਾਂ ਦੇ ਤੁਹਾਡੇ ਨਾਲੋਂ ਵਧੇਰੇ ਸਿਆਣੇ ਅਤੇ ਵਧੇਰੇ ਅਨੁਭਵੀ ਹੋਣ ਦੀ ਤਸਦੀਕ ਕਰ ਦੇਵੇਗੀ ।
ਕੁੱਝ ਬੰਦੇ ਤੁਰਦੇ ਫਿਰਦੇ ਵਿਸ਼ਵਕੋਸ਼ (ਇੰਨਸਾਈਕਲੋਪੀਡੀਆਜ਼) ਹੁੰਦੇ ਹਨ ,ਬੋਧੀ ਬਰਿਕਸ਼ ਦੀ ਮਹਿਕਦੀ ਛਾਂ ਜਿਹੇ , ਜਿਨ੍ਹਾਂ ਕੋਲ ਦੋ ਪਲ ਬੈਠਿਆਂ ਹੀ ਤੁਹਾਨੂੰ ਸਾਰਾ ਬ੍ਰਹਿਮੰਡ ਆਪਣੇ ਆਲੇ ਦੁਆਲੇ ਘੁੰਮ ਰਿਹਾ ਪ੍ਰਤੀਤ ਹੁੰਦਾ ਹੈ ।
ਕੁੱਝ ਬੰਦੇ ਖੁੱਲ੍ਹੀਆਂ ਕਿਤਾਬਾਂ ਵਰਗੇ ਹੁੰਦੇ ਹਨ , ਕੁੱਝ ਗੀਤਾਂ ਵਰਗੇ ਅਤੇ ਕਈ ਕਵਿਤਾਵਾਂ ਜਿਹੇ –ਮੋਹ ਖੋਰੇ , ਜਿਨ੍ਹਾਂ ਨੂੰ ਹਰ ਸਮੇਂ ਪੜ੍ਹਦੇ ਰਹਿਣ ਨੂੰ ਮਨ ਕਰਦਾ ਹੈ।
ਅਜੋਕੇ ਯੁੱਗ ਦੀ ਆਪਾ ਧਾਪੀ ਵਿੱਚ ਮਨੁੱਖੀ ਰਿਸ਼ਤਿਆਂ ਦੀ ਵਿਆਕਰਣ ਐਨੀ ਅਰਥ-ਵਿਹੂਣੀ ਹੋ ਗਈ ਹੈ ਕਿ ਮਨੁੱਖ ਨੂੰ ਆਪਣਾ ਆਪ ਲੱਭਣ ਲਈ ਹੁਣ ਕਿਤਾਬਾਂ ਵਰਗੇ ਬੰਦਿਆਂ ਦੀ ਨਹੀਂ , ਕਿਤਾਬਾਂ ਦੀ ਟੇਕ ਲੈਣੀ ਪੈਂਦੀ ਹੈ ।
ਪਤਾ ਨਹੀਂ ਕਦੋਂ ਕਿਸੇ ਦੇ ਕਹੇ ਦੋ ਬੋਲ ਤੁਹਾਡੀ ਜਿੰਦਗੀ ਦੇ ਅਰਥ ਬਦਲਕੇ ਰੱਖ ਦੇਣ , ਇਸ ਲਈ ਮਨੁੱਖ ਦਾ ਮਨੁੱਖ ਨਾਲ ਭਾਵੁਕ ਅਤੇ ਬੌਧਿਕ ਪੱਧਰ ਤੇ ਸੰਵਾਦ ਨਿਰਵਿਘਨ ਜਾਰੀ ਰਹਿਣਾ ਚਾਹੀਦਾ ਹੈ ।